ਸਿੱਖ ਜਗਤ 2022 ਵਿਚ ਸਿੱਖਾਂ ਦੀ ਪੁਨਰ ਸੁਰਜੀਤੀ ਲਹਿਰ ਵਜੋਂ ਜਾਣੀ ਜਾਂਦੀ 'ਸਿੰਘ ਸਭਾ ਲਹਿਰ' ਦਾ150ਵਾਂ ਵਰ੍ਹਾ ਉਚੇਚੇ ਤੌਰ 'ਤੇ ਮਨਾ ਰਿਹਾ ਹੈ। ਇਸ ਸਬੰਧ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਵੱਲੋਂ 21-23 ਅਕਤੂਬਰ 2022 ਨੂੰ ਵੱਡੇ ਸਮਾਗਮ ਉਲੀਕੇ ਗਏ ਹਨ। ਇਹ ਸ਼ਲਾਘਾਯੋਗ ਉਪਰਾਲਾ ਹੈ ਅਤੇ ਦੇਸ਼ -ਵਿਦੇਸ਼ 'ਚੋਂ ਇਸ ਸੰਬੰਧੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਇਹ ਸ਼ਤਾਬਦੀ ਸਮਾਗਮ ਹੋ ਰਹੇ ਹਨ, ਉੱਥੇ ਸਿੰਘ ਸਭਾ ਲਹਿਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਹੋਰਨਾਂ ਚਿੰਤਕਾਂ, ਬੁੱਧੀਜੀਵੀਆਂ ਅਤੇ ਸੁਧਾਰਕਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ।
ਗਿਆਨੀ ਦਿੱਤ ਸਿੰਘ ਚਾਹੇ ਸਿੰਘ ਸਭਾ ਲਹਿਰ ਦੇ ਆਰੰਭ ਹੋਣ ਮਗਰੋਂ ਇਸ ਵਿੱਚ ਸ਼ਾਮਲ ਹੋਏ ਸਨ, ਪਰ ਜਲਦੀ ਹੀ ਇਸ ਦੇ ਪ੍ਰਮੁੱਖ ਚਿੰਤਕ ਹੋ ਨਿੱਬੜੇ ਸਨ। ਆਪ ਜੀ ਦਾ ਜਨਮ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਗ਼ਰੀਬ ਅਤੇ ਅਖੌਤੀ ਅਛੂਤ ਜੁਲਾਹਾ (ਮਨੂ ਸਮ੍ਰਿਤੀ ਅਨੁਸਾਰ) ਪਰਿਵਾਰ ਵਿੱਚ 21 ਅਪ੍ਰੈਲ 1853 ਆਨੰਦਪੁਰ ਕਲੌੜ ਰਿਆਸਤ ਪਟਿਆਲਾ, ਅੱਜਕੱਲ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੋਇਆ। ਪੜ੍ਹਨ ਦੇ ਸ਼ੌਕ ਕਾਰਨ ਆਪ ਨੌੰ ਸਾਲ ਦੀ ਉਮਰ ਵਿੱਚ ਹੀ ਘਰ-ਬਾਰ ਛੱਡ ਕੇ ਗੁਰਬਖ਼ਸ਼ ਸਿੰਘ ਗੁਲਾਬਦਾਸੀਏ ਕੋਲ ਅੰਬਾਲਾ ਪਹੁੰਚੇ ਅਤੇ ਵੇਦਾਂਤ, ਪਿੰਗਲ ਅਤੇ ਹੋਰ ਧਰਮ ਗ੍ਰੰਥ ਪੜ੍ਹੇ। ਆਪ ਨੇ ਉਰਦੂ ਦੀ ਵਿੱਦਿਆ ਪਿੰਡ ਤਿਊੜ ਦੇ ਦਇਆ ਚੰਦ ਤੋਂ ਹਾਸਲ ਕੀਤੀ। ਸੋਲ਼ਾਂ ਸਾਲ ਦੀ ਉਮਰ ਤਕ ਆਪ ਗੁਰੂ ਗ੍ਰੰਥ ਸਾਹਿਬ ਬਾਣੀ ਸਮੇਤ ਭਾਈ ਗੁਰਦਾਸ ਦੀਆਂ ਰਚਨਾਵਾਂ ਆਦਿ ਪੜ੍ਹ ਚੁੱਕੇ ਸਨ।
ਸਿੱਖ ਜਗਤ ਨੂੰ ਜਾਗਰੂਕ ਕਰਨ ਵਾਲੀ ਸਿੰਘ ਸਭਾ ਲਹਿਰ ਦੀ ਸਥਾਪਨਾ ਚਾਹੇ 1873 ਵਿੱਚ ਹੋ ਚੁੱਕੀ ਸੀ, ਪਰ ਪ੍ਰੋ ਗੁਰਮੁਖ ਸਿੰਘ ਦੀ ਪ੍ਰੇਰਨਾ ਨਾਲ ਸਿੰਘ ਸਭਾ ਲਹਿਰ 'ਚ ਸ਼ਾਮਲ ਹੋਏ ਗਿਆਨੀ ਦਿੱਤ ਸਿੰਘ ਨੇ ਲਹਿਰ ਨੂੰ ਪ੍ਰਚੰਡ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ।ਆਪ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਸਮੇਤ ਜਾਗਰੂਕ ਸਿੱਖਾਂ ਨੇ ਜੀਵਨ ਭਰ ਸਿੱਖ ਸਿਧਾਂਤਾਂ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ। ਗਿਆਨੀ ਦਿੱਤ ਸਿੰਘ ਨੇ ਸਿੱਖ ਸਿਧਾਂਤਾਂ ਨੂੰ ਬਿਆਨ ਕਰਦਿਆਂ, ਬਹੁਤ ਸਾਰੀਆਂ ਵਡਮੁੱਲੀਆਂ ਕਿਤਾਬਾਂ ਲਿਖੀਆਂ।
ਗਿਆਨੀ ਦਿੱਤ ਸਿੰਘ ਜੀ 'ਖ਼ਾਲਸਾ ਅਖ਼ਬਾਰ' ਲਾਹੌਰ ਦੇ ਸੰਪਾਦਕ ਰਹੇ ਅਤੇ ਅਖਬਾਰ ਜ਼ਰੀਏ ਲੋਕਾਂ ਨੂੰ ਅੰਧ-ਵਿਸ਼ਵਾਸ, ਜਾਦੂ- ਟੂਣੇ, ਫੋਕਟ ਕਰਮ-ਕਾਂਡ ਤੋਂ ਸੁਚੇਤ ਕੀਤਾ। ਆਪ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਮੈਂਬਰ ਵੀ ਬਣੇ। ਇਨ੍ਹਾਂ ਪੱਖਾਂ ਤੋਂ ਇਲਾਵਾ ਹੋਰਨਾਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚ ਗਿਆਨੀ ਦਿੱਤ ਸਿੰਘ ਦੀ ਹੋਰ ਵੀ ਵਡਮੁੱਲੀ ਦੇਣ ਹੈ ਕਿ ਦਰਬਾਰ ਸਾਹਿਬ ਵਿਖੇ ਅਖੌਤੀ ਬਾਬੇ ਖੇਮ ਸਿੰਘ ਬੇਦੀ ਦੀ ਗੁਰੂ ਸਾਹਿਬ ਬਰਾਬਰ ਲਗਾਈ ਗੱਦੀ ਹਟਾਉਣ, ਜਾਤ -ਪਾਤ ਅਤੇ ਊਚ- ਨੀਚ ਦੇ ਸਿੱਖ ਸਮਾਜ 'ਚ ਵੀ ਵਿਤਕਰੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉੱਠਾਉਣ ਸਮੇਤ ਅਨੇਕਾਂ ਖੇਤਰਾਂ ਵਿੱਚ ਗਿਆਨੀ ਸਿੰਘ ਜੀ ਦੇ ਇਤਿਹਾਸਕ ਭੂਮਿਕਾ ਰਹੀ। ਆਪ 6 ਸਤੰਬਰ 1901 ਨੂੰ ਸੰਸਾਰ ਤੋਂ ਕੂਚ ਕਰ ਗਏ।
ਗਿਆਨੀ ਦਿੱਤ ਸਿੰਘ ਦੇ ਜੀਵਨ ਦਾ ਇਹ ਵੀ ਇਤਿਹਾਸਕ ਪੱਖ ਹੈ ਕਿ ਉਹ ਸੰਨ 1877 ਵਿਚ ਭਾਈ ਜਵਾਹਰ ਸਿੰਘ ਕਪੂਰ ਦੇ ਨਾਲ ਆਰੀਆ ਸਮਾਜ ਦੇ ਆਗੂ ਦਿਯਾ ਨੰਦ ਨੂੰ ਕਈ ਵਾਰ ਮਿਲੇ , ਪਰ ਜਦੋਂ ਉਨ੍ਹਾਂ ਆਰੀਆ ਸਮਾਜੀ ਆਗੂ ਅੰਦਰ ਰੱਬੀ ਸਿਧਾਂਤ ਬਾਰੇ ਗ਼ਲਤ ਸੋਚ, ਹਿੰਦੂਤਵ ਦੀ ਕੱਟੜਤਾ, ਸ਼ੁੱਧੀ ਲਹਿਰ ਦਾ ਪਾਖੰਡ ਤੇ ਸਿੱਖਾਂ ਪ੍ਰਤੀ ਨਫ਼ਰਤ ਮਹਿਸੂਸ ਕੀਤੀ ਅਤੇ ਗੁਰੂਆਂ ਬਾਰੇ ਅਪਮਾਨਜਨਕ ਸ਼ਬਦਾਵਲੀ ਸੁਣੀ, ਤਾਂ ਗਿਆਨੀ ਦਿੱਤ ਸਿੰਘ ਨੇ ਨਾ ਸਿਰਫ਼ ਆਰੀਆ ਸਮਾਜ ਦੀ ਨਿਖੇਧੀ ਹੀ ਕੀਤੀ, ਬਲਕਿ ਦਿਯਾ ਨੰਦ ਦੀ ਅਸਲੀਅਤ ਨੂੰ ਜੱਗ ਜ਼ਾਹਰ ਕਰਦਿਆਂ, ਸਿੱਖ ਧਰਮ ਪ੍ਰਤੀ ਆਰੀਆ ਸਮਾਜੀਆਂ ਦੀ ਗ਼ਲਤ ਪਹੁੰਚ ਨੂੰ ਚੁਣੌਤੀ ਵੀ ਦਿੱਤੀ।
ਇਨ੍ਹਾਂ ਸਮੂਹ ਪੱਖਾਂ ਬਾਰੇ ਗਿਆਨੀ ਦਿੱਤ ਸਿੰਘ ਨੇ 'ਮੇਰਾ ਤੇ ਸਾਧੂ ਦਿਯਾ ਨੰਦ ਦਾ ਸੰਬਾਦ' (1877) ਕਿਤਾਬ ਲਿਖੀ। ਗਿਆਨੀ ਦਿੱਤ ਸਿੰਘ ਨੇ ਆਰੀਆ ਸਮਾਜ ਦੇ ਆਗੂ ਦਿਯਾ ਨੰਦ ਨੂੰ ਵੱਖ- ਵੱਖ ਸੰਵਾਦਾਂ ਦੌਰਾਨ ਹਾਰ ਦਿੱਤੀ ਅਤੇ ਉਸ ਦੇ ਪਾਖੰਡ ਨੂੰ ਜੱਗ ਜ਼ਾਹਰ ਕੀਤਾ। ਕੁਝ ਵਿਦਵਾਨ ਗਿਆਨੀ ਦਿੱਤ ਸਿੰਘ ਨੂੰ ਮੁੱਢਲੇ ਜੀਵਨ ਵਿਚ ਆਰੀਆ ਸਮਾਜੀ ਵੀ ਦੱਸਦੇ ਹਨ, ਜੋ ਕਿ ਗ਼ਲਤ ਹੈ। ਗਿਆਨੀ ਦਿੱਤ ਸਿੰਘ ਕਦੇ ਵੀ ਆਰੀਆ ਸਮਾਜ ਵਿਚ ਸ਼ਾਮਲ ਨਹੀਂ ਸਨ ਹੋਏ। ਇੱਥੇ ਜ਼ਿਕਰਯੋਗ ਹੈ ਕਿ ਸਾਧੂ ਦਿਯਾ ਨੰਦ ਨੇ ਸਤਿਆਰਥ ਪ੍ਰਕਾਸ਼ ਵਿੱਚ ਅਪਮਾਨਿਤ ਸ਼ਬਦ ਲਿਖੇ ਸਨ;
'ਨਾਨਕ ਸ਼ਾਹ ਫਕੀਰ ਨੇ ਨਿਯਾ ਚਲਾਇਆ ਪੰਥ।
ਇਧਰ ਉਧਰ ਸੇ ਜੋੜ ਕਰ ਲਿਖ ਡਾਲਾ ਇੱਕ ਗ੍ਰੰਥ।'
ਅੱਜ ਸਿੰਘ ਸਭਾ ਲਹਿਰ ਦੀ ਸ਼ਤਾਬਦੀ ਅਤੇ ਗਿਆਨੀ ਜੀ ਦੀ ਯਾਦ ਮਨਾਉਂਦੇ ਹੋਏ, ਉਨ੍ਹਾਂ ਦੁਆਰਾ ਦਿਯਾ ਨੰਦ ਦੇ ਗੁਰੂ ਸਾਹਿਬ ਖਿਲਾਫ ਕੀਤੇ ਭੰਡੀ ਪ੍ਰਚਾਰ ਨੂੰ ਰੱਦ ਕਰਨ ਲਈ ਅਜਿਹੇ ਅਪਮਾਨਜਨਕ ਸ਼ਬਦ ਹਮੇਸ਼ਾ ਵਾਸਤੇ ਰੱਦ ਕੀਤੇ ਜਾਣ ਲਈ ਜ਼ੋਰਦਾਰ ਆਵਾਜ਼ ਉਠਾਉਣ ਦੀ ਲੋੜ ਹੈ। ਸਾਧੂ ਦਿਯਾ ਨੰਦ ਨੇ ਗੁਰੂ ਨਾਨਕ ਦੇਵ ਜੀ ਸਬੰਧੀ ਜੋ ਸ਼ਬਦ 'ਸਤਿਆਰਥ ਪ੍ਰਕਾਸ਼' ਵਿੱਚ ਲਿਖੇ ਹਨ, ਉਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਨ ਲਈ ਇੱਕਮੁੱਠ ਹੋਵੇ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਆਰੀਆ ਸਮਾਜ ਦੀ ਅਖੌਤੀ ਲਿਖਤ ਵਿੱਚੋਂ ਰੱਦ ਕੀਤਾ ਕੀਤਾ ਜਾਏ। ਇਸ ਉੱਦਮ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਜਾਏ।
ਲਿਖਤੀ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਹੋਰ ਸੰਸਥਾਵਾਂ ਤੋਂ ਵੀ ਜ਼ੋਰਦਾਰ ਕਦਮ ਉਠਾਉਣ ਦੀ ਮੰਗ ਕੀਤੀ ਜਾਵੇ, ਜੋ ਕਿ ਸੌੜੇ ਸਿਆਸੀ ਕਾਰਨਾਂ ਕਰਕੇ ਅਤੇ ਮਨੂੰਵਾਦੀ ਤੇ ਸਨਾਤਨੀ ਪ੍ਰਭਾਵ ਹੇਠ ਸਿੱਖ ਵਿਰੋਧੀ ਤਾਕਤਾਂ ਪ੍ਰਤੀ ਠੋਸ ਕਦਮ ਉਠਾਉਣ ਤੋਂ ਕੰਨੀ ਕਤਰਾਉਂਦੀਆਂ ਆ ਰਹੀਆਂ ਹਨ। ਅੱਜ ਡੇਢ ਸੌ ਸਾਲ ਬੀਤਣ ਮਗਰੋਂ ਇੱਕ ਵਾਰ ਫੇਰ ਸਿੰਘ ਸਭਾ ਲਹਿਰ ਪੁਨਰ ਸੁਰਜੀਤ ਕਰਨ ਅਤੇ ਸਿੱਖ ਵਿਰੋਧੀ ਤਾਕਤਾਂ ਖਿਲਾਫ਼ ਡਟਣ ਲਈ ਅਜਿਹੇ ਉੱਦਮ ਦੀ ਸਖ਼ਤ ਜ਼ਰੂਰਤ ਹੈ। ਇਹ ਉਪਰਾਲਾ ਹੀ, ਕਲਮ ਦੇ ਧਨੀ ਅਤੇ ਸਿੰਘ ਸਭਾ ਲਹਿਰ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਨੂੰ ਯਾਦ ਕਰਦਿਆਂ, ਸੱਚੀ ਸ਼ਰਧਾਂਜਲੀ ਹੋਵੇਗੀ।
ਆਓ, ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਨੂੰ ਚੇਤਨਾ ਵਰ੍ਹੇ ਵਜੋਂ ਮਨਾਈਏ ਅਤੇ ਸਿੱਖ ਸਮਾਜ ਵਿਚ ਦਿਨੋ-ਦਿਨ ਵਿੱਚ ਵਧ ਰਹੇ ਜਾਤ- ਪਾਤ, ਪਾਖੰਡ, ਗੁਰੂ ਡੰਮ, ਭਗਵੇਂਕਰਨ, ਮਨੂੰਵਾਦ ਅਤੇ ਸਰਕਾਰਪ੍ਰਸਤੀ ਆਦਿ ਦੇ ਕੋਹੜ ਨੂੰ ਖਤਮ ਕਰਕੇ ਸਿੱਖ ਸਿਧਾਂਤ ਨੂੰ ਪ੍ਰਮੁੱਖਤਾ ਨਾਲ ਅਪਣਾਈਏ। ਇਹ ਸਾਡੀਆਂ ਸ਼ਤਾਬਦੀਆਂ ਮਨਾਉਣ ਦਾ ਸਹੀ ਮੰਤਵ ਹੋਣਾ ਚਾਹੀਦਾ ਹੈ।
-
ਡਾ ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ ਐਬਟਸਫੋਰਡ, ਬੀ ਸੀ ਕੈਨੇਡਾ
singhnewscanada@gmail.com
**********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.