ਪੰਜ ਸਤੰਬਰ ਨੂੰ ਸਾਡੇ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ , ਇਸ ਦਿਨ ਭਾਰਤ ਦੇ ਦੂਸਰੇ ਰਾਸਟਰਪਤੀ ਸਰਵਪੱਲੀ ਰਾਧਾ ਕਿ੍ਸ਼ਨਨ ਦਾ ਜਨਮ ਦਿਹਾੜਾ ਹੁੰਦਾ ਹੈ , ਪਰ ਅਧਿਆਪਕ ਦਿਵਸ ਪੰਜ ਸਿਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ, ਕਿਉਂਕਿ ਜਦੋਂ ਉਹ ਰਾਸਟਰਪਤੀ ਬਣੇ ਤਾਂ ਉਹਨਾਂ ਦੇ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਚਾਹਿਆ, ਪਰ ਉਹਨਾਂ ਕਿਹਾ ਕਿ ਇਹ ਮੇਰੇ ਲਈ ਬਹੁਤ ਫਖ਼ਰ ਵਾਲੀ ਗੱਲ ਹੋਵੇਗੀ, ਜੇਕਰ ਤੁਸੀਂ ਇਸ ਦਿਨ ਨੂੰ ਅਧਿਆਪਕ ਦਿਵਸ ਵੱਜੋਂ ਮਨਾਉ , ਅਧਿਆਪਕ ਇੱਕ ਚਾਨਣ ਮੁਨਾਰਾ ਹੈ, ਜਿਸਦੇ ਉੱਤੇ ਚੰਗੇ ਸਮਾਜ ਨੂੰ ਸਿਰਜਣ ਦੀ ਜਿੰਮੇਵਾਰੀ ਹੁੰਦੀ ਹੈ , ਉਸ ਦਿਨ ਤੋਂ ਹੀ ਉਨ੍ਹਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ
ਅਧਿਆਪਕ ਕਹਿ ਲਉ, ਗੁਰੂ ਜਾਂ ਫ਼ਿਰ ਉਸਤਾਦ ਕਹਿ ਲਉ, ਇਹ ਅਜਿਹੇ ਅਲਫ਼ਾਜ਼ ਹਨ ਜਿਸਦੇ ਧਿਆਨ ਵਿੱਚ ਆਉਂਦੇ ਹੀ ਕਿਸੇ ਰਾਹ ਦਸੇਰੇ ਇਨਸਾਨ ਦਾ ਅਕਸ ਸਾਡੀਆਂ ਅੱਖਾਂ ਸਾਮ੍ਹਣੇ ਆ ਜਾਂਦਾ ਹੈ , ਮਨੁੱਖ ਦੇ ਵਿਕਾਸ ਲਈ ਵੱਖ ਵੱਖ ਪੜਾਵਾਂ ਤੇ ਅਲੱਗ ਅਲੱਗ ਗੁਰੂ ਅਪਣਾ ਰੋਲ ਅਦਾ ਕਰਦੇ ਹਨ, ਸਿਰਫ਼ ਕਿਤਾਬੀ ਸਿਖਿਆ ਦੇਣ ਵਾਲੇ ਨੂੰ ਹੀ ਅਧਿਆਪਕ ਨਹੀਂ ਕਿਹਾ ਜਾਂਦਾ ਸਗੋਂ ਜਨਮ ਲੈਣ ਤੋਂ ਬਾਦ ਪਹਿਲਾ ਗੁਰੂ ਸਾਡੀ ਮਾਂ ਹੁੰਦੀ ਹੈ, ਜੋ ਕਿ ਸਾਨੂੰ ਉਠਣ ਬੈਠਣ ਚੱਲਣ ਫਿਰਨ ਤੋਂ ਲੈਕੇ ਜਿੰਦਗੀ ਦੇ ਖੱਟੇ ਮਿੱਠੇ ਅਨੁਭਵਾਂ ਨਾਲ ਸਿੱਝਣਾ ਸਿਖਾਉਂਦੀ ਹੈ , ਥੋੜੀ ਬਹੁਤੀ ਸੋਝੀ ਆਉਣ ਤੋਂ ਬਾਦ ਵੱਡੇ ਭੈਣ ਭਰਾ ਤੇ ਪਿਤਾ ਸੁਭਾਵਿਕ ਤੌਰ ਤੇ ਹੀ ਸਮਾਜ ਵਿੱਚ ਵਿਚਰਨ ਦਾ ਵੱਲ ਸਿਖਾਉਂਦੇ ਹਨ
ਸਕੂਲ ਵਿੱਚ ਬੱਚੇ ਦੀ ਬਾਂਹ ਫ਼ੜਨ ਦਾ ਸੁਭਾਗ ਅਧਿਆਪਕ ਨੂੰ ਮਿਲਦਾ ਹੈ ਤੇ ਮਾਪੇ ਵੀ ਅਪਣੇ ਜਾਨ ਤੋਂ ਪਿਆਰੇ ਬੱਚਿਆਂ ਨੂੰ ਅਧਿਆਪਕ ਦੇ ਹਵਾਲੇ ਕਰ ਦਿੰਦੇ ਹਨ , ਉਹ ਸਿਰਫ਼ ਉਨ੍ਹਾਂ ਨੂੰ ਪੜਨਾ ਲਿਖਣਾ ਹੀ ਨਹੀਂ ਸਿਖਾਉਂਦੇ ਸਗੋਂ ਉਹ ਬਚਪਨ ਦੀ ਗਿੱਲੀ ਮਿੱਟੀ ਉੱਤੇ ਚੰਗੇ ਸਮਾਜ ਦੀ ਸਿਰਜਣਾ ਦੇ ਅੱਖਰ ਵੀ ਉਲੀਕ ਰਹੇ ਹੁੰਦੇ ਹਨ , ਕਿਸੇ ਵੀ ਦੇਸ਼ ਦੀ ਤਰੱਕੀ ਦੇ ਜਿੰਮੇਵਾਰ ਉਸ ਦੇ ਬਸ਼ਿੰਦੇ ਹੋਇਆ ਕਰਦੇੇ ਹਨ , ਜਿੰਨੇ ਪੜੇ ਲਿਖੇ, ਸੁਘੜ ਸਿਆਣੇ ਨਾਗਰਿਕ ਹੋਣਗੇ, ਓਨਾ ਹੀ ਉਹ ਦੇਸ ਤਰੱਕੀ ਦੀ ਰਾਹ ਤੇ ਹੋਵੇਗਾ ਤੇ ਇਹ ਇੰਨੀ ਵੱਡੀ ਜਿੰਮੇਵਾਰੀ ਅਧਿਆਪਕ ਦੇ ਸਿਰ ਤੇ ਹੀ ਹੈ
ਮੈਂ ਅਪਣੇ ਨਿੱਜੀ ਅਨੁਭਵ ਦੇ ਅਨੁਸਾਰ ਮਹਿਸੂਸ ਕਰਦੀ ਹਾਂ ਕਿ ਇੱਕ ਅਧਿਆਪਕ ਮਮਤਾ ਦੀ ਮੂਰਤ ਹੋਣਾ ਚਾਹੀਦਾ ਹੈ, ਜੇਕਰ ਉਹ ਬੱਚਿਆਂ ਲਈ ਮਮਤਾ ਭਰੀ ਨਜ਼ਰ ਨਹੀਂ ਰੱਖਦਾ ਤਾਂ ਉਹ ਕੁਝ ਵੀ ਹੋ ਸਕਦਾ ਹੈ ਪਰ ਚੰਗਾ ਅਧਿਆਪਕ ਨਹੀਂ ਹੋ ਸਕਦਾ , ਉਹ ਇੱਕ ਚੰਗਾ ਮਿੱਤਰ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਹਰ ਰਾਜ ਦਾ ਰਾਜ ਦਾਰ ਵੀ ਹੁੰਦਾ ਹੈ , ਚੰਗੇ ਅਧਿਆਪਕ ਕੋਲ ਬੱਚੇ ਅਪਣਾ ਦਿਲ ਫਰੋਲਣਾ ਵੀ ਗੁਰੇਜ਼ ਨਹੀਂ ਕਰਦੇ , ਬੱਚਿਆਂ ਦੀ ਅੱਖ ਪਹਿਚਾਣਨ ਵਿੱਚ ਵੀ ਅਧਿਆਪਕ ਮਾਹਿਰ ਹੁੰਦਾ ਹੈ , ਕਿਸ ਬੱਚੇ ਵਿੱਚ ਕਿਹੜਾ ਗੁਣ ਹੈ ਅਧਿਆਪਕ ਤੋਂ ਵਧ ਕੋਈ ਨਹੀਂ ਵੇਖ ਸਕਦਾ, ਉਹ ਕਦੇ ਵੀ ਗੋਲ ਸੁਰਾਖ ਵਿੱਚ ਚੌਰਸ ਪੇਚ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਬਲਕਿ ਉਸਨੂੰ ਬਿਨਾ ਦੱਸੇ ਉਸਨੂੰ ਪਰਖਦਾ ਹੈ ਤੇਉਸ ਦੀ ਯੋਗਤਾ ਅਨੁਸਾਰ ਉਸ ਰਾਹ ਤੇ ਤੋਰ ਦਿੰਦਾ ਹੈ ,
ਸੋ ਮੇਰੇ ਅਧਿਆਪਕ ਸਾਥਿਉ, ਜੇ ਇਹ ਗੁਣ ਤੁਹਾਡੇ ਵਿੱਚ ਹਨ ਤਾਂ ਤੁਹਾਡੇ ਜਿਹਾ ਕੋਈ ਨਹੀਂ , ਮੇਰਾ ਤੁਹਾਨੂੰ ਦਿਲੋਂ ਪ੍ਰਣਾਮ , ਜੇਕਰ ਕਿਸੇ ਵਿੱਚ ਇਹ ਖੂਬੀਆਂ ਨਹੀਂ ਹਨ, ਤਾਂ ਪਿਆਰੇ ਸਾਥਿਉ ਆਉ ਆਪਾਂ ਅਜਿਹਾ ਬਣਕੇ ਵਿਖਾਇਐ , ਹਾਂ ਸੱਚ ਬੱਚਿਆਂ ਨੂੰ ਨਾਕਾਰਾਤਮਕ ਕਮੈੰਟ ਦੇਣ ਤੋਂ ਗੁਰੇਜ਼ ਕਰਨਾ
-
ਸੁਰਿੰਦਰ ਜੋਸ਼ੀ ਅੱਤਰੀ,
voyageskyline@gmail.com
9855640068
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.