ਕੈਨੇਡਾ: 14ਵਾਂ ਸੁਰਿੰਦਰ ਲਾਇਨਜ਼ ਹਾਕੀ ਕੱਪ ਸਰੀ (ਕੈਨੇਡਾ )ਵਿਖੇ 26 ਤੋਂ 28 ਅਗਸਤ ਤੱਕ
ਦੁਨੀਆਂ ਭਰ ਦੇ ਨਾਮੀ ਖਿਡਾਰੀ ਅਤੇ ਉੱਘੀਆਂ ਟੀਮਾਂ ਲੈਣਗੀਆਂ ਹਿੱਸਾ
ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ, ਬਾਬੂਸ਼ਾਹੀ ਨੈਟਵਰਕ
14ਵਾਂ ਸੁਰਿੰਦਰ ਲਾਇਨਜ਼ ਗੋਲਡ ਕੱਪ ਹਾਕੀ ਟੂਰਨਾਮੈਂਟ ਸਰੀ ਦੇ ਤਮਾਨਾਵਿਸ ਪਾਰਕ 64 ਐਵੇਨਿਊ ਅਤੇ 126 ਸਟਰੀਟ ਦੇ ਐਸਟਰੋਟਰਫ ਹਾਕੀ ਮੈਦਾਨਾਂ ਵਿੱਚ 26 ਤੋਂ 28 ਅਗਸਤ ਤੱਕ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਵਿੱਚ ਜਿੱਥੇ ਕੈਨੇਡਾ ਦੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਬਹੁਤ ਸਾਰੀਆਂ ਟੀਮਾਂ ਹਿੱਸਾ ਲੈਂਦੀਆਂ ਹਨ, ਉਥੇ ਅਮਰੀਕਾ, ਜਰਮਨੀ , ਪਾਕਿਸਤਾਨ, ਭਾਰਤ ਤੇ ਹੋਰ ਯੂਰਪੀਨ ਮੁਲਕਾਂ ਦੇ ਹਾਕੀ ਸਟਾਰ ਹਰ ਸਾਲ ਆਪਣੇ ਹਾਕੀ ਹੁਨਰ ਦਾ ਲੋਹਾ ਮਨਾਉਂਦੇ ਹਨ । ਇਸ ਟੂਰਨਾਮੈਂਟ ਵਿਚ ਜੂਨੀਅਰ ਤੋਂ ਲੈ ਕੇ ਸੀਨੀਅਰ ਪੱਧਰ ਤੱਕ ਦੇ ਹਰ ਵਰਗ ਦੇ ਮੁਕਾਬਲੇ ਹੁੰਦੇ ਹਨ । ਮੈਨੂੰ ਇਸ ਟੂਰਨਾਮੈਂਟ ਨੂੰ ਵੇਖਣ ਦਾ 2 ਵਾਰੀ ਮੌਕਾ ਮਿਲਿਆ ਇੱਕ ਵਾਰ ਸਾਲ 2018 ਵਿਚ ਮੈਂ ਜੁਲਾਈ ਮਹੀਨੇ ਕੈਨੇਡਾ ਦੀ ਫੇਰੀ ਤੇ ਗਿਆ ਸੀ ਤਿੰਨੇ ਦਿਨ ਟੂਰਨਾਮੈਂਟ ਦਾ ਤਿੰਨੇ ਦਿਨ ਆਨੰਦ ਮਾਣਿਆ ਸੀ।
ਪਿਛਲੀ ਵਾਰ 2021 ਵਿੱਚ ਕੋਰੋਨਾ ਮਹਾਂਮਾਰੀ ਕਾਰਨ ਇਹ ਟੂਰਨਾਮੈਂਟ ਅਕਤੂਬਰ ਮਹੀਨੇ ਦੇ ਦੂਜੇ ਹਫ਼ਤੇ ਹੋਇਆ ।ਕੁਦਰਤੀ ਮੇਰਾ ਵੀ ਸਬੱਬ ਬਣਿਆ ਕਿ ਮੈਂ ਉਨ੍ਹਾਂ ਦਿਨਾਂ ਵਿੱਚ ਕਨੇਡਾ ਦੇ ਵਿੱਚ ਗਿਆ ਹੋਇਆਂ ਸਾਂ ਤੇ ਮੈਂ 2 ਦਿਨ ਟੂਰਨਾਮੈਂਟ ਦਾ ਆਨੰਦ ਮਾਣਿਆ । ਉੱਥੋਂ ਦੇ ਸਾਡੇ ਨੇੜਲੇ ਪਿੰਡਾਂ ਦੇ ਜੰਮਪਲ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੂੰ ਟੂਰਨਾਮੈਂਟ ਦੌਰਾਨ ਮਿਲਣ ਦਾ ਮੌਕਾ ਮਿਲਿਆ, ਬੜੀਆਂ ਆਪਸੀ ਵਡਮੁੱਲੀਆਂ ਵਿਚਾਰਾਂ ਹੋਈਆਂ । ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਜੱਸਾ ਅਕਾਲਗਡ਼੍ਹ ,ਦਾਰਾ ਭਾਜੀ ,ਮਹਿੰਦਰ ਧਾਲੀਵਾਲ , ਜਸਬੀਰ ਤੱਤਲਾ ਅਤੇ ਹੋਰ ਪ੍ਰਬੰਧਕਾਂ ਅਤੇ ਖਿਡਾਰੀਆਂ ਨਾਲ ਸਾਡਾ ਹਾਕੀ ਕਰਕੇ ਆਪਸੀ ਦਿਲੋਂ ਲਗਾਓ ਅਤੇ ਇੱਕ ਦੂਜੇ ਪ੍ਰਤੀ ਸਤਿਕਾਰ ਹੈ । ਮੇਰੀ ਵੀ ਇੱਕ ਬੜੀ ਦਿਲੀ ਤਮੰਨਾ ਹੁੰਦੀ ਸੀ ਕਿ ਜੇਕਰ ਮੈਂ ਜ਼ਿੰਦਗੀ ਚ ਕਦੇ ਅਮਰੀਕਾ ਜਾਂ ਕੈਨੇਡਾ ਵਸਿਆ ਤਾਂ ਸੰਤ ਭਿੰਡਰਾਂਵਾਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਉਣ ਦਾ ਵਿਚਾਰ ਵਾਰ ਵਾਰ ਮੇਰੇ ਮਨ ਵਿੱਚ ਆਉਂਦਾ ਹੁੰਦਾ ਸੀ ਪਰ ਮੇਰਾ ਦਾਣਾ ਪਾਣੀ ਜ਼ਿਆਦਾਤਰ ਪੰਜਾਬ ਦੀ ਧਰਤੀ ਤੇ ਹੀ ਕੁਦਰਤ ਨੇ ਲਿਖਿਆ ਸੀ ਬੱਚੇ ਤਾਂ ਹੁਣ ਅਮਰੀਕਾ ,ਕੈਨੇਡਾ ਸੈਟਲ ਹੋ ਗਏ ਹਨ। ਉਹ ਤਾਂ ਅਜੇ ਅੱਗੇ ਭਵਿੱਖ ਚ ਵੇਖਾਂਗੇ, ਰਹਿੰਦੀ ਜ਼ਿੰਦਗੀ ਵਿੱਚ ਹਾਕੀ ਲਈ ਜਾਂ ਖੇਡਾਂ ਲਈ ਹੋਰ ਕੀ ਕੁੱਝ ਕਰ ਸਕਦੇ ਹਾਂ ਪਰ ਜੋ ਮੇਰੇ ਮਨ ਦੀ ਰੀਝ ਸੀ ਸਵ: ਸੁਰਿੰਦਰ ਭਾਜੀ ,ਜੱਸਾ ਸਰਾਂ, ਦਾਰਾ ਭਾਜੀ ਹੋਰਾਂ ਨੇ ਜਰੂਰ ਪੂਰੀ ਕਰ ਦਿੱਤੀ ਹੈ । ਅਸੀਂ ਵੀ ਇਸੇ ਪੈਟਰਨ ਤੇ ਜਰਖੜ ਵਿੱਚ ਸਬ ਜੂਨੀਅਰ ਤੋਂ ਲੈ ਕੇ ਸੀਨੀਅਰ ਪੱਧਰ ਦੇ ਹਾਕੀ ਕਰਵਾਉਂਦੇ ਹਾਂ । ਉਹ ਵੱਖਰੀ ਗੱਲ ਹੈ ਕਿ ਕਨੇਡਾ ਦੇ ਵਿੱਚ ਪੰਜਾਬ ਨਾਲੋਂ ਸਹੂਲਤਾਂ ਵੱਧ ਹਨ। ਪੈਸੇ ਧੇਲੇ ਦੀ ਕੋਈ ਕਮੀ ਨਹੀਂ ਰਹਿੰਦੀ ਪਰ ਇੱਥੇ ਪੰਜਾਬ ਵਿੱਚ ਖੇਡਣ ਲਈ ,ਖੇਡਾਂ ਵਾਸਤੇ ਕੰਮ ਕਰਨ ਲਈ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬਾਕੀ ਚੱਲਦੀ ਸੌੜੀ ਸਿਆਸਤ ਕਾਰਨ ਬੰਦਾ ਆਖਰ ਕਿਤੇ ਨਾ ਕਿਤੇ ਹਾਰ ਵੀ ਜਾਂਦਾ ਹੈ ਪਰ ਫਿਰ ਵੀ ਅਸੀਂ ਦਾਤੇ ਦੀ ਰਹਿਮਤ ਨਾਲ ਆਪਣਾ ਤਨ, ਮਨ ,ਧਨ ਜਰਖੜ ਖੇਡ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੇ ਵਿੱਚ ਹਾਕੀ ਦੇ ਲੇਖੇ ਲਾਇਆ ਹੈ । ਜਿਸ ਦੇ ਨਤੀਜੇ ਵੀ ਪੰਜਾਬ ਦੀ ਹਾਕੀ ਨੂੰ ਵਧੀਆ ਮਿਲੇ ਹਨ ਤੇ ਮੈਨੂੰ ਵੀ ਜ਼ਿੰਦਗੀ ਜਿਊਣ ਦਾ ਸਕੂਨ ਮਿਲ ਰਿਹਾ ਹੈ।
ਪਿਛਲੀ ਵਾਰ ਸਰੀ ਦੇ ਹਾਕੀ ਕੱਪ ਦੀ ਖਾਸੀਅਤ ਇਹ ਸੀ ਕਿ ਟੂਰਨਾਂਮੈਂਟ ਹਰ ਪਾਸਿਓਂ ਵਿਲ ਡਿਸਿਪਲਿਨ ਸੀ। ਇਸ ਤਰ੍ਹਾਂ ਦਾ ਮੈਂ ਨਜ਼ਾਰਾ ਹਾਲੈਂਡ ਚੈਂਪੀਅਨਜ਼ ਟਰਾਫੀ 2003 ਵਿੱਚ ਵੇਖਿਆ ਸੀ ਕਿ ਜਿਥੇ ਹਾਕੀ ਖੇਡਣ ਦਾ ਵੀ ਅਤੇ ਵੇਖਣ ਦਾ ਵੀ ਮਜ਼ਾ ਆ ਰਿਹਾ ਸੀ । ਲੋਕ ਪਰਿਵਾਰਾਂ ਸਮੇਤ ਹਾਕੀ ਮੈਚਾਂ ਦਾ ਆਨੰਦ ਮਾਣ ਰਹੇ ਸਨ । ਸਰੀ ਦੇ ਮੈਦਾਨਾਂ ਵਿਚ ਇਕ ਹੱਸਦਾ ਵਸਦਾ ਅਤੇ ਨ੍ਹਾਤਾ ਧੋਤਾ ਜਿਹਾ ਪੰਜਾਬ ਦਿਸ ਰਿਹਾ ਸੀ । ਕਿਸੇ ਕਿਸਮ ਦਾ ਕੋਈ ਸਰਕਾਰੀ ਡਰ ਜਾਂ ਰਾਜਨੀਤਕ ਪ੍ਰਭਾਵ ਨਹੀਂ ਸੀ ,ਸਿਰਫ਼ ਖੇਡ ਭਾਵਨਾ ਦਾ ਹੀ ਸਤਿਕਾਰ ਅਤੇ ਹਾਕੀ ਪਿਆਰ ਚਾਰੇ ਪਾਸੇ ਦਿਸ ਰਿਹਾ ਸੀ। ਬਹੁਗਿਣਤੀ ਵਿੱਚ ਆਪਣੇ ਹੀ ਪੰਜਾਬੀ ਮੁੰਡੇ ਅਤੇ ਪੰਜਾਬੀ ਪਰਿਵਾਰਾਂ ਦੇ ਬੱਚੇ ਹਾਕੀ ਖੇਡ ਰਹੇ ਸਨ, ਕੈਨੇਡਾ ਦੀ ਕੌਮੀ ਟੀਮ ਦੇ ਕਈ ਗੋਰੇ ਖਿਡਾਰੀ ਆਪਣੇ ਖੇਡ ਹੁਨਰ ਨੂੰ ਦਰਸਾ ਰਹੇ ਸੀ ।
ਕੌਣ ਜਿੱਤਿਆ ,ਕੌਣ ਹਾਰਿਆ ਉਹ ਤਾਂ ਹੁਣ ਵਕਤ ਜ਼ਿਆਦਾ ਬੀਤ ਗਿਆ, ਗੱਲ ਕਰਨ ਦੀ ਲੋੜ ਨਹੀਂ । ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਮੈਂ ਕੈਨੇਡਾ ਕਬੱਡੀ ਕੱਪ ਦੇ ਪ੍ਰਬੰਧਕਾਂ ਨੂੰ ਅਤੇ ਸਰੀ ਗੋਲਡ ਕੱਪ ਹਾਕੀ ਦੇ ਪ੍ਰਬੰਧਕਾਂ ਜੱਸਾ ਅਕਾਲਗੜ੍ਹ ਅਤੇ ਦਾਰਾ ਭਾਜੀ ਅਤੇ ਹੋਰਨਾਂ ਨੂੰ ਵੀ ਮਿਲਿਆ ਕਾਫ਼ੀ ਗੱਲਾਂ ਬਾਤਾਂ ਹੋਈਆਂ ਵਿਚਾਰਾਂ ਹੋੲੀਅਾਂ ਕਿ ਹਾਕੀ ਲਈ ਹੋਰ ਵੱਧ ਤੋਂ ਵੱਧ ਕੀ ਕੀਤਾ ਜਾਵੇ ।ਉਹ ਤਾਂ ਅਜੇ ਆਉਣ ਵਾਲਾ ਵਕਤ ਦੱਸੇਗਾ ਕਿ ਪ੍ਰਮਾਤਮਾ ਨੇ ਕਿਸ ਇਨਸਾਨ ਤੋਂ ਕਿੰਨੀ ਸੇਵਾ ਹੋਰ ਲੈਣੀ ਹੈ ? ਪਰ ਇਹ ਜ਼ਰੂਰ ਹੈ ਕਿ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਹਾਕੀ ਪ੍ਰਤੀ ਸਮਰਪਤ ਰਹਾਂਗੇ । ਸੁਰਿੰਦਰ ਲਾਇਨਜ਼ ਹਾਕੀ ਕਲੱਬ ਦੇ ਪ੍ਰਬੰਧਕ ਜੋ ਵੀ ਸਰੀ ਵਿੱਚ ਹਾਕੀ ਲਈ ਕੰਮ ਕਰ ਰਹੇ ਹਨ ਉਹ ਬਹੁਤ ਹੀ ਕਾਬਲੇ ਤਾਰੀਫ਼ ਹੈ । ਮੇਰਾ ਉਨ੍ਹਾਂ ਨੂੰ ਹਰ ਪਾਸਿਓਂ ਸਲੂਟ ਹੈ । ਪ੍ਰਮਾਤਮਾ ਸੁਰਿੰਦਰ ਲਾਇਨਜ਼ ਹਾਕੀ ਕਲੱਬ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ। ਇਸ ਵਾਰ ਦਾ ਸਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਇਕ ਨਵਾਂ ਇਤਿਹਾਸ ਸਿਰਜੇ। ਮੇਰੀ ਸਾਰੇ ਹਾਕੀ ਪ੍ਰੇਮੀਆਂ ਨੂੰ ਬੇਨਤੀ ਹੈ ਜੋ ਸਰੀ ਦਾ ਟੂਰਨਾਮੈਂਟ ਦੇਖ ਸਕਦੇ ਹਨ ਕਿ ਇਸ ਹਾਕੀ ਮਹਾਂਕੁੰਭ ਦਾ ਆਨੰਦ ਜਰੂਰ ਮਾਨਣ, ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮੇਰੇ ਵੱਲੋਂ ਸ਼ੁਭ ਇਛਾਵਾਂ , ਹਰ ਇੱਕ ਨੂੰ ਜਿੱਤ ਨਸੀਬ ਹੋਵੇ ਅਤੇ ਪ੍ਰਬੰਧਕਾਂ ਦਾ ਖੇਡ ਮੇਲਾ ਸਫ਼ਲ ਹੋਵੇ । ਵਾਹਿਗੁਰੂ ਰਹਿਮਤ ਰੱਖੇ, ਰੱਬ ਰਾਖਾ
ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ 9814300722
-
ਜਗਰੂਪ ਸਿੰਘ ਜਰਖੜ , ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.