21 ਸਤੰਬਰ ਪੰਜਾਬੀ ਜ਼ਬਾਨ ਦੇ ਦਿਨ 'ਤੇ ਵਿਸ਼ੇਸ਼: 21 ਸਤੰਬਰ 1960 : ਪੰਜਾਬੀ ਜ਼ਬਾਨ ਲਈ ਜਾਨ ਵਾਰਨ ਵਾਲੇ ਕਾਕਾ ਇੰਦਰਜੀਤ ਸਿੰਘ ਕਰਨਾਲ ਦੀ ਸ਼ਹਾਦਤ ਦਾ ਇਤਿਹਾਸ
ਅੱਜ ਤੋਂ 62 ਸਾਲ ਪਹਿਲਾਂ, 21 ਸਤੰਬਰ ਦਾ ਦਿਨ, ਪੰਜਾਬੀ ਬੋਲੀ ਦੇ ਆਧਾਰ 'ਤੇ ਕਾਇਮ ਹੋਏ ਸੂਬੇ ਦੀ ਸ਼ਹਾਦਤ ਦੀ ਦਾਸਤਾਨ ਬਿਆਨ ਕਰਦਾ ਹੈ। ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣ ਖਾਤਰ ਪੰਜਾਬੀ ਸੂਬੇ ਦਾ ਮੋਰਚਾ ਲਗਾਉਣ ਵਾਲੇ ਮਹਾਨ ਸ਼ਹੀਦਾਂ ਦੀ ਸੂਚੀ ਵਿੱਚ ਇੱਕ ਨਾਂ 10 ਸਾਲਾਂ ਦੇ ਬੱਚੇ ਦਾ ਆਉਂਦਾ ਹੈ, ਜੋ ਇਸ ਸੰਘਰਸ਼ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ। ਇਹ ਬਹਾਦਰ, ਮਾਂ ਬੋਲੀ ਪੰਜਾਬੀ ਦਾ ਸਪੂਤ ਸ਼ਹੀਦ ਕਾਕਾ ਇੰਦਰਜੀਤ ਸਿੰਘ ਕਰਨਾਲ ਸੀ, ਜਿਸ ਨੇ 'ਪੰਜਾਬੀ ਬੋਲੀ ਜ਼ਿੰਦਾਬਾਦ' ਦੇ ਨਾਅਰੇ ਬੁਲੰਦ ਕਰਦਿਆਂ ਸ਼ਹੀਦੀ ਪਾਈ।
ਇਹ ਇਤਿਹਾਸਕ ਘਟਨਾ 21 ਸਤੰਬਰ 1960 ਦੀ ਹੈ। ਉਨੀਂ ਦਿਨੀਂ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਜ਼ੋਰਾਂ 'ਤੇ ਸੀ ਅਤੇ ਉਸ ਸਮੇਂ ਪੰਜਾਬੀ ਬੋਲੀ ਦੀ ਜੈ-ਜੈ ਕਾਰ ਦੇ ਬਣੇ ਨਾਅਰਿਆਂ ਅਤੇ ਖਾਲਸਾਈ ਚੜ੍ਹਦੀ ਕਲਾ ਦੇ ਜੈਕਾਰਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਇਹ ਹੁਕਮ ਦਿੱਤੇ ਸਨ ਕਿ 'ਪੰਜਾਬੀ ਸੂਬਾ ਜ਼ਿੰਦਾਬਾਦ' ਦੇ ਨਾਅਰੇ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ ਜਾਂ ਮੌਕੇ 'ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਏ। ਉਸ ਸਮੇਂ ਜਦੋਂ ਕਰਨਾਲ (ਮੌਜੂਦਾ ਹਰਿਆਣਾ) ਵੀ ਪੰਜਾਬ ਦਾ ਹਿੱਸਾ ਸੀ, ਉਦੋਂ ਮੋਗਾ ਸਥਿਤ ਸਿੱਖ ਪਰਿਵਾਰ ਦਾ ਬੱਚਾ ਆਪਣੀ ਰਿਸ਼ਤੇਦਾਰੀ ਵਿੱਚ ਕਰਨਾਲ ਗਿਆ ਹੋਇਆ ਸੀ। ਕਾਕਾ ਇੰਦਰਜੀਤ ਸਿੰਘ, ਮੋਗਾ ਦੇ ਭੁਪਿੰਦਰਾ ਹਾਈ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਉਮਰ ਕਰੀਬ ਦਸ ਕੁ ਸਾਲ ਸੀ। ਇਤਿਹਾਸਕਾਰ ਦੱਸਦੇ ਹਨ ਕਿ ਕਰਨਾਲ 'ਚ ਆਪਣੀ ਉਮਰ ਦੇ ਬੱਚਿਆਂ ਨਾਲ ਇੰਦਰਜੀਤ ਸਿੰਘ ਖੇਡਦੇ ਹੋਏ, 'ਪੰਜਾਬੀ ਬੋਲੀ ਜ਼ਿੰਦਾਬਾਦ' ਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਛੱਡਣ ਲੱਗ ਪਿਆ। ਉਸ ਇਲਾਕੇ ਵਿੱਚ ਤਾਇਨਾਤ ਪੁਲਿਸ ਨੇ ਇਨ੍ਹਾਂ ਬੱਚਿਆਂ ਨੂੰ ਜ਼ਿੰਦਾਬਾਦ ਦੇ ਨਾਅਰੇ ਤੇ ਜੈਕਾਰੇ ਲਗਾਉਣ ਤੋਂ ਜਬਰੀ ਰੋਕਣਾ ਚਾਹਿਆ, ਪਰ ਬੱਚੇ ਨਿਡਰਤਾ ਨਾਲ ਹੋਰ ਜ਼ੋਰ-ਜ਼ੋਰ ਦੀ ਨਾਅਰੇ ਲਗਾਉਣ ਲੱਗੇ। ਇਨ੍ਹਾਂ ਬੱਚਿਆਂ ਵਿੱਚੋਂ ਕਾਕਾ ਇੰਦਰਜੀਤ ਸਿੰਘ ਹੱਦੋਂ ਵੱਧ ਜੋਸ਼ੀਲੇ ਰੂਪ ਵਿੱਚ ਪੁਲਿਸ ਵਾਲਿਆਂ ਨੂੰ ਕਹਿਣ ਲੱਗਿਆ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ, ਡਰਨ ਵਾਲੇ ਨਹੀਂ। ਦਸ ਕੁ ਸਾਲ ਦੇ ਬੱਚੇ ਤੋਂ ਲਲਕਾਰ ਸੁਣਦਿਆਂ ਹੀ ਜ਼ਾਲਮ ਪੰਜਾਬ ਪੁਲਿਸ ਵਾਲੇ ਸ਼ੈਤਾਨ ਤੇ ਹੈਵਾਨ ਬਣ ਗਏ ਅਤੇ ਬੱਚੇ ਨੂੰ ਭਿਆਨਕ ਦਰਿੰਦਗੀ ਨਾਲ ਬੇਹਤਾਸ਼ਾ ਕੁੱਟਣ ਲੱਗੇ। ਇਹ ਕੋਈ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਰੂਹਾਨੀ ਬਖ਼ਸ਼ਿਸ਼ ਜਾਂ ਅੰਦਰੋਂ ਸਿੱਖੀ ਦੇ ਬੁਲੰਦ ਜ਼ਜਬੇ ਦਾ ਅਸਰ ਹੀ ਸੀ ਕਿ ਕਾਕਾ ਇੰਦਰਜੀਤ ਸਿੰਘ ਕੁੱਟਮਾਰ ਮਗਰੋਂ, ਹੋਰ ਵੀ ਬੇਖੌਫ ਹੋ ਗਿਆ ਅਤੇ ਦਰਿੰਦੇ ਪੁਲਸੀਆਂ ਅੱਗੇ 'ਪੰਜਾਬੀ ਬੋਲੀ ਜ਼ਿੰਦਾਬਾਦ', 'ਪੰਜਾਬੀ ਸੂਬਾ ਜ਼ਿੰਦਾਬਾਦ', 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਹੋਰ ਗਜ -ਵਜ ਕੇ ਲਾਉਣ ਲੱਗਾ।
ਇਉਂ ਜਾਪਦਾ ਸੀ ਜਿਵੇਂ ਸਦੀਆਂ ਪਹਿਲਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦ੍ਰਿਸ਼ ਮੁੜ ਇਤਿਹਾਸ ਦੇ ਪੰਨਿਆਂ 'ਤੇ ਰੂਪਮਾਨ ਹੋ ਰਿਹਾ ਹੋਵੇ। ਕਾਕਾ ਇੰਦਰਜੀਤ ਸਿੰਘ ਨੇ ਗਰਜ ਕੇ ਕਿਹਾ ਕਿ ਜੇ ਸੱਤ ਅਤੇ ਨੌਂ ਸਾਲ ਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਸ਼ਹੀਦ ਹੋ ਸਕਦੇ ਹਨ, ਉਹ ਵੀ ਤਾਂ ਗੁਰੂ ਦੇ ਲਾਲ ਹੀ ਹੈ, ਫਿਰ ਸ਼ਹੀਦ ਕਿਉਂ ਨਹੀਂ ਹੋ ਸਕਦਾ। ਇਤਿਹਾਸ ਨੂੰ ਦੁਹਰਾਉਦੀ ਇਸ ਘਟਨਾ ਨੂੰ ਲਿਖਦੇ ਹੋਏ ਕਲਮ ਕੁਰਲਾ ਉੱਠਦੀ ਹੈ। ਇੱਕ ਪਾਸੇ ਦਸ ਸਾਲ ਦਾ ਬੱਚਾ ਤੇ ਦੂਜੇ ਪਾਸੇ ਜ਼ਾਲਮ ਪੰਜਾਬ ਪੁਲਸੀਆਂ ਦੀ ਧਾੜ। ਪਹਿਲਾਂ ਡਾਂਗਾਂ-ਸੋਟੀਆਂ ਦੀ ਕੁੱਟਮਾਰ, ਫਿਰ ਲੱਤਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ, ਪਰ ਜ਼ਖਮੀ ਜਿਸਮ ਵਿੱਚੋਂ ਵੀ ਪੰਜਾਬੀ ਬੋਲੀ ਜ਼ਿੰਦਾਬਾਦ ਦੇ ਨਾਅਰੇ ਅਤੇ ਗੁਰੂ ਦੇ ਜੈਕਾਰੇ ਗੂੰਜ ਰਹੇ ਸਨ। ਬੁੱਚੜ ਪੁਲਸ ਅਧਿਕਾਰੀਆਂ ਨੇ ਕਾਕਾ ਇੰਦਰਜੀਤ ਸਿੰਘ ਦੀਆਂ ਅੱਖਾਂ ਕਢ ਦਿਤੀਆਂ, ਬਾਂਹ ਵੱਢ ਦਿੱਤੀ ਗਈ, ਡਾਂਗਾਂ ਨਾਲ ਭੰਨਿਆ ਤੇ ਗੋਲੀਆਂ ਨਾਲ ਭੁੰਨਿਆ। ਪੰਜਾਬੀ ਬੋਲੀ ਤੇ ਪੰਜਾਬੀ ਸੂਬੇ ਦੇ ਦੁਸ਼ਮਣਾਂ ਨੇ ਉਸ ਨੂੰ ਅਧਮੋਇਆ ਕਰ ਦਿੱਤਾ। ਬਾਲ ਇੰਦਰਜੀਤ ਸਿੰਘ ਅਜੇ ਜਿਊਂਦਾ ਸੀ, ਉਸ ਦੇ ਅੰਦਰ ਮਾਂ ਬੋਲੀ ਦੀ ਮੁਹੱਬਤ ਠਾਠਾਂ ਮਾਰ ਰਹੀ ਸੀ।ਸਾਹਾਂ ਦੀ ਡੋਰ ਅਜੇ ਟੁੱਟੀ ਨਹੀਂ ਸੀ, ਪਰ ਚੱਲਦੇ ਸਾਹਾਂ ਵਾਲੇ ਮਾਸੂਮ ਬਾਲ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ। ਜਿਵੇਂ ਇੰਦਰਜੀਤ ਸਿੰਘ ਨੂੰ ਜਿਸ ਤਰੀਕੇ ਨਾਲ ਤਸ਼ੱਦਦ ਕਰਦਿਆਂ ਸ਼ਹੀਦ ਕੀਤਾ ਗਿਆ, ਇਹ ਦਾਸਤਾਨ ਕਥਨ ਤੋਂ ਬਾਹਰ ਹੈ।
ਪੰਜਾਬੀ ਪਿਆਰ ਵਿੱਚ ਭਿੱਜੇ ਇਸ ਬੱਚੇ ਦੀ ਸ਼ਹੀਦੀ ਮੌਕੇ ਮਾਂ- ਬੋਲੀ ਨੇ ਕਿੰਨੇ ਵੈਣ ਪਾਏ ਹੋਣਗੇ, ਕਿੰਨਾ ਤੜਫੀ ਹੋਵੇਗੀ ਅਤੇ ਉਸ ਨੂੰ ਆਪਣੀ ਗੋਦ 'ਚ ਲੈ ਕੇ ਆਖ਼ਰੀ ਸਮੇਂ ਵਿਦਾ ਕਰਨ ਵੇਲੇ ਕਿਹੜੇ ਦਰਦ ਭਰੇ ਸ਼ਬਦ ਉਚਾਰੇ ਹੋਣਗੇ, ਇਹ ਬਿਆਨ ਕਰਨਾ ਕਿਸੇ ਲੇਖਕ, ਸ਼ਾਇਰ ਜਾਂ ਗਵੱਈਏ ਦੇ ਵੱਸ ਦੀ ਗੱਲ ਨਹੀਂ। ਜਦੋਂ ਇੰਦਰਜੀਤ ਸਿੰਘ ਦੀ ਸ਼ਹੀਦੀ ਹੋਣ ਮਗਰੋਂ ਉਸ ਦੀ ਮਿਰਤਕ ਦੇਹ ਦਰਸ਼ਨਾ ਲਈ ਰੱਖੀ ਗਈ, ਤਾਂ ਪੰਜਾਬ ਦੀ ਅਜਿਹੀ ਕੋਈ ਅੱਖ ਨਹੀ ਸੀ, ਜਿਸ 'ਚੋਂ ਹੰਝੂ ਨਾ ਕਿਰੇ ਹੋਣ। ਪੰਜਾਬੀ ਸੂਬੇ ਦਾ ਮੋਰਚਾ ਲੰਬਾ ਸਮਾਂ ਚੱਲਿਆ ਅਤੇ ਇਸ ਵਿੱਚ ਹਜ਼ਾਰਾਂ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਜੇਲ- ਯਾਤਰਾਵਾਂ ਕੀਤੀਆਂ, ਤਸ਼ੱਦਦ ਝੱਲੇ। 1 ਨਵੰਬਰ 1966 ਨੂੰ ਪੰਜਾਬੀ ਬੋਲੀ 'ਤੇ ਅਧਾਰਤੇ ਕੱਟਿਆ-ਵੱਢਿਆ ਤ ਸੂਬਾ ਹੋਂਦ ਵਿੱਚ ਆਇਆ,ਜਿਸ ਦੇ ਟੋਟੇ ਕਰਕੇ ਹਿੰਦੂਤਵੀ ਅਤੇ ਫਾਸ਼ੀਵਾਦੀ ਤਾਕਤਾਂ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਵਿਸਾਹਘਾਤ ਕੀਤਾ।
ਆਓ, ਹੁਣ 21 ਸਤੰਬਰ 2019 ਦੀ ਗੱਲ ਕਰੀਏ। ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ 'ਇੱਕ ਦੇਸ਼ ਇੱਕ ਬੋਲੀ' ਦੀ ਤਰਜ਼ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਉਸ ਦਾ ਤਿੱਖਾ ਵਿਰੋਧ ਹੋਇਆ ਸੀ। ਆਪਣੀ ਗਲਤ ਗੱਲ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਵੀ ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ -ਗੀਤਕਾਰ ਸਭ ਇੱਕ -ਮੁੱਠ ਹਨ। ਭਾਰਤ ਵਿੱਚ ਭਾਸ਼ਾਵਾਂ ਦੀ ਵੰਨ- ਸੁਵੰਨਤਾ ਹੈ। ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ 'ਹਾਂ ਵਿੱਚ ਹਾਂ' ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ 'ਹੁੰਗਾਰਾ' ਭਰਿਆ ਜਾਣਾ, ਨਿਖੇਧੀਜਨਕ ਸੀ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਸੀ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦੁੱਖ ਇਸ ਗੱਲ ਦਾ ਹੈ ਕਿ ਮਾਨ ਨੇ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ- ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ। ਇੱਥੇ ਹੀ ਬੱਸ ਨਹੀਂ, ਮਾਨ ਨੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ, ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪਾਂ ਚ ਕੰਮ ਕਰ ਰਹੇ ਜਾਗਰੂਕ ਪੰਜਾਬੀਆਂ ਨੂੰ 'ਵਿਹਲੜ' ਕਹਿ ਕੇ ਨਕਾਰਿਆ। ਵੱਡਾ ਸਵਾਲ ਇਹ ਹੈ ਕਿ ਗੁਰਦਾਸ ਮਾਨ ਕਿਹੋ ਜਿਹਾ ਸੇਵਾਦਾਰ ਹੈ ਮਾਂ ਪੰਜਾਬੀ ਦਾ? ਜਿਸ ਪੰਜਾਬੀ ਨੇ ਉਸ ਨੂੰ ਧਨ- ਦੌਲਤ ਤੇ ਸ਼ੋਹਰਤ ਦਿੱਤੀ, ਉਸੇ ਦੀ ਹੀ ਬਦਨਾਮੀ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦਾ ਦੋਸ਼ੀ ਉਹ ਖੁਦ ਹੀ, ਹੋਰ ਕੋਈ ਨਹੀਂ। 'ਮਾਂ ਨੂੰ ਨਕਾਰ ਕੇ ਮਾਸੀ ਨੂੰ ਪ੍ਰਚਾਰਨ' ਦੀ ਸਾਜ਼ਿਸ਼ ਕਾਰਨ ਗੁਰਦਾਸ ਮਾਨ ਦੇ ਸ਼ੋਅ ਦੇ ਵਿਰੋਧ ਵਿੱਚ ਐਬਟਸਫੋਰਡ ਕਨਵੈਨਸ਼ਨ ਹਾਲ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ, ਨਾ ਕਿ ਕੋਈ ਧਮਕੀ ਜਾਂ ਡਰਾਵਾ ਦਿੱਤਾ। ਕਿਸੇ ਨੇ ਗੁਰਦਾਸ ਮਾਨ ਨੂੰ ਮਾਂ- ਭੈਣ ਦੀ ਗਾਲ੍ਹ ਨਹੀਂ ਕੱਢੀ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸ਼ਖ਼ਸੀਅਤ, ਪੰਜਾਬੀ ਲੇਖਕ ਚਰਨਜੀਤ ਸਿੰਘ ਸੁੱਜੋ, ਜਿਨ੍ਹਾਂ ਨੇ ਪੰਜਾਬੀ ਵਿੱਚ ਨਾਵਲ 'ਮੌਤ ਦਾ ਰੇਗਿਸਤਾਨ' ਲਿਖਿਆ ਸੀ, ਵੱਲੋਂ ਹਾਲ ਅੰਦਰ ਜਾ ਕੇ ਅਤੇ ਪੋਸਟਰ ਲੈ ਕੇ ਮਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਬੁਖ਼ਲਾਏ ਹੋਏ ਗੁਰਦਾਸ ਮਾਨ ਨੇ ਇਹ ਨਾ ਦੇਖਿਆ ਕਿ ਹਾਲ ਵਿੱਚ ਮੌਜੂਦ ਧੀਆਂ ਭੈਣਾਂ ਮਾਵਾਂ ਕੀ ਸੋਚਦੀਆਂ ਹੋਣਗੀਆਂ, ਉਸ ਨੇ ਕ੍ਰੋਧ ਵਿੱਚ ਪ੍ਰਦਰਸ਼ਨਕਾਰੀ ਚਰਨਜੀਤ ਸਿੰਘ ਸੁਜੋਂ ਸੰਬੋਧਨ ਕਰਦਿਆਂ ਅਤੇ ਉਨ੍ਹਾਂ ਦੇ ਹੱਥ ਵਿੱਚ ਫੜੇ ਪੋਸਟਰ 'ਮਾਂ ਬੋਲੀ ਦਾ ਗੱਦਾਰ' ਵੱਲ ਦੇਖਦਿਆਂ, ਨੀਚਤਾ ਵਾਲੀ ਭਾਸ਼ਾ 'ਚ ਸਾਰੀਆਂ ਸੰਗਾਂ -ਸ਼ਰਮਾਂ ਲਾਹ ਕੇ, ਉਹ ਸ਼ਬਦ ਬੋਲੇ, ਜੋ ਕਦੇ ਕੋਈ ਬੰਦਾ ਦੋਸਤਾਂ ਦੀ ਮਹਿਫ਼ਿਲ ਵਿੱਚ ਵੀ ਨਹੀਂ ਬੋਲਦਾ। ਗੁਰਦਾਸ ਮਾਨ ਨੇ ਸਟੇਜ ਤੋਂ ਗੁੱਸੇ ਵਿੱਚ ਬੋਲਦਿਆਂ ਕਿਹਾ, ''ਇਹਨੂੰ ਮਰੋੜ ਕੇ..ਬਤੀ ਬਣਾ ਕੇ..ਲੈ ਲਾ...'' ਏਨੀਂ ਸ਼ਰਮਨਾਕ, ਅਪਮਾਨਜਨਕ ਤੇ ਗੈਰ -ਇਖਲਾਕੀ ਸ਼ਬਦਵਲੀ ਕਿਸੇ ਮਾੜੇ ਤੋਂ ਮਾੜੇ ਗਾਇਕ ਵੱਲੋਂ ਵੀ ਸਟੇਜ ਤੇ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਹੋਣੀ। ਮਾਂ ਬੋਲੀ ਪੰਜਾਬੀ ਦਾ ਤਾਂ ਜੋ ਅਪਮਾਨ ਉਸ ਨੇ ਕੀਤਾ, ਸੋ ਕੀਤਾ, ਪਰ ਪੰਜਾਬੀ ਮਾਵਾਂ ਧੀਆਂ ਬੱਚੀਆਂ ਦੇ ਸਾਹਮਣੇ ਜੋ ਘਟੀਆ ਭਾਸ਼ਾ ਵਰਤੀ, ਇਸ ਦਾ ਕਲੰਕ ਉਸ ਦੇ ਮੱਥੇ ਤੋਂ ਕਦੇ ਵੀ ਨਹੀਂ ਮਿੱਟੇਗਾ। ਸਭ ਤੋਂ ਵੱਡੀ ਦੁੱਖ ਦੀ ਇੱਕ ਗੱਲ ਇਹ ਹੈ ਕਿ ਜਦੋਂ ਗੁਰਦਾਸ ਮਾਨ ਮਾੜੀ ਤੇ ਗਾਲੀ-ਗਲੋਚ ਵਾਲੀ ਸ਼ਬਦਾਵਲੀ ਵਰਤ ਰਿਹਾ ਸੀ, ਉਸ ਵੇਲੇ ਜਿਹੜੇ ਸਰੋਤੇ ਚੀਕਾਂ ਮਾਰ -ਮਾਰ ਕੇ ਉਸ ਨੂੰ ਹੱਲਾ ਸ਼ੇਰੀ ਦੇ ਰਹੇ ਸਨ, ਕੀ ਅਜਿਹੇ ਸਰੋਤੇ ਆਪਣੇ ਬੱਚਿਆਂ ਨੂੰ ਦੱਸਣਗੇ ਕਿ 'ਮਰੋੜ ਕੇ ਬੱਤੀ ਦੇਣਾ' ਕੀ ਹੁੰਦਾ ਹੈ ਤੇ ਕੀ ਅਜਿਹਾ ਕਰਨ ਦੀ ਖੁਸ਼ੀ ਮਨਾਈਦੀ ਹੈ? ਜਾਂ ਬੱਚੇ ਜਦੋਂ ਇਸ ਦੇ ਅਰਥ ਪੁੱਛਣਗੇ, ਤਾਂ ਫਿਰ ਕਿਸ ਮੂੰਹ ਨਾਲ, ਕੀ ਉੱਤਰ ਦੇਣਗੇ? ਗੁਰਦਾਸ ਮਾਨ ਦਾ 'ਇੱਕ ਬੋਲੀ-ਇੱਕ ਦੇਸ਼' ਫਾਸ਼ੀਵਾਦੀ ਏਜੰਡਾ ਜਿਥੇ ਪੰਜਾਬੀ ਮਾਂ ਬੋਲੀ ਦੀਆਂ ਮੁੱਢ ਬਹਿ ਕੇ 'ਜੜ੍ਹਾਂ ਟੁੱਕਣ' ਦੇ ਬਰਾਬਰ ਸੀ, ਉਥੇ ਮਾਂ ਬੋਲੀ ਪੰਜਾਬੀ ਰਾਹੀਂ ਘਟੀਆ ਸ਼ਬਦਾਵਲੀ ਵਰਤਣਾ ਹੰਕਾਰੀ ਅਤੇ ਕਰੋਧੀ ਸੁਭਾਅ ਦੀ ਜਿਉਂਦੀ ਜਾਗਦੀ ਮਿਸਾਲ ਸੀ।
ਇਹ ਘਟਨਾ 21 ਸਤੰਬਰ 2019 ਨੂੰ ਵਾਪਰਦੀ ਹੈ ਅਤੇ ਕੈਨੇਡਾ ਦੇ ਪੰਜਾਬੀ ਆਪਣੀ ਮਾਂ ਬੋਲੀ ਪ੍ਰਤੀ ਬੇਮਿਸਾਲ ਉਤਸ਼ਾਹ ਅਤੇ ਪਿਆਰ ਦਿਖਾਉਂਦੇ ਹੋਏ ਪੰਜਾਬੀ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੂੰ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਸਾਹਿਤਕ ਇਕੱਠ ਕਰਦੇ ਹਨ।
21 ਸਤੰਬਰ 1960 ਨੂੰ ਭਾਈ ਇੰਦਰਜੀਤ ਸਿੰਘ ਕਰਨਾਲ ਦੀ ਹੋਈ ਸ਼ਹਾਦਤ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਅਤੇ ਉਸ ਨੂੰ ਪੰਜਾਬੀ ਸੂਬੇ ਦੇ ਮੋਰਚੇ ਦਾ ਪਹਿਲਾ ਸ਼ਹੀਦ ਮੰਨਿਆ ਜਾਂਦਾ ਹੈ। ਹੁਣ ਇਸ ਸੰਦਰਭ ਵਿੱਚ ਹੀ 'ਇੱਕ ਦੇਸ਼ ਇੱਕ ਬੋਲੀ ਦੇ ਫਾਰਮੂਲੇ ਨੂੰ ਰੱਖ ਕੇ ਦੇਖਿਆ ਜਾਏ, ਤਾਂ ਸਵਾਲ ਉੱਠਦਾ ਹੈ ਕਿ ਜੇ ਇਹ ਏਜੰਡਾ ਹੀ ਲਾਗੂ ਕਰਨਾ ਸੀ, ਤਾਂ ਪੰਜਾਬੀ ਸੂਬੇ ਲਈ ਸ਼ਹਾਦਤਾਂ ਕਿਉਂ ਦਿੱਤੀਆਂ ਗਈਆਂ? ਕਾਕਾ ਇੰਦਰਜੀਤ ਸਿੰਘ ਜੀ ਦੀ ਸ਼ਹਾਦਤ ਅੱਜ ਗੁਰਦਾਸ ਮਾਨ ਵਰਗੇ ਲੋਕਾਂ ਨੂੰ ਲਾਹਨਤਾਂ ਪਾ ਰਹੀ ਹੈ ਕਿ ਜਿਸ ਪੰਜਾਬੀ ਬੋਲੀ ਲਈ ਅਨੇਕਾਂ ਸ਼ਹਾਦਤਾਂ ਹੋਈਆਂ, ਉਸ ਦੇ ਸਤਿਕਾਰ ਨੂੰ ਘੱਟੇ ਰੋਲਣ ਵਾਲੇ ਅਕਿਰਤਘਣ ਅਤੇ ਪੰਜਾਬੀ ਬੋਲੀ ਦੇ ਗੱਦਾਰ ਹਨ ਤੇ ਇਤਿਹਾਸ ਵਿੱਚ ਹਮੇਸ਼ਾ 'ਅਪਮਾਨ' ਦੇ ਪਾਤਰ ਬਣਦੇ ਹਨ।
-
ਡਾ.ਗੁਰਵਿੰਦਰ ਸਿੰਘ , ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ।
singhnewscanada@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.