ਜਲਾਲਦੀਵਾਲ ਬੋਲਦਾ ਹੈ
ਲੁਧਿਆਣਾ , 17 ਸਤੰਬਰ,2022
ਪਿੰਡ ਮਰੇ ਨਹੀਂ, ਮਾਰ ਰਹੇ ਹਾਂ। ਬਦਨਾਮੀਆਂ ਕਰ ਕਰ ਕੇ। ਧੜੇਬੰਦੀਆਂ ਰਾਹੀਂ ਲੁੱਟ ਚੋਂਘ ਕਾਇਮ ਰੱਖਣ ਦੀ ਬਦਨੀਤੀ ਕਰਕੇ।
ਪਰ ਪੂਰਾ ਜੰਗਲ ਨਹੀਂ ਸੜਿਆ ਅਜੇ। ਰਾਏਕੋਟ ਤੋਂ ਬਰਨਾਲਾ ਜਾਂਦਿਆਂ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਹੈ ਜਲਾਲਦੀਵਾਲ। ਪਹਿਲਾਂ ਬਰਨਾਲਾ ਤਹਿਸੀਲ ਵਿੱਚ ਸੀ ਤੇ ਹੁਣ ਰਾਏਕੋਟ ਵਿੱਚ। ਕੰਨੀ ਦਾ ਕਿਆਰਾ। ਪਰ ਹਿੰਮਤ ਤੇ ਉਤਸ਼ਾਹ ਦਾ ਸਰਸਬਜ਼ ਚਸ਼ਮਾ।
ਜਲਾਲਦੀਵਾਲ ਪਿੰਡ ਦਾ ਨਾਮ ਮੈਂ ਪਹਿਲੀ ਵਾਰ 1977-78 ਚ ਸੁਣਿਆ ਸੀ। ਪਸ਼ੌਰਾ ਸਿੰਘ ਕਰਕੇ। ਉਹ ਗੁਰੂਸਰ ਸਧਾਰ ਪੜ੍ਹਿਆ ਸੀ ਕਦੇ ਡਾਃ ਹ ਸ ਦਿਉਲ ਜੀ ਕੋਲ। ਉਨ੍ਹਾਂ ਦੇ ਮੋਹ ਜਾਲ ਕਾਫ਼ਲੇ ਵਿੱਚ ਉਮਰ ਭਰ ਰਿਹਾ। ਮੇਰੇ ਭਾ ਜੀ ਬਲਕਾਰ ਸਿੰਘ ਬਾਜਵਾ ਇਸੇ ਪਿੰਡ ਬੀ ਐੱਡ ਕਾਲਿਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਦੀ ਅਸੂਲਪ੍ਰਸਤੀ ਤੇ ਸਾਫ਼ਗੋਈ ਕਾਰਨ ਪ੍ਰਬੰਧਕਾਂ ਨਾਲ ਕੋਈ ਨਾ ਕੋਈ ਰੇੜਕਾ ਪਿਆ ਹੀ ਰਹਿੰਦਾ। ਲੋਕ ਸ਼ਕਤੀ ਦਾ ਪੰਤੀਕ ਬਣ ਪਸ਼ੌਰਾ ਸਿੰਘ ਬਹੁੜਦਾ ਤੇ ਸੰਕਟ ਫੁਰਰਰ ਹੋ ਜਾਂਦਾ। ਸਃ ਹਰਨੇਕ ਸਿੰਘ ਸਰਾਭਾ ਦੀ ਅਗਵਾਈ ਚ ਸਾਰੇ ਵੀਰ ਇੱਕ ਟੱਬਰ ਹੀ ਤਾਂ ਸੀ।
ਪਸ਼ੌਰਾ ਸਿੰਘ ਜਲਾਲਦੀਵਾਲ ਦਾ ਸਰਪੰਚ ਰਿਹਾ ਲੰਮਾ ਸਮਾਂ। ਬਾਬੇ ਦੁੱਲਾ ਸਿੰਘ ਦਾ ਗਿਰਾਈਂ ਪੋਤਾ। ਵਿਚਾਰਾਂ ਦਾ ਸੰਦੇਸ਼ ਵਾਹਕ।
ਹੁਣ ਇਹ ਪਿੰਡ ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਦੀ ਲਹਿਰ ਦੇ ਆਗੂ ਵਜੋਂ ਜਾਣਿਆ ਜਾਂਦਾ ਹੈ। ਝੋਨੇ ਦੀ ਕੱਦੂ ਕੀਤੇ ਬਿਨ ਸਿੱਧੀ ਬੀਜਾਈ ਦਾ ਆਗਾਜ਼ ਵੀ ਇਸੇ ਪਿੰਡ ਨੇ ਕਈ ਸਾਲ ਪਹਿਲਾਂ ਕੀਤਾ ਜਿਸ ਨੂੰ ਵੇਖਣ ਲਈ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਖ਼ੁਦ ਪਹੁੰਚੀ।
ਇਸ ਲਹਿਰ ਦੀ ਅਗਵਾਈ ਡਾਃ ਹਰਮਿੰਦਰ ਸਿੰਘ ਸਿੱਧੂ ਕਰ ਰਿਹਾ ਹੈ। ਉਹ ਹੋਮਿਉਪੈਥੀ ਡਾਕਟਰ ਹੈ। ਚੋਖਾ ਸਿਆਣਾ। ਰਾਏਕੋਟ ਚ ਕਲਿਨਿਕ ਹੈ ਪਰ ਜੀਵਨ ਸਾਥਣ ਬਹੁਤੇ ਮਰੀਜ਼ ਵੇਖਦੀ ਹੈ। ਉਹ ਵੀ ਯੋਗ ਹੋਮਿਉਪੈਥ ਹੈ। ਹਰਮਿੰਦਰ ਸਮਾਜ ਵਿਕਾਸ ਨੂੰ ਵਿਆਹਿਆ ਹੋਇਆ ਹੈ।
ਉਸ ਦੀ ਮਹਿਮਾ ਤਾਂ ਬਹੁਤ ਸੁਣੀ ਸੀ,ਪਰ ਟੈਲੀਫੋਨੀ ਮੁਲਾਕਾਤ ਹੀ ਹੋਈ ਦੇ ਕੁ ਵਾਰ।
ਕੁਝ ਦਿਨ ਪਹਿਲਾਂ ਉਹ ਗੁਰਪ੍ਰੀਤ ਸਿੰਘ ਤੂਰ ਨਾਲ ਮਿਲਣ ਆਇਆ। ਉਤਸ਼ਾਹ ਦਾ ਭਰਿਆ ਭਕੁੰਨਾ। ਦੱਸਣ ਵਾਲੀਆਂ ਗੱਲਾਂ ਬਹੁਤੀਆਂ, ਸਮਾਂ ਥੋੜਾ ਸੀ। ਗੁਰਪ੍ਰੀਤ ਮਿਲਾ ਕੇ ਚਲਾ ਗਿਆ ਤੇ ਅਸੀਂ ਦੋਵੇਂ ਚੋਖਾ ਚਿਰ ਬੈਠੇ ਰਹੇ। ਗੱਲਾਂ ਕਰਦਿਆਂ ਉਸ ਦੱਸਿਆ ਕਿ 70 ਪਿੰਡਾਂ ਚ ਉਨ੍ਹਾਂ ਦੀ ਐੱਨ ਜੀ ਓ ਬਾਬਾ ਦੁੱਲਾ ਸਿੰਘ ਦਾ ਨਾਮ ਧਿਆ ਕੇ ਝੋਨੇ ਦੀ ਪਰਾਲੀ ਤੇ ਕਣਕ ਦਾ ਨਾੜ ਫੂਕਣੋਂ ਪਿੰਡਾਂ ਵਾਲਿਆਂ ਨੂੰ ਪ੍ਰੇਰਨਾ ਨਾਲ ਵਰਜਦੀ ਹੈ। ਮਸ਼ੀਨਾਂ ਦੀ ਮਦਦ ਨਾਲ ਅਗਲੀ ਫ਼ਸਲ ਬੀਜ ਕੇ ਵਿਖਾਉਂਦੀ ਹੈ। ਚੰਗਾ ਨਤੀਜਾ ਹੀ ਪਿੰਡਾਂ ਲਈ ਪ੍ਰੇਰਕ ਬਣ ਰਿਹੈ।
ਜਲਾਲਦੀਵਾਲ ਪਿੰਡ ਦੀਆਂ ਧੀਆਂ ਹਾਕੀ ਖੇਤਰ ਵਿੱਚ ਵੀ ਸਰਵੋਤਮ ਹਨ। ਮੈਂ ਪੁੱਛਿਆ ਕਿ ਗਰਾਉਂਡ ਪਿੰਡ ਦੇ ਨੇੜੇ ਹੈ ਜਾਂ ਦੂਰ।
ਉਹ ਮੁਸਕਰਾਇਆ ਤੇ ਬੋਲਿਆ
ਜਿਸ ਕਮਰੇ ਚ ਆਪਾਂ ਬੈਠੇ ਹਾਂ, ਇਸ ਨਾਲ ਇੱਕ ਹੋਰ ਜੋੜ ਲਉ, ਬੱਸ ਏਨੀ ਕੁ ਹੀ ਗਰਾਉਂਡ ਹੈ।
ਪਰ ਐਤਕੀਂ ਵੀ ਸਾਡੀਆਂ ਧੀਆਂ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਹੁਣੇ ਹੀ ਜ਼ਿਲ੍ਹਾ ਚੈਂਪੀਅਨ ਬਣੀਆਂ ਹਨ। ਜ਼ਿਲੇ ਦੀ ਟੀਮ ਵਿੱਚ ਵੀ ਅੱਠ ਬੇਟੀਆਂ ਖੇਡਣਗੀਆਂ,ਪੰਜਾਬ ਚੈਂਪੀਅਨਸ਼ਿਪ ਵਿੱਚ।
ਮੇਰੇ ਵਰਗੇ ਸਿਰਫ਼ ਗੱਲਾਂ ਕਰਦੇ ਨੇ ਪਰ ਜਲਾਲਦੀਵਾਲ ਵਾਲੇ ਕੰਮ ਕਰਦੇ ਨੇ। ਹਰ ਮੈਦਾਨ ਫ਼ਤਹਿ ਐਵੇਂ ਨਸੀਬ ਨਹੀਂ ਹੁੰਦੀ। ਪਿੰਡ ਦੀ ਦੁੱਧ ਉਤਪਾਦਕ ਸੋਸਾਇਟੀ ਨੇ ਇਸ ਸਾਲ ਸੋਲਾਂ ਸਤਾਰਾ ਲੱਖ ਮੁਨਾਫ਼ਾ ਕੱਢਿਆ ਹੈ। ਲਵੇਰੇ ਪਾਲ ਕੇ ਦੁੱਧ ਵੇਚਣ ਵਾਲੇ ਆਪਸ ਚ ਵੰਡਣਗੇ ਅਗਲੇ ਦਿਨੀਂ।
ਕੌਣ ਕਹਿੰਦੈ? ਪਿੰਡ ਮਰ ਰਹੇ ਨੇ!
ਕੱਲ੍ਹ ਪੰਜਾਬ ਦਾ ਉਤਸ਼ਾਹੀ ਪੰਚਾਇਤ , ਪੇਂਡੂ ਵਿਕਾਸ ਤੇ ਖੇਤੀ ਮੰਤਰੀ ਸਾਡੇ ਕੋਲ ਸੀ ਰਾਮਗੜੀਆ ਗਰਲਜ਼ ਕਾਲਿਜ ਵਿੱਚ ਲੁਧਿਆਣੇ।
ਮੈਂ ਉਸ ਨੂੰ ਬੇਨਤੀ ਕੀਤੀ ਕਿ ਜਲਾਲਦੀਵਾਲ ਫੇਰਾ ਮਾਰੋ ਕੇ ਵੇਖੋ ਕਿ ਸਾਰਾ ਜੰਗਲ ਹਾਲੇ ਨਹੀਂ ਸੜਿਆ, ਹਰੀਆਂ ਪੱਤੀਆਂ ਵਕਤ ਨਾਲ ਇਕਰਾਰਨਾਮਾ ਲਿਖ ਰਹੀਆਂ ਨੇ ਤੇਰੇ ਵਾਂਗ।
ਉਸ ਕਿਹਾ, ਅਵੱਸ਼ ਜਾਵਾਂਗਾ। ਟੀਮ ਵੀ ਭੇਜਾਂਗਾ ਪਹਿਲਾਂ। ਬੱਚੀਆਂ ਲਈ ਖੇਡ ਮੈਦਾਨ ਵੀ ਤਿਆਰ ਕਰਾਂਗੇ ਪੰਚਾਇਤ ਦੀ ਮਦਦ ਨਾਲ। ਉਸ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ ਪਿੰਡਾਂ ਨੇ ਅਗੜਾਈ ਲਈ ਹੈ, ਜਾਗਣਗੇ ਤੇ ਗੁਆਚੀ ਪੱਗ ਸੰਭਾਲਣਗੇ, ਭਾਊ ਜੀ, ਵੇਖੀ ਜਾਇਉ। ਸਾਡਾ ਸਾਂਝਾ ਸੁਪਨਾ ਚਿਹਰੇ ਤੇ ਲਾਲੀ ਵਾਲਾ ਪੰਜਾਬ ਹੈ, ਜੋ ਰੱਤ ਚੂਸਣ ਵਾਲਿਆਂ ਨੁੰ ਨਹੀਂ ਪੁੱਗਦਾ।
ਪਰ ਅਸੀਂ ਜਿਉਂਦੇ, ਅਸੀਂ ਜਾਗਦੇ। ਪਹਿਰੇਦਾਰੀ ਕਰਾਂਗੇ, ਜਾਗਾਂਗੇ, ਜਗਾਵਾਂਗੇ, ਪਿੱਛੇ ਪੈਰ ਨਾ ਪਾਵਾਂਗੇ, ਵੇਖਿਉ ਸਹੀ, ਮੋਤੀਆਂ ਵਾਲਿਉ।
ਮੈਂ ਘਰ ਆ ਕੇ ਜੇਬੀ ਫੋਨ ਚੋਂ ਸੁਨੇਹੇ ਪੜ੍ਹਨੇ ਸ਼ੁਰੂ ਕੀਤੇ।
ਇੱਕ ਸੁਨੇਹਾ ਹੋਰ ਪਿਆ ਸੀ ਹਰਮਿੰਦਰ ਵੱਲੋਂ।
ਭਾ ਜੀ
ਸਾਡੀਆਂ ਬੱਚੀਆਂ ਨੇ
ਅੰਡਰ 14 ਹਾਕੀ (ਲੜਕੀਆਂ) ਜਿਲਾ ਚੈਂਪੀਅਨ ਤੋਂ ਮਗਰੋਂ ਅੱਜ ਅੰਡਰ 17 ਹਾਕੀ (ਲੜਕੀਆਂ) ਚੈਂਪੀਅਨ ਸ਼ਿਪ ਵੀ ਜਿੱਤ ਲਈ ਹੈ।
ਉਸ ਲਿਖਿਆ ਕਿ ਮਿਹਨਤ ,ਲਗਨ , ਸਿਰੜ ਦੇ ਸਿਰ ਤੇ ਸਮੇਂ ਨੂੰ ਅੱਗੇ ਲਾ ਲੈਂਦਾ ਹੈ ਬੰਦਾ ,
ਅੱਜ ਪੀ ਏ ਯੂ ਲੁਧਿਆਣਾ ਦੇ ਗਰਾਉਂਡ ਵਿੱਚ ਵੱਖਰਾ ਨਜ਼ਾਰਾ ਸੀ (ਖੇਡਾਂ ਵਤਨ ਪੰਜਾਬ ਦੀਆਂ ਦੇ ਚਲ ਰਹੇ ਮੁਕਾਬਲਿਆਂ ਵਿੱਚ )ਜਦੋਂ ਕੁਝ ਦਿਨ ਪਹਿਲਾਂ ਜਲਾਲਦੀਵਾਲ ਦੀਆਂ ਧੀਆਂ ਅੰਡਰ 14 ਵਿੱਚ ਜਿਲਾ ਚੈਂਪੀਅਨ ਬਣੀਆ ਸਨ ਤਾਂ ਉਸੇ ਜੋਸ਼ ਨੂੰ ਕਾਇਮ ਰੱਖਦਿਆ ਅੰਡਰ 17 ਵਿੱਚ ਕੁੜੀਆਂ ਦੀ ਟੀਮ ਵੀ ਜੇਤੂ ਹੋ ਕੇ ਜਿਲਾ ਚੈਂਪੀਅਨ ਬਣੀ ,
ਚੰਗੇ ਮਾੜੇ ਹਾਲਾਤ ਤੇ ਕਮੀਆਂ ਝੁਕ ਜਾਂਦੀਆਂ ਨੇ ਮਿਹਨਤ ਅੱਗੇ।
ਸਾਡੇ ਲਈ ਖੁਸ਼ੀ ਦੀ ਗੱਲ ਹੈ ਜਦੋਂ ਲੁਧਿਆਣਾ ਜਿਲਾ ਪੰਜਾਬ ਲਈ ਖੇਡੇਗਾ ਤਾਂ ਦੋਨਾਂ ਟੀਮਾਂ ਵਿੱਚ ਸਾਡੀਆਂ ਖਿਡਾਰਨਾਂ ਜਿਲੇ ਨੂੰ ਲੀਡ ਕਰਨਗੀਆਂ।
ਕੁਦਰਤ ਨੇ ਸਾਡੀਆਂ ਕੋਸ਼ਿਸ਼ਾਂ ਤੇ ਮੋਹਰ ਲਾਈ ਹੈ ,
ਕੋਚ ਵੀਰਾਂ ਦੀ ਮਿਹਨਤ ਨੂੰ ਸਿਜਦਾ।
ਉਸਤਾਦ ਦਾਮਨ ਯਾਦ ਆਇਆ, ਜਿਸ ਲਿਖਿਆ ਸੀ ਕਦੇ
ਬੰਦਾ ਚਾਹੇ ਤੇ ਕੀ ਨਹੀਂ ਕਰ ਸਕਦਾ
ਭਾਵੇਂ ਵਕਤ ਹੈ ਤੰਗ ਤੋਂ ਤੰਗ ਆਉਂਦਾ।
ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ,
ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ।
ਬਾਬਾ ਦੁੱਲਾ ਸਿੰਘ ਦੇ ਵਾਰਸਾਂ ਨੂੰ ਸਲਾਮ!
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਡਾਃ ਹਰਮਿੰਦਰ ਸਿੰਘ ਸਿੱਧੂ ਨਾਲ ਫੋਨ ਨੰਬਰ+91 97818 00432 ਤੇ ਸੰਪਰਕ ਕਰ ਸਕਦੇ ਹੋ ਤਾਂ ਜੋ ਭਰਮ ਨਾ ਰਹੇ। ਮੀਡੀਆ ਕਰਮੀ ਵੀ ਆਪ ਅੱਖੀਂ ਵੇਖ ਕੇ ਇਸ ਲੋਕ ਚੇਤਨਾ ਯੱਗ ਵਿੱਚ ਆਪਣਾ ਬਣਦਾ ਹਿੱਸਾ ਪਾਉਣ।
-
ਗੁਰਭਜਨ ਗਿੱਲ, ਜਲਾਲਦੀਵਾਲ ਬੋਲਦਾ ਹੈ
gurbhajansinghgill@gmail.com
9999999999
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.