ਬੁਲੰਦੀਆਂ ‘ਤੇ ਪਹੁੰਚਣ ਲਈ ਇਕੱਲਾ ਪੈਸਾ ਹੀ ਨਹੀਂ ਸਗੋਂ ਇੱਛਾ ਸ਼ਕਤੀ, ਦ੍ਰਿੜ੍ਹ ਇਰਾਦਾ ਅਤੇ ਮਿਹਨਤ ਕਰਨ ਦੀ ਸਮਰੱਥਾ ਹੋਣੀ ਜ਼ਰੂਰੀ ਹੈ। ਨਿਸ਼ਾਨਾ ਨਿਸਚਤ ਕਰਨਾ ਸੋਨੇ ਤੇ ਸਹਾਗੇ ਦਾ ਕੰਮ ਕਰਦਾ ਹੈ। ਸੰਸਾਰ ਵਿੱਚ ਪੰਜਾਬੀਆਂ ਨੇ ਮਿਹਨਤ ਅਤੇ ਜਦੋਜਹਿਦ ਨਾਲ ਸਫਲਤਾ ਦੇ ਝੰਡੇ ਗੱਡੇ ਹੋਏ ਹਨ। ਹਰ ਖੇਤਰ ਵਿੱਚ ਪੰਜਾਬੀ ਮੋਹਰੀ ਹਨ। ਲਗਪਗ 100 ਪੰਜਾਬੀ ਉਦਮੀ ਦੁਨੀਆਂ ਵਿੱਚ ਪੰਜਾਬੀਆਂ ਦੀ ਅਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਵਿੱਚੋਂ ਸਿਰਮੌਰ ਉਦਮੀ ਦੀਦਾਰ ਸਿੰਘ ਬੈਂਸ ਦਾ ਨਾਮ ਸਤਿਕਾਰ ਅਤੇ ਮਾਣ ਨਾਲ ਲਿਆ ਜਾਂਦਾ ਹੈ, ਜਿਹੜੇ ਨੌਜਵਾਨ ਪੰਜਾਬੀ ਉਦਮੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੇ ਸਨ। ਪੰਜਾਬੀਆਂ ਦਾ ਝੰਡਾ ਬਰਦਾਰ ਦੀਦਾਰ ਸਿੰਘ ਬੈਂਸ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਜਿਹੜੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਨਿਰਾਸ਼ਾ ਦੇ ਆਲਮ ਵਿੱਚ ਪਏ ਹੋਏ ਹਨ, ਉਨ੍ਹਾਂ ਨੂੰ ਮਰਹੂਮ ਦੀਦਾਰ ਸਿੰਘ ਬੈਂਸ ਦੇ ਸੰਘਰਸ਼ਮਈ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ।
ਦੀਦਾਰ ਸਿੰਘ ਬੈਂਸ 1958 ਵਿੱਚ ਮਹਿਜ 18 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਪ੍ਰਵਾਸ ਕਰ ਗਏ ਸਨ। ਉਨ੍ਹਾਂ ਆਪਣੀ ਮਿਹਨਤ, ਲਗਨ ਅਤੇ ਦਿ੍ਰੜ੍ਹਤਾ ਨਾਲ ਹਰ ਕਠਨਾਈ ਦਾ ਮੁਕਾਬਲਾ ਕਰਦਿਆਂ ਪੌੜੀ ਦਰ ਪੌੜੀ ਚੜ੍ਹਦਿਆਂ ਸਫਲਤਾ ਪ੍ਰਾਪਤ ਕਰਕੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਆਪਣਾ ਕੈਰੀਅਰ ਬਾਗਬਾਨੀ ਦੇ ਖੇਤਰ ਵਿੱਚ ਇਕ ਟਰੈਕਟਰ ਡਰਾਇਵਰ ਤੋਂ ਸ਼ੁਰੂ ਕੀਤਾ ਸੀ, ਜਿਥੋਂ ਉਨ੍ਹਾਂ ਨੂੰ ਇਕ ਡਾਲਰ ਤੋਂ ਘੱਟ ਪ੍ਰਤੀ ਘੰਟਾ ਮਿਹਨਤਾਨਾ ਮਿਲਦਾ ਸੀ। ਉਨ੍ਹਾਂ ਨੇ ਪੰਜਾਬੀ ਦੀ ਉਹ ਕਹਾਵਤ ‘ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ’ ਨੂੰ ਝੂਠਾ ਸਾਬਤ ਕਰ ਦਿੱਤਾ। ਕਿਉਂਕਿ ਜਦੋਂ ਉਹ ਅਮਰੀਕਾ ਗਿਆ ਸੀ, ਉਸ ਸਮੇਂ ਉਸ ਦੇ ਪੱਲੇ ਕੋਈ ਖ਼ਜਾਨਾ ਨਹੀਂ ਸੀ। ਇਸ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਜਿਹੜੀ ਉਥੇ ਗਲਬਾਤ ਦਾ ਮਾਧਿਅਮ ਸੀ, ਉਸ ਤੋਂ ਵੀ ਉਨ੍ਹਾਂ ਦਾ ਹੱਥ ਤੰਗ ਸੀ। ਛੇਤੀ ਹੀ ਮਿਹਨਤ ਕਰਕੇ ਪਾਈ-ਪਾਈ ਜੋੜਕੇ 1960 ਵਿੱਚ ਉਨ੍ਹਾਂ ਨੇ ਆੜੂਆਂ ਦਾ ਇੱਕ ਬਾਗ ਖ੍ਰੀਦ ਲਿਆ। ਲਗਾਤਾਰ ਮਿਹਨਤ ਨਾਲ ਆਪਣੇ ਕਾਰੋਬਾਰ ਵਿੱਚ ਲੱਗੇ ਰਹੇ, ਜਿਸ ਦੇ ਸਿੱਟੇ ਵਜੋਂ 1978 ਤੱਕ ਉਤਰੀ ਕੈਲੇਫੋਰਨੀਆਂ ਦੇ ਗਿਣੇ ਚੁਣੇ ਅਮੀਰ ਵਿੱਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।
ਬਾਗਬਾਨੀ ਖੇਤਰ ਵਿੱਚ ਉਨ੍ਹਾਂ ਦੀ ਚੜ੍ਹਤ ਕਰਕੇ ਦੀਦਾਰ ਸਿੰਘ ਬੈਂਸ ਨੂੰ ‘ਆੜੂਆਂ ਦਾ ਬਾਦਸ਼ਾਹ’ ਕਿਹਾ ਜਾਂਦਾ ਸੀ। ਉਨ੍ਹਾਂ ਨੇ ਬਾਗਬਾਨੀ ਦਾ ਕਾਰੋਬਾਰ ਕੈਨੇਡਾ ਵਿੱਚ ਵੀ ਸਥਾਪਤ ਕਰ ਲਿਆ। ਇਸ ਸਮੇਂ ਉਤਰੀ ਕੈਲੇਫੋਰਨੀਆਂ ਦੀਆਂ ਲਗਪਗ ਇਕ ਦਰਜਨ ਕਾਊਂਟੀਆਂ ਵਿੱਚ ਉਨ੍ਹਾਂ ਦੀਆਂ 40 ਵਿਸ਼ਾਲ ਜਾਇਦਾਦਾਂ ਹਨ। ਬਾਗਬਾਨੀ ਤੋਂ ਇਲਾਵਾ ਦੀਦਾਰ ਸਿੰਘ ਬੈਂਸ ਦੇ ਹੋਰ ਬਹੁਤ ਸਾਰੇ ਕਾਰੋਬਾਰ ਹਨ। ਇਸ ਸਮੇਂ ਉਹ 50 ਅਮਰੀਕਨ ਮਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਸਨ। ਦੂਰ ਦੁਰਾਡੇ ਬਾਗਾਂ ਦੇ ਫਾਰਮਾ ਅਤੇ ਵਿਓਪਾਰਕ ਸਥਾਨਾ ਤੇ ਜਾਣ ਲਈ ਉਨ੍ਹਾਂ ਨੇ ਆਪਣਾ ਜਹਾਜ ਵੀ ਖਰੀਦਿਆ ਹੋਇਆ ਸੀ।
ਅਮੀਰ ਹੋਣਾ ਤਾਂ ਵੱਡੀ ਗੱਲ ਹੈ ਹੀ ਪਰੰਤੂ ਇਨਸਾਨੀਅਤ ਦਾ ਨਿਸ਼ਕਾਮ ਸੇਵਕ ਅਤੇ ਦਾਨੀ ਹੋਣਾ ਉਸ ਤੋਂ ਵੀ ਵੱਡੀ ਗੱਲ ਹੈ। ਸੰਸਾਰ ਵਿੱਚ ਬਹੁਤ ਅਮੀਰ ਲੋਕ ਰਹਿੰਦੇ ਹਨ ਪਰੰਤੂ ਦਾਨੀ ਹੋਣਾ ਜਣੇ ਖਣੇ ਦੇ ਹਿੱਸੇ ਨਹੀਂ ਆਉਂਦਾ। ਉਨ੍ਹਾਂ ਨੇ ਹਜ਼ਾਰਾਂ ਗ਼ਰੀਬ ਲੜਕੀਆਂ ਦੇ ਵਿਆਹ ਖੁਦ ਕੀਤੇ। ਅਮਰੀਕਾ ਅਤੇ ਕੈਨੇਡਾ ਵਿੱਚ ਗੁਰੂ ਘਰਾਂ ਦੀ ਸਥਾਪਨਾ ਲਈ ਜ਼ਮੀਨਾ ਖਰੀਦ ਕੇ ਦਿੱਤੀਆਂ ਅਤੇ ਆਰਥਿਕ ਮਦਦ ਕਰਕੇ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਇਆ। ਸਭ ਤੋਂ ਪਹਿਲਾਂ ਯੂਬਾ ਸਿਟੀ ਵਿਖੇ ਗੁਰੂ ਘਰ ਸਥਾਪਤ ਕਰਨ ਦੀ ਪਹਿਲ ਕੀਤੀ ਸੀ। ਇਸ ਤੋਂ ਇਲਵਾ ਉਨ੍ਹਾਂ ਯੂਬਾ ਸਿਟੀ ਅਤੇ ਵੈਨਕੂਵਰ ਕੈਨੇਡਾ ਵਿਖੇ ਲੜਕੀਆਂ ਦੇ ਸਕੂਲ ਸਥਾਪਤ ਕੀਤੇ ਸਨ। ਪਰਵਾਸ ਵਿੱਚ ਨਗਰ ਕੀਰਤਨ ਦੀ ਪਰੰਪਰਾ ਸਭ ਤੋਂ ਪਹਿਲਾਂ ਉਨ੍ਹਾਂ ਯੂਬਾ ਸਿਟੀ ਦੇ ਗੁਰੂ ਘਰ ‘ਟਾਇਰਾ ਬਿਓਨਾ’ ਤੋਂ ਸ਼ੁਰੂ ਕੀਤੀ ਸੀ, ਜਿਹੜਾ ਜ਼ਮੀਨ ਖਰੀਦ ਕੇ ਉਨ੍ਹਾਂ ਉਸਾਰਿਆ ਸੀ।
ਉਨ੍ਹਾਂ ਤੋਂ ਬਾਅਦ ਹੁਣ ਸੰਸਾਰ ਦੇ ਹਰ ਸ਼ਹਿਰ ਦੇ ਗੁਰੂ ਘਰਾਂ ਤੋਂ ਨਗਰ ਕੀਰਤਨ ਕੱਢੇ ਜਾਂਦੇ ਹਨ, ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੁੰਦੀ ਹੈ। 1984 ਦੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਰਲਕੇ ‘ਵਰਲਡ ਸਿੰਘ ਆਰਗੇਨਾਈਜੇਸ਼ਨ’ ਸਥਾਪਤ ਕੀਤੀ। ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਾਨੀਆਂ ਵਿੱਚੋਂ ਇੱਕ ਹਨ। ਫਿਰ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ। ਉਹ ਵਰਲਡ ਸਿੱਖ ਕੌਂਸਲ ਦੇ ਵੀ ਸਰਗਰਮ ਮੈਂਬਰ ਸਨ। ਉਨ੍ਹਾਂ ਦੀਆਂ ਸਿੱਖ ਧਰਮ ਬਾਰੇ ਸਰਗਰਮੀਆਂ ਕਰਕੇ ਭਾਰਤ ਸਰਕਾਰ ਨੇ ਉਨ੍ਹਾਂ ਦਾ ਨਾਮ ਕਾਲੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਸੀ। 1997 ਵਿੱਚ ਬਲਿਊ ਸਟਾਰ ਤੋਂ 13 ਸਾਲ ਬਾਅਦ ਉਹ ਪੰਜਾਬ ਆਏ ਸਨ। ਉਹ ਬਹੁਤ ਹੀ ਫਰਾਕ ਦਿਲ ਇਨਸਾਨ ਸਨ। ਉਨ੍ਹਾਂ ਅਨੇਕਾਂ ਪਰਵਾਸੀਆਂ ਨੂੰ ਅਮਰੀਕਾ ਵਿੱਚ ਵਸਣ ਵਿੱਚ ਮਦਦ ਕੀਤੀ। ਇਸ ਕਰਕੇ ਉਨ੍ਹਾਂ ਨੂੰ ‘ਇਮੀਗਰੇਸ਼ਨ ਮੈਨ’ ਵੀ ਕਿਹਾ ਜਾਂਦਾ ਸੀ। ਪੰਜਾਬ ਤੋਂ ਅਮਰੀਕਾ ਆਉਣ ਵਾਲੇ ਹਰ ਪੰਜਾਬੀ ਦੀ ਆਓ ਭਗਤ ਕਰਨ ਲਈ ਮੋਹਰੀ ਦੀ ਭੂਮਿਕਾ ਨਿਭਾਉਂਦੇ ਸਨ। ਇਥੋਂ ਤੱਕ ਕਿ ਆਪਣਾ ਜਹਾਜ ਵੀ ਉਨ੍ਹਾਂ ਨੂੰ ਵਰਤਣ ਲਈ ਦੇ ਦਿੰਦੇ ਸਨ।
ਦੀਦਾਰ ਸਿੰਘ ਬੈਂਸ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਯੂਬਾ ਸਿਟੀ ਵਿੱਚ ਆਪਣਾ ਦਫ਼ਤਰ ਸਥਾਪਤ ਕਰਨ ਲਈ 14 ਏਕੜ ਜ਼ਮੀਨ ਵੀ ਦਾਨ ਵੱਜੋਂ ਦਿੱਤੀ ਸੀ। ਉਹ ਵਰਲਡ ਕਬੱਡੀ ਫ਼ੈਡਰੇਸ਼ਨ ਦੇ ਬਾਨੀ ਪ੍ਰਧਾਨ ਵੀ ਸਨ। ਅਮਰੀਕਾ ਵਿੱਚ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਸਨ। ਇਸ ਤੋਂ ਇਲਾਵਾਂ ਉਨ੍ਹਾਂ ਯੂਬਾ ਸਿਟੀ ਅਤੇ ਹੋਰ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਨਵੇਂ ਵਾਰਡਾਂ ਦੀ ਉਸਾਰੀ ਲਈ ਆਰਥਿਕ ਮਦਦ ਵੀ ਕੀਤੀ ਸੀ। ਸਾਰੀਆਂ ਪਾਰਟੀਆਂ ਦੇ ਅਮਰੀਕਾ ਦੇ ਸੈਨੇਟਰ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਦੀਦਾਰ ਸਿੰਘ ਬੈਂਸ ਅਨੇਕ ਸੰਸਥਾਵਾਂ ਦੇ ਸੰਸਥਾਪਕ ਹਨ। ਉਨ੍ਹਾਂ ਦੀ ਸਿੱਖੀ ਅਤੇ ਸਮਾਜ ਸੇਵਾ ਲਈ ਪਾਏ ਯੋਗਦਾਨ ਕਰਕੇ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ‘ ਪੰਥ ਰਤਨ ਭਾਈ ਸਾਹਿਬ’ ਦਾ ਖਿਤਾਬ ਦਿੱਤਾ ਗਿਆ। ਇਸ ਤੋਂ ਇਲਾਵਾ ਨਾਨਕਸਰ ਸੰਪਰਦਾਇ ਵੱਲੋਂ ‘ਰਾਜ ਯੋਗੀ’ ਦਾ ਖਿਤਾਬ ਦੇ ਕੇ ਸਨਮਾਨਤ ਕੀਤਾ ਗਿਆ ਸੀ।
ਦੀਦਾਰ ਸਿੰਘ ਬੈਂਸ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਮਾਹਿਲਪੁਰ ਇਲਾਕੇ ਦੇ ਪਿੰਡ ਨੰਗਲ ਖੁਰਦ ਵਿੱਖੇ 10 ਜਨਵਰੀ 1939 ਨੂੰ ਮਾਤਾ ਅਮਰ ਕੌਰ ਬੈਂਸ ਅਤੇ ਪਿਤਾ ਗੁਰਪਾਲ ਸਿੰਘ ਬੈਂਸ ਦੇ ਘਰ ਹੋਇਆ ਸੀ। ਦੀਦਾਰ ਸਿੰਘ ਬੈਂਸ ਦੇ ਦਾਦੇ ਦਾ ਭਰਾ ਕਰਤਾਰ ਰਾਮ ਬੈਂਸ 1920 ਵਿੱਚ ਅਮਰੀਕਾ ਚਲਾ ਗਿਆ ਸੀ। ਉਨ੍ਹਾਂ ਦਾ ਪਿਤਾ ਵੀ 1948 ਵਿੱਚ ਅਮਰੀਕਾ ਦੇ ਯੂਬਾ ਸਿਟੀ ਵਿੱਚ ਪਰਵਾਸ ਕਰ ਗਏ ਸਨ। ਪਿਤਾ ਦੇ ਅਮਰੀਕਾ ਜਾਣ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ 14 ਸਾਲ ਦੀ ਉਮਰ ਵਿੱਚ ਦੀਦਾਰ ਸਿੰਘ ਬੈਂਸ ਪਿੰਡ ਵਿਖੇ ਪਰਿਵਾਰ ਦੀ ਖੇਤੀਬਾੜੀ ਦਾ ਕੰਮ ਕਰਨ ਲੱਗ ਗਏ ਸਨ। ਮਿਹਨਤ ਕਰਨ ਦੀ ਪ੍ਰਵਿਰਤੀ ਦੀਦਾਰ ਸਿੰਘ ਬੈਂਸ ਵਿੱਚ ਬਚਪਨ ਵਿੱਚ ਹੀ ਮਜ਼ਬੂਰੀ ਵਸ ਪੈ ਗਈ ਸੀ। ਅਮਰੀਕਾ ਵਿੱਚ ਦੀਦਾਰ ਸਿੰਘ ਬੈਂਸ ਦੇ ਦਾਦੇ ਦਾ ਭਰਾ ਅਤੇ ਪਿਤਾ ਦੋਵੇਂ ਅਮਰੂਦਾਂ ਦੇ ਬਾਗਾਂ ਵਿੱਚ ਮਜ਼ਦੂਰੀ ਕਰਦੇ ਰਹੇ ਸਨ। ਸੰਸਾਰ ਭਰ ਵਿੱਚ ਸਿੱਖ ਜਗਤ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.