ਪੰਜਾਬੀ ਸ਼ਾਇਰ ਮੋਹਨ ਗਿੱਲ ਬਹੁਤ ਹੀ ਨਿੱਘਾ ਮਿਲਾਪੜਾ ਸੁਗੜ ਸਿਆਣਾ ਇਨਸਾਨ ਹੀ ਨਹੀਂ ਉਹ ਬਹੁਤ ਵਧੀਆ ਕਵੀ, ਵਿਅੰਗਕਾਰ, ਵਾਰਤਕਕਾਰ , ਸੰਪਾਦਕ ਅਤੇ ਵਧੀਆ ਮੰਚ ਸੰਚਾਲਕ ਵੀ ਹੈ। ਗਿੱਲ ਸਾਹਿਬ ਲੁਧਿਆਣਾ ਜਿਲੇ ਦੇ ਪਿੰਡ ਡੇਹਲੋਂ ਦੇ ਹਨ ਜੋ ਹੁਣ ਪਿਛਲੇ ਪੰਨਤਾਲੀ ਸਾਲਾਂ ਤੋਂ ਕੈਨੇਡਾ ਬੀ ਸੀ ਰਹਿ ਰਹੇ ਹਨ। ਉਨ੍ਹਾ ਹੁਣ ਤੱਕ ਪੰਜ ਕਾਵਿ ਸੰਗ੍ਰਹਿ, ਤਿੰਨ ਵਿਅੰਗ ਸੰਗ੍ਰਹਿ, ਦੋ ਵਾਰਤਕ, ਤਿੰਨ ਸੰਪਾਦਕ ਪੁਸਤਕਾਂ ਦੀ ਸਿਰਜਣਾ ਤੋਂ ਬਾਦ ਇਕ ਖੰਡ ਕਾਵਿ 'ਇਕ ਹੋਰ ਮਹਾਂਭਾਰਤ’ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਇਸ ਸੰਗ੍ਰਹਿ ਵਿਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਅੰਦੋਲਨ ਨਾਲ ਸੰਬੰਧਤ ਵੱਖ -ਵੱਖ ਵੰਨਗੀ ਦੀਆਂ ਕਵਿਤਾਵਾਂ ਹਨ।
ਇੰਨਾਂ ਕਵਿਤਾਵਾਂ ਵਿਚ ਕਿਸਾਨੀ ਬਿਲਾਂ ਦੇ ਖਿਲਾਫ ਰੋਹ ਹੈ, ਵਿਦਰੋਹ ਹੈ, ਸੰਤਾਪ ਹੈ, ਪੀੜਾ ਹੈ, ਹੱਕਾਂ ਦੀ ਗੱਲ ਹੈ, ਲੋਕ ਏਕੇ ਦੀ , ਥਿੜਕੇ ਮੋਰਚੇ ਨੂੰ ਮੁੜ ਸੁਰਜੀਤ ਕਰਨ ਦੀ, ਗੱਲ ਕੀ ਕਿਸਾਨ ਸੰਯੁਕਤ ਮੋਰਚੇ ਦੇ ਹਰ ਦ੍ਰਿਸ਼ ਦੀ ਮੂੰਹ ਬੋਲਦੀ ਤਸਵੀਰ ਹੈ।
ਕੈਨੇਡਾ ਰਹਿੰਦੇ ਹੋਏ ਵੀ ਮੋਹਨ ਗਿੱਲ ਨੇ ਭਾਰਤੀ ਮਿੱਥ ਨੂੰ ਨਵੇਂ ਅਰਥ ਪ੍ਰਦਾਨ ਕੀਤੇ ਹਨ। ਉਸਨੇ ਮਿੱਥ ਦੀ ਪੁਨਰ ਸਿਰਜਣਾ ਕੀਤੀ ਹੈ। ਮਹਾਂਭਾਰਤ ਦੇ ਪਾਤਰਾਂ ਦੀ ਗੱਲ ਕਰਦਿਆਂ ਉਸਨੇ ਮੌਜੂਦਾ ਨਿਜ਼ਾਮ ਨੂੰ ਤਿੱਖੇ ਵਿਅੰਗ ਨਾਲ ਭੰਡਿਆ ਹੈ। ਝੂਠ ਅਤੇ ਸੱਚ ਦੀ ਲੜਾਈ ਵਿਚ ਉਹ ਝੂਠ ਨਾਲ ਨਹੀਂ ਸਗੋਂ ਸੱਚ ਨਾਲ ਡਟ ਕੇ ਖੜਿਆ ਹੈ।
ਉਹ ਲਿਖਦਾ ਹੈ;
ਕ੍ਰਿਸ਼ਨ ਦੀ ਥਾਂ 'ਤੇ ਪੰਜ ਪਿਆਰੇ
ਅੱਜ ਦੇ ਪੰਜ ਪਾਂਡਵ;ਕਿਸਾਨਾਂ ਦੇ ਆਗੂ
ਬਣ ਸਾਰਥੀ ਉਚਾਰ ਰਹੇ ਨੇ
ਇੱਕੀਵੀ ਸਦੀ ਦੀ ਨਵੀਂ ਗੀਤਾ
ਉਹ ਆਪਣੀਆਂ ਕਵਿਤਾਵਾਂ ਵਿਚ ਥਾਂ ਪੁਰ ਥਾਂ ਲਿਖਦਾ ਹੈ ਕਿ ਕਿਸਾਨ ਅੱਤਵਾਦੀ ਨਹੀਂ ਨਾ ਹੀ ਉਹ ਹਸਤਨਾਪੁਰ ਜਿੱਤਣ ਆਏ ਹਨ, ਉਹ ਤਾਂ ਆਪਣਾ ਖਾਂਡਵਪ੍ਰਸਤ ਕਾਰਪੋਰੇਟ ਘਰਾਣਿਆ ਤੋਂ ਬਚਾਉਣ ਲਈ ਸੰਘਰਸ਼ ਕਰਦੇ ਹਨ। ਉਹ ਲਿਖਦਾ ਹੈ ਕਿ ਕਿਸਾਨ ਮੋਰਚਾ ਲਾਕਸ਼ਾਗ੍ਰਹਿ ਵਾਂਗ ਹੈ ਜਿਸ ਵਿੱਚ ਬੈਠ ਕੇ ਮੋਰਚਾ ਲਾਇਆ ਹੋਇਆ ਹੈ, ਜੋ ਸ਼ਾਂਤਮਈ ਹੈ।
ਲੇਖਕ ਇਕ ਥਾਂ ਲਿਖਦਾ ਹੈ;
ਪੈਰਾਂ ਹੇਠ ਰਹਿੰਦੀ ਗਰਭਵਤੀ ਮਿੱਟੀ
ਮਾਂ ਦਾ ਰੁਤਬਾ ਮੰਗਦੀ ਹੈ।
ਇਹ ਲਾਈਨਾਂ ਸਾਧਾਰਣ ਨਹੀਂ ਹਨ। ਅਜਿਹੀ ਗੱਲ ਨੂੰ ਕਵਿਤਾ ਵਰਗੀ ਸਿਨਫ ਚ ਲਿਖਣਾ ਬਹੁਤ ਵੱਡਾ ਪੈਰਾਡਾਇਮ ਹੈ ਜਿਸ ਦੁਆਲੇ ਕਿਸਾਨ ਅੰਦੋਲਨ ਉਸਰਿਆ ਹੋਇਆ ਹੈ।
ਸ਼ਾਇਰ ਲਿਖਦਾ ਹੈ ਕਿ ਹੁਣ ਮੰਜ਼ਿਲ ਦੂਰ ਨਹੀਂ, ਲੋਕ ਵਹੀਰਾ ਘੱਤ ਦੇਸ਼ਾਂ ਵਿਦੇਸ਼ਾਂ ਚੋਂ ਪਹੁੰਚ ਰਹੇ ਨੇ। ਉਦਾਹਰਣ ਪੇਸ਼ ਹੈ;
ਮੰਜ਼ਲ ਵੱਲ ਨੂੰ ਸਿਦਕ ਦੇ ਨਾਲ, ਤੁਰ ਪਿਆ ਹੈ ਕਾਫਲਾ
ਹਰ ਕਦਮ ਨਾਲ ਮੰਜ਼ਲ ਦਾ ਹੁਣ ਘਟ ਰਿਹਾ ਫਾਸਲਾ
ਆਪਣਾ ਬਣਦਾ ਹੱਕ ਲੈਣ ਲਈ ਕਿਸਾਨ ਅੰਦੋਲਨ ਕੇਵਲ ਪੰਜਾਬ ਨੂੰ ਹੀ ਨਹੀਂ ਸਗੋਂ ਹਰਿਆਣਾ, ਯੂ ਪੀ, ਊਡੀਸਾ, ਬੰਗਾਲ ਅਤੇ ਹੋਰ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਕਿਸਾਨ ਮਜ਼ਦੂਰ ਸ਼ਾਮਿਲ ਹੋਏ ਹਨ। ਅਸਲ ਵਿਚ ਤਾਂ ਜਨ ਅੰਦੋਲਨ ਹੀ ਬਣ ਗਿਆ ਸੀ। ਲੇਖਕ ਨੂੰ ਇਕ ਆਸ ਹੈ ਕਿ ਮੋਰਚਾ ਫਤਹਿ ਹੋ ਕੇ ਰਹੇਗਾ।ਭਾਵੇਂ ਇਹ ਪੁਸਤਕ ਮੋਰਚੇ ਦੀ ਸਫਲਤਾ ਤੋਂ ਪਹਿਲਾਂ ਮਿਤੀ 19ਫਰਵਰੀ2021 ਨੂੰ ਪ੍ਰਕਾਸ਼ਿਤ ਹੋ ਗਈ ਸੀ। ਕਿਉਂਕਿ ਅਜਿਹੀ ਲਾਮਬੰਦੀ ਲੋਕ ਘੋਲ ਦੀ ਪਹਿਲਾਂ ਕਦੇ ਵੀ ਨਹੀਂ ਹੋਈ ਸੀ। ਇਸ ਪਿੱਛੇ ਬਹੁਤ ਸਾਰੇ ਲੜੇ ਗਏ ਸਮੂਹਿਕ ਸੰਘਰਸ਼ਾਂ ਦੀਆਂ ਸਿੱਧੀਆਂ ਅਸਿੱਧੀਆਂ ਪ੍ਰਾਪਤੀਆਂ ਅਪ੍ਰਾਪਤੀਆਂ ਦਾ ਲੰਮਾਂ ਚੌੜਾ ਇਤਿਹਾਸ ਸੀ। ਜੋ ਮੌਜੂਦਾ ਸੰਘਰਸ਼ ਨੂੰ ਸੇਧ ਦੇ ਰਿਹਾ ਸੀ।
ਬਾਬੇ ਨਾਨਕ ਦੇ ਲੰਗਰ ਦੀ ਗੱਲ ,ਔਰਤਾਂ ਬਜ਼ੁਰਗਾਂ ਨੌਜਵਾਨਾਂ ਦਾ ਵੱਡੀ ਪੱਧਰ ਤੇ ਸੰਘਰਸ਼ ਵਿਚ ਸ਼ਾਮਿਲ ਹੋਣਾ ਤੇ ਅਨੁਸ਼ਾਸਨ ਵਿਚ ਰਹਿਣ ਬਾਰੇ ਲੇਖਕ ਨੇ ਆਪਣੀ ਕਵਿਤਾ ਵਿੱਚ ਕੀਤੀ ਹੈ।
ਔਰਤਾਂ ਪਿਛੋਂ ਖੇਤੀ ਦੀ ਰਾਖੀ ਕਰਦੀਆਂ,ਗੁਆਂਢੀ ਵੀ ਸਾਥ ਦਿੰਦੇ,ਦੁਸ਼ਮਣੀਆਂ ਭੁੱਲ ਗਈਆਂ ਸਨ। ਆਪਸੀ ਪਰਸਪਰ ਪਿਆਰ ਬਣ ਗਿਆ। ਇਸ ਤਰਾਂ ਦੀਆਂ ਬਹੁਤ ਉਦਾਹਰਣਾਂ ਇਸ ਪੁਸਤਕ ਵਿਚ ਹਨ
ਕਵੀ ਦੂਰ ਬੈਠਾ ਕਿਵੇਂ ਸੰਘਰਸ਼ ਵਿਚ ਸ਼ਾਮਿਲ ਹੋਇਆ। ਇਸ ਬਾਰੇ ਉਸ ਦਾ ਇਕ ਬੰਦ ਹਾਜ਼ਰ ਹੈ;
ਦੂਰ ਬੈਠੇ ਵੀ ਅਸੀਂ ਸੰਘਰਸ਼ ਵਿਚ ਸ਼ਾਮਿਲ ਰਹੇ
ਸਾਡੀ ਕਾਰਗੁਜ਼ਾਰੀ ਦੇ ਸਾਡੇ ਹੀ ਕੰਮ ਜਾਮਨ ਰਹੇ
ਰਾਤੀਂ ਸੁਫਨਿਆਂ ਦਿਨੇ ਸੋਚਾਂ ਦੇ ਵਿਚ ਲੜਦੇ ਰਹੇ
ਕਿਸਾਨ ਦਾ ਪੁੱਤ ਹੋਣ ਦਾ ਹੱਕ ਅਦਾ ਕਰਦੇ ਰਹੇ
ਇਹ ਹੀ ਨਹੀਂ ਮੋਹਨ ਗਿੱਲ ਨੇ ਤਾਂ ਸਿੰਘੂ ਬਾਰਡਰ ਤੇ ਚੱਲ ਰਹੇ ਅੰਦੋਲਨ ਨੂੰ ਤੀਰਥ ਵੀ ਕਿਹਾ ਹੈ।
ਸਿੰਘੂ ਬਾਰਡਰ ਤੇ ਜਾਣਾ ਅੱਜ ਕੱਲ੍ਹ ਤੀਰਥ ਹੋ ਗਿਆ
ਇਸ ਸੰਗ੍ਰਹਿ ਵਿਚ ਬੋਲੀਆਂ, ਜਾਗੋ ਅਤੇ ਹਾਇਕੂ ਨਾਂ ਹੇਠ ਵੀ ਲੇਖਕ ਨੇ ਆਪਣੀ ਪ੍ਰਤਿਭਾ ਦਾ ਸਬੂਤ ਪੇਸ਼ ਕੀਤਾ।
ਸਾਰੀ ਕਵਿਤਾ ਵਿਚ ਖੰਡ ਕਾਵਿ ਵਾਂਗ ਇਕ ਰਿਧਮ ਹੈ, ਰਵਾਨੀ ਹੈ ਕਵਿਤਾ ਵਹਿੰਦੀ ਤੁਰੀ ਜਾਂਦੀ ਹੈ। ਕਵੀ ਨੇ ਕੋਈ ਉਚੇਚ ਨਹੀਂ ਕੀਤਾ ਲਿਖਣ ਵੇਲੇ ਸਗੋਂ ਸਹਿਜ ਸੁਭਾਅ ਹੀ ਕਵਿਤਾ ਦਾ ਵੇਗ ਸ਼ਬਦ ਬਣ-ਬਣ ਅੱਗੇ ਆਉਂਦਾ ਰਿਹਾ।
ਮੇਰੀ ਜਾਚੇ ਹੁਣ ਤੱਕ ਸ਼ਿਵ ਕੁਮਾਰ ਬਟਾਲਵੀ ਨੇ ਇਕ ਖੰਡ ਕਾਵਿ ਮੈਂ ਤੇ ਮੈਂ ਲਿਖਿਆ, ਦੂਸਰਾ ਸੀ.ਮਾਰਕੰਡਾ ਨੇ ਤਲੀ ਤੇ ਅੱਗ ਸ਼ਾਇਦ ਤੀਸਰਾ ਮੋਹਨ ਗਿੱਲ ਦਾ ਇਕ ਮਹਾਂਭਾਰਤ ਹੋਰ ਹੈ।
ਕਿਉਂਕਿ ਖੰਡ ਕਾਵਿ ਵਿਚ ਵਿਸ਼ਾ ਇਕੋ ਹੀ ਹੁੰਦਾ ਹੈ ਪਰ ਪ੍ਰਸੰਗ ਵੱਖਰੇ ਹੋ ਸਕਦੇ ਹਨ। ਇਹ ਕਾਵਿ ਸੰਗ੍ਰਹਿ ਇਨ੍ਹਾਂ ਨੁਕਤਿਆਂ ਤੇ ਪੂਰਾ ਉਤਰਦਾ ਹੈ।
ਕਵੀ ਨੂੰ ਮਿਥ ਸਾਹਿਤ ਦੀ ਪੂਰੀ ਸਮਝ ਹੈ ਜਿਸ ਨੂੰ ਆਧਾਰ ਪਿੱਠਭੂਮੀ ਵਜੋਂ ਬਾਖੂਬੀ ਵਰਤਿਆ ਹੈ। ਉਹ ਕਿਸਾਨਾਂ ਦੇ ਮਾਨਸਿਕ ਸਤੱਰ ਤੇ ਪਹੁੰਚ ਮਨੋਵਿਗਿਆਨਕ ਸਰੋਕਾਰਾਂ ਦੀ ਸਮਝ ਰੱਖਦਾ ਹੈ। ਇਸੇ ਲਈ ਉਸ ਦੀਆਂ ਕਵਿਤਾਵਾਂ ਭਾਵਾਂ ਦੇ ਵੇਗ ਨਾਲ ਬਹੁਤ ਬਾਰੀਕੀ ਵਿਚ ਪਾਤਰਾਂ ਦੇ ਮਨੋਵਿਗਿਆਨ ਨੂੰ ਅਗਰਭੂਮਣ ਕੀਤਾ ਹੈ।
ਇਸ ਸੰਗ੍ਰਹਿ ਦਾ ਪੰਜਾਬੀ ਕਾਵਿ ਸਾਹਿਤ ਵਿਚ ਭਰਪੂਰ ਸੁਆਗਤ ਹੈ। ਇਹ ਆਉਣ ਵਾਲੇ ਸਮੇਂ ਵਿਚ ਇਕ ਦਸਤਾਵੇਜ ਵਾਂਗ ਦੇਖਣ ਦੇ ਯੋਗ ਹੈ।ਮੋਹਨ ਗਿੱਲ ਜੀ ਨੂੰ ਬਹੁਤ ਬਹੁਤ ਵਧਾਈ।
-
ਡਾ ਭੁਪਿੰਦਰ ਸਿੰਘ ਬੇਦੀ, ਲੇਖਕ
**********
9417061645
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.