ਸ਼ਖ਼ਸੀਅਤ ਦੀ ਪਛਾਣ ਹੈ ਬੋਲਚਾਲ
ਇਸ ਸਿ੍ਰਸ਼ਟੀ ’ਤੇ ਵਿਚਰਦੇ ਸਮੁੱਚੇ ਪ੍ਰਾਣੀ ਜਗਤ ’ਚੋਂ ਸਿਰਫ਼ ਮਨੁੱਖ ਹੀ ਕੁਦਰਤ ਵੱਲੋਂ ਬਖ਼ਸ਼ੀ ਹੋਈ ਅਣਮੋਲ ਦਾਤ ਬੁੱਧੀ ਸਦਕਾ ਸੰਵੇਦਨਸ਼ੀਲ ਪ੍ਰਾਣੀ ਹੈ। ਉਸ ਨੂੰ ਆਪਣੀ ਅਕਲ ਤੇ ਸੰਵੇਦਨਸ਼ੀਲ ਸੁਭਾਅ ਸਦਕਾ, ਚੰਗੇ ਮਾੜੇ ਦੀ ਸੋਝੀ ਤੇ ਪਛਾਣ ਹੈ। ਇਸ ਦੀ ਬਦੌਲਤ ਮਨੁੱਖ ਅਨੇਕਾਂ ਨਿਰਣੇ ਦੀ ਆਪਣੀ ਸਵੈ-ਇੱਛਕ ਅਤੇ ਆਜ਼ਾਦਾਨਾ ਸਮਰੱਥਾ ਵੀ ਰੱਖਦਾ ਹੈ। ਮਨੁੱਖ ਆਪਣੇ ਸੁਭਾਅ ਸਦਕਾ ਦੂਸਰਿਆਂ ਨੂੰ ਪ੍ਰਭਾਵਿਤ ਵੀ ਕਰਦਾ ਹੈ। ਦਰਅਸਲ ਕੋਈ ਵੀ ਮਨੁੱਖ ਜਨਮ ਤੋਂ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਗੋਂ, ਉਸ ਦਾ ਦੂਸਰਿਆਂ ਪ੍ਰਤੀ ਵਿਹਾਰ ਉਸ ਨੂੰ ਅਜਿਹਾ ਬਣਾਉਂਦਾ ਹੈ।
ਮਨੁੱਖ ਦਾ ਦੂਸਰਿਆਂ ਨਾਲ ਬੋਲਚਾਲ ਦਾ ਢੰਗ, ਉੱਠਣ-ਬੈਠਣ ਦਾ ਤਰੀਕਾ/ ਸਲੀਕਾ , ਪਹਿਰਾਵਾ, ਸੁਭਾਅ ਅਤੇ ਉਸ ਦੇ ਅਜਿਹੇ ਹੋਰ ਸਭ ਗੁਣਾਂ ਦਾ ਕਿਸੇ ਵਿਅਕਤੀ ਦੀ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ’ਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਸੇ ਵਿਅਕਤੀ ਦੀ ਬੋਲ-ਬਾਣੀ ਭਾਵ ਬੋਲਣ ਦਾ ਅੰਦਾਜ਼ ਹੀ ਉਸ ਦੀ ਸ਼ਖ਼ਸੀਅਤ ਦਾ ਦਾਰ-ਮ-ਦਾਰ ਹੁੰਦਾ ਹੈ ਅਤੇ ਅਸਲ ਪਛਾਣ ਹੁੰਦਾ ਹੈ, ਜਿਵੇਂ ਕਿ ਆਮ ਕਹਾਵਤ ਹੈ ਕਿ ਜ਼ਬਾਨੋਂ ਨਿਕਲੇ ਬੋਲ ਅਤੇ ਕਮਾਨੋਂ ਨਿਕਲੇ ਤੀਰ ਕਦੇ ਵਾਪਸ ਨਹੀਂ ਹੁੰਦੇ। ਇਹ ਮੁਹਾਵਰਾ ਸ਼ਾਇਦ ਕਿਸੇ ਦੇ ਬੋਲਣ ਦੇ ਭਾਵ ਬੋਲ ਚਾਲ ਦੇ ਮਿਆਰ ਦੇ ਸਹੀ ਜਾਂ ਗ਼ਲਤ ਹੋਣ ਦੇ ਮਨੋਵਿਗਿਆਨਕ ਸੂਚਕ ਵਜੋਂ ਹੋਂਦ ’ਚ ਆਇਆ ਹੋਵੇਗਾ, ਜਿਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ, ਤਾਂ ਜੋ ਬਾਅਦ ਵਿਚ ਪਛਤਾਉਣ ਦੀ ਨੌਬਤ ਹੀ ਨਾ ਆਵੇ।
ਇਹ ਇਕ ਮੰਨੀ ਹੋਈ ਸੱਚਾਈ ਹੈ ਕਿ ਦੂਜਿਆਂ ਨੂੰ ਬੁਰਾ ਬੋਲਣ ਵਾਲਾ ਸਮਾਜ ’ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਇਸ ਦੇ ਐਨ ਉਲਟ ਮਿੱਠ ਬੋਲੜੇ ਸੁਭਾਅ ਵਾਲਾ ਸਧਾਰਨ ਵਿਅਕਤੀ ਵੀ ਸਿਰਫ਼ ਦੂਸਰਿਆਂ ਉੱਤੇ ਆਪਣਾ ਪ੍ਰਭਾਵ ਹੀ ਨਹੀਂ ਪਾ ਸਕਦਾ ਸਗੋਂ, ਹਰਦਿਲ ਅਜ਼ੀਜ਼ ਹੋਣ ਤੋਂ ਇਲਾਵਾ ਸਮਾਜ ਵਿਚ ਆਪਣੀ ਮਾਣ-ਮਰਿਆਦਾ ਅਤੇ ਸਮਾਜਿਕ ਤੌਰ ’ਤੇ ਵਡੱਪਣ ਭਾਵ ਵਡਿਆਈ ਦਾ ਹੱਕਦਾਰ ਵੀ ਬਣਦਾ ਹੈ। ਸੋ ਕਿਸੇ ਨੂੰ ਕਦੇ ਵੀ ਬੁਰਾ ਨਹੀਂ ਬੋਲਣਾ ਚਾਹੀਦਾ ਤਾਂ ਜੋ ਬੁਰੇ ਬੋਲਾਂ ਨਾਲ ਕਿਸੇ ਨੂੰ ਵੀ ਠੇਸ ਨਾ ਪਹੁੰਚੇ, ਜਿਵੇਂ ਕਿ ਪੰਜਾਬੀ ਲਹਿਜੇ ਵਿਚ ਆਮ ਕਿਹਾ ਜਾਂਦਾ ਹੈ -“ਬੋਲ ਦਾ ਫੱਟ ਨਹੀਂ ਮਿਲਦਾ ਸਗੋਂ, ਡਾਂਗ ਦਾ ਫੱਟ ਮਿਲ ਜਾਂਦਾ ਹੈ।’’ ਸੋ ਕਦੇ ਭੁੱਲ ਕੇ ਵੀ ਆਪਣੀ ਜ਼ੁਬਾਨ ਵਿੱਚੋਂ ਅਜਿਹਾ ਸ਼ਬਦ ਨਹੀਂ ਬੋਲਣਾ ਚਾਹੀਦਾ, ਜੋ ਕਿਸੇ ਦੇ ਡਾਂਗ ਨਾਲ ਮਾੜੀ ਸੱਟ ਵਾਂਗੂੰ ਵੱਜੇ।
ਤੇਜ਼ ਰਫ਼ਤਾਰੀ ਦੇ ਇਸ ਯੁੱਗ ’ਚ ਭਾਵੇਂ ਹਰ ਕੋਈ ਆਪਣੀ ਸ਼ਖ਼ਸੀਅਤ ’ਚ ਨਿਖਾਰ ਲਿਆਉਣਾ ਚਾਹੁੰਦਾ ਹੈ ਤੇ ਇਸ ਮਕਸਦ ਦੀ ਪੂਰਤੀ ਲਈ ਕਈ ਪ੍ਰਕਾਰ ਦੇ ਉਚੇਚੇ ਯਤਨ ਵੀ ਕਰੇ ਜਾਂਦੇ ਹਨ ਜਦੋਂ ਕਿ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਉਸਾਰੀ ਵਿਚ ਸਭ ਤੋਂ ਵੱਧ ਰੋਲ ਉਸ ਦੀ ਬੋਲ-ਬਾਣੀ ਦਾ ਹੁੰਦਾ ਹੈ। ਸਾਨੂੰ ਸਭ ਨੂੰ ਦੂਸਰਿਆਂ ਨਾਲ ਬੋਲਣ ਭਾਵ ਗੱਲਬਾਤ ਕਰਨ ਸਮੇਂ ਆਪਸੀ ਪ੍ਰੇਮ ਭਾਵਨਾ ਅਤੇ ਸੁਹਿਰਦਤਾ ਪੂਰਵਕ ਪੇਸ਼ ਆਉਣਾ ਚਾਹੀਦਾ ਹੈ।
ਪ੍ਰੇਮ ਭਾਵਨਾ ਇਕ ਅਜਿਹਾ ਜਾਦੂ ਜਾਂ ਫਿਰ ਕਾਰਗਰ ਹਥਿਆਰ ਹੈ, ਜੋ ਕਿ ਕਠੋਰ ਤੋਂ ਕਠੋਰ ਦਿਲ ਵਾਲੇ ਇਨਸਾਨ ਨੂੰ ਵੀ ਨਿਮਰ ਭਾਵ ਵਾਲਾ ਅਤੇ ਸਦਭਾਵਨਾ ਵਾਲਾ ਬਣਾ ਸਕਦਾ ਹੈ। ਮੁਹੱਬਤ ਭਰੇ ਬੋਲਾਂ ਦੀ ਤਾਕਤ ਦਾ ਅੰਦਾਜ਼ਾ ਇਨ੍ਹਾਂ ਕਾਵਿਕ ਬੋਲਾਂ ’ਚ ਛੁਪੀ ਰਮਜ ਦੀ ਸਮਝ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ -“ਖ਼ਰੀਦਨਾ ਚਾਹੇ ਤੋਂ ਕੋਈ ਖਰੀਦ ਲੇ ਮੁਝਕੋ ਕੋਈ ਮੁਝਕੋ ਬਸ ਦੋ ਬੋਲ ਮੁਹੱਬਤ ਕੇ ਕੀਮਤ ਹੈ ਆਪਨੀ’’ ਸਾਨੂੰ ਆਪਣੇ ਆਤਮ-ਵਿਸ਼ਵਾਸ/ ਸਵੈਮਾਣ, ਹੌਂਸਲੇ ਅਤੇ ਖ਼ੁਦਦਾਰੀ ਦੀ ਅਹਿਮੀਅਤ ਪ੍ਰਪੱਕਤਾ ਨੂੰ ਮੁੱਖ ਰੱਖਦੇ ਹੋਏ ਹਮੇਸ਼ਾ ਜ਼ੁਬਾਨ ਅਤੇ ਦਲੀਲ ਉੱਤੇ ਖਰੇ ਅਤੇ ਪੂਰੇ ਉੱਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੌਣ ਨਹੀਂ ਜਾਣਦਾ ਕਿ ਅਸੀਂ ਸਭ ਅਜੋਕੇ ਲੋਭ ਲਾਲਚ ਅਤੇ ਆਪਾ ਧਾਪੀ ਦੇ ਜਿਸ ਯੁੱਗ ਵਿਚ ਰਹਿ ਰਹੇ ਹਾਂ, ਉੱਥੇ ਗਧੇ ਘੋੜੇ ਦਾ ਇੱਕੋ ਮੁੱਲ ਅਤੇ ਇਕੋ ਭਾਅ ਆਟੇ ਦਾਣੇ ਦਾ-ਵਰਗੀਆਂ ਕਹਾਵਤਾਂ ਸੱਚ/ ਪ੍ਰਤੱਖ ਬਣ ਕੇ ਹਰ ਰੋਜ਼ ਸਾਡੇ ਸਾਹਮਣੇ ਆ ਰਹੀਆਂ ਹਨ।..... ਪਰ ਜੁਬਾਨ ਦੇ ਖਰੇ ਅਤੇ ਦਲੀਲ ਦੇ ਪੂਰੇ ਸੂਰੇ ਲੋਕਾਂ ਦੀ ਹਰ ਪਾਸੇ ਇੱਜ਼ਤ ਹੁੰਦੀ ਹੈ, ਬਲਕਿ ਅਜਿਹੇ ਲੋਕ ਸਮਾਜ ਦੇ ਹੋਰਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ ।“ਨਸ਼ਾ ਨਾਸ ਕਰਦਾ ਹੈ।’’ -ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਸਗੋਂ, ਨਸ਼ਾ ਤਾਂ ਮਨੁੱਖੀ ਸਰੀਰ, ਸਮਾਜ ਅਤੇ ਸੋਚ ਨੂੰ ਵੀ ਬਰਬਾਦ ਕਰਦਾ ਹੈ। ਨਸ਼ੇ ਦੀ ਹਾਲਤ ਵਿਚ ਕੋਈ ਵੀ ਗ਼ਲਤ /ਮਲਤ ਕੁਝ ਵੀ ਬੋਲ ਸਕਦਾ ਹੈ। ਨਸ਼ੇ ਦੀ ਹਾਲਤ ਵਿਚ ਗ਼ਲਤ ਜ਼ੁਬਾਨ ਬੋਲਣ ਦੀ/ਮਾੜਾ ਬੋਲਣ ਦੀ, ਘਾਟੇ ਦਾ ਸੌਦਾ/ ਵਣਜ ਕਰਨ ਦੀ ਅਤੇ ਨਮੋਸ਼ੀ ਝੱਲਣ ਦੀ ਗੁੰਜਾਇਸ਼ ਅਕਸਰ ਵੱਧ ਹੁੰਦੀ ਹੈ। ਜਿਸ ਮਗਰੋਂ ਮਾਇਕ, ਸਮਾਜਿਕ, ਪਰਿਵਾਰਕ ਅਤੇ ਮਾਨਸਿਕ ਨੁਕਸਾਨ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਜਿਸ ਤੋਂ ਬਾਅਦ ਸਿਵਾਏ ਹੱਥ ਮਲਣ ਦੇ ਕਿਸੇ ਦੇ ਕੁਝ ਵੀ ਪੱਲੇ ਨਹੀਂ ਪੈਂਦਾ।
ਵੈਸੇ ਤਾਂ ਸਾਡੀ ਸਭ ਦੀ ਇਹ ਸਾਂਝੀ ਜ਼ਿੰਮੇਵਾਰੀ ਹੀ ਨਹੀਂ ਬਣਦੀ ਸਗੋਂ, ਸਾਡਾ ਸਭ ਦਾ ਸੰਵਿਧਾਨਕ, ਸਮਾਜਿਕ ਅਤੇ ਨੈਤਿਕ ਫ਼ਰਜ਼ ਹੈ ਕਿ ਅਸੀਂ ਹਰ ਸਮੇਂ ਸਮਾਜ ਵਿਚ ਅਮਨ ਪਸੰਦ ਅਤੇ ਆਦਰਸ਼ ਨਾਗਰਿਕ ਬਣ ਕੇ ਵਿਚਰੀਏ।......ਖੈਰ! ਜੇਕਰ ਕੋਈ ਨਾਜਾਇਜ਼ ਤੌਰ ’ਤੇ ਜਾਂ ਫਿਰ ਦਬਾਅ ਪਾ ਰਿਹਾ ਹੋਵੇ ਤਾਂ ਅਜਿਹੀ ਸਥਿਤੀ/ ਹਾਲਤ ਵਿਚ ਸ਼ਾਂਤ, ਸਹਿਜ ਸੁਭਾਅ ਭਾਵ ਸਹਿਜ-ਅਵਸਥਾ ਵਿਚ ਰਹਿ ਕੇ, ਸਾਨੂੰ ਆਪਣੀ ਜਮੀਰ ਦੀ ਆਵਾਜ਼ ਨੂੰ ਸੁਣਦੇ ਸਮਝਦੇ ਹੋਏ ਅਜਿਹੀ ਸਥਿਤੀ ਦਾ ਸੰਜਮ ਠਰੰਮ੍ਹੇ ਅਤੇ ਸੂਝ-ਸਿਆਣਪ ਨਾਲ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਅਜਿਹੇ ਨਾਜ਼ੁਕ ਮੌਕਿਆਂ ਉੱਤੇ ਚੁੱਪ ਰਹਿਣਾ ਜਾਂ ਫਿਰ ਬਹੁਤ ਬੋਲਣਾ ਸਥਿਤੀ ਨੂੰ ਹੋਰ ਵਿਗਾੜ ਅਤੇ ਉਲਝਾ ਸਕਦਾ ਹੈ। ਸੋ ਅਜਿਹੀ ਕਸ਼ਟਦਾਇਕ ਸਥਿਤੀ ਵਿੱਚੋਂ ਨਿਕਲਣ ਲਈ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪਵੇ ਤਾਂ ਉਹ ਵੀ ਜ਼ਰੂਰ ਲੈਣਾ ਚਾਹੀਦਾ ਹੈ। ਅਜਿਹੇ ਮੌਕੇ ਸਾਡੇ ਹੱਥ ਵਿਚਲਾ ਮੋਬਾਈਲ ਫੋਨ ਵੀ ਸਾਨੂੰ ਉਪਯੋਗੀ ਸਹਾਇਕ ਸਿੱਧ ਹੋ ਸਕਦਾ ਹੈ।
ਇਹ ਵੀ ਇਕ ਕਹਾਵਤ ਹੈ ਕਿ-“ਚੰਦਰਾ ਗੁਆਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ।’’- ਸੋ ਸਾਨੂੰ ਆਪਣੇ ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਹੋਰ ਮਿੱਤਰਾਂ-ਸਨੇਹੀਆਂ ਨਾਲ ਹੀ ਨਹੀਂ ਸਗੋਂ, ਸਭ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਸਭ ਤੋਂ ਨੇੜਲਾ ਜਾਂ ਫਿਰ ਆਪਣਾ ਸਾਡਾ ਆਂਢ-ਗੁਆਂਢ ਹੀ ਹੁੰਦਾ ਹੈ, ਜੋ ਮੁਸੀਬਤ ਵੇਲੇ ਸਭ ਤੋਂ ਪਹਿਲਾਂ ਸਾਡੇ ਕੰਮ ਆ ਸਕਦਾ ਹੈ। ਰਹੀ ਗੱਲ ਲਾਈ ਲੱਗ ਹੋਣ/ ਬਣਨ ਦੀ ਜਾਂ ਫਿਰ ਕਿਸੇ ਨੂੰ ਬਣਾਉਣ ਦੀ, ਸਾਨੂੰ ਸਭ ਫ਼ੈਸਲੇ ਸੋਚ-ਵਿਚਾਰ ਕੇ ਆਪਣੇ ਆਪ ਖ਼ੁਦ ਲੈਣੇ ਚਾਹੀਦੇ ਹਨ ਨਾ ਕਿ ਕਿਸੇ ਦੇ ਕਹਿਣ ’ਤੇ ਉਹ ਵੀ ਬਿਨਾਂ ਕੋਈ ਨਫ਼ਾ-ਨੁਕਸਾਨ ਸੋਚੇ ਤਾਂ, ਬਿਲਕੁੱਲ ਕਦੇ ਭੁੱਲ ਕੇ ਵੀ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ। ਸੋ ਖਾਹ-ਮ-ਖਾਹ ਦੀ ਬਹਿਸਬਾਜ਼ੀ ਅਤੇ ਚੁਗਲੀ ਨਿੰਦਿਆ ਕਰਨ ਦੀ ਭਾਵ ਲੂਤੀਆਂ ਲਾਉਣ ਦੀ ਆਦਤ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਚੁਗਲੀਆਂ ਅਤੇ ਲੂਤੀਆਂ ਦੇ ਘਰ ਪੱਟੇ ਕਦੇ ਰਾਸ ਨਹੀਂ ਆਉਂਦੇ। ਚੁਗਲੀ ਕਰਨ ਵਾਲੇ ਲੋਕ ਘਰਾਂ ਦੇ ਘਰ ਤਬਾਹ ਹੀ ਨਹੀਂ ਕਰ ਦਿੰਦੇ ਸਗੋਂ, ਕਈ ਵਾਰੀ ਕਤਲ ਤਕ ਵੀ ਕਰਵਾ ਦਿੰਦੇ ਹਨ। ਉਨ੍ਹਾਂ ਦਾ ਭਾਵ ਅਜਿਹੇ ਸੁਭਾਅ ਪੱਖੋਂ ਮਾੜੇ ਅਨਸਰਾਂ ਦਾ ਕੰਮ ਹੀ ਅੱਗ ਲਾਈ ਡੱਬੂ ਕੰਧ ’ਤੇ ਵਾਲਾ ਹੁੰਦਾ ਹੈ। ਉਹ ਤਾਂ ਆਪਣੀ ਬੁਰਾਈ ਕਰਨ ਦੀ ਆਦਤ ਤੋਂ ਮਜਬੂਰ ਹੁੰਦੇ ਹਨ।
ਸੋ ਸਾਨੂੰ ਆਪਣੇ ਆਪ ਨੂੰ ਖ਼ੁਸ਼-ਮਿਜ਼ਾਜ ਰੱਖਦੇ ਹੋਏ, ਨਿੱਕੀ-ਨਿੱਕੀ ਗੱਲ ’ਤੇ ਟੋਕਾ ਟਾਕੀ ਕਰਨ ਦੀ ਆਦਤ ਜਾਂ ਫਿਰ ਚੁਭਵੀਂ/ਅਣ ਸੁਖਾਵੀਂ ਆਲੋਚਨਾ ਕਰਨ ਦੀ ਆਦਤ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ। ਬੁਰਾਈ ਕਰਨ ਦੀ ਆਦਤ ਤੋਂ ਬਚਣ ਵਿਚ ਹੀ ਭਲਮਾਣਸੀ ਹੁੰਦੀ ਹੈ। ਨਹੀਂ ਤਾਂ ਫੇਰ ਸਾਨੂੰ ਸਭ ਨੂੰ ਕਸ਼ਟ ਹੀ ਸਹਿਣਾ ਪੈਂਦਾ ਹੈ। ਇਕ ਗੱਲ ਹੋਰ ਸਾਨੂੰ ਕਿਸੇ ਬਿਮਾਰ ਜਾਂ ਫਿਰ ਦੁਖੀ ਭਾਵ ਮੁਸੀਬਤ ਵਿਚ ਘਿਰੇ ਲੋਕਾਂ ਕੋਲ ਜਾ ਕੇ ਕੋਈ ਆਲਤੂ ਫਾਲਤੂ ਜਾਂ ਫਿਰ ਬੁਜ਼ਦਿਲੀ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਤਾਂ ਜੋ ਸਬੰਧਤ ਵਿਅਕਤੀ ਨੂੰ ਉਲਟਾ ਸਾਡੇ ਬੋਲਣ ਨਾਲ ਸਗੋਂ ਹੋਰ ਕਸ਼ਟ ਹੋਵੇ ਜਾਂ ਫਿਰ ਦੁੱਖ ਝੱਲਣਾ ਪਵੇ। ਕੰਮ ਕਰਨ ਵਾਲੀਆਂ ਥਾਵਾਂ ਉੱਪਰ ਵੀ ਜਿਵੇਂ ਕਿ ਫੈਕਟਰੀਆਂ ਆਦਿ ਵਿਚ ਤਾਂ ਬਿਨਾਂ ਲੋੜੋਂ/ ਬੇਵਜ੍ਹਾ ਬਿਲਕੁੱਲ ਹੀ ਨਹੀਂ ਬੋਲਣਾ ਚਾਹੀਦਾ, ਤਾਂ ਜੋ ਅਜਿਹਾ ਕਰਨ ਨਾਲ ਦੁਰਘਟਨਾਵਾਂ ਹੋਣ ਦਾ ਡਰ ਹੀ ਨਾ ਹੋਵੇ। ਗੱਡੀ /ਬੱਸ ਵਿਚ ਸਫ਼ਰ ਕਰਦਿਆਂ ਵੀ ਜਾਂ ਫਿਰ ਕਿਧਰੇ ਵੀ ਸਫ਼ਰ ਕਰਨ ਸਮੇਂ ਸਾਨੂੰ ਆਪਣੀ ਖ਼ੁਦ ਦੀ ਲੋੜ/ ਸੁਵਿਧਾ ਭਾਵ ਸੁੱਖ ਸਹੂਲਤ ਅਨੁਸਾਰ ਹੀ ਬੋਲਣਾ ਚਾਹੀਦਾ ਹੈ। ਬੇਲੋੜਾ ਬੋਲਣ ਤੋਂ ਹਮੇਸ਼ਾ ਪਰਹੇਜ ਕਰਨਾ ਚਾਹੀਦਾ ਹੈ, ਤਾਂ ਜੋ ਸਾਨੂੰ ਜਾਂ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਣ ਦੀ ਨੌਬਤ ਹੀ ਨਾ ਆਵੇ। ਸਾਨੂੰ ਅਣਜਾਣ ਅਤੇ ਅਜਨਬੀ ਲੋਕਾਂ ਨਾਲ ਵੀ ਸਮੇਂ, ਸਥਾਨ ਅਤੇ ਸਥਿਤੀ ਨੂੰ ਚੰਗੀ ਤਰ੍ਹਾਂ ਵੇਖਦੇ /ਭਾਂਪਦੇ ਹੋਏ ਫਾਲਤੂ ਕਿਸਮ ਦੀ ਬੋਲ ਚਾਲ ਜਾਂ ਫਿਰ ਬਹਿਸਬਾਜ਼ੀ ਤੋਂ ਸਖ਼ਤੀ ਨਾਲ ਆਪਣੇ ਆਪ ਉੱਪਰ ਲਗਾਮ ਲਾਉਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹਰਗਿਜ ਨਹੀਂ ਕਿ ਅਣਜਾਣ ਜਾਂ ਫਿਰ ਅਜਨਬੀ ਮਾੜੇ ਹੁੰਦੇ ਹਨ। ਅਸੀਂ ਸਭ ਇਕ ਦੇਸ਼ ਦੇ ਜਾਂ ਫਿਰ ਪੂਰੇ ਸੰਸਾਰ ਦੇ ਭਾਵ ਇਕ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਵਾਂਗ ਹੀ ਤਾਂ ਹਾਂ, ਸੱਚ ਤਾਂ ਇਹ ਹੈ ਕਿ ਅਸੀਂ ਸਭ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸੱਭਿਅਕ ਸਮਾਜ ਦੇ ਵਾਸੀ ਹਾਂ। ਸਾਨੂੰ ਹਰ ਕਿਸੇ ਨਾਲ ਆਪਸੀ ਸਹਿਯੋਗ/ ਮਿਲਵਰਤਣ/ ਹਮਦਰਦੀ ਤੇ ਸ਼ੁੱਧ ਭਾਵਨਾ ਨਾਲ ਪੇਸ਼ ਆਉਣਾ ਚਾਹੀਦਾ ਹੈ।
ਆਪਸੀ ਪ੍ਰੇਮ ਪਿਆਰ ਦੀ ਭਾਵਨਾ
ਅਜੋਕੀ ਸਿੱਖਿਆ, ਸਾਇੰਸ ਅਤੇ ਤਕਨੀਕ ਦੇ ਇਸ ਯੁੱਗ ਵਿਚ ਤਾਂ ਅਸੀਂ ਪੂਰੀ ਦੁਨੀਆਂ ਦੇ ਸਭ ਦੇਸ਼ਾਂ ਦੇ ਲੋਕਾਂ ਨਾਲ ਆਪਸ ਵਿਚ ਜੁੜੇ ਹੋਏ ਹਾਂ। ਸੋ ਸਾਨੂੰ ਸਭ ਮਨੁੱਖਾਂ ਨਾਲ ਆਪਸੀ ਪਿਆਰ ਪ੍ਰੇਮ ਭਾਵਨਾ ਨਾਲ ਹੀ ਪੇਸ਼ ਆਉਣਾ ਚਾਹੀਦਾ ਹੈ, ਜਿਹਾ ਕਿ ਸਾਡੀ ਭਾਰਤੀ ਸੱਭਿਅਤਾ ਸਾਨੂੰ ਸਭ ਨੂੰ ਸਿਖਾਉਂਦੀ ਹੈ। ਜਦੋਂ ਕਿ ਕਿਤੇ ਵੱਧ ਅਸੀਂ ਪੰਜਾਬੀ ਤਾਂ ਹਾਂ ਹੀ ਸਭ ਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝਣ ਵਾਲੇ, ਕਿਉਂਕਿ ਕਿਸੇ ਨਾਲ ਵੀ ਕੋਈ ਬੁਰਾਈ ਜਾਂ ਫਿਰ ਦਵੈਤ ਭਾਵਨਾ ਨਾਲ ਪੇਸ਼ ਆਉਣਾ ਤਾਂ ਸਾਡੇ ਲਈ ਹਰਾਮ ਦੇ ਬਰਾਬਰ ਹੈ ਕਿਉਂਕਿ ਸਾਡਾ ਸੁਭਾਅ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.