ਪੰਥ ਵਿੱਚ ਸਿਧਾਂਤਕ ਲਕੀਰ ਖਿੱਚੀ ਗਈ ਸੀ 1978 ਦੇ ਅੱਜ ਵਾਲੇ ਦਿਨ- ਗਰਪ੍ਰੀਤ ਸਿੰਘ ਮੰਡਿਆਣੀ ਦੀ ਕਲਮ ਤੋਂ
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੰਥਕ ਮੰਚ ਤੇ ਆਗਾਜ਼ ਤਾਂ ਭਾਵੇਂ 13 ਅਪਰੈਲ 1978 ਨੂੰ ਹੋ ਗਿਆ ਸੀ ਪਰ ਪੰਥਕ ਪਿੜ ਵਿੱਚ ਉਹਨਾਂ ਦੀ ਧੜੱਲੇਦਾਰ ਆਮਦ 20 ਸਤੰਬਰ 1981 ਵਾਲੇ ਦਿਨ ਤੋਂ ਮੰਨੀ ਜਾਂਦੀ ਹੈ ਜਦੋਂ ਲਾਲਾ ਜਗਤ ਨਰਾਇਣ ਕਤਲ ਕੇਸ ਚ ਗ੍ਰਿਫ਼ਤਾਰੀ ਤੋਂ ਪਹਿਲਾਂ ਉਂਨਾਂ ਨੇ ਇੱਕ ਲੱਖ ਦੇ ਕਰੀਬ ਸੰਗਤ ਨੂੰ ਸੰਬੋਧਨ ਕੀਤਾ ਸੀ।ਇਹ ਸਾਰੀ ਸੰਗਤ ਸੰਤ ਭਿੰਡਰਾਂਵਾਲੇ ਦੇ ਨਾਅ ਤੇ ਹੀ ਚੌਂਕ ਮਹਿਤਾ ਚ ਇਕੱਠੀ ਹੋਈ ਸੀ।ਇਹਨਾਂ ਦੋਵਾਂ ਦਿਨਾਂ ਦੇ ਵਿਚਕਾਰ ਇੱਕ ਹੋਰ ਦਿਨ ਵੀ ਐਸਾ ਸੀ ਜਿੱਦਣ ਸਿੱਖ ਸੰਗਤਾਂ ਤਾਂ ਭਾਵੇਂ ਅਕਾਲੀ ਦਲ ਦੇ ਸੱਦੇ ਤੇ ਕੱਠੀਆਂ ਹੋਈਆਂ ਸੀ ਪਰ ਸੰਤ ਭਿੰਡਰਾਂਵਾਲੇ ਦੇ ਸਟੇਜ ਤੋਂ ਬੋਲੇ ਬੋਲ ਬਹੁਗਿਣਤੀ ਸੰਗਤ ਦੇ ਜਜਬਾਤ ਨਾਲ ਇਸ ਕਦਰ ਇੱਕ-ਮਿੱਕ ਹੋ ਤੁਰੇ ਜੋ ਪੰਥ ਵਿੱਚ ਇੱਕ ਸਥਾਈ ਲਕੀਰ ਵੀ ਖਿੱਚ ਗਏ ਜੋ ਕਿ ਦਿਨ-ਪਰ-ਦਿਨ ਗੂੜ੍ਹੀ ਹੁੰਦੀ ਗਈ।
ਇਹ ਦਿਨ ਸੀ 29 ਅਕਤੂਬਰ 1978 ਦਾ ਲੁਧਿਆਣੇ ਵਾਲੀ ਸਰਭ ਹਿੰਦ ਅਕਾਲੀ ਕਾਨਫਰੰਸ ਵਾਲਾ। ਦੱਸ ਵਰਿਆਂ ਦੇ ਵਕਫ਼ੇ ਮਗਰੋਂ ਹੋਈ ਅਜਿਹੀ ਕਾਨਫਰੰਸ ਦੀ ਪ੍ਰਮੁੱਖ ਘਟਨਾ ਇਹ ਸੀ ਕਿ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਰਮਿਆਨ ਵਿਚਾਰਧਾਰਕ ਟਕਰਾਅ-ਖੁੱਲੇ ਕੇ ਸਾਹਮਣੇ ਆਇਆ ਸੀ, ਇਹ ਟਕਰਾਅ ਨਿਰੰਕਾਰੀਆਂ ਨਾਲ ਪੰਜਾਬ ਸਰਕਾਰ ਅਤੇ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ਨੀਤੀ ਦੇ ਮਾਮਲੇ ਤੇ ਸੀ। ਕਾਨਫਰੰਸ ਮੌਕੇ ਅਕਾਲੀਆਂ ਵੱਲੋਂ ਸੰਤ ਭਿੰਡਰਾਵਾਲਿਆ ਨੂੰ ਬੋਲਣ ਦਾ ਟਾਈਮ ਨਾ ਦੇਣਾ, ਲੋਕਾਂ ਵੱਲੋਂ ਸੰਤ ਦੇ ਹੱਕ 'ਚ ਉੱਠ ਖੜੇ ਹੋਣ ਤੋਂ ਬਾਅਦ ਮਜ਼ਬੂਰੀ ਵੱਸ ਟਾਈਮ ਦੇਣਾ, ਸੰਤਾਂ ਵੱਲੋਂ ਨਿਰੰਕਾਰੀ ਮਾਮਲੇ 'ਤੇ ਸਪਸ਼ੱਟ ਸਟੈਂਡ ਲੈਣ ਵਾਲੀ ਤਾੜਨਾ ਕਰਨੀ, ਸੰਗਤਾਂ ਵੱਲੋਂ ਸੰਤਾ ਦੀ ਤਕਰੀਰ ਦਾ ਜੋਸ਼ੀਲੇ ਜੈਕਾਰਿਆਂ ਨਾਲ ਸੁਆਗਤ ਕਰਨਾ, ਤਕਰੀਰ ਤੋਂ ਬਾਅਦ ਸੰਤ ਭਿੰਡਰਾਵਾਲੇ ਜਦੋਂ ਆਪਣੇ ਸਾਥੀਆਂ ਸਮੇਤ ਕਾਨਫਰੰਸ ਵਿੱਚ ਗੁੱਸੇ ਦੇ ਰੌਂਅ ਵਿੱਚ ਜਾ ਰਹੇ ਸਨ ਤਾਂ ਉਸ ਮੌਕੇ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਵੱਲੋਂ ਉਹਨਾਂ ਨੂੰ ਢਾਈ ਟੋਟਰੂ ਦਾ ਨਾਮ (ਬਦ-ਨਾਮ ) ਦੇਣਾ, ਇਹ ਸਪਸ਼ਟ ਇਸ਼ਾਰਾ ਕਰ ਰਿਹਾ ਸੀ ਕਿ ਅਕਾਲੀ ਦਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵਿਚਕਾਰ ਆ ਚੁੱਕੇ ਸਿਧਾਂਤਕ ਤਰੇੜ ਹੁਣ ਵੱਡਾ ਪਾੜਾ ਬਣੂੰਗੀ।
28-29 ਅਕਤੂਬਰ ਨੂੰ ਹੋਈ ਉਹ ਸਰਬ ਹਿੰਦ ਅਕਾਲੀ ਕਾਨਫਰੰਸ ਅਕਾਲੀ ਦਲ ਦੀ ਪੂਰੀ ਸਿਆਸੀ ਚੜਤ ਦੇ ਦੌਰ ਵਿੱਚ ਹੋਈ ਸੀ। ਪ੍ਰਕਾਸ਼ ਸਿੰਘ ਬਾਦਲ ਅਕਾਲੀ-ਜਨਤਾ ਪਾਰਟੀ ਕੁਲੀਸਨ ਸਰਕਾਰ ਦੇ ਮੁੱਖ ਮੰਤਰੀ ਸਨ ਤੇ ਅਕਾਲੀ ਦਲ ਪਹਿਲੀ ਵਾਰ ਕੇਂਦਰੀ ਵਜਾਰਤ ਵਿੱਚ ਹਿੱਸੇਦਾਰ ਬਣਿਆ ਸੀ। ਸੁਰਜੀਤ ਬਰਨਾਲਾ ਕੇਂਦਰ ਵਿੱਚ ਖੇਤੀਬਾੜੀ ਕੈਬਨਿਟ ਮੰਤਰੀ ਤੇ ਧੰਨਾ ਸਿੰਘ ਗੁਲਸ਼ਨ ਸਿੱਖਿਆ ਰਾਜ ਮੰਤਰੀ ਵਜੋਂ ਕੇਦਰ ਵਿੱਚ ਅਕਾਲੀ ਦਲ ਦੀ ਨੁਮਾਇੰਦੀ ਕਰਦੇ ਸੀ। ਪਹਿਲੀ ਵਾਰ ਅਕਾਲੀ ਦਲ ਦੇ 9 ਐਮ.ਪੀ ਬਣੇ ਸੀ। ਅਕਾਲੀ ਦਲ ਹੀ ਸਾਰੇ ਮੁਲਕ ਵਿੱਚ ਸਿੱਖਾਂ ਦੀ ਇੱਕੋਂ-ਇੱਕ ਨੁਮਾਇੰਦਾ ਜਮਾਤ ਸੀ। ਅਕਾਲੀ ਦਲ ਨੂੰ ਸਿੱਖਾਂ ਵਿੱਚੋਂ ਕੋਈ ਚੈਲਿੰਜ ਨਹੀਂ ਸੀ। 28 ਅਕਤੂਬਰ ਦਾ ਦਿਨ ਤਾਂ ਅਕਾਲੀ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਅਕਾਲੀ ਦਲ ਵੱਲੋਂ ਕੱਢੇ ਗਏ ਜਲੂਸ ਵਿੱਚ ਹੀ ਨਿਕਲ ਗਿਆ।
ਮੀਲਾਂ ਲੰਮੇ ਜਲੂਸ ਦੀ ਅਗਵਾਈ ਅਕਾਲੀ ਦਲ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਹਾਥੀ ਤੇ ਬੈਠ ਕੇ ਕੀਤੀ ਸੀ। ਉਹਨਾਂ ਦੇ ਨਾਲ ਲੁਧਿਆਣਾ (ਸ਼ਹਿਰੀ) ਅਕਾਲੀ ਜ਼ਿਲ੍ਹਾ ਜੱਥਾ ਦੇ ਜਥੇਦਾਰ ਅਤੇ ਕਾਨਫਰੰਸ ਸੁਆਗਤੀ ਕਮੇਟੀ ਦੇ ਪ੍ਰਧਾਨ ਜਥੇਦਾਰ ਸੁਰਜਣ ਸਿੰਘ ਠੇਕੇਦਾਰ ਤਲਵੰਡੀ ਸਾਹਿਬ ਦੇ ਨਾਲ ਹੀ ਹਾਥੀ ਤੇ ਬੈਠੇ ਸਨ। ਉਨੀਂ ਦਿਨੀਂ ਮੈਂ ਗੌਰਮਿੰਟ ਕਾਲਜ ਲੁਧਿਆਣੇ ਪੜਦਾ ਸੀ ਤੇ ਮੈਂ ਇਹ ਸਾਰਾ ਜਲੂਸ ਆਪਣੇ ਅੱਖੀ ਦੇਖਿਆ ਤੇ ਇਹ ਦਿਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਿਆਸੀ ਚੜਤ ਦਾ ਸਿਖ਼ਰ ਦੁਪਹਿਰ ਹੋ ਨਿਬੜਿਆ। ਇਹ ਜਲੂਸ ਪੁਰਾਣੇ ਸ਼ਹਿਰ ਗੁਰਦੁਆਰਾ ਕਲਗ਼ੀਧਰ ਸਾਹਿਬ ਤੋਂ ਹੋ ਕੇ ਫਿਰੋਜ਼ਪੁਰ ਰੋਡ ਮਿਲਕ ਪਲਾਂਟ ਦੇ ਸਾਹਮਣੇ ਕਾਨਫਰੰਸ ਵਾਲੀ ਥਾਂ ਤੇ ਜਾ ਕੇ ਮੁੱਕਿਆ। ਉਨੀਂ ਦਿਨੀਂ ਇਸ ਥਾਂ ਤੇ ਅਜੇ ਆਬਾਦੀ ਨਹੀਂ ਸੀ। ਸੁਨੇਤ ਪਿੰਡ ਦੀ ਜ਼ਮੀਨ ਵਿੱਚ ਕਾਨਫਰੰਸ ਵਾਲੀ ਥਾਂ ਨੂੰ ਭਾਈ ਰਣਧੀਰ ਸਿੰਘ ਨਗਰ ਦਾ ਨਾਅ ਦਿੱਤਾ ਗਿਆ। ਬਾਅਦ ਇੰਮਪਰੂਵਮੈਂਟ ਟਰੱਸਟ ਵੱਲੋਂ ਇੱਥੇ ਪੱਕੀ ਵਸਾਈ ਪੱਕੀ ਰਿਹਾਇਸ਼ੀ ਕਾਲੋਨੀ ਦਾ ਵੀ ਭਾਈ ਰਣਧੀਰ ਸਿੰਘ ਨਗਰ ਹੀ ਰੱਖਿਆ ਗਿਆ।
ਸਹੀ ਮਾਅਨਿਆ ਵਿੱਚ ਕਾਨਫਰੰਸ ਦੀ ਕਾਰਵਾਈ 29 ਅਕਤੂਬਰ ਨੂੰ ਹੀ ਸ਼ੁਰੂ ਹੋਈ ਦਿਨ ਐਤਵਾਰ ਸੀ। ਮੇਰੀ ਉਮਰ 18 ਸਾਲ ਦੀ ਸੀ। ਸਾਡੇ ਘਰ ਵਿੱਚ ਮੇਰੇ ਜਨਮ ਤੋਂ ਪਹਿਲਾ ਦਾ ਹੀਂ ਅਖ਼ਬਾਰ ਆਉਂਦਾ ਸੀ। ਵੱਡਿਆਂ ਵੱਲੋਂ ਅਖਬਾਰ ਪੜਨ ਕਰਕੇ ਸਿਆਸੀ ਘਟਨਾਵਾਂ ਵਿੱਚ ਦਿਲਚਸਪੀ ਸੀ। ਛੁੱਟੀ ਵਾਲਾ ਦਿਨ ਹੋਣ ਕਰਕੇ ਵੀ ਮੈਂ ਕਾਨਫਰੰਸ ਵਿੱਚ ਗਿਆ। ਮੇਰੇ ਪੁੱਜਣ ਤੱਕ ਲੀਡਰਾਂ ਦੀਆਂ ਤਕਰੀਰਾਂ ਲਗਭਗ ਮੁੱਕ ਕੁੱਚੀਆਂ ਸਨ। ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਸਟੇਜ ਤੇ ਬੈਠੇ ਸਨ ਅਜੇ ਉਹਨਾਂ ਦੀ ਤਕਰੀਰ ਹੋਣੀ ਬਾਕੀ ਸੀ। 44 ਵਰ੍ਹੇ ਪੁਰਾਣਾ ਵਾਕਿਆ ਹੋਣ ਕਰਕੇ ਸਾਰੇ ਹਲਾਤ ਤਰਤੀਬਵਾਰ ਯਾਦ ਵੀ ਨਹੀਂ। ਪਰ ਕਈ ਗੱਲਾਂ ਅੱਜ ਤੱਕ ਵੀ ਚੰਗੀ ਤਰ੍ਹਾਂ ਯਾਦ ਨੇ। ਕਾਨਫਰੰਸ ਵਿੱਚ ਅਚਾਨਕ ਹਲਚਲ ਹੋਈ ਬਹੁਤ ਲੋਕ ਖੜੇ ਹੋ ਕੇ ਰੌਲਾ ਪਾਉਣ ਲੱਗੇ। ਬਾਅਦ 'ਚ ਪਤਾ ਲੱਗਿਆ ਕਿ ਰੌਲਾ ਪਾਉਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਬੋਲਣ ਦਾ ਸਮਾਂ ਨਾ ਦੇਣ ਕਰਕੇ ਔਖੇ ਸਨ ਤੇ ਸੰਤਾਂ ਨੂੰ ਸਮਾ ਦਿਵਾਉਣਾ ਚਾਹੁੰਦੇ ਸੀ। ਕੁੱਝ ਮਿੰਟਾ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਮਾਈਕ ਤੇ ਆਏ। ਉਹਨਾਂ ਦੀ ਕੋਈ ਹੋਰ ਗੱਲ ਤਾਂ ਬਹੁਤ ਯਾਦ ਨਹੀਂ ਪਰ ਇੱਕ ਮੁੱਦਾ ਪੂਰੀ ਤਰ੍ਹਾਂ ਯਾਦ ਹੈ। ਉਹਨਾਂ ਕਿਹਾ ਕਿ, '' ਕੱਲ ਕੁੱਝ ਸੱਜਣ ਮੇਰੇ ਕੋਲ ਆਏ ਤੇ ਆਖਣ ਲੱਗੇ ਕਿ ਸੰਤ ਜੀ ਮੱਥਾ ਕੀਹਨੂੰ ਟੇਕੀਏ, ਮੈਂ ਕਿਹਾ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ। ਸੱਜਣ ਕਹਿੰਦੇ, ਸੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਜਲੂਸ ਮੂਹਰੇ ਹੈ ਨੀਂ, (ਉਹ ਇੱਕ ਦਿਨ ਪਹਿਲਾ ਨਿਕਲੇ ਅਕਾਲੀ ਜਲੂਸ ਦੀ ਗੱਲ ਕਰ ਰਹੇ ਸਨ) ਮੇਰਾ ਸਰੀਰ ਤਾਂ ਭਾਵੇਂ ਢਿੱਲਾਂ ਸੀ ਪਰ ਮੈਂ ਖੁਦ ਜਾ ਕੇ ਪੜਤਾਲ ਕਰਨੀ ਚਾਹੀ। ਮੈਂ ਕੀ ਦੇਖਦਾ ਹਾਂ ਜਲੂਸ ਮੂਹਰੇ ਇੱਕ ਹਾਥੀ ਸੀ, ਜਿਸ ਤੇ ਦੋ ਮਨੁੱਖ ਬੈਠੇ ਹੋਏ ਸਨ।''
ਸੰਤਾਂ ਵੱਲੋਂ ' ਦੋ ਮਨੁੱਖ ' ਕਹੇ ਜਾਣਾ ਮੈਨੂੰ ਅੱਜ ਤੱਕ ਵੀ ਸਪਸ਼ਟ ਤੌਰ ਤੇ ਯਾਦ ਹੈ। ਹਾਥੀ ਤੇ ਬੈਠੇ ਦੋ ਮਨੁੱਖਾਂ ਵਿੱਚ ਇੱਕ ਮਨੁੱਖ ਰਾਜ ਭਾਗ ਦੀ ਮਾਲਕ ਪਾਰਟੀ ਅਕਾਲੀ ਦਲ ਦਾ ਪ੍ਰਧਾਨ ਅਤੇ ਲੋਹ ਪੁਰਸ਼ ਆਖੀ ਜਾਣ ਵਾਲੀ ਅਹਿਮ ਹਸਤੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਸੀ। ਇਸ ਰੁਤਬੇਦਾਰ ਹਸਤੀ ਨੂੰ ਜਥੇਦਾਰ ਸਾਹਿਬ, ਪ੍ਰਧਾਨ ਸਾਹਿਬ ਜਾਂ ਤਲਵੰਡੀ ਸਾਹਿਬ ਵਰਗਾ ਨਾਮ ਨਾ ਵਰਤ ਕੇ ਸਿਰਫ਼ ਮਨੁੱਖ ਸ਼ਬਦ ਨਾਲ ਮੁਖਾਤਿਬ ਹੋਣ ਵਾਲੀ ਗੱਲ ਨੇ ਤਲਵੰਡੀ ਸਾਹਿਬ ਦੇ ਗੁੱਸੇ ਦਾ ਪਾਰਾ ਜ਼ਰੂਰ ਝੜਾਇਆ ਹੋਣਾ ਹੈ। ਤਲਵੰਡੀ ਸਾਹਿਬ ਇੱਕ ਗੁੱਸੇਖੋਰੀ ਸ਼ਖ਼ਸੀਅਤ ਵਜੋਂ ਮਸ਼ਹੂਰ ਸਨ ਨਾਲੇ ਉਦੋਂ ਤਾਂ ਤਲਵੰਡੀ ਸਾਹਿਬ ਦਾ ਸਿਤਾਰਾ ਪੂਰੀ ਬੁਲੰਦੀ ਤੇ ਸੀ। 30 ਅਕਤੂਬਰ 1978 ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ
ਸੰਤ ਜਰਨੈਲ ਸਿੰਘ ਨੇ ਬਹੁਤ ਹੀ ਸ਼ਾਂਤ ਪ੍ਰੰਤੂ ਸਪੱਸ਼ਟ ਸ਼ਬਦਾਂ ਵਿੱਚ ਨਿਰੰਕਾਰੀ ਮਸਲੇ ਪੰਜਾਬ ਸਰਕਾਰ ਅਤੇ ਅਕਾਲੀ ਦਲ ਦੇ ਆਗੂਆਂ ਦੀ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਜਦੋਂ ਕੌਮ ਦੇ 21 ਸਿੰਘ ਸ਼ਹੀਦ ਹੋ ਗਏ ਨੇ ਤਾਂ ਉਸ ਸਮੇਂ ਦਲ ਦੇ ਪ੍ਰਧਾਨ ਵੱਲੋਂ ਹਾਥੀ ਤੇ ਬੈਠ ਕੇ ਜਲੂਸ ਕਢਾਉਣਾ ਸੋਭਾ ਨਹੀਂ ਦਿੰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਜਲੁਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਕਿਧਰੇ ਵੀ ਥਾਂ ਨਹੀਂ ਦਿੱਤੀ ਗਈ। ਉਹਨਾਂ ਅਕਾਲੀ ਨੇਤਾਵਾਂ ਤੋਂ ਨਿਰੰਕਾਰੀਆਂ ਦੀਆਂ ਪੁਸਤਕਾਂ ਜ਼ਬਤ ਕਰਨ ਦੀ ਸਪਸ਼ਟ ਤਾਰੀਖ ਦੀ ਮੰਗ ਕੀਤੀ। ਉਹਨਾਂ ਨੇ ਕਾਨਫਰੰਸ ਵੱਲੋਂ ਪਾਸ ਕੀਤੇ ਇਸ ਮਤੇ ਨੂੰ ਟਾਲ ਮਟੋਲ ਦੱਸਿਆ, ਜਿਸ ਵਿੱਚ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਉਹ ਨਿਰੰਕਾਰੀ ਪੁਸਤਕਾਂ ਤੇ ਪਾਬੰਦੀ ਲਾਵੇ। ਉਹਨਾਂ ਨੇ ਇੱਕ ਪੱਕੀ ਤਾਰੀਖ ਤੇ ਕੇਂਦਰ ਸਰਕਾਰ ਵੱਲੋਂ ਪੁਸਤਕਾਂ ਜ਼ਬਤ ਨਾ ਕੀਤੇ ਜਾਣ ਤੇ ਅਕਾਲੀ ਦਲ ਨੂੰ ਮੋਰਚਾ ਲਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਆਪ ਇਸ ਵਿੱਚ ਸਭ ਤੋਂ ਪਹਿਲਾ ਕੁਰਬਾਨੀ ਦੇਣਗੇ। ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਇਸ 15 ਕੁ ਮਿੰਟ ਦੇ ਲਗਭਗ ਕੀਤੀ ਇਸ ਤਕਰੀਰ ਨੂੰ ਕਰੀਬ ਇੱਕ ਲੱਖ ਸਰੋਤਿਆ ਦੇ ਇਕੱਠ ਨੇ ਬੜੀ ਸ਼ਾਂਤੀ ਨਾਲ ਸੁਣਿਆ ਅਤੇ ਇਸ ਸਾਰੇ ਸਮੇਂ ਵਿੱਚ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਗੁੰਜਦੇ ਰਹੇ। ਇਸ ਸਾਰੇ ਸਮੇਂ ਵਿੱਚ ਸਟੇਜ ਤੇ ਬੈਠੇ ਅਕਾਲੀ ਆਗੂ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਅਤੇ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਚੰਦਰ ਸ਼ੇਖਰ ਵੀ ਇਸ ਸਮੇਂ ਕਾਫ਼ੀ ਤਣਾਅ ਵਿੱਚ ਵਿਖਾਈ ਦੇ ਰਹੇ ਸਨ।ਮੌਕੇ ਦੇ ਹਾਲਾਤ ਮੁਤਾਬਕ ਇੰਝ ਲੱਗਦਾ ਸੀ ਕਿ ਜਿਵੇਂ ਅਕਾਲੀ ਆਗੂਆਂ ਨੂੰ ਇਸ ਅਣ ਕਿਆਸੀ ਗੱਲ ਹੋਣ ਦੀ ਆਸ ਨਹੀਂ ਸੀ। ਪ੍ਰੰਤੂ ਦੂਜੇ ਪਾਸੇ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਇਹ ਸਾਰੀ ਕਾਰਵਾਈ ਇਕ ਮਿੱਥੀ ਹੋਈ ਸਕੀਮ ਅਨੁਸਾਰ ਸਮੇਂ ਨੂੰ ਵੇਖ ਕੇ ਕੀਤੀ ਸੀ। ਇਸ ਵਿਚ ਕੋਈ ਸ਼ੱਕ ਨਹੀ ਕਿ ਠੀਕ ਨਿਸ਼ਾਨਾ ਬੈਠਣ ਕਰਕੇ ਅਤੇ ਮੌਕੇ ਅਨੁਸਾਰ ਸੰਤ ਜਰਨੈਲ ਸਿੰਘ ਨੇ ਉੱਥੇ ਹਾਜ਼ਰ ਬਹੁਗਿਣਤੀ ਸਿੱਖਾਂ ਦੇ ਜਜ਼ਬਾਤਾਂ ਨੂੰ ਆਪਣੇ ਨਾਲ ਲੈ ਲਿਆ ਸੀ।''
ਪੰਜਾਬੀ ਟ੍ਰਿਬਿਊਨ ਰਿਪੋਟਰ ਦੇ ਮੁਤਾਬਕ ਤਾਂ ਅਕਾਲੀ ਲੀਡਰਾਂ ਨੂੰ ਇਸ ਅਣਕਿਆਸੀ ਦੀ ਕੋਈ ਆਸ ਨਹੀਂ ਸੀ। ਪਰ ਅਸਲੀਅਤ ਵਿੱਚ ਅਕਾਲੀ ਲੀਡਰਾਂ ਨੂੰ ਇਹ ਬਿਲਕੁਲ ਪਤਾ ਸੀ ਸੰਤ ਭਿੰਡਰਾਵਾਲਿਆਂ ਨੇ ਜੋ ਕੁੱਝ ਕਹਿਣਾ ਹੈ ਉਹ ਸਾਨੂੰ ਸੂਤ ਨਹੀਂ ਬਹਿਣਾ ਇਹ ਸੋਚ ਕੇ ਉਹਨਾਂ ਨੇ ਸੰਤ ਭਿੰਡਰਾਵਾਲਿਆਂ ਨੂੰ ਬੋਲਣ ਦਾ ਟਾਈਮ ਨਹੀਂ ਸੀ ਦਿੱਤਾ। ਸੰਤਾਂ ਨੇ ਇਸ ਗੱਲ ਦਾ ਪਹਿਲਾ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ ਨਿਰੰਕਾਰੀ ਮਾਮਲੇ 'ਤੇ ਆਪਣੇ ਦਿਲ ਦੀ ਗੱਲ ਅਕਾਲੀ ਕਾਨਫਰੰਸ ਮੌਕੇ ਕਰਨਗੇ ਤੇ ਨਵਾਂ ਪ੍ਰੋਗਰਾਮ ਦੇਣਗੇ। ਇਸ ਗੱਲ ਦੀ ਤਸਦੀਕ ਉਸ ਵੇਲੇ ਦੀਆਂ ਅਖ਼ਬਾਰੀ ਖ਼ਬਰਾਂ ਤੋਂ ਵੀ ਹੁੰਦੀ ਹੈ। 24 ਅਕਤੂਬਰ 1978 ਦੇ ਪੰਜਾਬੀ ਟ੍ਰਿਬਿਊਨ ਵਿੱਚ ਇਸਦੇ ਸਟਾਫ ਰਿਪੋਟਰ ਦੇ ਹਵਾਲੇ ਨਾਲ ਖ਼ਬਰ ਛਪੀ ਸੀ, ਜਿਸ ਵਿੱਚ ਸੰਤ ਭਿੰਡਰਾਵਾਲਿਆਂ ਨੇ ਸਿੱਖਾਂ ਨੂੰ ਅਪੀਲ ਕੀਤੀ ਕੀ ਉਹ 28 ਅਕਤੂਬਰ ਨੂੰ ਲੁਧਿਆਣੇ ਅਕਾਲੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ। ਸੰਤਾਂ ਨੇ ਕਿਹਾ ਮੇਰੇ ਕੋਲ ਕੁੱਝ ਸਵਾਲ ਹਨ ਜਿਸ ਬਾਰੇ ਉਹ ਅਕਾਲੀ ਲੀਡਰਸ਼ਿਪ ਤੋਂ ਜਵਾਬ ਮੰਗਣਗੇ। ਮੈਂ ਪ੍ਰਮਾਤਮਾ ਆਸਰੇ ਤੁਰ ਰਿਹਾ ਹਾਂ। ਭਿੰਡਰਾਵਾਲਿਆ ਨੇ ਇਹ ਵੀ ਕਿਹਾ ਕਿ ਉਹ ਕਾਨਫਰੰਸ ਵਿੱਚ ਨਿਰੰਕਾਰੀ ਮਾਮਲੇ 'ਤੇ ਆਪਣੀ ਤਾਜ਼ਾ ਯੋਜਨਾ ਪੇਸ਼ ਕਰਨਾ ਚਾਹੁੰਦੇ ਹਨ। ਭਿੰਡਰਾਵਾਲਿਆਂ ਦੇ ਅਜਿਹੇ ਖੁੱਲ੍ਹੇ ਪ੍ਰਚਾਰ ਅਤੇ ਅਖ਼ਬਾਰੀ ਬਿਆਨਾਂ ਤੋਂ ਬਾਅਦ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਅਕਾਲੀ ਲੀਡਰਾਂ ਨੂੰ ਸੰਤ ਦੇ ਇਰਾਦਿਆਂ ਦਾ ਇਲਮ ਨਹੀਂ ਸੀ।ਇਹੀ ਕਾਰਨ ਸੀ ਅਕਾਲੀ ਲੀਡਰ ਭਿੰਡਰਾਵਾਲਿਆਂ ਨੂੰ ਕਾਨਫਰੰਸ ਵਿੱਚ ਟਾਈਮ ਦੇਕੇ ਆਪਣੀ ਫਜੀਹਤ ਨਹੀਂ ਸੀ ਹੋਣ ਦੇਣਾ ਚਾਹੁੰਦੇ, ਜੋ ਕਿ ਹੋ ਕੇ ਰਹੀ।
ਮੈਨੂੰ ਇਹ ਵੀ ਯਾਦ ਹੈ ਕਿ ਭਿੰਡਰਾਂਵਾਲਿਆਂ ਦੀ ਤਕਰੀਰ ਨਾਲ ਸਰੋਤਿਆਂ ਵਿਚ ਮਾਹੌਲ ਇਨ੍ਹਾ ਜੋਸ਼ ਵਾਲਾ ਬਣ ਗਿਆ ਸੀ। ਬਹੁਤ ਸਾਰੇ ਲੋਕ ਉਠ ਕੇ ਜੈਕਾਰੇ ਲਾਉਣ ਲੱਗੇ। ਲਗਭਗ ਸਾਰੀਆਂ ਹੀ ਸੰਗਤਾਂ ਜੈਕਾਰਿਆਂ ਦਾ ਜਵਾਬ ਪੂਰੀ ਆਵਾਜ਼ ਨਾਲ ਦੇ ਰਹੀਆਂ ਸਨ। ਇਹ ਵੀ ਸਪੱਸ਼ਟ ਸੀ ਕਿ ਉਹ ਸਾਰੇ ਸੰਤ ਭਿੰਡਰਾਂਵਾਲਿਆਂ ਦੀ ਤਕਰੀਰ ਨੂੰ ਸਹੀ ਕਰਾਰ ਦੇ ਰਹੇ ਸਨ। ਚੰਦਰ ਸ਼ੇਖਰ ਨੇ ਅਜੇ ਬੋਲਣਾ ਸੀ। ਕਿਸੇ ਸੰਭਾਵਿਤ ਗੜਬੜ ਨੂੰ ਮੁੱਖ ਰੱਖਦਿਆਂ ਉਹਨੂੰ ਪੁਲਿਸ ਵਾਲੇ ਚੰਦਰਸ਼ੇਖਰ ਨੂੰ ਸਟੇਜ ਤੋਂ ਉਠਾ ਕੇ ਲੈ ਗਏ। ਅਕਾਲੀ ਪੱਤ੍ਰਕਾ ਅਖਬਾਰ ਦੇ ਐਡੀਟਰ ਅਮਰ ਸਿੰਘ ਦੁਸਾਂਝ ਦਾ ਸਿੱਖਾਂ ਵਿਚ ਚੰਗਾ ਅਸਰ ਸੀ ਅਤੇ ਉਹ ਵਧੀਆ ਬੁਲਾਰੇ ਵੀ ਸਨ। ਦੁਸਾਂਝ ਸਾਹਿਬ ਨੇ ਸਟੇਜ ਸੰਭਾਲੀ ਤੇ ਲੋਕਾਂ ਨੂੰ ਇਹ ਕਹਿੰਦਿਆਂ ਸ਼ਾਂਤ ਹੋਣ ਦੀ ਅਪੀਲ ਕੀਤੀ। .....'ਖਾਲਸਾ ਜੀ, ਪੰਜਾਬ ਦੇਸ਼ ਦੀ ਖੜਗ ਭੁਜਾ ਹੈ,ਅਗਰ ਜਨਤਾ ਪਾਰਟੀ ਦੇ ਪ੍ਰਧਾਨ ਚੰਦਰ ਸ਼ੇਖਰ ਬਿਨਾਂ ਬੋਲਿਓਂ ਮੁੜ ਗਏ ਤਾਂ ਸਾਡਾ ਮੁਲਕ ਵਿਚ ਕੀ ਪ੍ਰਭਾਵ ਪਏਗਾ ?' ਉਨ੍ਹਾਂ ਨੇ ਹੋਰ ਵੀ ਕਈ ਕਿਸਮ ਦੇ ਵਾਸਤੇ ਪਾ ਕੇ ਲੋਕਾਂ ਨੂੰ ਸ਼ਾਂਤ ਕੀਤਾ। ਇਸ ਤੋਂ ਅਗਲੀ ਕਾਰਵਾਈ ਦਾ ਜ਼ਿਕਰ ਕਰਦਿਆਂ ਪੰਜਾਬੀ ਟ੍ਰਿਬਿਊਨ ਨੇ ਉਕਤ ਖਬਰ ਵਿਚ ਅਗਾਂਹ ਜਾ ਕੇ ਇਉਂ ਲਿਖਿਆ
“ਭਾਵੇਂ ਸ. ਅਮਰ ਸਿੰਘ ਦੁਸਾਂਝ ਦੀ ਲੱਛੇਦਾਰ, ਚੁਸਤ ਅਤੇ ਸੰਖੇਪ ਜਿਹੀ ਤਕਰੀਰ ਨਾਲ ਮਾਹੌਲ ਕੁੱਝ ਸੰਭਲਿਆ, ਪ੍ਰੰਤੂ ਜਦੋਂ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਉਤੇਜਨਾ ਅਤੇ ਪ੍ਰੇਸ਼ਾਨੀ ਨਾਲ ਤਕਰੀਰ ਕਰਨ ਲਈ ਉਠੇ ਤਾਂ ਇਕ ਵਾਰ ਫਿਰ ਮਾਹੌਲ ਵਿਗੜਦਾ ਨਜ਼ਰ ਆਇਆ। ਸ. ਤਲਵੰਡੀ ਇਸ ਅਣਕਿਆਸੇ ਹਮਲੇ ਲਈ ਤਿਆਰ ਨਾ ਹੋਣ ਕਾਰਨ, ਤਕਰੀਰ ਵਿਚ ਸੰਤ ਜਰਨੈਲ ਸਿੰਘ ਵੱਲੋਂ ਕਹੇ ਸ਼ਬਦਾਂ ਦਾ ਗੁੱਸਾ ਸਾਫ ਝਲਕਦਾ ਸੀ ਤੇ ਉਨ੍ਹਾਂ ਵੱਲੋ ਸੰਤਾਂ ਬਾਬਤ ਵਰਤੇ ਕੁੜੱਤਣ ਵਾਲੇ ਲਫਜ਼ਾਂ ਨੇ ਇਹਦੀ ਤਸਦੀਕ ਵੀ ਕੀਤੀ। ਸ. ਤਲਵੰਡੀ ਨੇ ਬੜੇ ਜੋਸ਼ ਵਿਚ ਸਫਾਈ ਦਿੰਦਿਆਂ ਆਖਿਆ ਕਿ ਪਹਿਲਾਂ ਹੋਈਆਂ ਅਕਾਲੀ ਕਾਨਫਰੰਸਾਂ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਲੂਸ ਵਿਚ ਨਹੀ ਲਿਆਂਦੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਹਾਥੀ ਉਪਰ ਪ੍ਰਧਾਨ ਦੇ ਜਲੂਸ ਦਾ ਫੈਸਲਾ ਵਰਕਿੰਗ ਕਮੇਟੀ ਦਾ ਹੈ। ਉਨ੍ਹਾਂ ਕਿਹਾ ਕਿ ਅਗਰ ਲੋਕ ਸਾਡੇ ਤੋਂ ਸੰਤੁਸ਼ਟ ਨਹੀ ਤਾਂ ਅਕਾਲੀ ਦਲ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਸਾਰੇ ਅਹੁਦੇਦਾਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਲਈ ਤਿਆਰ ਹਨ। ਇਸ ਮੰਤਵ ਲਈ ਲੋਕਾਂ ਪਾਸੋਂ ਹਿਮਾਇਤ ਹਾਸਲ ਕਰਨ ਹਿੱਤ ਉਨ੍ਹਾਂ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਿਹਾ। ਇਸਦਾ ਜਵਾਬ ਇਕੱਠ ਵਿਚ ਕੁਸ਼ ਲੋਕਾਂ ਨੇ ਹੱਥ ਖੜ੍ਹੇ ਕਰਕੇ ਦਿੱਤਾ।” ਸੋ ਇਹ ਲਿਖਿਆ ਸੀ ਪੰਜਾਬੀ ਟ੍ਰਿਬਿਊਨ ਅਖਬਾਰ ਨੇ ।
ਪਰ ਜੋ ਮੈ ਦੇਖਿਆ ਸੁਣਿਆ, ਉਹ ਇਹ ਸੀ ਕਿ ਜਥੇਦਾਰ ਤਲਵੰਡੀ ਨੇ ਲੋਕਾਂ ਨੂੰ ਇਹ ਕਿਹਾ ਸੀ ਕਿ ਜੇ ਸਾਡੇ ਅਸਤੀਫੇ ਦਿੱਤਿਆਂ ਕਿਸੇ ਮਸਲੇ ਦਾ ਹੱਲ ਹੁੰਦਾ ਹੈ ਤਾਂ ਅਸੀਂ ਸਾਰੇ ਅੱਜੇ ਹੀ ਅਸਤੀਫੇ ਦੇਣ ਨੂੰ ਤਿਆਰ ਹਾਂ। ਹੁਣ ਹੱਥ ਖੜ੍ਹੇ ਕਰਕੇ ਤੁਸੀਂ ਦੱਸੋ। ਇਸ ਤੇ ਬਹੁਤ ਸਾਰੇ ਲੋਕਾਂ ਨੇ ਹੱਥ ਖੜ੍ਹੇ ਕਰ ਦਿੱਤੇ। ਮੈ ਇਹੀ ਮਹਿਸੂਸ ਕੀਤਾ ਕਿ ਲੋਕਾਂ ਨੇ ਅਸਤੀਫੇ ਦੇਣ ਦੇ ਹੱਕ ਵਿਚ ਹੱਥ ਖੜ੍ਹੇ ਕੀਤੇ ਪਰ ਤਲਵੰਡੀ ਸਾਹਿਬ ਨੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਨ ਦੀ ਵਿਆਖਿਆ ਇਉਂ ਕੀਤੀ 'ਦੇਖੋ ! ਕਿੰਨੇ ਲੋਕ ਸਾਡੇ ਹੱਕ ਵਿਚ ਨੇ।' ਮੈਂ ਜੋ ਮਹਿਸੂਸ ਕੀਤਾ ਸੀ, ਤਲਵੰਡੀ ਸਾਹਿਬ ਨੇ ਉਸਦੇ ਅਰਥਾਂ ਨੂੰ ਬਿਲਕੁਲ ਪਲਟ ਦਿੱਤਾ ਸੀ। ਆਪਣੀ ਗੱਲ ਦੀ ਤਸਕੀਕ ਕਰਨ ਲਈ ਮੈ ਆਪਣੇ ਆਲੇ ਦੁਆਲੇ ਬੈਠੇ ਇਕ ਦੋ ਤਿੰਨ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਬੰਦਿਆਂ ਨੇ ਕਿਹਾ ਕਿ ਅਸੀਂ ਵੀ ਤੇਰੇ ਵਾਂਗੂੰ ਹੀ ਗੱਲ ਸਮਝੀ ਹੈ ਯਾਨੀ ਕਿ ਉਨ੍ਹਾਂ ਨੇ ਵੀ ਲੋਕਾਂ ਵੱਲੋ ਅਸਤੀਫਿਆਂ ਦੇ ਹੱਕ ਵਿਚ ਹੱਥ ਖੜ੍ਹੇ ਕਰਨਾ ਹੀ ਸਮਝਿਆ ਸੀ। ਨਾਲੇ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਤਕਰੀਰ ਵਿਚ ਕਿਸੇ ਦੇ ਅਸਤੀਫੇ ਦੀ ਮੰਗ ਨਹੀ ਸੀ ਕੀਤੀ। ਬਲਕਿ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਸੋ ਇਸ ਮੌਕੇ ਲੋਕਾਂ ਤੋਂ ਅਸਤੀਫਿਆਂ ਬਾਰੇ ਰਾਇ ਲੈਣ ਦੀ ਕੋਈ ਤੁੱਕ ਨਹੀਂ ਸੀ ਬਣਦੀ। ਸ਼ਾਇਦ ਘਬਰਾਹਟ ਅਤੇ ਗੁੱਸੇ ਵਿਚ ਤਲਵੰਡੀ ਸਾਹਿਬ ਲੋਕਾਂ ਤੋਂ ਬੇਲੋੜਾ ਸਵਾਲ ਤਾਂ ਪੁੱਛ ਗਏ, ਪਰ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਮਨਜ਼ੂਰੀ ਦੇਣ ਵਾਲੀ ਗੱਲ ਨੂੰ ਇਹ ਕਹਿ ਕੇ ਆਪਣੇ ਹੱਕ ਵਿਚ ਮੋੜਾ ਦਿੱਤਾ ਕਿ ਦੋਖੇ ਕਿੰਨੇ ਲੋਕ ਸਾਡੇ ਨਾਲ ਨੇ। ਤਲਵੰਡੀ ਸਾਹਿਬ ਦੀ ਇਸੇ ਗੱਲ ਦੇ ਅਸਰ ਹੇਠ ਪੰਜਾਬੀ ਟ੍ਰਿਬਿਊਨ ਦਾ ਪੱਤਰਕਾਰ ਵੀ ਉਹ ਪ੍ਰਭਾਵ ਲੈ ਗਿਆ ਕਿ ਲੋਕਾਂ ਨੇ ਸ਼ਾਇਦ ਤਵੰਡੀ ਸਾਹਿਬ ਦੀ ਹਿਮਾਇਤ ਹੀ ਕੀਤੀ ਹੈ। ਭਿੰਡਰਾਵਾਲਿਆਂ ਵੱਲੋਂ ਆਪਣੇ 25-30 ਹਥਿਆਰਬੰਦ ਸਾਥੀਆਂ ਨਾਲ ਪੂਰੇ ਗੁੱਸੇ ਵਿਚ ਕਾਨਫਰੰਸ ਵਿਚ ਉਠ ਕੇ ਜਾਂਦਿਆ ਨੂੰ ਮੈਂ ਬਿਲਕੁਲ ਨੇੜਿਓਂ ਤੱਕਿਆ ਸੀ।ਸੰਤ ਜਰਨੈਲ ਸਿੰਘ ਦੀ ਅਕਾਲੀ ਸਰਕਾਰ ਤੇ ਚੋਭ ਲਾਉਣ ਵਾਲੀ ਤਕਰੀਰ ਅਤੇ ਅਕਾਲੀ ਦਲ ਪ੍ਰਧਾਨ ਦੀ ਗ਼ੁੱਸੇ ਵਾਲੀ ਜਵਾਬੀ ਤਕਰੀਰ ਦੇ ਮੱਦੇਨਜਰ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਹੁਣ ਭਿੰਡਰਾਵਾਲਾ ਕੁਸ਼ ਕਰੂਗਾ। ਜਥੇਦਾਰ ਤਲਵੰਡੀ ਨੇ ਆਪਣੀ ਤਕਰੀਰ ਵਿਚ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ ਸੀ ਕਿ ''ਢਾਈ ਕੁ ਟੋਟਰੂ ਉਠ ਕੇ ਆ ਜਾਂਦੇ ਆ।'' ਢਾਈ ਟੋਟਰੂਆਂ ਵਾਲੀ ਗੱਲ ਮੈਨੂੰ ਬਹੁਤ ਹੀ ਚੰਗੀ ਤਰ੍ਹਾਂ ਯਾਦ ਹੈ।ਅੱਜ ਕੱਲ ਰੋਜ਼ਾਨਾ ਪਹਿਰੇਦਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾਂ ਵੀ ਇਸ ਕਾਨਫਰੰਸ ਮੌਕੇ ਸਰੋਤਿਆਂ ਚ ਸ਼ਾਮਲ ਸਨ , ਉਹਨਾਂ ਨੇ ਉੱਪਰ ਲਿਖੇ ਵੇਰਵੇ ਦੀ ਤਸਦੀਕ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.