ਬਾਬਾ ਬੂਝਾ ਸਿੰਘ ਇਨਕਲਾਬੀ ਦੇਸ਼ ਭਗਤ ਸੂਰਮੇ ਸਨ ਜੋ ਗਦਰ ਪਾਰਟੀ ਦੇ ਦੂਜੇ ਦੌਰ ਵਿੱਚ ਅਰਜਨਟਾਈਨਾ ਵਿਖੇ ਸਰਗਰਮ ਹੋਏ।
ਬਰਾਸਤਾ ਮਾਸਕੋ ਭਾਰਤ ਪਰਤ ਕੇ ਉਹ ਕਮਿਉਨਿਸਟ ਪਾਰਟੀ ਚ ਸ਼ਾਮਲ ਹੋਏ। ਪਾਰਟੀ ਨੀਤੀਆਂ ਨਾਲ ਅਸਹਿਮਤੀ ਕਾਰਨ ਤੇਜਾ ਸਿੰਘ ਸੁਤੰਤਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਲਾਲ ਕਮਿਉਨਿਸਟ ਪਾਰਟੀ ਬਣਾ ਲਈ। ਸਾਰੇ ਸਾਥੀ ਫਿਰ ਕਮਿਉਨਿਸਟ ਪਾਰਟੀ ਚ ਆ ਗਏ। ਨਵਾਂ ਸ਼ਹਿਰ ਦੇ ਬੰਗਾ ਨੇੜੇ ਪਿੰਡ ਚੱਕ ਮਾਈਦਾਸ ਦੇ ਜੰਮਪਲ ਬਾਬਾ ਬੂਝਾ ਸਿੰਘ ਨੂੰ ਜੁਝਾਰੂ ਲੋਕ ਨਾਇਕ ਦਾ ਨਾਮ ਕਰਨ ਕਰ ਲਈਏ ਤਾਂ ਇਹ ਅਤਿ ਕਥਨੀ ਨਹੀਂ।
1967 ਵਿੱਚ ਬਾਬਾ ਬੂਝਾ ਸਿੰਘ ਨਕਸਲਬਾੜੀ ਲਹਿਰ ਦੇ ਉਭਾਰ ਕਾਰਨ ਇਸ ਵਿੱਚ ਸ਼ਾਮਿਲ ਹੋ ਗਏ।
ਤਿੱਖੇ ਹਥਿਆਰਬੰਦ ਘੋਲ ਤੋ ਸਹਿਮੀ ਹਕੂਮਤ ਦੀਆ ਅੱਖਾਂ ਚ ਇਹ ਸੂਰਮੇ ਬਹੁਤ ਰੜਕਦੇ ਸਨ। ਬਾਬਾਬੂਝਾ ਸਿੰਘ ਨੂੰ ਪੁਲੀਸ ਨੇ ਨਗਰ(ਨੇੜੇ ਫਿਲੌਰ) ਤੋਂ
ਚੁੱਕਿਆ ਤੇ ਪਹਿਲਾਂ ਲਗ ਪਗ 80-82 ਸਾਲ ਦੇ ਬਾਬੇ ਤੇ ਫਿਲੌਰ ਵਿੱਚ ਡਾਢਾ ਤਸ਼ੱਦਦ ਕੀਤਾ। ਮਗਰੋਂ ਬੰਗਾ ਥਾਣੇ ਵਿੱਚ ਰਹਿੰਦੀ ਕਸਰ ਪੂਰੀ ਕੀਤੀ। ਉਸ ਵੇਲੇ ਦੇ ਅਖ਼ਬਾਰਾਂ ਮੁਤਾਬਕ ਨਵਾਂ ਸ਼ਹਿਰ ਚੰਡੀਗੜ੍ਹ ਸੜਕ ਤੇ ਇੱਕ ਉਜਾੜ ਪੁਲ ਵੇਖ ਕੇ ਪੁਲਿਸ ਮੁਕਾਬਲਾ ਵਿਖਾ ਦਿੱਤਾ। ਸੂਰਮਾ ਤਾਂ ਉਸੇ ਰਾਤ ਮਰ ਗਿਆ ਪਰ ਬਾਤਾਂ ਰਹਿੰਦੀ ਦੁਨੀਆਂ ਤੀਕ ਗੂੰਜਣਗੀਆਂ।
27-28 ਜੁਲਾਈ 1970 ਦੀ ਰਾਤ ਹਾਲੇ ਵੀ ਸ਼ਰਸਾਰ ਹੈ ਕਿ ਉਸ ਨੇ ਨਿਹੱਕਾ ਖ਼ੂਨ ਡੁੱਲਦਾ ਵੇਖਿਆ।
ਇਸ ਕਿਸਮ ਦੇ ਕਤਲੇਆਮ ਦੀ ਅੱਗੇ ਲੰਮੀ ਲੜੀ ਹੈ ਪਰ ਆਦਿ ਬਿੰਦੂ ਬਾਬਾ ਬੂਝਾ ਸਿੰਘ ਹੀ ਬਣੇ।
ਸਰਕਾਰੀ ਫਾਈਲਾਂ ਦੱਸਦੀਆਂ ਨੇ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਃ ਪਰਕਾਸ਼ ਸਿੰਘ ਬਾਦਲ ਸਨ।
ਨਵਾਂ ਸ਼ਹਿਰ ਵੱਸਦੇ ਪ੍ਰਬੁੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਬਾਬਾ ਬੂਝਾ ਸਿੰਘ ਜੀ ਦੇ ਜੀਵਨ ਤੇ ਘਾਲਣਾ ਬਾਰੇ ਮੁੱਲਵਾਨ ਪੁਸਤਕ
ਇੱਕ ਅਣਕਹੀ ਕਹਾਣੀਃ ਬਾਬਾ ਬੂਝਾ ਸਿੰਘ ਗਦਰ ਤੋਂ ਨਕਸਲਬਾੜੀ ਤੀਕ ਲਿਖੀ ਹੈ। ਇਹ ਕਿਤਾਬ ਅੰਗਰੇਜ਼ੀ ਚ ਵੀ ਅਨੁਵਾਦ ਹੋ ਚੁਕੀ ਹੈ।
ਮਾਨਸਾ ਵਿੱਚ ਉਨ੍ਹਾਂ ਦੀ ਯਾਦ ਵਿੱਚ ਬਾਬਾ ਬੂਝਾ ਸਿੰਘ ਭਵਨ ਬਣਾਇਆ ਗਿਆ ਹੈ। ਲਾਲ ਸਿੰਘ ਦਿਲ ਨੇ ਵੀ ਬਾਬੇ ਦੀ ਸ਼ਹਾਦਤ ਬਾਰੇ ਇੱਕ ਨਜ਼ਮ ਲਿਖੀ ਪਰ ਸ਼ਿਵ ਕੁਮਾਰ ਬਟਾਲਵੀ ਨੇ ਬਾਬਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵਿਤਾ ਰੁੱਖ ਨੂੰ ਫਾਂਸੀ ਵੀ ਲਿਖੀ ਸੀ ਜਿਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਨਿਰੂਪਮਾ ਦੱਤ ਨੇ ਕੀਤਾ ਸੀ ਤੇ ਉਨ੍ਹਾਂ ਸਮਿਆਂ ਚ ਇੰਡੀਅਨ ਐਕਸਪ੍ਰੈੱਸ ਨੇ ਛਾਪਿਆ ਸੀ। ਇਸ ਸੂਚਨਾ ਨਾਲ ਪੇਸ਼
ਉੱਪਰਲਾ ਕੰਪਿਊਟਰੀ ਰੰਗੀਲ ਚਿਤਰ ਆਸਿਫ਼ ਰਜ਼ਾ ਨੇ ਭੇਜਿਆ ਸੀ ਜੋ ਸੰਭਾਲਣ ਯੋਗ ਹੈ।
ਹੁਣ ਤੁਸੀਂ ਪੜ੍ਹੋ
ਸ਼ਿਵ ਕੁਮਾਰ ਦੀ ਕਵਿਤਾ
ਰੁੱਖ ਨੂੰ ਫਾਂਸੀ
ਸ਼ਿਵ ਕੁਮਾਰ
ਮੇਰੇ ਪਿੰਡ ਦੇ ਕਿਸੇ ਰੁੱਖ ਨੂੰ
ਮੈਂ ਸੁਣਿਐ ਜੇਲ੍ਹ ਹੋ ਗਈ ਹੈ
ਉਹਦੇ ਕਈ ਦੋਸ਼ ਹਨ :
ਉਹਦੇ ਪੱਤ ਸਾਵਿਆਂ ਦੀ ਥਾਂ
ਹਮੇਸ਼ਾ ਲਾਲ ਉਗਦੇ ਸਨ
ਬਿਨਾਂ 'ਵਾ ਦੇ ਵੀ ਉੱਡਦੇ ਸਨ
ਉਹ ਪਿੰਡ ਤੋਂ ਬਾਹਰ ਨਹੀਂ
ਪਿੰਡ ਦੇ ਸਗੋਂ ਉਹ ਖੂਹ 'ਚ ਉੱਗਿਆ ਸੀ
ਤੇ ਜਦ ਵੀ ਝੂਮਦਾ ਤਾਂ ਉਹ ਸਦਾ ਛਾਵਾਂ ਹਿਲਾਂਦਾ ਸੀ
ਤੇ ਧੁੱਪਾਂ ਨੂੰ ਡਰਾਂਦਾ ਸੀ
ਤੇ ਰਾਹੀਆਂ ਨੂੰ ਤੁਰੇ ਜਾਂਦੇ ਉਹ
ਧੁੱਪਾਂ ਤੋਂ ਬਚਾਂਦਾ ਸੀ
ਤੇ ਪਾਣੀ ਭਰਦੀਆਂ ਕੁੜੀਆਂ ਨੂੰ
ਧੀ ਕਹਿ ਕੇ ਬੁਲਾਂਦਾ ਸੀ
ਤੇ ਇਹ ਵੀ ਸੁਣਨ ਵਿਚ ਆਇਐ
ਕਿ ਉਸਦੇ ਪੈਰ ਵੀ ਕਈ ਸਨ
ਤੇ ਉਹ ਰਾਤਾਂ ਨੂੰ ਤੁਰਦਾ ਸੀ
ਤੇ ਪਿੰਡ ਦੇ ਸਾਰਿਆਂ ਰੁੱਖਾਂ ਨੂੰ ਮਿਲ ਕੇ
ਰੋਜ਼ ਮੁੜਦਾ ਸੀ
ਤੇ ਅੱਧ-ਰੈਣੀ ਹਵਾ ਦੀ ਗੱਲ ਕਰਕੇ
ਰੋਜ਼ ਝੁਰਦਾ ਸੀ
ਭਲਾ ਯਾਰੋ ਅਜਬ ਗੱਲ ਹੈ
ਮੈਂ ਸਾਰੀ ਉਮਰ ਸਭ ਰੁੱਖਾਂ ਦੀਆਂ
ਸ਼ਾਖਾਂ ਤਾਂ ਤੱਕੀਆਂ ਸਨ
ਕੀ ਰੁੱਖਾਂ ਦੇ ਵੀ ਮੇਰੇ ਦੋਸਤੋ
ਕਿਤੇ ਪੈਰ ਹੁੰਦੇ ਨੇ ?
ਤੇ ਅੱਜ ਅਖ਼ਬਾਰ ਵਿਚ ਪੜ੍ਹਿਐ
ਕਿ ਉਹ ਹਥਿਆਰ-ਬੰਦ ਰੁੱਖ ਸੀ
ਉਹਦੇ ਪੱਲੇ ਬੰਦੂਕਾਂ, ਬੰਬ ਤੇ ਲੱਖਾਂ ਸੰਗੀਨਾਂ ਸੀ
ਮੈਂ ਰੁੱਖਾਂ ਕੋਲ ਸਦਾ ਰਹਿੰਦੀਆਂ
ਛਾਵਾਂ ਤਾਂ ਸੁਣੀਆਂ ਸਨ
ਪਰ ਬੰਬਾਂ ਦੀ ਅਜਬ ਗੱਲ ਹੈ ?
ਤੇ ਇਹ ਝੂਠੀ ਖ਼ਬਰ ਪੜ੍ਹ ਕੇ
ਮੈਨੂੰ ਇਤਬਾਰ ਨਹੀਂ ਆਉਂਦਾ
ਕਿ ਉਸਨੇ ਪਿੰਡ ਦੇ
ਇਕ ਹੋਰ ਰੁੱਖ ਨੂੰ ਮਾਰ ਦਿੱਤਾ ਹੈ
ਜਿਹੜਾ ਪਿੰਡ ਦੇ ਸ਼ਾਹਵਾਂ ਦੇ ਘਰ
ਵਿਹੜੇ 'ਚ ਉੱਗਿਆ ਸੀ
ਜਿਸ ਤੋਂ ਰੋਜ਼ ਕੋਈ ਕਾਗ
ਚੁਗਲੀ ਕਰਨ ਉੱਡਿਆ ਸੀ
ਤੇ ਅੱਜ ਕਿਸੇ ਯਾਰ ਨੇ ਦੱਸਿਐ
ਜੋ ਮੇਰੇ ਪਿੰਡ ਤੋਂ ਆਇਐ
ਕਿ ਮੇਰੇ ਉਸ ਪਿੰਡ ਦੇ ਰੁੱਖ ਨੂੰ
ਫਾਂਸੀ ਵੀ ਹੋ ਰਹੀ ਹੈ
ਤੇ ਉਹਦਾ ਪਿਉ ਕਿੱਕਰਾਂ ਵਰਗਾ
ਤੇ ਮਾਂ ਬੇਰੀ ਜਿਹੀ ਹੋ ਰਹੀ ਹੈ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.