15 ਸਤੰਬਰ 1843 ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਸੀ। ਕੁਝ ਘੋੜ ਸਵਾਰ ਧੂੜ ਉਡਾਉਂਦੇ ਹੋਏ ਤੇਜ਼ ਗਤੀ ਨਾਲ ਲਾਹੌਰ ਦੇ ਸ਼ਾਹੀ ਕਿਲ੍ਹੇ ਵੱਲ ਆਉਂਦੇ ਦਿਸੇ। ਕਿਲ੍ਹੇ ਦੇ ਮੁੱਖ ਦਰਵਾਜ਼ੇ ਉੱਪਰ ਤਾਇਨਾਤ ਪਹਿਰੇਦਾਰ ਸਾਵਧਾਨ ਹੋ ਗਏ। ਜਦੋਂ ਇਹ ਘੋੜ ਸਵਾਰ ਲਾਗੇ ਆਏ ਤਾਂ ਪਹਿਰੇਦਾਰਾਂ ਦੇਖਿਆ ਕਿ ਸਰਕਾਰ-ਏ-ਖ਼ਾਲਸਾ ਦੇ ਮਹਾਰਾਜਾ ਸ਼ੇਰ ਸਿੰਘ ਅਤੇ ਉਸਦੇ ਮਾਸੂਮ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਦੇ ਸਿਰ ਨੇਜ਼ਿਆਂ ਉੱਪਰ ਟੰਗੇ ਹੋਏ ਸਨ। ਮਹਾਰਾਜੇ ਤੇ ਉਸਦੇ ਪੁੱਤ ਦਾ ਸਿਰ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਸੰਧਾਵਾਲੀਏ ਚਾਚੇ ਨੇ ਹੀ ਆਪਣੇ ਨੇਜ਼ੇ ਉੱਪਰ ਟੰਗੇ ਹੋਏ ਸਨ।
ਨੇਜ਼ੇ ਉੱਪਰ ਟੰਗਿਆ ਮਹਾਰਾਜਾ ਸ਼ੇਰ ਸਿੰਘ ਦਾ ਲਾਲ ਸੁਰਖ ਚਿਹਰਾ ਆਪਣੇ ਨਾਲ ਹੋਏ ਦਗ਼ੇ ਤੋਂ ਕਾਫੀ ਗੁੱਸੇ ਵਿੱਚ ਲੱਗ ਰਿਹਾ ਸੀ। ਮਾਸੂਮ ਪ੍ਰਤਾਪ ਸਿੰਘ ਦਾ ਸੀਸ ਭਾਂਵੇ ਧੜ ਨਾਲੋਂ ਅਲੱਗ ਹੋ ਚੁੱਕਾ ਸੀ ਪਰ ਉਸ ਮਾਸੂਮ ਦੀਆਂ ਅੱਖਾਂ ਅਜੇ ਵੀ ਖੁੱਲੀਆਂ ਹੋਈਆਂ ਸਨ ਅਤੇ ਉਨ੍ਹਾਂ ਵਿਚੋਂ ਵਗੇ ਹੰਝੂਆਂ ਨੂੰ ਅਜੇ ਵੀ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਸੀ। ਪ੍ਰਤੀਤ ਹੋ ਰਿਹਾ ਸੀ ਕਿ ਕਤਲ ਹੋਣ ਤੋਂ ਪਹਿਲਾਂ ਮਾਸੂਮ ਪ੍ਰਤਾਪ ਸਿੰਘ ਨੇ ਸ਼ਰੀਕੇ ਵਿੱਚ ਦਾਦੇ ਲੱਗਦੇ ਕਾਤਲ ਲਹਿਣਾ ਸਿੰਘ ਨੂੰ ਰੋ-ਰੋ ਕੇ ਜਾਨ ਬਖਸ਼ਣ ਦੇ ਤਰਲੇ ਕੀਤੇ ਹੋਣਗੇ।
ਖੈਰ ਬੇ-ਗੈਰਤ ਪਹਿਰੇਦਾਰਾਂ ਨੇ ਕਿਲ੍ਹੇ ਦੇ ਦਰਵਾਜੇ ਖੋਲ੍ਹ ਦਿੱਤੇ। ਮਹਾਰਾਜੇ ਦੇ ਕਾਤਲ ਸੰਧਾਵਾਲੀਏ ਸਰਦਾਰ ਬੜੇ ਮਾਣ ਨਾਲ ਜੇਤੂ ਦੀ ਤਰਾਂ ਸ਼ਾਹੀ ਕਿਲ੍ਹੇ ਵਿੱਚ ਦਾਖਲ ਹੋਏ। ਲਾਹੌਰੀਆਂ ਨੇ ਜਦੋਂ ਆਪਣੇ ਮਹਾਰਾਜੇ ਦਾ ਇਹ ਹਸ਼ਰ ਦੇਖਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਾਰੇ ਸ਼ਹਿਰ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਮਹਾਰਾਜਾ ਸ਼ੇਰ ਸਿੰਘ ਅਤੇ ਉਸਦਾ ਪੁੱਤਰ ਸ਼ਹਿਜ਼ਾਦਾ ਪਰਤਾਪ ਸਿੰਘ ਕਤਲ ਕਰ ਦਿੱਤੇ ਗਏ ਹਨ।
ਅਜੇ ਸਵੇਰ ਦੀ ਹੀ ਤਾਂ ਗੱਲ ਸੀ ਜਦੋਂ ਮਹਾਰਾਜਾ ਸ਼ੇਰ ਸਿੰਘ ਆਪਣੇ ਪੁੱਤ ਪਰਤਾਪ ਸਿੰਘ, ਦੀਵਾਨ ਦੀਨਾ ਨਾਥ, ਬੁੱਧ ਸਿੰਘ ਮੋਹਰਾ, ਮੰਗਲ ਸਿੰਘ ਬੁਤਾਲੀਆ ਅਤੇ ਕੁਝ ਕੁ ਹਜ਼ੂਰੀ ਸਵਾਰਾਂ ਦੇ ਨਾਲ ਰੌਸ਼ਨੀ ਦਰਵਾਜ਼ੇ ਵਿਚੋਂ ਦੀ ਲੰਘ ਕੇ ਪ੍ਰੇਡ ਮੈਦਾਨ ਦੇ ਰਾਹ ਸ਼ਾਹ ਬਲੋਲ ਵੱਲ ਗਏ ਸਨ। ਰਾਜਾ ਧਿਆਨ ਸਿੰਘ ਬਿਮਾਰੀ ਦਾ ਬਹਾਨਾ ਬਣਾ ਕੇ ਹਵੇਲੀ ਵਿੱਚ ਹੀ ਰਹਿ ਗਿਆ।
ਸ਼ਾਹ ਬਲੋਲ ਜੋ ਕਿ ਸ਼ਾਲਾਮਾਰ ਬਾਗ ਵਿੱਚ ਸੀ ਵਿਖੇ ਪਹੁੰਚ ਕੇ ਮਹਾਰਾਜਾ ਸ਼ੇਰ ਸਿੰਘ ਸ਼ਾਹ ਨਸ਼ੀਨ ਝਰੋਖੇ ਵਿੱਚ ਕੁਰਸੀ ਉਪਰ ਜਾ ਬੈਠੇ, ਜਿਹੜੀ ਖੁੱਲ੍ਹੇ ਮੈਦਾਨ ਦੇ ਮੱਥੇ ਵੱਲ ਸੀ। ਮਹਾਰਾਜੇ ਨੇ ਪਹਿਲਾਂ ਪਹਿਲਵਾਨਾਂ ਦੇ ਕੁਝ ਕੁ ਜੋੜਿਆਂ ਦੇ ਘੋਲ ਡਿੱਠੇ। ਜੇਤੂਆਂ ਨੂੰ ਇਨਾਮ ਵੰਡ ਕੇ ਹਟੇ ਹੀ ਸਨ ਕਿ ਦੀਵਾਨ ਦੀਨਾ ਨਾਥ ਕੁਝ ਜ਼ਰੂਰੀ ਕਾਗਜ਼ਾਤ ਲੈ ਕੇ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਤੇ ਮਿਸਲ ਵਿਚੋਂ ਪੜ੍ਹ-ਪੜ੍ਹ ਕੇ ਸੁਣਾਉਣ ਲੱਗਾ। ਏਨੇ ਨੂੰ ਅਜੀਤ ਸਿੰਘ ਸੰਧਾਵਾਲੀਆ ਸਣੇ ਆਪਣੇ 400 ਘੋੜ ਸਵਾਰਾਂ ਦੇ ਝਰੋਖੇ ਸਾਹਮਣੇ ਆ ਖੜੋਤਾ ਅਤੇ ਬੇਨਤੀ ਕੀਤੀ ਕਿ ਸਰਕਾਰ ਸਵਾਰ ਹਾਜ਼ਰ ਹਨ। ਮਹਾਰਾਜੇ ਨੇ ਦੀਨਾ ਨਾਥ ਨੂੰ ਹੁਕਮ ਦਿੱਤਾ ਕਿ ਆਪ ਸਵਾਰਾਂ ਦੀ ਫ਼ਰਦ ਬਣਾ ਲਵੋ ਤੇ ਸਾਡੇ ਪੇਸ਼ ਕਰੋ।
ਅਜੀਤ ਸਿੰਘ ਸੰਧਾਵਾਲੀਆ ਨੇ ਇਸ ਸਮੇਂ ਮਹਾਰਾਜਾ ਸਾਹਿਬ ਨੂੰ ਖੁਸ਼ੀ ਦੇ ਘਰ ਵਿੱਚ ਵੇਖ ਕੇ ਇੱਕ ਦੋਨਾਲੀ ਗੋਲੀਦਾਰ ਰਫ਼ਲ ਮਹਾਰਾਜ ਦੇ ਸਾਹਮਣੇ ਪੇਸ਼ ਕੀਤੀ ਤੇ ਆਖਿਆ ਹਜ਼ੂਰ ‘ਇਹ ਅੰਗਰੇਜ਼ੀ ਬੰਦੂਕ ਮੈਨੂੰ ਕਲਕੱਤੇ ਇੱਕ ਅੰਗਰੇਜ਼ ਨੇ ਦਿੱਤੀ ਸੀ’। ਹੁਣ ਮੈਨੂੰ ਇਸ ਦੇ ਬੜੇ ਰੁਪਏ ਮਿਲਦੇ ਹਨ ਪਰ ਦਾਸ ਨੇ ਹਜ਼ੂਰ ਦੀ ਭੇਟਾ ਲਈ ਰੱਖੀ ਹੋਈ ਹੈ। ਮਹਾਰਾਜਾ ਸ਼ੇਰ ਸਿੰਘ ਚੰਗੇ ਹਥਿਆਰਾਂ ਦੇ ਬੜੇ ਸ਼ੌਕੀਨ ਸਨ। ਮਹਾਰਾਜੇ ਨੇ ਰਫ਼ਲ ਫੜਨ ਲਈ ਆਪਣਾ ਸੱਜਾ ਹੱਥ ਅੱਗੇ ਕੀਤਾ। ਇਸ ਸਮੇਂ ਅਜੀਤ ਸਿੰਘ ਨੇ ਬੰਦੂਕ ਮਹਾਰਾਜੇ ਦੇ ਹੱਥ ਫੜਾਉਣ ਲਈ ਹੋਰ ਅਗਾਂਹ ਕੀਤੀ ਅਤੇ ਨਾਲ ਹੀ ਉਸਦੀ ਕਲਾ ਦਬਾ ਦਿੱਤੀ। ਬੰਦੂਕ ਚੱਲ ਗਈ ਅਤੇ ਦੋਵੇਂ ਗੋਲੀਆਂ ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਵਿੱਚ ਲੱਗੀਆਂ। ਇਨ੍ਹਾਂ ਵਿਚੋਂ ਇੱਕ ਗੋਲੀ ਛਾਤੀ ਨੂੰ ਚੀਰਦੀ ਹੋਈ ਪਿੱਠ ਵਿਚੋਂ ਨਿਕਲ ਕੇ ਪਿਛਲੀ ਕੰਧ ਵਿੱਚ ਜਾ ਲੱਗੀ ਅਤੇ ਦੂਸਰੀ ਸਰੀਰ ਦੇ ਅੰਦਰ ਹੀ ਠੰਡੀ ਹੋ ਗਈ। ਜਦੋਂ ਹੀ ਗੋਲੀਆਂ ਮਹਾਰਾਜੇ ਦੀ ਛਾਤੀ ਵਿੱਚ ਲੱਗੀਆਂ ਤਾਂ ਮਹਾਰਾਜਾ ਸ਼ੇਰ ਸਿੰਘ ਦੇ ਮੂੰਹੋਂ ਆਖਰੀ ਬੋਲ ਨਿਕਲੇ ‘ਇਹ ਕੀ ਦਗਾ ਹੈ..?.... ਏਨਾਂ ਕਹਿ ਕੇ ਮਹਾਰਾਜਾ ਕੁਰਸੀ ਤੋਂ ਹੇਠਾਂ ਲੁੜਕ ਪਏ। ਅਜੇ ਸਵਾਸ ਨਹੀਂ ਸਨ ਨਿਕਲੇ ਕਿ ਅਜੀਤ ਸਿੰਘ ਉੱਪਰ ਚੜ੍ਹ ਆਇਆ ਅਤੇ ਤੜਫ਼ਦੇ ਹੋਏ ਮਹਾਰਾਜੇ ਦਾ ਸਿਰ ਆਪਣੀ ਤਲਵਾਰ ਨਾਲ ਧੜ ਤੋਂ ਅੱਡ ਕਰ ਦਿੱਤਾ।
ਗੋਲੀ ਦੀ ਅਵਾਜ਼ ਸੁਣ ਕੇ ਬੁੱਧ ਸਿੰਘ ਮੈਹਰਾ ਮੁਕੇਰੀਆਂ ਵਾਲਾ ਤਲਵਾਰ ਸੂਤ ਕੇ ਭੱਜਾ ਆਇਆ ਅਤੇ ਅਜੀਤ ਸਿੰਘ ਉੱਪਰ ਤਲਵਾਰ ਦਾ ਵਾਰ ਕੀਤਾ ਪਰ ਇਸ ਤੋਂ ਪਹਿਲਾਂ ਕਿ ਅਜੀਤ ਸਿੰਘ ਨੂੰ ਕੋਈ ਨੁਕਸਾਨ ਹੁੰਦਾ, ਉਸਦੀ ਫੌਜ ਦੇ ਇੱਕ ਜਵਾਨ ਨੇ ਬੁੱਧ ਸਿੰਘ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਇਸੇ ਤਰਾਂ ਮਹਾਰਾਜੇ ਦੇ ਹੋਰ ਅੰਗ ਰੱਖਿਅਕਾਂ ਦਾ ਕਤਲ ਕਰ ਦਿੱਤਾ ਗਿਆ। ਅਜੀਤ ਸਿੰਘ ਸੰਧਾਵਾਲੀਆ ਨੇ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਆਪਣੇ ਨੇਜ਼ੇ ਉੱਪਰ ਟੰਗ ਲਿਆ।
ਓਧਰ ਲਹਿਣਾ ਸਿੰਘ ਸੰਧਾਵਾਲੀਆ ਜਿਸਨੇ ਸ਼ਹਿਜ਼ਾਦਾ ਪਰਤਾਪ ਸਿੰਘ ਨੂੰ ਟਿਕਾਣੇ ਲਗਾਉਣ ਦੀ ਜਿੰਮੇਵਾਰੀ ਲਈ ਹੋਈ ਸੀ ਨੂੰ ਜਦੋਂ ਉਸਨੇ ਗੋਲੀ ਦੀ ਅਵਾਜ਼ ਸੁਣੀ ਤਾਂ ਉਹ ਪਰਤਾਪ ਸਿੰਘ ਨੂੰ ਕਤਲ ਕਰਨ ਲਈ ਅੱਗੇ ਵਧਿਆ। ਪਰਤਾਪ ਸਿੰਘ ਬਾਗ ਵਿੱਚ ਖੇਡ ਰਿਹਾ ਸੀ। ਜਦੋਂ ਪਰਤਾਪ ਸਿੰਘ ਨੇ ਆਪਣੇ ਸ਼ਰੀਕੇ ਵਿੱਚੋਂ ਦਾਦੇ ਲੱਗਦੇ ਲਹਿਣਾ ਸਿੰਘ ਨੂੰ ਹੱਥ ਸੂਤੀ ਹੋਈ ਤਲਵਾਰ ਅਤੇ ਉਸਦਾ ਗਜ਼ਬ ਭਰਿਆ ਚਿਹਰਾ ਤੱਕਿਆ ਤਾਂ ਸ਼ਹਿਜ਼ਾਦਾ ਜਾਣ ਗਿਆ ਕਿ ਦਾਦਾ ਜੀ ਕੋਈ ਕਹਿਰ ਢਾਉਣ ਆਏ ਹਨ। ਉਹ ਅਜੇ ਕੁਝ ਕਦਮਾਂ ਦੀ ਵਿੱਥ ’ਤੇ ਹੀ ਸੀ ਕਿ ਸਹਿਮਿਆ ਹੋਇਆ ਨਿਹੱਥਾ ਸ਼ਹਿਜ਼ਾਦਾ ਅੱਗੋਂ ਸਤਿਕਾਰ ਵਜੋਂ ਉੱਠ ਖੜੋਤਾ ਅਤੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਬਾਬਾ ਜੀ ਮੈਂ ਤਾਂ ਆਪ ਦਾ ਬੱਚਾ ਹਾਂ, ਮੈਨੂੰ ਆਪਣਾ ਬਾਲਕ ਜਾਣ ਕੇ ਤਰਸ ਕਰੋ। ਇੰਨੇ ਨੂੰ ਲਹਿਣਾ ਸਿੰਘ ਸੋਹਣੇ ਬਾਲਕ ਕੋਲ ਪੁੱਜਾ ਅਤੇ ਆਪਣੀ ਤਿੱਖੀ ਤਲਵਾਰ ਦੇ ਇਕੋ ਵਾਰ ਨਾਲ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਸੀਸ ਉਸ ਦੀ ਕੋਮਲ ਧੌਣ ਨਾਲੋਂ ਕੱਟ ਕੇ ਪੈਰਾਂ ਵਿੱਚ ਸੁੱਟ ਦਿੱਤਾ।
ਮਾਸੂਮ ਸ਼ਹਿਜ਼ਾਦੇ ਦੇ ਵੱਢੇ ਹੋਏ ਸੀਸ ਦੀਆਂ ਦੋਵੇਂ ਅੱਖਾਂ ਲਹੂ ਦੇ ਅੱਥਰੂ ਵਹਾ ਰਹੀਆਂ ਸਨ, ਪਰ ਕੋਲ ਖੜ੍ਹੇ ਬਾਬੇ ਦੇ ਦਿਆ-ਹੀਣ ਨੈਣਾਂ ਵਿੱਚ ਕੋਈ ਹੰਝੂ ਨਹੀਂ ਸੀ। ਲਹਿਣਾ ਸਿੰਘ ਨੇ ਮਾਸੂਮ ਪਰਤਾਪ ਸਿੰਘ ਦੇ ਲਹੂ-ਲੁਹਾਣ ਸੀਸ ਨੂੰ ਚੁੱਕ ਕੇ ਆਪਣੇ ਨੇਜ਼ੇ ਦੀ ਤਿੱਖੀ ਨੋਕ ਉੱਤੇ ਟੰਗ ਲਿਆ ਅਤੇ ਜਾਨ ਤੋੜ ਰਹੀ ਦੇਹ ਨੂੰ ਓਥੇ ਕਾਵਾਂ ਤੇ ਕੁੱਤਿਆਂ ਦੇ ਤਰਸ ’ਤੇ ਛੱਡ ਕੇ ਝੱਟ ਘੋੜੇ ’ਤੇ ਸਵਾਰ ਹੋ ਕੇ ਫ਼ਖਰ ਨਾਲ ਨੇਜ਼ਾ ਹੁਲਾਰਦਾ ਹੋਇਆ ਅਜੀਤ ਸਿੰਘ ਵੱਲ ਚੱਲ ਪਿਆ।
ਇਸ ਭਿਆਨਕ ਅਤੇ ਘ੍ਰਿਣਤ ਦ੍ਰਿਸ਼ ਨੂੰ ਇੱਕ ਅੱਖੀਂ ਡਿੱਠੇ ਦਰਸ਼ਕ ਨੇ ਰੋਜ਼ਨਾਮਚੇ ਵਿੱਚ ਇੰਝ ਲਿਖਿਆ ਹੈ “ਜਿਸ ਸਮੇਂ ਇਹ ਸਹਿਜ਼ਾਦਾ ਪ੍ਰਤਾਪ ਸਿੰਘ ਅਤਿ ਨਿਰਦੈਤਾ ਨਾਲ ਕਤਲ ਕੀਤਾ ਗਿਆ, ਮੈਂ ਸ਼ਾਲਾਮਾਰ ਬਾਗ ਵੱਲ ਜਾ ਰਿਹਾ ਸੀ ਕਿ ਮੈਨੂੰ ਸੰਜੋਗ ਨਾਲ ਲਹਿਣਾ ਸਿੰਘ ਸਣੇ ਸਵਾਰਾਂ ਦੇ ਅੱਗੋਂ ਮਿਲ ਪਿਆ, ਜਿਸ ਨੇ ਸ਼ਹਿਜ਼ਾਦਾ ਪ੍ਰਤਾਪ ਸਿੰਘ ਦਾ ਸੀਸ ਆਪਣੇ ਨੇਜ਼ੇ ਦੀ ਨੋਕ ਪਰ ਟੰਗਿਆ ਹੋਇਆ ਸੀ। ਪ੍ਰਤਾਪ ਸਿੰਘ ਦੇ ਖਿੱਲਰੇ ਹੋਏ ਸੋਹਣੇ ਕੇਸ, ਜਿਹੜੇ ਚੋਖੇ ਲੰਮੇ ਸਨ, ਤਿੱਲੇ ਦੀਆਂ ਸੁਨਹਿਰੀ ਤਾਰਾਂ ਵਾਂਗ ਲਿਸ਼ਕ ਰਹੇ ਸਨ। ਉਸਦੇ ਸੁੰਦਰ ਮੁੱਖੜੇ ਦੀ ਗੁਲਾਬੀ ਭਾਹ ਲਹੂ ਦੀਆਂ ਧਾਰਾਂ ਪੈਣ ਨਾਲ ਵਧੇਰੇ ਗੁਲਾਲੀ ਹੋ ਗਈ ਸੀ। ਮਾਲੂਮ ਹੁੰਦਾ ਸੀ ਕਿ ਜਦ ਲਹਿਣਾ ਸਿੰਘ ਨੇ ਉਸ ਦੀ ਗਰਦਨ ਉੱਤੇ ਤਲਵਾਰ ਚਲਾਈ ਸੀ ਤਾਂ ਸ਼ਹਿਜ਼ਾਦਾ ਆਪਣੀਆਂ ਹੰਝੂ ਆਈਆਂ ਅੱਖਾਂ ਨਾਲ ਬਾਬਾ ਜੀ ਵੱਲ ਬਿੱਟ-ਬਿੱਟ ਤੱਕ ਰਿਹਾ ਸੀ, ਕਿਉਂਕਿ ਉਸਦੇ ਵੱਢੇ ਹੋਏ ਸੀਸ ਦੀਆਂ ਹਰਨਾਖੀਆਂ ਅੱਖਾਂ ਖੁੱਲੀਆਂ ਹੋਈਆਂ ਸਨ। ਸ਼ਾਇਦ ਉਹ ਆਪਣੇ ਖੁੱਲ੍ਹੇ ਹੋਏ ਬੰਕੇ ਲੋਇਣਾਂ ਦਾ ਵਾਸਤਾ ਪਾ ਕੇ ਵੇਖਣ ਵਾਲਿਆਂ ਤੋਂ ਅਜੇ ਵੀ ਆਪਣੇ ਲਈ ਤਰਸ ਦੀ ਭਿੱਖਿਆ ਦੀ ਮੰਗ ਰਹੀਆਂ ਸਨ।
ਪਿਓ-ਪੁੱਤ ਨੂੰ ਕਤਲ ਕਰਕੇ ਉਨ੍ਹਾਂ ਦੇ ਸਿਰ ਨੇਜਿਆਂ ਉੱਪਰ ਟੰਗ ਕੇ ਜਦੋਂ ਸੰਧਾਵਾਲੀਏ ਸਰਦਾਰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਦੀਆਂ ਫੌਜਾਂ ਨੇ ਕਿਲ੍ਹੇ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ। ਸੰਧਾਵਾਲੀਆ ਸਰਦਾਰਾਂ ਨੇ ਵਜ਼ੀਰ ਧਿਆਨ ਸਿੰਘ ਜੋ ਕਿ ਇਸ ਸਾਜਿਸ਼ ਦਾ ਹਿੱਸਾ ਸੀ ਉਸ ਨੂੰ ਵੀ ਕਤਲ ਕਰ ਦਿੱਤਾ। ਜਦੋਂ ਇੱਕ ਦਿਨ ਵਿੱਚ ਲਾਹੌਰ ਦਰਬਾਰ ਦੇ ਮਹਾਰਾਜੇ, ਸ਼ਹਿਜ਼ਾਦੇ ਅਤੇ ਵਜ਼ੀਰ ਸਮੇਤ ਕਈ ਹੋਰ ਸਰਦਾਰਾਂ ਦੇ ਕਤਲ ਹੋ ਗਏ ਤਾਂ ਖ਼ਾਲਸਾ ਫੌਜ਼ਾਂ ਨੂੰ ਅੰਤਾਂ ਦਾ ਗੁੱਸਾ ਆ ਗਿਆ। ਸ਼ਾਮ ਪੈਣ ਤੱਕ 40000 ਖ਼ਾਲਸਾ ਫੌਜਾਂ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ ਅਤੇ ਕੁਝ ਘੰਟਿਆਂ ਵਿੱਚ ਵੀ ਘੇਰਾਬੰਦੀ ਤੋੜ ਕੇ ਖ਼ਾਲਸਾ ਫੌਜਾਂ ਕਿਲ੍ਹੇ ਅੰਦਰ ਦਾਖਲ ਹੋਈਆਂ ਅਤੇ ਸੰਧਾਵਾਲੀਆ ਸਰਦਾਰਾਂ ਨੂੰ ਕੀਤੀ ਦਾ ਫ਼ਲ ਦਿੰਦਿਆਂ ਉਨ੍ਹਾਂ ਦੇ ਵੀ ਸਿਰ ਵੱਢ ਕੇ ਬਦਲਾ ਲੈ ਲਿਆ।
ਅਗਲੇ ਦਿਨ 16 ਸਤੰਬਰ ਨੂੰ ਸ਼ਾਹਬਲੋਲ ਦੀ ਵਲਗਣ ਵਿੱਚ ਮਹਾਰਾਜਾ ਸ਼ੇਰ ਸਿੰਘ ਤੇ ਸ਼ਹਿਜ਼ਾਦਾ ਪ੍ਰਤਾਪ ਸਿੰਘ ਦੀਆਂ ਲਾਸ਼ਾਂ ਨੂੰ ਇਕੋ ਅੰਗੀਠੇ ਵਿੱਚ ਸਸਕਾਰਿਆ ਗਿਆ। ਮਹਾਰਾਜਾ ਸ਼ੇਰ ਸਿੰਘ ਤੇ ਸ਼ਹਿਜ਼ਾਦਾ ਪ੍ਰਤਾਪ ਸਿੰਘ ਦੇ ਸੀਸ ਵੀ ਕਿਲ੍ਹੇ ਵਿਚੋਂ ਮਿਲ ਗਏ ਸਨ ਜੋ ਦੋਵਾਂ ਦੇ ਨਾਲ ਹੀ ਅੰਗੀਠੇ ਵਿਚ ਸਸਕਾਰੇ ਗਏ।
ਇਸ ਤਰਾਂ 15 ਸਤੰਬਰ 1843 ਦਾ ਇਹ ਦਿਨ ਖ਼ਾਲਸਾ ਰਾਜ ਦਾ ਕਾਲਾ ਦਿਨ ਹੋ ਨਿਬੜਿਆ। ਮਾਹਾਰਾਜਾ ਸ਼ੇਰ ਸਿੰਘ ਜੋ ਬਟਾਲਾ ਸ਼ਹਿਰ ਵਿੱਚ ਜੰਮਿਆ, ਪਲਿਆ ਸੀ ਅਤੇ ਲਾਹੌਰ ਦਰਬਾਰ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਤੱਕ ਬਟਾਲਾ ਦਾ ਹੁਕਮਰਾਨ ਸੀ ਦਾ ਕਤਲ ਹੋ ਜਾਣਾ ਪੂਰੇ ਖ਼ਾਲਸਾ ਰਾਜ ਲਈ ਬਹੁਤ ਦੁੱਖਦਾਈ ਸੀ। ਜੇਕਰ ਮਹਾਰਾਜਾ ਸ਼ੇਰ ਸਿੰਘ ਅਤੇ ਉਸਦੇ ਸ਼ਹਿਜ਼ਾਦੇ ਦਾ ਕਤਲ ਨਾ ਹੁੰਦਾ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ। ਮਹਾਰਾਜਾ ਸ਼ੇਰ ਸਿੰਘ ਦੇ ਆਖਰੀ ਬੋਲ ‘ਇਹ ਕੀ ਦਗ਼ਾ ਹੈ….?’ ਹਮੇਸ਼ਾਂ ਹੀ ਕੌਮ ਨੂੰ ਸਵਾਲ ਕਰਦੇ ਰਹਿਣਗੇ।
-
ਇੰਦਰਜੀਤ ਸਿੰਘ ਹਰਪੁਰਾ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ
isbajwapro@gmail.com
98155 77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.