- ਸਟੇਸ਼ਨ ਦੇ ਨਾਂਅ ਵਾਲੇ ਸਾਈਨ ਬੋਰਡ ਵੀ ਪੱਟੇ ਜਾਣ ਲੱਗੇ
- 63 ਵਰ੍ਹੇ ਇਲਾਕੇ ਨੂੰ ਸੇਵਾ ਦੇਣ ਵਾਲਾ ਇਹ ਸਟੇਸ਼ਨ 31 ਮਾਰਚ ਨੂੰ ਬੰਦ ਹੋਇਆ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 22 ਸਤੰਬਰ 2022 -“ ਸਾਡੇ ਬਜੁਰਗਾਂ ਨੇ ਸੈਂਕੜੇ ਗੱਡੇ ਮਿੱਟੀ ਦੇ ਆਪਦੇ ਹੱਥੀਂ ਪਟਾਈ ਕਰਕੇ ਸਟੇਸ਼ਨ ਵਾਲੀ ਥਾਂ ਤੇ ਭਰਤ ਪਾਇਆ ਸੀ ਆਪਦੇ ਖ਼ਰਚੇ ਤੇ ਸਟੇਸ਼ਨ ਦੀ ਬਿਲਡਿੰਗ ਉਸਾਰੀ ਸੀ, ਹੁਣ ਸਟੇਸ਼ਨ ਬੰਦ ਕਰਕੇ ਇਹਦੀਆਂ ਨਿਸ਼ਾਨੀਆਂ ਵੀ ਮੇਟਣ ਲੱਗਿਆ ਹੈ ਰੇਲਵੇ ਮਹਿਕਮਾ “ ਇਹ ਕਹਿਣਾ ਹੈ ਨਗਰ ਭਨੋਹੜ ਦੇ ਸਾਬਕਾ ਸਰਪੰਚ ਰਮਿੰਦਰ ਸਿੰਘ ਦਾ।
ਉਨ੍ਹਾਂ ਕਿਹਾ ਕਿ ਰੇਲਵੇ ਨੂੰ ਇਹ ਪਾਲਿਸੀ ਬਨਾਉਣੀ ਚਾਹੀਦੀ ਹੈ ਕਿ ਛੋਟੇ ਛੋਟੇ ਰੇਲਵੇ ਸਟੇਸ਼ਨਾਂ ਨੂੰ ਬੰਦ ਕਰਨ ਤੋਂ ਮਗਰੋਂ ਇਹਦੇ ਸਾਈਨ ਬੋਰਡ ਅਤੇ ਟਿਕਟ ਰੂਮ ਵੇਟਿੰਗ ਰੂਮ ਤੇ ਬੈਂਚ ਤਾਂ ਖੜੇ ਰਹਿਣ ਦੇਵੇ ਤਾਂ ਆਉਣ ਵਾਲੀਆਂ ਪੀੜੀਆਂ ਆਪਦੇ ਪਿੰਡ ਦਾ ਪੁਰਾਤਨ ਸਮਾਂ ਅਤੇ ਆਪਦੇ ਬਜ਼ੁਰਗਾਂ ਦੀ ਘਾਲਣਾ ਨੂੰ ਦੇਖ ਸਕਣ।ਉਨਾਂ ਕਿਹਾ ਕਿ ਰੇਲ ਮਹਿਕਮੇ ਵਾਸਤੇ ਪੱਟੇ ਜਾ ਰਹੇ ਸਾਈਨ ਬੋਰਡਾਂ ਦੀ ਕੀਮਤ ਕਬਾੜ ਦੇ ਲੋਹੇ ਤੋਂ ਵੱਧ ਨਹੀਂ ਜੀਹਦਾ ਭੁਗਤਾਨ ਨਗਰ ਨਿਵਾਸ ਰੇਲਵੇ ਨੂੰ ਖ਼ੁਦ ਕਰ ਸਕਦੇ ਹਨ।
ਲੁਧਿਆਣਾ -ਫ਼ਿਰੋਜ਼ਪੁਰ ਰੇਲਵੇ ਲਾਇਨ ਤੇ ਮੁਲਾਂਪੁਰ ਤੋਂ ਪਹਿਲਾਂ 8 ਦਸੰਬਰ 1958 ਨੂੰ ਚਾਲੂ ਹੋਇਆ ਭਨੋਹੜ ਪੰਜਾਬ ਰੇਲਵੇ ਸਟੇਸ਼ਨ ਨੂੰ ਪੰਜਾਬ ਦੇ ਹੋਰ 12 ਸਟੇਸ਼ਨਾਂ ਸਣੇ 31 ਮਾਰਚ 2022 ਸਰਕਾਰ ਨੇ ਬੰਦ ਕਰ ਦਿੱਤਾ ਸੀ।ਹੁਣ ਇਸ ਸਟੇਸ਼ਨ ਤੇ ਲੱਗੇ ਭਾਰੇ ਸਾਈਨ ਬੋਰਡ ਵੀ ਪੱਟੇ ਜਾ ਰਹੇ ਨੇ। ਪੂਰਬੀ ਪਾਸੇ ਵਾਲੇ ਬੋਰਡ ਦੇ ਨਟ ਖੰਬਿਆਂ ਨਾਲੋੰ ਖੋਲ ਕੇ ਥੱਲੇ ਸਿੱਟ ਦਿੱਤਾ ਹੈ ਜਦਕਿ ਪੱਛਮੀ ਬੋਰਡ ਦੇ ਛੇ ਨਟਾਂ ਚੋਂ ਚਾਰ ਖੋਲ ਲਏ ਗਏ ਨੇ ਬੋਰਡ ਹਾਲੇ ਲਮਕਦਾ ਹੈ।
ਰੇਲਵੇ ਮਹਿਕਮੇ ਚੋਂ ਬਤੌਰ ਜੇ ਈ ਰਿਟਾਇਰ ਹੋਏ ਰਛਪਾਲ ਸਿੰਘ ਭੱਠਲ ਨੇ ਕਿਹਾ ਕਿ ਸਟੇਸ਼ਨ ਦਾ ਟਿਕਰ ਰੂਮ ਤੇ ਸਾਈਨ ਬੋਰਡ ਪਿੰਡ ਦੀ ਵਿਰਾਸਤ ਵਜੋਂ ਕਾਇਮ ਰਹਿਣੇ ਚਾਹੀਦੇ ਨੇ।ਉਹਨਾਂ ਨੇ ਨਗਰ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਪਿੰਡ ਦੇ ਇਸ ਕੀਮਤੀ ਇਤਿਹਾਸ ਨੂੰ ਬਚਾਉਣ ਦਾ ਉਪਰਾਲਾ ਕਰਨ ਖ਼ਾਤਰ ਛੇਤੀ ਹੀ ਨਗਰ ਨਿਵਾਸੀਆਂ ਦੀ ਮੀਟਿੰਗ ਬੁਲਾਉਣ।
ਰੇਲਵੇ ਸਟੇਸ਼ਨ ਕਾਇਮ ਕਰਨ ਚ ਮੁਢਲਾ ਯੋਗਦਾਨ ਪਾਉਣ ਵਾਲੇ ਕੈਪਟਨ ਹਰਚਰਨ ਸਿੰਘ ਬੇਟੇ ਕਿਰਪਾਲ ਸਿੰਘ ਭੱਠਲ ਨੇ ਕਿਹਾ ਕਿ ਸਟੇਸ਼ਨ ਦੀ ਬਿਲਡਿੰਗ ਨਗਰ ਦੀ ਪ੍ਰਾਪਰਟੀ ਹੈ ਪਿੰਡ ਵਾਸੀਆਂ ਨੇ 1958 ਚ ਆਪਣੇ ਖ਼ਰਚੇ ਤੇ ਇਹਦੀ ਉਸਾਰੀ ਕੀਤੀ ਸੀ , ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਇਹਨੂੰ ਪਿੰਡ ਦੀ ਵਿਰਾਸਤ ਵਜੋਂ ਕਾਇਮ ਰੱਖਣ ਖ਼ਾਤਰ ਇਹਨੂੰ ਪੰਚਾਇਤ ਦੇ ਸਪੁਰਦ ਕਰੇ ਤੇ ਪੰਚਾਇਤ ਇਹਦੀ ਸਾਂਭ ਸੰਭਾਲ ਵੀ ਕਰੇ।
ਰਹੀ ਗੱਲ ਸਾਈਨ ਬੋਰਡਾਂ ਦੀ , ਇਹ ਪਤਾ ਨਹੀਂ ਕਿ ਰੇਲ ਮਹਿਕਮਾਂ ਇਹ ਬੋਰਡ ਉਤਾਰ ਰਿਹਾ ਹੈ ਜਾਂ ਕੋਈ ਲੋਹਾ ਚੋਰ । ਫ਼ੌਰੀ ਤੌਰ ਤੇ ਇਹ ਬੋਰਡ ਲੋਹੇ ਦੇ ਖੜੇ ਪਿਲਰਾਂ ਨਾਲ ਵੈਲਡ ਕਰਾ ਦੇਣੇ ਚਾਹੀਦੇ ਹਨ ਤੇ ਫੇਰ ਮਹਿਕਮੇ ਨਾਲ ਗੱਲ ਕਰਨੀ ਚਾਹੀਦੀ ਹੈ।ਜੇ ਮਹਿਕਮੇ ਨੇ ਇਹ ਸਕਰੈਪ ਸਮਝ ਕੇ ਵੇਚ ਦਿੱਤੇ ਹਨ ਤਾਂ ਇਹਨਾਂ ਕੀਮਤ ਭਰ ਕੇ ਇਹ ਬਰਕਰਾਰ ਰੱਖਣੇ ਚਾਹੀਦੇ ਹਨ।ਦਿਲਵਰ ਮੈਰਿਜ ਪੈਲਿਸ ਵਾਲੇ ਪਿੰਡ ਭਨੋਹੜ ਦੇ ਵਾਸੀ ਦਿਲਵਰ ਸਿੰਘ ਭੱਠਲ ਨੇ ਕਿਹਾ ਕਿ ਪਿੰਡ ਦੀ ਇਸ ਵਿਰਾਸਤ ਨੂੰ ਕਾਇਮ ਰੱਖਣ ਖ਼ਾਤਰ ਮੋਹਤਬਰ ਸੱਜਣਾਂ ਅਤੇ ਪੰਚਾਇਤ ਜਦੋਂ ਵੀ ਉਪਰਾਲਾ ਕਰੇਗੀ ਤਾਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
-
ਗੁਰਪ੍ਰੀਤ ਸਿੰਘ ਮੰਡਿਆਣੀ , ਖੋਜੀ ਪੱਤਰਕਾਰ
gurpreetmandiani@gmail.com
88726 64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.