ਪੰਜਾਬ ਭਵਨ ਦੇ ਚੌਥੇ ਸਲਾਨਾ ਸਮਾਗਮ 'ਤੇ ਵਿਸ਼ੇਸ਼ - ਪੰਜਾਬੀ, ਪੰਜਾਬ, ਪੰਜਾਬੀਅਤ ਦੇ ਮੁਦੱਈ- ਸੁੱਖੀ ਬਾਠ
ਪੰਜਾਬ ਹਿਤੈਸ਼ੀ, ਮਾਂ-ਬੋਲੀ ਪੰਜਾਬੀ ਨੂੰ ਪ੍ਰਣਾਇਆ ਅਤੇ ਪੰਜਾਬੀਅਤ ਦਾ ਮੁਦੱਈ ਸੁੱਖੀ ਬਾਠ, ਵਿਦੇਸ਼ ਵਸਦਿਆਂ ਵੀ ਆਪਣਾ ਦਿਲ ਪੰਜਾਬ 'ਚ ਵਸਿਆ ਰੱਖਦਾ ਹੈ। ਉਹ ਪੰਜਾਬੀ ਨੂੰ ਪਿਆਰ ਕਰਨ ਵਾਲਾ ਜੀਊੜਾ ਹੈ, ਜਿਹੜਾ ਤਨੋ , ਮਨੋ, ਧਨੋ ਮਾਂ-ਬੋਲੀ ਲਈ ਸਮਰਪਿਤ ਹੈ। ਹਰ ਰੋਜ਼ ਸਵੇਰੇ ਉਸਦੇ ਸੋਸ਼ਲ ਮੀਡੀਆ ਖ਼ਾਤਿਆਂ 'ਚ ਦਿਲ ਨੂੰ ਟੁੰਬਵੇਂ ਲਿਖੇ ਹੋਏ ਵਿਚਾਰ, ਮਨ ਨੂੰ ਸਕੂਨ ਦਿੰਦੇ ਹਨ। ਇਨ੍ਹਾਂ ਦਿਨ੍ਹਾਂ 'ਚ ਪੰਜਾਬ ਭਵਨ ਸਰੀ, ਜਿਸਦਾ ਉਹ ਮੁੱਖ ਸੰਚਾਲਕ ਹੈ, ਵਲੋਂ ਆਪਣਾ ਚੌਥਾ ਸਾਲਾਨਾ ਸਮਾਗਮ ਪਹਿਲੀ ਤੇ ਦੋ ਅਕਤੂਬਰ 2022 ਨੂੰ ਸਰੀ ਪੰਜਾਬ ਭਵਨ 'ਚ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਦੇਸ਼-ਵਿਦੇਸ਼ ਤੋਂ ਬੁੱਧੀਜੀਵੀ ਪੰਜਾਬੀ ਲੇਖਕ, ਪੱਤਰਕਾਰ, ਉੱਘੇ ਸਮਾਜਿਕ ਕਾਰਕੁਨ ਹਿੱਸਾ ਲੈ ਰਹੇ ਹਨ। ਪੇਸ਼ ਹੈ ਉਹਨਾ ਦੇ ਜੀਵਨ 'ਤੇ ਇੱਕ ਝਾਤ:-
ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ, ਪ੍ਰਵਾਸੀ ਪੰਜਾਬੀਆਂ ਦੀ ਚਿਰ ਪੁਰਾਣੀ, ਹਰਮਨ ਪਿਆਰੀ ਠਹਿਰ। ਭਾਰਤੀ ਪੰਜਾਬ ਦੇ ਕੋਨੇ-ਕੋਨੇ ਤੋਂ ਹੀ ਨਹੀਂ, ਪੱਛਮੀ ਪੰਜਾਬ (ਪਾਕਿਸਤਾਨ) ਤੋਂ ਵੀ ਪੰਜਾਬੀਆਂ ਇਥੇ ਪੱਕਾ ਵਾਸਾ ਕੀਤਾ ਹੋਇਆ ਹੈ। ਇਹਨਾ ਪੰਜਾਬੀਆਂ ਦਾ ਆਪਣੇ ਪੇਕੇ ਘਰ, ਪੇਕੀ ਬੋਲੀ, ਪੇਕੇ ਸਭਿਆਚਾਰ ਨਾਲ ਅੰਤਾਂ ਦਾ ਮੋਹ ਤਾਂ ਇਥੋਂ ਹੀ ਵੇਖਿਆ ਜਾ ਸਕਦਾ ਹੈ ਕਿ ਸੁੱਖੀ ਬਾਠ ਨਾਂ ਦਾ ਪੰਜਾਬੀ ਜੋ ਪਿਛਿਉਂ ਦੁਆਬਾ (ਪੰਜਾਬ) ਦੇ ਪਿੰਡ ਪਤਾਰਾ ਦਾ ਵਸਨੀਕ ਹੈ ਅਤੇ ਸਰੀ 'ਚ ਆਪਣੇ ਕਾਰੋਬਾਰ ਦਾ ਪਸਾਰਾ ਕਰਕੇ ਪੰਜਾਬੀਆਂ ਦੀ ਆਪਸੀ ਸਾਂਝ ਪਕੇਰੀ ਕਰਨ ਲਈ ਸਰੀ 'ਚ "ਪੰਜਾਬੀ ਭਵਨ" ਦੀ ਉਸਾਰੀ ਕਰੀ ਬੈਠਾ ਹੈ, ਜਿਥੇ ਪੰਜਾਬੀ ਲੇਖਕ, ਚਿੰਤਕ, ਪੰਜਾਬੀ ਪੰਜਾਬ ਨੂੰ ਪਿਆਰ ਕਰਨ ਵਾਲੇ ਗਾਹੇ-ਵਗਾਹੇ ਜੁੜਦੇ ਹਨ, ਚਿੰਤਨ ਕਰਦੇ ਹਨ, ਆਪਣੇ ਦੇਸ ਪਿਆਰ ਦੀਆਂ ਬਾਤਾਂ ਪਾਉਂਦੇ ਹਨ। ਪੰਜਾਬ ਭਵਨ ਸੁੱਖੀ ਬਾਠ ਨੇ 2016 'ਚ ਹੋਂਦ 'ਚ ਲਿਆਂਦਾ ਅਤੇ ਪੰਜ ਸਾਲਾਂ ਦੇ ਅਰਸੇ 'ਚ ਉਹ ਸੈਂਕੜੇ ਸਮਾਗਮ ਰਚਾ ਬੈਠਾ ਹੈ ਅਤੇ ਉਸਨੇ ਪੰਜਾਬ ਭਵਨ ਦਾ ਜਲੰਧਰ 'ਚ ਵੀ ਇੱਕ ਚੈਪਟਰ ਸਥਾਪਿਤ ਕਰ ਦਿੱਤਾ ਹੈ, ਜਿਥੇ ਉਸਦੇ ਕਹਿਣ ਅਨੁਸਾਰ ਪੰਜਾਬੀ ਪਿਆਰੇ, ਲੇਖਕ, ਚਿੰਤਕ ਸਮੇਂ-ਸਮੇਂ ਜੁੜ ਬੈਠਿਆ ਕਰਨਗੇ।
ਸੁੱਖੀ ਬਾਠ ਪੰਜਾਬੀ ਪਿਆਰਾ ਹੀ ਨਹੀਂ, ਗਰੀਬ ਗੁਰਬੇ, ਲੋੜਵੰਦਾਂ ਲਈ ਭਲੇ ਦੇ ਕੰਮ ਕਰਨ ਲਈ ਵੀ ਜਾਣਿਆ ਜਾਂਦਾ ਹੈ। ਗਰੀਬ ਲੜਕੀਆਂ ਦੇ ਵਿਆਹ, ਨੌਜਵਾਨ ਪਾੜ੍ਹਿਆਂ ਲਈ ਵਜ਼ੀਫੇ, ਲੋੜਵੰਦਾਂ ਦੇ ਅੱਖਾਂ ਦੇ ਅਪਰੇਸ਼ਨ ਉਹ ਹਰ ਵਰ੍ਹੇ ਪੰਜਾਬ 'ਚ ਆ ਕਰਵਾਉਂਦਾ ਹੈ। ਸੁੱਖੀ ਬਾਠ ਨੇ 1994 'ਚ ਸੁੱਖੀ ਬਾਠ ਫਾਊਂਡੇਸ਼ਨ ਬਣਾਈ। ਇਹ ਸੰਸਥਾ ਕਾਰੋਬਾਰੀ ਸੁੱਖੀ ਬਾਠ ਲੋਕ ਭਲਾਈ ਕੰਮਾਂ ਦੀ ਮੂੰਹ ਬੋਲਦੀ ਤਸਵੀਰ ਹੈ। ਉਹਨਾ ਦਾ ਕਹਿਣਾ ਹੈ ਕਿ ਹਰ ਮਨੁੱਖ ਨੂੰ ਆਪਣੇ ਵਿੱਤ ਅਨੁਸਾਰ ਲੋਕ-ਹਿੱਤ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਹੁਣ ਤੱਕ 50 ਅੱਖਾਂ ਦੇ ਕੈਂਪ ਲਗਾਕੇ 50,000 ਲੋਕਾਂ ਦੀਆਂ ਅੱਖਾਂ ਚੈਕਿੰਗ ਕਰਵਾ ਚੁੱਕਾ ਹੈ ਅਤੇ 6000 ਅੱਖਾਂ ਦੇ ਅਪਰੇਸ਼ਨ ਕਰਵਾ ਚੁੱਕਾ ਹੈ। ਹੁਣ ਤੱਕ 192 ਲੜਕੀਆਂ ਦੇ ਵਿਆਹ ਉਸ ਵਲੋਂ ਕਰਵਾਏ ਗਏ ਹਨ ਅਤੇ ਹਰ ਲੜਕੀ ਦੇ ਵਿਆਹ ਉਤੇ ਉਹ ਇੱਕ ਲੱਖ ਰੁਪਏ ਖ਼ਰਚਦਾ ਹੈ।
ਗਰੀਬ ਪਰਿਵਾਰ ਦੇ ਪਿਛੋਕੜ ਵਾਲੇ ਸੁੱਖੀ ਬਾਠ ਦੇ ਮਨ 'ਚ ਆਪਣੀ ਬੋਲੀ, ਆਪਣੇ ਪਿਆਰੇ ਪੰਜਾਬ ਅਤੇ ਪੰਜਾਬੀਅਤ ਨਾਲ ਅੰਤਾਂ ਦਾ ਮੋਹ ਹੈ, ਜਿਸ ਸਦਕਾ ਉਹ ਆਪਣੀ ਧਰਤ ਦਾ ਕਰਜ਼ ਉਤਾਰਨ ਲਈ ਜਦੋਂ ਵੀ ਮੌਕਾ ਲਗਦਾ ਹੈ, ਪੰਜਾਬ ਆਉਂਦਾ ਹੈ,ਲੋਕ ਭਲੇ ਹਿੱਤ ਕੰਮ ਕਰਦਾ ਹੈ ਅਤੇ ਅਛੋਪਲੇ ਜਿਹੇ ਤੁਰ ਜਾਂਦਾ ਹੈ। ਹੁਣ ਜਦੋਂ ਕਿ ਉਹ ਪਰਿਵਾਰਕ ਜ਼ੁੰਮੇਵਾਰੀਆਂ ਤੋਂ ਵੀ ਮੁਕਤ ਹੈ ਤਾਂ ਉਹ ਆਪਣੀ ਆਮਦਨੀ ਦਾ 80 ਫ਼ੀਸਦੀ ਹਿੱਸਾ ਲੋਕ ਭਲਾਈ ਦੇ ਕੰਮ 'ਤੇ ਖ਼ਰਚਦਾ ਹੈ।
ਸੁੱਖੀ ਬਾਠ ਉੱਘਾ ਸਮਾਜ ਸੇਵੀ ਹੈ। ਉਹ 1978 'ਚ ਰੁਜ਼ਗਾਰ ਦੀ ਖਾਤਰ ਕੈਨੇਡਾ ਗਿਆ। 1991 'ਚ ਉਸਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.