ਜੋਸ਼ ਜਵਾਨੀ ਦਾ - ਅਮਰਬੀਰ ਸਿੰਘ ਚੀਮਾ ਦੀ ਕਲਮ ਤੋਂ
ਗੱਲ 14-15 ਸਾਲ ਦੀ ਉਮਰ ਦੀ ਕਰਨ ਲੱਗਿਆਂ ਜਦੋਂ ਸੋਚ ’ਤੇ ਜੋਸ਼ ਹਾਵੀ ਹੁੰਦੈ। ਮਤਲਬ ਅੱਲੜ ਜਵਾਨੀ ਦੇ ਉਹ ਦਿਨ, ਜਦੋਂ ਬੰਦਾ ਬੇ-ਧੜਕ, ਬੇਪ੍ਰਵਾਹ ਹੋ ਕੇ ਕਈ ਤਰਾਂ ਦੇ ਕੰਮ ਕਰਦੈ। ਇੱਕ ਵਾਰੀ ਘਰੋਂ ਬਿਨਾ ਦੱਸੇ ਆਪਣਾ ਸਕੂਟਰ ਲੈ ਗਿਆ। ਔਖਾ-ਸੌਖਾ ਚਲਾ ਤਾਂ ਲਿਆ ਪਰ ਰੋਕਣਾ ਆਵੇ ਨਾ। ਦੋ-ਤਿੰਨ ਪਿੰਡਾਂ ਦੇ ਉਪਰੋਂ ਦੀ ਫਿਰਨੀ ਤੋਂ ਘੁੰਮਦਿਆਂ ਵਾਪਸ ਘਰ ਵੀ ਨੇੜੇ ਆਉਣ ਵਾਲਾ ਹੋ ਗਿਆ ਤਾਂ ਹੋਰ ਕੱੁਝ ਵੀ ਸੁੱਝਦਾ ਨਾ ਦੇਖ ਕੇ ਹੌਲੀ ਕਰ ਕੇ ਸੜਕ ਦੇ ਨਾਲ ਵਾਹੇ ਹੋਏ ਖੇਤ ’ਚ ਉਤਾਰ ਦਿੱਤਾ ਤੇ ਥੋੜੀ ਅੱਗੇ ਜਾ ਕੇ ਹੀ ਸਕੂਟਰ ਸਮੇਤ ਡਿੱਗ ਗਿਆ।
ਮੈਨੂੰ ਯਾਦ ਹੈ ਸਾਡੇ ਪਿੰਡ ਦੇ ਬਾਹਰਵਾਰ ਇੱਕ ਪਹੀ ਹੁੰਦੀ ਸੀ, ਅਸੀਂ 2 ਦੋਸਤਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਚੇਤਕ ਸਕੂਟਰ ਲੈ ਕੇ ਉੱਥੇ ਚਲੇ ਜਾਣਾ। ਉਸ ਪਹੀ ’ਤੇ ਇੱਕ ਉੱਚਾ ਜਿਹਾ ਸਪੀਡ-ਬਰੇਕਰ ਹੁੰਦਾ ਸੀ, ਜਿਸ ਦੇ ਦੋਹੀਂ ਪਾਸਿਆਂ ਤੋਂ ਵਾਰੀ-ਵਾਰੀ ਆਪਣੇ ਸਕੂਟਰ ਭਜਾ ਕੇ ਲਿਆਉਣੇ। ਸਪੀਡ-ਬਰੇਕਰ ਆਉਣ ’ਤੇ ਤੇਜ਼ ਹੋਣ ਕਾਰਨ ਸਕੂਟਰ 3-4 ਫੁੱਟ ਹਵਾ ’ਚ ਉੱਛਲਨਾ ਤੇ ਉੱਪਰ ਹਵਾ ’ਚ ਹੀ ਸਕੂਟਰ ਦੀ ਬਰੇਕ ਦੱਬ ਕੇ ਰੱਖਣੀ। ਕੱੁਝ ਕੁ ਸਕਿੰਟਾਂ ਬਾਅਦ ਜਦੋਂ ਸਕੂਟਰ ਧਰਤੀ ’ਤੇ ਲੱਗਣਾ ਤਾਂ ਬਰੇਕ ਦੱਬੀ ਹੋਣ ਕਾਰਨ ਸਕੂਟਰ ਘੁੰਮ ਜਾਂਦਾ ਕੇ ਸਾਰੀ ਪਹੀ ’ਚ ਮਿੱਟੀ ਹੀ ਮਿੱਟੀ ਉੱਡਦੀ ਨਜ਼ਰ ਆਉਂਦੀ। ਗਰਮੀ ਦੀਆਂ ਛੁੱਟੀਆਂ ਦੌਰਾਨ ਪਿੰਡ ਘਰਦਿਆਂ ਨੇ ਸੌਂ ਜਾਣਾ ਤਾਂ ਅੱਖ ਬਚਾ ਕੇ ਪਿੰਡ ਵਗਦੇ ਸੂਏ ’ਚ ਨਹਾਉਣ ਚਲੇ ਜਾਣਾ। ਚੱਲਦੇ ਪਾਣੀ ’ਚ ਹਾਣੀਆਂ ਨਾਲ ਛੂਹਣ-ਛੂਹਣ ਖੇਡਣਾ ਤੇ ਘਰਦਿਆਂ ਦੇ ਉੱਠਣ ਤੋਂ ਪਹਿਲਾਂ ਹੀ ਘਰ ਮੁੜ ਆਉਣਾ।
ਫੇਰ ਜਦੋਂ ਲੋਕਾਂ ਕੋਲ ਟਾਂਵੀਆਂ-ਟਾਂਵੀਆਂ ਕਾਰਾਂ ਹੋਣ ਲੱਗੀਆਂ ਤਾਂ ਇੱਕ ਦਿਨ ਪਿਤਾ ਜੀ ਦਾ ਕੋਈ ਜਾਣਕਾਰ ਆਪਣੀ ਮਾਰੂਤੀ ਕਾਰ ’ਚ ਸਾਡੇ ਘਰ ਆਇਆ। ਉਨਾਂ ਨੂੰ ਚਾਹ-ਪਾਣੀ ਦੇਣ ਲੱਗਿਆਂ ਮੇਜ਼ ’ਤੇ ਪਈ ਕਾਰ ਦੀ ਚਾਬੀ ਚੁੱਕ ਕੇ ਬਾਹਰ ਆ ਗਿਆ, ਜਿੱਥੇ ਪਹਿਲਾਂ ਹੀ ਇੱਕ ਬੇਲੀ ਤਿਆਰ ਖੜਾ ਸੀ। ਉਹ ਕਾਰ ਚਲਾਉਣੀ ਜਾਣਦਾ ਸੀ। ਬਸ, ਕਾਰ ਸਿੱਖਣ ਦੇ ਚਾਅ ’ਚ ਦੋਵੇਂ ਜਣੇ ਗੇੜੀ ਲਾਉਣ ਚਲੇ ਗਏ। ਅੱਗੇ ਇੱਕ ਪਿੰਡ ਦੇ ਕੱਚੇ ਰਸਤੇ ’ਚ ਕਾਰ ਗਾਰੇ ਵਿਚ ਫਸ ਗਈ, ਮਸਾਂ ਧੱਕਾ-ਧੁੱਕਾ ਲਗਾ ਕੇ ਕਢਾਈ ਤੇ ਨੇੜਲੇ ਖੇਤਾਂ ’ਚ ਚੱਲਦੀ ਮੋਟਰ ਤੋਂ ਧੋਹ ਕੇ ਘਰ ਵਾਪਸ ਆਏ। ਉਹ ਸੱਜਣ ਤਾਂ ਆਪਣੀ ਕਾਰ ਦੀ ਚਾਬੀ ਫੜ ਕੇ ਚਲਾ ਗਿਆ ਤੇ ਨਾਲ ਹੀ ਉਹ ਦੋਸਤ ਵੀ ਖਿਸਕ ਗਿਆ ਪਰ ਪਿੱਛੋਂ ਪਿਤਾ ਜੀ ਨੇ ਚੰਗੀ ਭੁਗਤ ਸਵਾਰੀ।
ਇੱਕ ਵਾਰੀ ਇੱਕ ਦੋਸਤ ਬੱਸ ਰਾਹੀਂ ਦਿੱਲੀ ਜਾ ਰਿਹਾ ਸੀ। ਰਸਤੇ ’ਚ ਬੱਸਾਂ ਹਰਿਆਣੇ ਦੇ ਢਾਬੇ ’ਤੇ ਰੁਕਦੀਆਂ ਸਨ। ਉਹ ਦੋਸਤ ਵੀ ਉਕਤ ਢਾਬੇ ’ਤੇ ਬੈਠਾ ਖਾਂਦਾ-ਪੀਂਦਾ ਰਿਹਾ। ਉਸ ਨੂੰ ਭੁਲੇਖਾ ਰਿਹਾ ਕਿ ਉਸ ਵਾਲੀ ਬੱਸ ਹਾਲੇ ਉੱਥੇ ਹੀ ਖੜੀ ਹੈ ਜਦਕਿ ਉਹ ਬੱਸ ਜਾ ਚੁੱਕੀ ਸੀ ਤੇ ਉਸ ਥਾਂ ’ਤੇ ਉਹਦੇ ਵਰਗੀ ਹੋਰ ਬੱਸ ਖੜੀ ਸੀ। ਸਾਰੀ ਗੱਲ ਪਤਾ ਲੱਗਣ ’ਤੇ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਉਸ ਦੇ ਬੈਗ ’ਚ ਪੈਸੇ, ਕੱਪੜਿਆਂ ਆਦਿ ਤੋਂ ਇਲਾਵਾ ਉਸ ਦਾ ਰੋਲ ਨੰਬਰ ਵੀ ਸੀ। ਬੜੀ ਮਸ਼ੱਕਤ ਨਾਲ ਦਿੱਲੀ ਬੱਸ-ਅੱਡੇ ’ਤੇ ਉਸ ਨੂੰ ਉਸ ਦਾ ਬੈਗ ਮਿਲਿਆ ਤਾਂ ਉਸ ਦੇ ਸਾਹ ’ਚ ਸਾਹ ਆਏ।
ਇੱਕ ਵਾਰੀ 4-5 ਦੋਸਤਾਂ ਨਾਲ ਚਨਾਰਥਲ ਦਸਹਿਰਾ ਦੇਖਣ ਚਲੇ ਗਏ। ਮੇਲੇ ਤੋਂ ਬਾਅਦ ਉਸੇ ਪਿੰਡ ਰਹਿੰਦੇ ਇੱਕ ਹੋਰ ਦੋਸਤ ਦੇ ਘਰ ਚਲੇ ਗਏ। ਅਸਲ ’ਚ ਉਹ ਮੁੰਡਾ ਸਾਡੇ ਇੱਕ ਬੇਲੀ ਦਾ ਮਾਮਾ ਸੀ ਪਰ ਹਮ ਉਮਰ ਹੋਣ ਕਾਰਨ ਉਹ ਵੀ ਸਾਡੇ ਨਾਲ ਹੀ ਘੁੰਮਦਾ ਹੁੰਦਾ ਸੀ, ਮਤਲਬ ਦੋਸਤ ਹੀ ਸੀ ਇੱਕ ਤਰਾਂ ਨਾਲ। ਉੱਥੇ ਬੈਠਿਆਂ ਕਿਸੇ ਨੇ ਕਿਹਾ ਯਾਰ ਸ਼ਿਮਲਾ ਨਹੀਂ ਦੇਖਿਆ ਕਦੇ, ਬਸ ਸ਼ਿਮਲੇ ਜਾਣ ਦੀ ਸਲਾਹ ਬਣ ਗਈ। ਫੇਰ ਕਹਿੰਦੇ ਯਾਰ ਉੱਥੇ ਠੰਢ ਹੋਵੇਗੀ, ਕੱਪੜੇ ਤਾਂ ਹੈ ਨਹੀਂ ਤੇ ਨੀ ਹੀ ਪੈਸੇ ਨੇ ਇੰਨੇ। ਨਾਲ ਹੀ ਮਾਮੇ ਨੇ ਆਪਣੀ ਅਲਮਾਰੀ ਖੋਲ ਕੇ ਕੋਟੀਆਂ-ਸਵਾਟਰਾਂ ਨਾਲ ਮੇਰੀ ਮਾਰੂਤੀ ਕਾਰ ਦੀ ਡਿੱਗੀ ਭਰ ਦਿੱਤੀ। ਉਹ ਕਹਿੰਦਾ ਪੈਸੇ ਵੀ ਹੈਗੇ ਮੇਰੇ ਕੋਲ, ਬਾਅਦ ’ਚ ਮੈਨੂੰ ਹਿੱਸੇ ਦੇ ਹਿਸਾਬ ਨਾਲ ਦੇ ਦਿਓ। ਇਸ ਤਰਾਂ ਕਾਲਕਾ-ਪਿੰਜੌਰ ਪਹੁੰਚਦਿਆਂ ਨੂੰ ਰਾਤ ਦੇ 11 ਵੱਜ ਗਏ। ਉੱਥੇ ਸੜਕ ਤੋਂ ਰਾਤ ਨੂੰ ਕੋਈ ਬਰਾਤ ਲੰਘ ਰਹੀ ਸੀ। ਮਾਹੌਲ ਇੰਨਾ ਵਧੀਆ ਬਣਿਆ ਕਿ ਕਾਰ ਸਾਈਡ ’ਤੇ ਲਾ ਕੇ ਉਨਾਂ ਦੀ ਬਰਾਤ ’ਚ ਹੀ ਘੰਟਾ ਭੰਗੜਾ ਪਾਉਂਦੇ ਰਹੇ। ਉਨਾਂ ਨੇ ਵੀ ਸਰਦਾਰ ਹੋਣ ਦੇ ਨਾਤੇ ਸਾਡੀ ਪੂਰੀ ਇੱਜ਼ਤ ਕੀਤੀ। ਇਸ ਤਰਾਂ ਤੜਕੇ 3 ਵਜੇ ਦੇ ਕਰੀਬ ਉੱਥੇ ਪਹੁੰਚ ਕੇ ਅਸੀਂ ਪਹਿਲੀ ਵਾਰੀ ਸ਼ਿਮਲਾ ਦੇਖਿਆ। ਵੀਹ ਸਾਲ ਹੋ ਗਏ ਹੋਣੇ ਇਸ ਗੱਲ ਨੂੰ, ਪਰ ਕਿਸੇ ਨੇ ਵੀ ਮਾਮੇ ਨੂੰ ਖਰਚੇ ਦੇ ਪੈਸੇ ਨਹੀਂ ਦਿੱਤੇ ਤੇ ਨਾ ਹੀ ਕਦੇ ਮਾਮੇ ਨੇ ਮੰਗੇ ਹੀ ਨੇ।
ਇੱਕ ਵਾਰੀ ਬਿਦਰ ਦੀਵਾਲੀ ਮਨਾਉਣ ਦਾ ਸਬੱਬ ਬਣਿਆ। ਉੱਥੇ ਹੋਸਟਲ ਦੇ ਬਾਹਰ 4 ਢਾਬੇ ਹੁੰਦੇ ਸਨ। ਦੀਵਾਲੀ ਵਾਲੀ ਰਾਤ ਨੂੰ ਉਨਾਂ ਢਾਬੇ ਵਾਲਿਆਂ ਨੇ ਲਕਸ਼ਮੀ ਪੂਜਾ ਕੀਤੀ ਤੇ ਰਾਤ ਨੂੰ ਆਪਣੀਆਂ ਦੁਕਾਨਾਂ ਖੱੁਲੀਆਂ ਛੱਡ ਕੇ ਆਪਣੇ ਘਰ ਚਲੇ ਗਏ। ਲਕਸ਼ਮੀ ਦਾ ਪਤਾ ਨਹੀਂ ਆਈ ਕਿ ਨਹੀਂ ਪਰ ਅਸੀਂ ਉਸ ਰਾਤ ਰਸਗੁੱਲੇ, ਗੁਲਾਬ-ਜਾਮਨਾਂ ਖਾ-ਖਾ ਕੇ ਆਪਣੇ ਢਿੱਡ ਅਫ਼ਰਾ ਲਏ। ਉਹ ਦੀਵਾਲੀ ਵਾਲੀ ਰਾਤ ਅੱਜ ਵੀ ਚੇਤਿਆਂ ’ਚ ਵੱਸੀ ਹੋਈ ਹੈ। ਏਦਾਂ ਹੀ ਪੰਜਾਬ ਵਾਪਸੀ ਸਮੇਂ ਤੜਕੇ 5 ਕੁ ਵਜੇ ਆਗਰਾ ਸਟੇਸ਼ਨ ਆਉਂਦਾ ਹੰਦਾ ਸੀ ਜਿੱਥੋਂ ਯਾਤਰੀ ਅੱਧ-ਸੁੱਤੇ ਜਿਹੇ ਹੀ ਪੇਠਾ ਖ਼ਰੀਦ ਕੇ ਆਪਣੇ ਬੈਗਾਂ ਕੋਲ ਹੀ ਰੱਖ ਕੇ ਫੇਰ ਸੌਂ ਜਾਂਦੇ। ਅਸੀਂ ਨਾਲ ਦੀ ਨਾਲ ਉਹ ਪੇਠਾ ਚਟਰ ਕਰ ਕੇ ਬਾਅਦ ’ਚ ਆਪ ਵੀ ਸੌਂ ਜਾਂਦੇ।
ਇੱਧਰ ਪੰਜਾਬ ’ਚ ਹੋਲੀ ਵਾਲੇ ਦਿਨ 25-30 ਯਾਰ-ਬੇਲੀ ਇਕੱਠੇ ਹੋਣੇ, ਸਭ ਤੋਂ ਪਹਿਲਾਂ ਮਿਸਤਰੀ ਕੋਲ ਜਾ ਕੇ ਆਪਣੇ-ਆਪਣੇ ਸਕੂਟਰਾਂ ਦੇ ਸਾਈਲੰਸਰ ਖੁਲਵਾਉਣੇ ਤੇ ਫਿਰ ਰੰਗਾਂ ਦੇ ਭਰੇ ਥੈਲੇ ਸਕੂਟਰਾਂ ’ਤੇ ਲੱਦ ਕੇ ਆਲੇ-ਦੁਆਲੇ ਦੇ ਸ਼ਹਿਰਾਂ ’ਚ ਹੋਲੀ ਖੇਡਦੇ ਰਹਿਣਾ। ਹਨੇਰਾ ਹੋਣ ’ਤੇ ਹੀ ਘਰ ਮੁੜਨਾ।
ਇੱਕ ਵਾਰੀ ਦੋਸਤਾਂ ਨਾਲ ਬੱਸੀ ਪਠਾਣਾਂ ਵਿਖੇ ਬੈਠੇ ਸੀ। ਅਚਾਨਕ ਵਿਚੋਂ ਕਿਸੇ ਨੇ ਕਿਹਾ ਕਿ ਯਾਰ ਇਸ ਵਾਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਚੱਲਦੇ ਹਾਂ। ਬਸ ਫਿਰ ਕੀ ਸੀ, ਸਵੇਰੇ ਹੀ ਜਾਣ ਦੀ ਸਲਾਹ ਬਣਾ ਲਈ। ਘਰ ਇਹ ਦੱਸਿਆ ਕਿ ਇੱਕ ਦੋਸਤ ਦੀ ਭੈਣ ਦੇ ਦਿਉਰ ਦਾ ਵਿਆਹ ਹੈ ਅੰਬਾਲੇ। ਉੱਥੇ 3-4 ਦਿਨ ਪਹਿਲਾਂ ਜਾਣੈ ਵਿਆਹ ਦਾ ਕੰਮਕਾਰ ਕਰਵਾਉਣ ਲਈ। 3 ਸਕੂਟਰਾਂ ’ਤੇ ਅਸੀਂ 5 ਜਣਿਆਂ ਨੇ ਦੂਜੇ ਦਿਨ ਤੜਕੇ ਹੀ ਕੈਮਰਾ, ਵਾਕਮੈਨ ਆਦਿ ਨਾਲ ਲੈ ਕੇ ਹੇਮਕੁੰਟ ਸਾਹਿਬ ਨੂੰ ਚਾਲੇ ਪਾ ਦਿੱਤੇ।
ਓਦੋਂ ਨਾ ਸਕੂਟਰ ਚੱਜ ਨਾਲ ਚਲਾਉਣੇ ਆਉਂਦੇ ਸੀ, ਨਾ ਪਤਾ ਸੀ ਕਿ ਕਿੰਨੇ ਕਿੱਲੋਮੀਟਰ ਹੈ, ਕਿੰਨੇ ਪੈਸੇ ਚਾਹੀਦੇ ਹਨ ਤੇ ਕਿੰਨਾ ਤੇਲ ਲੱਗੇਗਾ। ਇੱਕ ਦੂਜੇ ਸਕੂਟਰ ਨੂੰ ਟੋਚਣ ਲਗਾ ਕੇ ਜਾਂਦੇ ਰਹੇ ਤਾਂ ਕਿ ਪੈਟਰੋਲ ਦੀ ਕੱੁਝ ਬੱਚਤ ਕੀਤੀ ਜਾ ਸਕੇ। ਰਸਤੇ ’ਚ ਘੁੰਮਦੇ-ਘੁਮਾਉਂਦੇ ਹਰਿਦੁਆਰ ਪਹੁੰਚ ਗਏ। ਉੱਥੇ ਗੰਗਾ ਨਦੀ ਕਿਨਾਰੇ ਫ਼ੋਟੋਆਂ ਖਿੱਚਦਿਆਂ ਨੂੰ ਸ਼ਾਮ ਪੈ ਗਈ। ਦਰਅਸਲ ਸਾਡੇ ਮਨ ’ਚ ਭੁਲੇਖਾ ਸੀ ਕਿ ਰਿਸ਼ੀਕੇਸ਼ ਹੀ ਹੇਮਕੁੰਟ ਸਾਹਿਬ ਹੈ। ਉੱਥੇ ਕਿਸੇ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਿਸ਼ੀਕੇਸ਼ ਤੋਂ 300 ਕਿੱਲੋਮੀਟਰ ਦਾ ਪਹਾੜੀ ਸਫ਼ਰ ਤਹਿ ਕਰਨ ਤੋਂ ਬਾਅਦ ਆਉਂਦੈ ਹੇਮਕੁੰਟ ਸਾਹਿਬ। ਇਹ ਸੁਣ ਕੇ ਤਾਂ ਸਾਡੇ ਸਾਹ ਹੀ ਸੁੱਕ ਗਏ। ਸੋ, ਰਾਤ ਨੂੰ ਰਿਸ਼ੀਕੇਸ਼ ਪਹੁੰਚੇ ਤੇ ਬਜਟ ਘੱਟ ਹੋਣ ਕਾਰਨ ਦੂਜੇ ਦਿਨ ਇੱਕ ਸਕੂਟਰ ਰਿਸ਼ੀਕੇਸ਼ ਹੀ ਖੜਾ ਦਿੱਤਾ ਅਤੇ ਪੰਜਾਂ ਨੇ 2 ਸਕੂਟਰਾਂ ’ਤੇ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ।
ਏਦਾਂ ਹੀ ਇੱਕ ਦੋਸਤ ਦੇ ਮੰਗਣੇ ਦੀ ਪਾਰਟੀ ’ਚ ਅਸੀਂ 10-15 ਦੋਸਤ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਫਲੋਟਿੰਗ ਰੇਸਤਰਾਂ ਚਲੇ ਗਏ। ਖਾ-ਪੀ ਕੇ ਫ਼ੋਟੋਆਂ ਖਿਚਵਾਉਂਦੇ ਤੇ ਮੂਵੀ ਬਣਾਉਂਦੇ-ਬਣਾਉਂਦੇ ਅਸੀਂ ਫਲੋਟਿੰਗ ਵਾਲੀ ਰੇਲਿੰਗ ਟੱਪ ਕੇ ਉਨਾਂ ਸਿਲੰਡਰਾਂ ’ਤੇ ਆ ਖੜੇ ਹੋਏ ਜਿਨਾਂ ’ਤੇ ਸਾਰਾ ਰੇਸਤਰਾਂ ਭਾਖੜਾ ਨਹਿਰ ’ਚ ਤੈਰਦਾ ਹੈ। ਸ਼ਾਇਦ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ, ਜਦੋਂ ਮੌਤ ਸਾਥੋਂ ਸਿਰਫ 2-3 ਫੱੁਟ ਦੀ ਦੂਰੀ ’ਤੇ ਸੀ। ਉੱਪਰੋਂ, ਓਦੋਂ ਕਿਸੇ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ ਤੇ ਹੇਠਾਂ ਠਾਠਾਂ ਮਾਰਦਾ ਭਾਖੜਾ ਨਹਿਰ ਦਾ ਪਾਣੀ। ਹੁਣ ਜਦੋਂ ਵੀ ਉੱਥੋਂ ਲੰਘੀਦਾ ਹੈ ਜਾਂ ਜਾਈਦਾ ਹੈ ਤਾਂ ਇਹ ਦਿ੍ਰਸ਼ ਸੋਚ ਕੇ ਰੂਹ ਕੰਬ ਜਾਂਦੀ ਹੈ।
ਕੱਝ ਨਿੱਜੀ ਤੇ ਕੱੁਝ ਨੇੜਲੇ ਯਾਰਾਂ-ਦੋਸਤਾਂ ਦੇ ਰਿਸਕੀ ਤਜਰਬੇ ਸਾਂਝੇ ਕਰਨ ਦਾ ਮਕਸਦ ਇਹੀ ਹੈ ਕਿ ਜੋਸ਼ ਦੇ ਨਾਲ-ਨਾਲ ਹੋਸ਼ ਵੀ ਕਾਇਮ ਰੱਖਣਾ ਚਾਹੀਦਾ ਹੈ। ਅੱਜ ਉਮਰ ਦੇ 40ਵਿਆਂ ’ਚ ਜਾ ਕੇ ਇਨਾਂ ਗੱਲਾਂ ਬਾਰੇ ਸੋਚਣ ’ਤੇ ਰੌਂਗਟੇ ਖੜੇ ਹੋ ਜਾਂਦੇ ਹਨ। ਅਨਮੋਲ ਜ਼ਿੰਦਗੀ ਦੀ ਡੋਰ ਜੇਕਰ ਇੱਕ ਵਾਰ ਟੁੱਟ ਜਾਵੇ ਤਾਂ ਉਹ ਮੁੜ ਕਦੇ ਨਹੀਂ ਜੁੜਦੀ। ਸੋ ਇੱਕ ਵਾਰ ਮਿਲੀ ਜ਼ਿੰਦਗੀ ਨੂੰ ਹਜ਼ਾਰਾਂ, ਲੱਖਾਂ, ਕਰੋੜਾਂ ਵਾਰ ਜੀਓ।
-
ਅਮਰਬੀਰ ਸਿੰਘ ਚੀਮਾ, ਲੇਖਕ
amarbircheema@gmail.com
98889-40211
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.