ਉਜਾਗਰ ਸਿੰਘ ਲੋਕ ਸੰਪਰਕ ਵਿਭਾਗ ਪੰਜਾਬ ਵਿਚੋਂ ਸੀਨੀਅਰ ਅਧਿਕਾਰੀ ਸੇਵਾਮੁਕਤ ਹੋਏ। ਉਨਾਂ ਦੀਆਂ ਵੱਖ ਵੱਖ ਅਖਬਾਰਾਂ ਵਿਚ ਛਪਦੀਆਂ ਲਿਖਤਾਂ ਤੇ ਪਟਿਆਲੇ ਤੋਂ ਨਿਕਲਦੇ ਰਸਾਲੇ (ਮਾਲਵੇ ਦੀ ਮਿੱਟੀ ) ਦੇ ਸਹਿਯੋਗੀ ਸੰਪਾਦਕ ਕਰਕੇ ਤਾਂ ਜਾਣਦਾ ਹੀ ਸਾਂ, ਸਗੋਂ ਡਾ ਹਰਕੇਸ਼ ਸਿੰਘ ਸਿੱਧੂ ਆਈ ਏ ਐਸ ਨਾਲ ਉਨਾਂ ਚੋਖੀ ਲਿਹਾਜ ਕਰਕੇ ਵੀ ਸਾਡੀ ਸਾਂਝ ਬਣਨ ਲੱਗੀ। ਇਹ ਗੱਲ 2002 ਦੀ ਹੈ, ਵੀਹ ਸਾਲ ਬੀਤਣ ਲੱਗੇ ਹਨ। ਸ੍ਰ ਉਜਾਗਰ ਸਿੰਘ ਦੇ ਵੱਖ ਵੱਖ ਸਿਆਸੀ ਤੇ ਤਾਜਾ ਭਖਦੇ ਮੁੱਦਿਆਂ ਉਤੇ ਲਿਖੇ ਲੇਖ ਸਟੀਕ ਟਿਪਣੀ ਭਰਪੂਰ, ਸੁਝਾਓ ਦੇਣ ਵਾਲੇ ਤੇ ਜਾਣਕਾਰੀ ਨਾਲ ਲਬਰੇਜ ਹੁੰਦੇ ਹਨ। ਉਨਾਂ ਦਾ ਬਹੁਤ ਸਾਰੇ ਸਿਆਸਤਦਾਨਾਂ ਨਾਲ ਆਪਣੀ ਨੌਕਰੀ ਵੇਲੇ ਵੀ ਨੇੜਿਓਂ ਵਾਹ ਪੈਂਦਾ ਰਿਹਾ ਤੇ ਉਹ ਸਭ ਦੀ ਕਾਰਜਸ਼ੈਲੀ ਨੂੰ ਲਾਗੇ ਤੋਂ ਵੇਖਦੇ ਰਹੇ। ਇਉਂ ਉਹ ਉੱਚ ਬਿਉਰੋਕਰੇਸੀ ਦੇ ਸੰਪਰਕ ਵਿਚ ਵੀ ਰਹੇ ਤੇ ਬਹੁਤ ਸਾਰੇ ਵੱਡੇ ਲੋਕ ਔਖੇ ਵੇਲੇ ਉਨਾਂ ਤੋਂ ਸੇਧ ਤੇ ਸਲਾਹ ਵੀ ਲੈਂਦੇ ਰਹੇ। ਹਾਲੇ ਵੀ ਉਨਾਂ ਦੇ 'ਚੇਤੇ ਦੀ ਚੰਗੇਰ' ਭਰੀ ਹੋਈ ਹੈ।
ਪਿਛੇ ਜਿਹੇ ਚੇਤਨਾ ਪਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਉਨਾਂ ਦੀ ਆਪਣੇ ਪਿੰਡ ਕੱਦੋਂ ਦੇ ਪਿਛੋਕੜ ਬਾਬਤ ਕਿਤਾਬ ਖੂਬ ਪੜੀ ਗਈ ਤੇ ਸਲਾਹੀ ਗਈ ਹੈ।ਇਸੇ ਐਂਗਲ ਤੋਂ ਮੈਂ ਪੰਜਾਬ ਦੇ ਹੋਰਨਾਂ ਲੇਖਕਾਂ ਤੇ ਪੱਤਰਕਾਰਾਂ ਨੂੰ ਵੀ ਇਹੋ ਸਲਾਹ ਦੇਣੀ ਚਾਹੁੰਦਾ ਹਾਂ ਕਿ ਉਹ ਵੀ ਸ੍ਰ ਉਜਾਗਰ ਸਿੰਘ ਵਾਂਗ ਹੀਲਾ ਤੇ ਹਿੰਮਤ ਕਰਨ ਤੇ ਇਕ-ਇਕ ਕਿਤਾਬ ਆਪੋ ਆਪਣੇ ਪਿੰਡਾਂ ਬਾਰੇ ਲਿਖਣ, ਇਸ ਪ੍ਰਕਾਰ ਪਿੰਡਾਂ ਦਾ ਇਤਿਹਾਸ ਸਾਂਭਿਆ ਜਾ ਸਕਦਾ ਹੈ। ਰਾਮ ਸਰੂਪ ਅਣਖੀ ਨੇ ਆਪਣੇ ਪਿੰਡ ਧੌਲੇ ਬਾਰੇ ਸਮੇਂ ਸਮੇਂ ਬੜਾ ਕੳਝ ਲਿਖਿਆ ਸੀ। ਅਣਖੀ ਜੀ ਨੇ ਆਪਣੇ ਗੁਆਂਢੀ ਤੇ ਕੁਝ ਹੋਰ ਪਿੰਡਾਂ ਨਾਲ ਆਪਣੀ ਭਾਵੁਕ ਤੇ ਪੀਡੀ ਸਾਂਝ ਨੂੰ ਇਕ ਕਿਤਾਬ ( ਹੱਡੀਂ ਬੈਠੇ ਪਿੰਡ) ਰਾਹੀਂ ਬਿਆਨਿਆ ਸੀ। ਮੈਂ ਆਪਣੀ ਸਵੈ ਜੀਵਨੀ ਦੇ ਇਕ ਹਿੱਸੇ (ਨਿੱਕੇ ਪੈਰਾਂ ਦੀਆਂ ਪੈੜਾਂ) ਵਿਚ ਆਪਣੇ ਪਿੰਡ ਬਾਰੇ ਕਾਫੀ ਲਿਖਿਆ ਹੈ ਤੇ ਕਈ ਕੁਝ ਹੋਰ ਇਕੱਠਾ ਕਰ ਲਿਆ ਹੈ, ਕਿਤੇ ਕੰਮ ਆਏਗਾ ਅਗਲੇ ਹਿੱਸਿਆਂ ਵਿਚ, ਖੈਰ।
ਉਜਾਗਰ ਸਿੰਘ ਦੇ ਪਿੰਡ ਕੱਦੋਂ ਨਾਲ ਮੇਰੀ ਸਾਂਝ ਇਸ ਕਰਕੇ ਵੀ ਹੈ ਕਿ ਸਾਡੇ ਸਾਂਝੇ ਮਿੱਤਰ ਲੇਖਕ ਤੇ ਕਲਾਕਾਰ ਵੀ ਇਥੋਂ ਦੇ ਹੀ ਜੰਮੇ ਜਾਏ ਨੇ। ਕਾਮੇਡੀ ਕਲਾਕਾਰ ਭੱਲਾ, ਗੀਤਕਾਰ ਜੀਤ ਕੱਦੋਂ ਵਾਲਾ,( ਕੈਨੇਡਾ ਮਿਲਦਾ ਹੁੰਦਾ ਤੇ ਬੜੇ ਮਕਬੂਲ ਗੀਤ ਲਿਖੇ)। ਸਾਡਾ ਵਿਦਵਾਨ ਮਿੱਤਰ ਡਾ ਗੁਰਮਖ ਸਿੰਘ ਅਜ ਕਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਹੈਡ ਹੈ। ਹੋਰ ਵੀ ਬੜੀਆਂ ਹਸਤੀਆਂ ਹੋਈਆ ਨੇ ਕੱਦੋਂ ਦੀਆਂ। ਉਜਾਗਰ ਸਿੰਘ ਨੇ ਸਾਰੇ ਵੇਰਵੇ ਦਿਲਚਸਪੀ ਨਾਲ ਤੇ ਰੌਚਕਤਾ ਨਾਲ ਦਿੱਤੇ ਹਨ ਇਸ ਕਿਤਾਬ ਵਿਚ। ਪਿੰਡ ਦੇ ਧਾਰਮਿਕ ਅਸਥਾਨਾਂ ਨੂੰ ਵੀ ਸ਼ਰਧਾ ਤੇ ਆਦਰ ਨਾਲ ਉਕਰਿਆ ਹੈ।ਸਾਡੀ ਨਵੀਂ ਪੀੜੀ ਨੂੰ ਮੋਹੜੀ ਗੱਡਣ ਦੇ ਭਾਵ ਤੋਂ ਵੀ ਜਾਣੂੰ ਕਰਵਾਇਆ ਹੈ। ਇਸ ਛੋਟੀ ਜਿਹੀ ਕਿਤਾਬ ਬਾਰੇ ਬੜਾ ਕੁਝ ਕਿਹਾ ਜਾ ਸਕਦਾ ਹੈ। ਇਹ ਕਿਤਾਬ ਹਰ ਕੱਦੋਂ ਵਾਸੀ ਦੇ ਘਰ ਪਈ ਹੋਵੇ ਤਾਂ ਬੜਾ ਚੰਗੇ ਲੱਗੇ। ਉਜਾਗਰ ਸਿੰਘ ਦੀ ਅਗਲੀ ਕਿਤਾਬ ਪੰਜਾਬ ਦੀ ਸਿਆਸਤ ਬਾਰੇ ਹੋਵੇਗੀ, ਬੜੀ ਬੇਸਬਰੀ ਨਾਲ ਉਡੀਕ ਰਿਹਾਂ ਉਸ ਕਿਤਾਬ ਨੂੰ।
-
ਨਿੰਦਰ ਘੁਗਿਆਣਵੀ , ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.