ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਸ. ਪਾਲ ਸਿੰਘ ਪੁਰੇਵਾਲ 22 ਸਤੰਬਰ 2022 ਦਿਨ ਵੀਰਵਾਰ, ਸਵੇਰੇ ਦੇ ਸਮੇਂ ਐਡਮਿੰਟਨ ਸ਼ਹਿਰ ਵਿਖੇ ਅਕਾਲ ਚਲਾਣਾ ਕਰ ਗਏ ਹਨ। ਆਪ ਦੀ ਉਮਰ 90 ਸਾਲ ਦੇ ਕਰੀਬ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਪਰਿਵਾਰਕ ਸੂਤਰਾਂ ਅਨੁਸਾਰ ਵੀਰਵਾਰ ਸਵੇਰੇ 1.30 ਵਜੇ ਦੇ ਕਰੀਬ ਭਾਈ ਸਾਹਿਬ ਨੇ ਆਖ਼ਰੀ ਸੁਆਸ ਲਏ। ਪੰਜਾਬ ਦੀ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਪਿੰਡ ਸ਼ੰਕਰ (ਸ਼ੰਕਰ ਸ਼ਰੀਂਹ) ਵਿਖੇ ਆਪ ਦਾ ਜਨਮ 23 ਨਵੰਬਰ 1932 ਵਿੱਚ ਹੋਇਆ। ਪੰਜਾਬ 'ਚ ਵੱਖ- ਵੱਖ ਸੇਵਾਵਾਂ ਨਿਭਾਉਣ ਤੋਂ ਮਗਰੋਂ ਆਪ ਪਹਿਲਾਂ 1965 ਈਸਵੀ ਵਿਚ ਇੰਗਲੈਂਡ ਅਤੇ ਮਗਰੋਂ 1974 ਵਿਚ ਆ ਵਸੇ, ਜਿਥੇ ਅਧਿਆਪਨ ਅਤੇ ਇੰਜਨੀਅਰਿੰਗ ਖੇਤਰ ਵਿੱਚ ਲੰਮਾ ਸਮਾਂ ਸੇਵਾਵਾਂ ਕੀਤੀਆਂ।
ਵਿੱਦਿਆ ਖੇਤਰ ਦੇ ਮਾਹਰ ਸ. ਪਾਲ ਸਿੰਘ ਪੁਰੇਵਾਲ ਪੰਜਾਬੀ, ਅੰਗਰੇਜ਼ੀ, ਸੰਸਕ੍ਰਿਤ ਅਤੇ ਫ਼ਾਰਸੀ ਦੇ ਗਿਆਤਾ ਸਨ, ਜਿਨ੍ਹਾਂ ਨੇ ਈਸਾਈ, ਹਿੰਦੂ ਅਤੇ ਮੁਸਲਿਮ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਮਗਰੋਂ ਕੈਲੰਡਰ ਤਿਆਰ ਕੀਤੇ। ਇਸ ਦੌਰਾਨ ਆਪ ਨੇ ਮੁਸਲਿਮ ਭਾਈਚਾਰੇ ਦੀ ਮੰਗ 'ਤੇ ਹਿਜਰੀ ਕੈਲੰਡਰ ਤਿਆਰ ਕੀਤਾ, ਜੋ ਕਿ ਪਾਕਿਸਤਾਨ ਵਿਖੇ ਪੰਜਾਬ ਦੇ ਗਵਰਨਰ ਵੱਲੋਂ ਵੱਡੇ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਆਪ ਨੂੰ ਹਿਜਰੀ ਕੈਲੰਡਰ ਤਿਆਰ ਕਰਨ ਲਈ ਪਾਕਿਸਤਾਨ ਵਿੱਚ 'ਲਾਈਫ ਟਾਈਮ ਅਚੀਵਮੈਂਟ ਅਵਾਰਡ" ਭਾਵ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਦਿੱਤਾ ਗਿਆ। ਸੰਨ 1994 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੰਗ ਤੇ ਆਪ ਵੱਲੋਂ ਪੰਜ ਸੌ ਸਾਲਾ ਜੰਤਰੀ ਤਿਆਰ ਕੀਤੀ ਗਈ।
ਸ ਪਾਲ ਸਿੰਘ ਪੁਰੇਵਾਲ ਵੱਲੋਂ ਘਾਲਣਾ ਨਾਲ ਗਰਿਗੋਰੀਅਨ ਕੈਲੰਡਰ ਵਾਂਗ ਸੂਰਜ ਦੇ ਦੁਆਲੇ ਧਰਤੀ ਦੇ ਗੇੜੇ ਨੂੰ ਆਧਾਰ ਬਣਾ ਕੇ ਨਾਨਕਸ਼ਾਹੀ ਕੈਲੰਡਰ ਦਾ ਨਿਰਮਾਣ ਕੀਤਾ ਗਿਆ। 1999 ਤਿੰਨ ਸੌ ਸਾਲਾ ਖਾਲਸਾ ਸਾਜਨਾ ਦਿਹਾੜੇ ਮੌਕੇ ਆਪ ਵੱਲੋਂ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਅਕਾਲ ਤਖ਼ਤ ਨੂੰ ਪ੍ਰਵਾਨ ਕੀਤਾ ਗਿਆ, ਪਰ ਇਸ ਦੇ ਬਾਵਜੂਦ ਸਿੱਖ ਕੌਮ ਦੀ ਵੱਖਰੀ ਪਛਾਣ ਦੀ ਪ੍ਰਤੀਕ 'ਮੂਲ ਨਾਨਕਸ਼ਾਹੀ ਕੈਲੰਡਰ' ਲਾਗੂ ਕਰਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੀ ਫੈਸਲੇ ਤੋਂ ਪਿਛੇ ਹਟ ਕੇ, ਉਸ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ।
ਮੂਲ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੀ ਥਾਂ, ਵਿਸ਼ੇਸ਼ ਇਕੱਤਰਤਾ ਦੌਰਾਨ ਅਗਜੈਕਟਿਵ ਕਮੇਟੀ ਰਾਹੀਂ ਕੀਤੀ ਗਈ, ਜਿਸ ਦੇ ਬਾਰਾਂ ਮੈਂਬਰਾਂ ਚੋਂ ਚਾਰ ਮੈਂਬਰਾਂ ਨੇ ਇਸ ਦਾ ਵਿਰੋਧ ਵੀ ਕੀਤਾ, ਜਿਨ੍ਹਾਂ ਵਿੱਚ ਸ਼ਾਮਲ ਮੈਂਬਰਾਂ 'ਚੋਂ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੰਜੋਲੀ ਅਤੇ ਮੈਂਬਰ ਬੀਬੀ ਕਿਰਨਜੋਤ ਕੌਰ ਵੀ ਸ਼ਾਮਲ ਸਨ। 'ਉਨ੍ਹਾਂ ਅਨੁਸਾਰ' ਕੈਲੰਡਰ ਰੱਦ ਕਰਨ ਦਾ ਫ਼ੈਸਲਾ ਸੰਤ ਸਮਾਜ, ਡੇਰੇਦਾਰਾਂ, ਨਿਰਮਲਿਆਂ ਅਤੇ ਜੋਤਸ਼ੀਆਂ ਸਮੇਤ ਰਾਸ਼ਟਰੀ ਸੇਵਕ ਸੰਘ ਦੇ ਪ੍ਰਭਾਵ ਅਧੀਨ ਵੋਟ ਰਾਜਨੀਤੀ ਲਈ ਤਤਕਾਲੀ ਅਕਾਲੀ -ਭਾਜਪਾ ਸਰਕਾਰ ਦੇ ਗੱਠਜੋੜ ਦੀ ਸ਼ਹਿ 'ਤੇ ਲਿਆ ਗਿਆ, ਜੋ ਕਿ ਅਤਿ ਦੁਖਦਾਈ ਸੀ।
ਇਉਂ ਸੂਰਜੀ ਕੈਲੰਡਰ ਅਨੁਸਾਰ ਸ. ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਦਰਕਿਨਾਰ ਕਰਕੇ, ਮੁੜ ਚੰਦਰਮਾ ਕੈਲੰਡਰ ਮੁਤਾਬਕ ਬਿਕਰਮੀ ਕੈਲੰਡਰ ਦੀਆਂ ਤਾਰੀਖਾਂ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕਰ ਦਿੱਤੀਆਂ ਗਈਆਂ, ਪਰ ਗੁਮਰਾਹਕੁਨ ਤਰੀਕੇ ਨਾਲ ਕੈਲੰਡਰ ਦਾ ਨਾਂ 'ਨਾਨਕਸ਼ਾਹੀ ਕੈਲੰਡਰ' ਹੀ ਰੱਖਿਆ ਗਿਆ, ਜੋ ਕਿ ਭਾਈ ਪਾਲ ਸਿੰਘ ਪੁਰੇਵਾਲ ਨੇ ਦਿੱਤਾ ਸੀ।
ਇਸ ਸੱਚਾਈ ਨੂੰ ਬਿਆਨ ਕਰਦੀ ਸ.ਪਾਲ ਸਿੰਘ ਪੁਰੇਵਾਲ ਦੀ ਨਵੀਂ ਕਿਤਾਬ 'ਨਾਨਕਸ਼ਾਹੀ ਕੈਲੰਡਰ' ਹਾਲ ਹੀ ਵਿੱਚ ਛਪੀ ਹੈ, ਜੋ ਕਿ ਅੱਜ ਸਰੀ ਵਿਚ ਰਿਲੀਜ਼ ਹੋਣੀ ਹੈ। ਇਹ ਕਿਤਾਬ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ ਅਤੇ ਇਸ ਵਿੱਚ ਨਾਨਕਸ਼ਾਹੀ ਕੈਲੰਡਰ ਬਾਰੇ ਅਹਿਮ ਖੁਲਾਸੇ ਕੀਤੇ ਗਏ ਹਨ।
ਉਨ੍ਹਾਂ ਦੇ ਜਿਊਂਦੇ ਜੀਅ, ਨਾਨਕਸ਼ਾਹੀ ਕੈਲੰਡਰ ਨੂੰ ਸਤਿਕਾਰ ਦੇ ਕੇ ਲਾਗੂ ਕੀਤੇ ਜਾਣਾ ਬਣਦਾ ਸੀ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਜੇ ਤਕ ਮੁਕੰਮਲ ਰੂਪ ਵਿੱਚ ਮਾਨਤਾ ਨਹੀਂ ਮਿਲੀ।
ਲੇਖਕ ਨੂੰ ਸੰਨ 2000 ਤੋਂ ਲੈ ਕੇ ਕਈ ਵਾਰ, ਸ. ਪੁਰੇਵਾਲ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਜਿਨ੍ਹਾਂ ਹਮੇਸ਼ਾਂ ਹੀ ਇਸ ਗੱਲ 'ਤੇ ਦੁੱਖ ਪ੍ਰਗਟਾਇਆ ਕਿ ਸਿੱਖਾਂ ਵਿੱਚ ਧਰਮ ਦੇ ਉੱਪਰ ਸਿਆਸਤ ਭਾਰੂ ਹੋ ਚੁੱਕੀ ਹੈ, ਜਿਸ ਕਾਰਨ ਸਹੀ ਫ਼ੈਸਲੇ ਲੈਣ ਦੀ ਥਾਂ, ਸਿਆਸੀ ਹਿੱਤਾਂ ਨੂੰ ਹੀ ਵੇਖਿਆ ਜਾਂਦਾ ਹੈ। ਸਿੱਖ ਵਿਦਵਾਨ ਭਾਈ ਪੁਰੇਵਾਲ ਨੇ ਚਲਾਣੇ ਤੋਂ ਕੁਝ ਦਿਨ ਪਹਿਲਾਂ ਬੇਬਾਕੀ ਨਾਲ ਇਹ ਗੱਲ ਨਜ਼ਦੀਕੀਆਂ ਨੂੰ ਕਹੀ ਸੀ ਕਿ ਚਾਹੇ ਉਨ੍ਹਾਂ ਦੇ ਜਿਊਂਦੇ ਜੀਅ ਅਤੇ ਚਾਹੇ ਉਨ੍ਹਾਂ ਦੀ ਮੌਤ ਮਗਰੋਂ ਹੀ ਸਹੀ, ਪਰ ਇੱਕ ਦਿਨ ਸਿੱਖ ਕੌਮ ਨੂੰ ਨਾਨਕਸ਼ਾਹੀ ਕੈਲੰਡਰ ਮੁਕੰਮਲ ਰੂਪ 'ਚ ਕਰਨਾ ਹੀ ਪਵੇਗਾ, ਉਹ ਚਾਹੇ ਅੱਜ ਕਰ ਲੈਣ ਜਾਂ ਕੱਲ ਕਰ ਲੈਣ। ਵੇਖਣਾ ਇਹ ਹੈ ਕਿ ਸ.ਪਾਲ ਸਿੰਘ ਪੁਰੇਵਾਲ ਦਾ ਇਹ ਕਥਨ ਕਦੋਂ ਸੱਚ ਹੁੰਦਾ ਹੈ।
ਸ. ਪਾਲ ਸਿੰਘ ਪੁਰੇਵਾਲ ਦਾ ਅੰਤਿਮ ਸੰਸਕਾਰ ਦਿਨ ਮੰਗਲਵਾਰ 27 ਸਤੰਬਰ ਦਪਿਹਰ 1 ਵਜੇ 6403 ਰੋਪੜ ਰੋੜ T6B3 G6 ਵਿਖੇ ਹੋਵੇਗਾ। ਸਸਕਾਰ ਤੋਂ ਉਪਰੰਤ ਪਾਠ ਦੇ ਭੋਗ ਅਤੇ ਅਰਦਾਸ ਉਸੇ ਦਿਨ ਬਅਦ ਦੁਪਹਿਰ 3 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 4504 ਮਿਲਵੁੱਡਜ਼ ਰੋਡ ਸਾਉਥ, ਐਡਮਿੰਟਨ ਵਿਖੇ ਹੋਵੇਗੀ। ਇਸ ਦੌਰਾਨ ਕੈਨੇਡੀਅਨ ਸਿੱਖ ਸਟੱਡੀਜ਼ ਐਂਡ ਟੀਚਿੰਗ ਸੁਸਾਇਟੀ ਸਮਸਤ ਬੀਸੀ ਦੀਆਂ ਸਿੱਖ ਸੰਸਥਾਵਾਂ ਵੱਲੋਂ ਸਰੀ ਸਥਿਤ ਯਾਰਕ ਸੈਂਟਰ ਵਿਖੇ ਸ ਪਾਲ ਸਿੰਘ ਪੁਰੇਵਾਲ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਜਾਏਗੀ ਅਤੇ ਉਨ੍ਹਾਂ ਦੀ ਲਿਖੀ ਕਿਤਾਬ ਲੋਕ ਅਰਪਣ ਕੀਤੀ ਜਾਏਗੀ। ਇਸ ਮੌਕੇ 'ਤੇ ਕਿਤਾਬ ਰਿਲੀਜ਼ ਸਮਾਰੋਹ ਦੀ ਅਗਵਾਈ ਡਾ ਬਲਵੰਤ ਸਿੰਘ ਢਿੱਲੋਂ ਕਰਨਗੇ, ਜੋ ਕਿ ਪਾਲ ਸਿੰਘ ਪੁਰੇਵਾਲ ਹੁਰਾਂ ਦੇ ਨਜ਼ਦੀਕੀਆਂ ਵਿੱਚੋਂ ਇੱਕ ਸਨ।
-
ਡਾ ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ ਐਬਟਸਫੋਰਡ, ਬੀ ਸੀ ਕੈਨੇਡਾ
singhnewscanada@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.