1947 ਦਾ ਦਰਦ ਪਰੁੱਚਿਆ ਪਾਟਿਆ ਵਰਕਾ
ਚਰਨਜੀਤ ਸਿੰਘ ਤੇਜਾ
ਸੰਪਰਕਃ 84270 01105
ਬੰਦ ਹੋ ਚੁਕੇ ਪੁਰਾਣੇ ਮਾਡਲ ਦੀ ਕਾਰ ਦਾ ਇਕ ਪੁਰਜ਼ਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ। ਕਿਸੇ ਨੇ ਦੱਸ ਪਾਈ ਕਿ ਸ਼ੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿੱਦਾਂ ਦਾ ਪੁਰਜ਼ਾ ਚਾਹੀਦਾ ਹੋਵੇ ਓਦਾਂ ਦਾ ਬਣਾ ਦੇਣਗੇ ।
ਦੁਕਾਨ ‘ਤੇ ਬੈਠੇ ਖੁਸ਼ਕ ਮਿਜ਼ਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਆਵਾਜ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜ਼ਾ ਮੇਰੇ ਹੱਥੋਂ ਫੜ ਉਸ ਨੂੰ ਦੇ ਦਿਤਾ । ਮੁੰਡਾ ਦੁਕਾਨ ਦੇ ਅੰਦਰ ਲੱਗੀ ਪੌੜੀ ਤੇ ਚੜ੍ਹ ਗਿਆ। ਕਾਉਂਟਰ ਦੇ ਸਾਹਮਣੇ ਫੱਟੇ ‘ਤੇ ਬੈਠਿਆਂ ਧਿਆਨ ਸਰਦਾਰ ਜੀ ਦੇ ਪਿਛੇ ਲੱਗੀ ਫ਼ੋਟੋ ਨੇ ਖਿੱਚਿਆ : ਪਾਸਪੋਰਟ ਸਾਈਜ਼ ਤੋਂ ਵੱਡੀ ਕੀਤੀ ਤਸਵੀਰ ਵਿੱਚ ਇਕ ਦਰਸ਼ਨੀ ਸਿੱਖ ਦਾ ਗੰਭੀਰ ਚਿਹਰਾ ਸੀ।
ਥੱਲੇ ਲਿਖਿਆ ਸੀ 1/1/1930 ਤੋਂ 10/12/2010 । ਉਂਜ ਮੇਰਾ ਹਿਸਾਬ ਕਿਤਾਬ ਬਹੁਤ ਕਮਜ਼ੋਰ ਏ ਪਰ ਪੁਰਜ਼ੇ ਦੀ ਉਡੀਕ ‘ਚ ਬੈਠਿਆਂ ਦੁਵੱਲੀ ਡੂੰਘੀ ਚੁੱਪ ਤੋੜਨ ਲਈ ਮੈਂ ਤਰੀਕਾਂ ਦਾ ਮੋਟਾ ਜਿਹਾ ਹਿਸਾਬ ਲਾ ਕੇ ਕਿਹਾ “ਜੇ ਤੁਹਾਡੇ ਬਜੁਰਗ 20 ਦਿਨ ਹੋਰ ਜਿਉਂਦੇ ਰਹਿੰਦੇ ਤੇ ਇਹਨਾਂ ਪੂਰੇ 80 ਸਾਲਾਂ ਦੇ ਹੋ ਜਾਣਾ ਸੀ”।
ਮੇਰੀ ਆਸ ਦੇ ਉਲਟ ਚੁੱਪ ਹੋਰ ਡੂੰਘੀ ਹੋ ਗਈ ।ਜਦੋਂ ਮੈਂ ਸਰਦਾਰ ਦੇ ਬੋਲਣ ਦੀ ਆਸ ਲਾਹ ਕੇ ਜੇਬ ਚੋਂ ਮੋਬਾਇਲ ਕੱਢ ਕੇ ਸਕਰੀਨ ਤੇ ਹੱਥ ਮਾਰਨੇ ਸੁਰੂ ਕੀਤੇ ਤਾਂ ਸਰਦਾਰ ਹੁਰੀਂ ਲੰਮਾ ਸਾਹ ਲੈ ਕੇ ਬੋਲੇ,
“ ਕੀ ਕਰਦੇ ਉਹ 20 ਦਿਨ ਹੋਰ ਅਣਕੀਤੇ ਗੁਨਾਹ ਦੀ ਸਜ਼ਾ ਭੁਗਤ ਕੇ”।
ਤਸਵੀਰ ਤੋਂ ਉਹ ਬੀਮਾਰ ਨਹੀਂ ਲੱਗਦੇ ਸੀ, ਸੋ ਮੈਂ ਪੁੱਛਿਆ ਕਿ ਬੀਮਾਰ ਤਾਂ ਨਹੀਂ ਲੱਗਦੇ? ਕੀ ਹੋ ਗਿਆ ਸੀ ਉਨ੍ਹਾਂ ਨੂੰ।
ਸਰਦਾਰ ਨੇ ਕੁਰਸੀ ਨਾਲੋਂ ਢੋਹ ਹਟਾ ਲਈ, ਕਾਉਂਟਰ ‘ਤੇ ਉੱਲਰ ਗਿਆ ਤੇ ਅੱਖਾਂ ਮੀਟ ਪੌਣੀ ਸਦੀ ਪਿੱਛੇ ਜਾ ਪਹੁੰਚਿਆ ।
ਬਾਪੂ ਸਨਮੁਖ ਸਿੰਘ, ਵੰਡ ਵੇਲੇ 17 ਸਾਲਾਂ ਦੇ ਸੀ। ਇਹ ਰਾਵੀ ਪਾਰ ਬਾਰ ‘ਚ ਈ ਜੰਮੇ ਸੀ, ਖਾਣ ਪੀਣ ਹੰਢਾਉਣ ਨੂੰ ਖੁੱਲ੍ਹਾ । ਕੱਦ ਸਵਾ ਛੇ ਫੁੱਟ, ਕੰਮ ਕਾਰ ਨੂੰ ਮਰਦੇ ਦਮ ਤਕ ਬਹੁਤ ਉੱਦਮੀ ਸਨ।
ਮੇਰੇ ਦਾਦੇ ਦੀ ਪਹਿਲੀ ਔਲਾਦ ਸੀ ਉਹ । ਬਾਪੂ ਤੋਂ ਦੋ ਸਾਲ ਪਿਛੋਂ ਇਕ ਕੁੜੀ ਹੋਈ, ਉਹਦੇ ਜਮਾਂਦਰੂ ਹੱਥ ਪੈਰ ਵਿੰਗੇ ਸੀ, ਤੁਰਨ ਫਿਰਨ ਤੋਂ ਦੁਖਿਆਰੀ ਸੀ। ਦਾਦਾ ਜੀ ਦੱਸਦੇ ਹੁੰਦੇ ਸੀ ਕਿ
ਸਨਮੁਖ ਨੇ ਨਿੱਕੇ ਹੁੰਦਿਆਂ ਹੀ ਉਹਨੂੰ ਆਪਣੀ ਕੰਡ ‘ਤੇ ਚੁੱਕ ਕੇ ਅੰਦਰ ਬਾਹਰ ਲਈ ਫਿਰਨਾ । ਕਦੇ ਲੈ ਕੇ ਚੁਬਾਰੇ ਚੜ੍ਹ ਗਿਆ ਕਦੇ ਮੋਢੇ ਲਾ ਖੇਤਾਂ ਨੂੰ ਲੈ ਗਿਆ।
ਖ਼ਬਰ ਨਹੀਂ ਮਾਂ ਜਾਈ ਦਾ ਮੋਹ ਸੀ ਜਾਂ ਉਹਦੇ ਆਰੀ ਹੋਣ ਕਰਕੇ ਤਾਂ ਉਹਦਾ ਬਹੁਤਾ ਮੋਹ ਕਰਦਾ ਸੀ ।ਜਿਵੇਂ ਦੱਸਦੇ ਸੀ, ਟੱਬਰ ਵਿਚ ਕਿਸੇ ਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਕੁੜੀ ਅਪਾਹਜ ਆ । ਦੋਵੇਂ ਭੈਣ ਭਰਾ ਇਕ ਦੂਜੇ ਤੋਂ ਕੁਰਬਾਨ ਜਾਂਦੇ, ਹੱਸਦੇ ਖੇਡਦੇ, ਰੌਣਕ ਲੱਗੀ ਰਹਿੰਦੀ ।
ਸਾਡਾ ਪਿੰਡ ਜੰਡਿਆਲਾ ਸ਼ੇਰ ਖਾਂ (ਸ਼ੇਖ਼ੂਪੁਰਾ) ਦੇ ਕੋਲ ਸੀ।
ਸਿੱਖਾਂ ਦੇ ਥੋੜੇ ਘਰ ਸੀ ਪਰ ਜਿੰਨੇ ਸੀ ਸਾਰੇ ਤਕੜੇ, ਚੰਗੀਆਂ ਜਮੀਨਾਂ ਵਾਲੇ । ਸੁਣਦੇ ਸੀ ਕਿ ਇਹਨ੍ਹਾਂ ਨੂੰ ਪੰਡਿਤ ਜਵਾਹਰ ਨਹਿਰੂ ਹੁਰਾਂ ਯਕੀਨ ਦਿਵਾਇਆ ਹੋਇਆ ਸੀ ਕਿ ਲਕੀਰ ਖਿੱਚਣ ਵਾਲਾ ਕਮਿਸ਼ਨ ਨਨਕਾਣਾ ਸਾਹਿਬ ਤੋਂ ਸ਼ੇਖੂਪੁਰਾ ਜ਼ਿਲ੍ਹੇ ਤੇ ਪਰੇ ਸਾਂਗਲਾ ਹਿੱਲ ਤੱਕ ਸਿੱਖਾਂ ਨੂੰ ਨਹੀਂ ਉਠਾਲੇਗਾ।
ਕਮੀਸ਼ਨ ਦਾ ਫ਼ੈਸਲਾ ਉਡੀਕਦੇ 15 ਅਗਸਤ ਤਕ ਅਸੀਂ ਪਿੰਡ ਹੀ ਬੈਠੇ ਰਹੇ ਤੇ ਫੇਰ ਹੱਲੇ ਹੋਣ ਲੱਗੇ ।
ਕੁਝ ਹੱਲਿਆਂ ਦਾ ਮੋੜਵਾ ਜੁਆਬ ਵੀ ਦਿੱਤਾ ਤੇ ਕਹਿੰਦੇ ਇਲਾਕੇ ਦੇ ਮੁਸਲਮਾਨ ਚੌਧਰੀ ਦੇ ਪੁੱਤ ਦੀ ਲਾਸ਼ ਵੀ ਸਾਡੇ ਪਿੰਡੋਂ ਲੱਭੀ । ਚੌਧਰੀ ਨੇ ਸਾਰੇ ਇਲਾਕੇ ਦੇ ਮੁਸਲਮਾਨ ਫੌਜੀਆਂ ਤੇ ਗੁੰਡਿਆਂ ਨੂੰ ਆਪਣੇ ਪੁੱਤ ਦਾ ਵਾਸਤਾ ਪਾ ਕੇ ਕਿਹਾ ਕਿ ਏਸ ਪਿੰਡੋਂ ਕੋਈ ਸਿੱਖ ਬਚ ਕੇ ਨਾ ਜਾਵੇ। ਸਾਡੇ ਬਜ਼ੁਰਗਾਂ ਨੂੰ ਹਮਲੇ ਦੀ ਖਬਰ ਮਿਲ ਗਈ ਪਰ ਬਚ ਨਿਕਲਣ ਦਾ ਕੋਈ ਹੀਲਾ ਨਾ ਬਣਿਆ।
ਬਹੁਤਿਆਂ ਘਰਾਂ ਨੇ ਆਪਣੇ ਬੱਚੇ ਤੇ ਜ਼ਨਾਨੀਆਂ ਪਹਿਲਾਂ ਈ ਰਿਸ਼ਤੇਦਾਰੀਆਂ ‘ਚ ਭੇਜ ਦਿਤੀਆਂ ਸੀ ਪਰ ਅਜੇ ਵੀ ਪਿੰਡ ‘ਚ ਕਈ ਜਵਾਨ ਨੂੰਹਾਂ ਤੇ ਧੀਆਂ ਪਿੰਡ ਵਿੱਚ ਹੀ ਸਨ । ਸਾਡਾ ਦਾਦਾ ਸਃ ਸੇਵਾ ਸਿੰਘ ਵੀ ਗੁਰਦਵਾਰੇ ਹੋਏ ਉਸ ਇਕੱਠ ‘ਚ ਸੀ ਜਿਥੇ ਇਹ ਫ਼ੈਸਲਾ ਹੋਇਆ ਕਿ ਹੋਰਨਾਂ ਪਿੰਡਾਂ ਵਾਂਗ ਜਵਾਨ ਨੂੰਹਾਂ ਧੀਆਂ ਆਪਣੀ ਪੱਤ ਬਚਾਉਣ ਲਈ ਖੂਹੀਂ ਛਾਲਾਂ ਮਾਰ ਕੇ ਡੁੱਬ ਮਰਨ ਅਤੇ ਮਰਦ ਕਾਫਲਾ ਬਣਾ ਕੇ ਬਿਨ੍ਹਾਂ ਦੇਰੀ ਪਿੰਡ ਨੂੰ ਤੁਰੰਤ ਛੱਡਣ।
ਸੁਨੇਹਾ ਮਿਲਣ ਤੇ ਪਿੰਡ ਦੀਆਂ ਬੀਬੀਆਂ ਆਪ ਚੱਲ ਕੇ ਗੁਰਦਵਾਰੇ ਕੋਲ ਖੂਹੀ ‘ਤੇ ਪਹੁੰਚੀਆਂ ਤੇ ਸਤਿਗੁਰਾਂ ਨੂੰ ਧਿਆ ਕੇ ਆਪਣੇ ਕੋੜਮੇ ਦੀ ਸੁੱਖ ਸਾਂਦ ਮੰਗਦੀਆਂ ਨੇ ਖੂਹਾਂ ‘ਚ ਛਾਲਾਂ ਮਾਰ ਦਿਤੀਆਂ।
ਬਾਬਾ ਸੇਵਾ ਸਿੰਘ ਜਦੋਂ ਘਰ ਆਇਆ ਤਾਂ ਅੰਗਾਂ ਪੈਰਾਂ ਤੋਂ ਆਰੀ ਆਪਣੀ ਧੀ ਨੂੰ ਵੇਖ ਕੇ ਗੁੰਮ ਹੋ ਗਿਆ। ਬੀਬੀ ਨੇ ਪੁੱਛਿਆ ਤਾਂ ਗੁਰਦਵਾਰੇ ਹੋਏ ਫ਼ੈਸਲੇ ਦੀ ਗੱਲ ਦੱਸਦਿਆਂ ਨਾਲੋ ਨਾਲ ਕੀਮਤੀ ਸਮਾਨ ਪੱਲੇ ਬੰਨਣ ਲਈ ਕਿਹਾ ।
ਸਨਮੁਖ ਸਿੰਘ ਨੇ ਵੀ ਸੁਣ ਲਿਆ ‘ਤੇ ਵਿਹੜੇ ‘ਚ ਡਿੱਠੇ ਮੰਜੇ ਤੇ ਪਈ ਆਪਣੀ ਸਭ ਤੋਂ ਕੀਮਤੀ ਸ਼ੈਅ ਨੂੰ ਝੋਲੀ ‘ਚ ਪਾ ਕੰਧੇੜੇ ਚੁੱਕਣ ਲੱਗਾ ।
ਬਾਪ ਨੇ ਭਰੇ ਮਨ ਨਾਲ ਜਵਾਨ ਪੁੱਤ ਨੂੰ ਦੱਸਿਆ ਕਿ ਸਾਡੇ ਜਿਉਂਦੇ ਬਚਣ ਦਾ ਕੋਈ ਹੀਲਾ ਵਸੀਲਾ ਨਹੀਂ ਬਚਿਆ, ਹੋ ਸਕਦਾ ਅਸੀਂ ਜੰਡਿਆਲੇ ਵੀ ਨਾ ਪਹੁੰਚ ਸਕੀਏ। ਇਸ ਵਿਚਾਰੀ ਨੂੰ ਕਿਉਂ ਦਰਿੰਦਿਆਂ ਦੇ ਨੋਚਣ ਨੂੰ ਨਾਲ ਚੁੱਕ ਲਿਆ ਈ ?
ਸਨਮੁਖ ਸਿੰਘ ਨੇ ਭੈਣ ਲਈ ਆਪਾ ਵਾਰਨ ਦੀ ਗੱਲ ਕਈ ਵਾਰ ਦੁਹਰਾਈ ਪਰ ਬਾਪ ਨੇ ਵੀ ਓਨੀ ਵਾਰ ਸਮਝਾਇਆ ਕਿ ਆਪਾ ਵਾਰ ਕੇ ਵੀ ਅਸੀਂ ਇਹਨੂੰ ਬਚਾ ਨਹੀਂ ਸਕਣਾ । ਫਿਰ ਉਸ ਪਿਆਰੀ ਭੈਣ ਨੇ ਵੀਰ ਦੀ ਸੁੱਖ ਮੰਗੀ ਤੇ ਉਸਦੀ ਜਾਨ ਦਾ ਵਾਸਤਾ ਪਾ ਕੇ ਕਿਹਾ,
ਵੀਰਾ! ਮੈਨੂੰ ਵੀ ਪਿੰਡ ਦੀਆਂ ਹੋਰਨਾਂ ਭੈਣਾਂ ਵਾਂਗ ਖੂਹ ‘ਚ ਸੁੱਟ ਆ ।
ਜੇ ਮੈਂ ਆਪ ਜਾਣ ਜੋਗੀ ਹੁੰਦੀ ਤੇ ਸਭ ਤੋਂ ਪਹਿਲਾਂ ਮੈਂ ਖੂਹ ਤੇ ਜਾਂਦੀ । ਮੇਰਾ ਵੀਰ ਸਲਾਮਤ ਰਹੇ, ਮੈਂ ਤੇ ਇਹੋ ਜਿਹੀ ਜ਼ਿੰਦਗੀ ਵੀਰੇ ਬਿਨਾਂ ਕਰਨੀ ਵੀ ਕੀ ਆ, ਜਿਵੇਂ ਭਾਪਾ ਜੀ ਕਹਿੰਦੇ ਆ ਉਵੇਂ ਕਰ ”। ਮੋਢੇ ਪਾਈ ਝੋਲੀ ਦੀ ਪਕੜ ਢਿੱਲੀ ਹੋ ਗਈ ਤੇ 17 ਸਾਲ ਦਾ ਗੱਭਰੂ ਸਨਮੁਖ ਸਿੰਘ ਭੋਇੰ ‘ਤੇ ਬਹਿ ਗਿਆ । ਬਾਪ ਨੇ ਫਿੱਸੇ ਜਿਹੇ ਬੋਲਾਂ ਨਾਲ ਕਿਹਾ ਪੁੱਤਰਾ, ਇਹ ਬਹਿਣ ਦਾ ਵੇਲਾ ਨਹੀਂ , ਪਿੰਡ ਤਾਂ ਜੰਡਿਆਲੇ ਨੂੰ ਨਿਕਲ ਤੁਰਿਆ ।
ਫੇਰ ਚੱਕੀ ਦੇ ਪੁੜਾਂ ਕੋਲ ਪਏ ਪੱਥਰ ਵੱਲ ਇਸ਼ਾਰਾ ਕਰ ਕਹਿਣ ਲੱਗਾ, ਅੱਖਾਂ ਮੀਚ ਕੇ ਇਹ ਗੁੱਡੀ ਦੇ ਸਿਰ ਤੇ ਮਾਰ ਤੇ ਆਪਾਂ ਤੁਰ ਚੱਲੀਏ ।
ਡਾਹਢਾ ਰੱਬ ਕਈ ਵਾਰ ਸਮਾਂ ਐਸਾ ਬਣਾ ਦਿੰਦਾ ਮੋਹ ਤੋੜਨੇ ਪੈਂਦੇ ਨੇ, ਉਹ ਇਮਤਿਹਾਨ ਲੈਂਦਾ ।
ਭੈਣ ਨੇ ਵੀ ਵੀਰ ਦੇ ਪਜਾਮੇ ਦਾ ਪਹੁੰਚਾ ਫੜ ਹਲੂਣਿਆ, “ਮੇਰਿਆ ਸੋਹਣਿਆ ਵੀਰਾ , ਦੇਰ ਨਾ ਕਰ, ਮੈਂ ਸਦਾ ਤੇਰੇ ਨਾਲ ਈ ਰਹਿਣਾ। ਵੇਖੀ ਤੂੰ , ਇਕ ਪਲ ਦੂਰ ਨਹੀਂ ਜਾਣਾ ਤੇਰੇ ਤੋਂ, ਮੈਨੂੰ ਏਸ ਟੁੱਟੀ ਭੱਜੀ ਜਿਹੀ ਦੇਹ ਤੋਂ ਆਜ਼ਾਦ ਕਰ ਦੇ ਵੀਰਾ”।
ਨਿੱਕੜੀ ਭੈਣ ਦਿਆਂ ਬੋਲਾਂ ਨੇ ਏਨੀ ਕੁ ਤਾਕਤ ਦੇ ਦਿੱਤੀ ਕਿ ਭਿੱਜੀਆਂ ਅੱਖਾਂ, ਮਰੇ ਮਨ ਤੇ ਰੁੱਸੇ ਵਜੂਦ ਨਾਲ ਸਨਮੁਖ ਸਿੰਘ ਨੇ ਪੱਥਰ ਚੁੱਕ ਲਿਆ । ਅੱਥਰੂਆਂ ਨੇ ਅੱਖਾਂ ‘ਚ ਭੰਬੂਤਾਰੇ ਲਿਆਂਦੇ ਹੋਏ ਸੀ, ਕੰਬਦੇ ਹੱਥਾਂ ਨੇ ਜਦੋਂ ਪੱਥਰ ਭੈਣ ਦੇ ਸਿਰ ਤੇ ਮਾਰਿਆ ਤਾਂ ਸਿਰ ਦਾ ਇਕ ਪਾਸਾ ਪਾਟ ਕੇ ਖੁੱਲ੍ਹ ਗਿਆ।
ਸਨਮੁਖ ਦਿਆਂ ਕੰਨਾਂ ‘ਚ ਬੀਂਡੇ ਬੋਲ ਰਹੇ ਸੀ। ਧਰਤ-ਅਸਮਾਨ ਪਲਟ ਗਏ, ਹੇਠਲੀ ਉਤੇ ਆ ਗਈ , ਵਰਾਂਡੇ ਦੇ ਥਮਲੇ ਨਾਲ ਜਾ ਢਾਸਣਾ ਲਾਇਆ । ਜਦੋਂ ਖੋਪੜ ‘ਚ ਪੈ ਰਿਹਾ ਚੀਕ ਚਿਹਾੜਾ ਰਤਾ ਸ਼ਾਂਤ ਹੋਇਆ, ਅੱਖਾਂ ਸਾਫ਼ ਹੋਈਆਂ ਤਾਂ ਭੋਇੰ ਵਲ ਵੇਖਿਆ। ਭੈਣ ਦੇ ਚਿਹਰੇ ‘ਤੇ ਇਕ ਨਿੰਮੀ ਜਿਹੀ ਮੁਸਕਰਾਹਟ ਸੀ । ਮੱਥੇ ਵੱਲ ਉਂਗਲ ਕਰ ਤਰਲਾ ਜਿਹਾ ਲੈ ਕੇ ਬੋਲੀ, “ਵੀਰੇ ਇਕ ਵਾਰੀ ਹੋਰ” ।
ਕਹਾਣੀ ਸੁਣਾਉਂਦੇ ਸਰਦਾਰ ਦੀ ਭੁੱਬ ਨਿਕਲ ਗਈ । ਮੈਂ ਆਪ ਮੁਹਾਰਾ
ਉੱਠ ਕੇ ਦੁਕਾਨ ਤੋਂ ਬਾਹਰ ਹੋ ਗਿਆ, ਗੱਡੀ ‘ਚ ਬਹਿ ਕੇ ਅੱਥਰੂ ਪੂਝੇ ।ਜਦੋਂ ਮੁੜਿਆ ਤੇ ਸਰਦਾਰ ਜੀ ਵੀ ਆਪਣਾ ਆਪ ਸੰਭਲ ਗਏ ਸਨ।
ਮੈਥੋਂ ਇਹ ਪੁੱਛਿਆ ਨਾ ਗਿਆ ਕਿ ਫੇਰ ਦੂਜੀ ਵਾਰ ਪੱਥਰ ਕਿਸ ਨੇ ਮਾਰਿਆ ? ਦੁਕਾਨ ਵਾਲਾ ਮੁੰਡਾ ਪੁਰਜ਼ਾ ਵੀ ਲੱਭ ਲਿਆਇਆ ਤੇ ਸਰਦਾਰ ਜੀ ਨੇ ਚਾਹ ਫੜਨ ਲਈ ਵੀ ਕਹਿ ਦਿਤਾ।
ਬੜਾ ਜੇਰਾ ਕਰਕੇ ਮੈਂ ਪੁੱਛਿਆ, “ਫੇਰ ਇਧਰ ਆ ਗਿਆ ਬਚ ਕੇ ਬਾਕੀ ਟੱਬਰ ?” ਤਾਂ ਸਰਦਾਰ ਕਹਿੰਦਾ, ਕਿ ਅੱਧੇ ਕੁ ਈ ਆਏ, ਕੋਈ ਪੂਰਾ ਨਹੀਂ ਪਹੁੰਚਿਆ ਏਧਰ । ਬਾਬਾ ਜੀ ਨੂੰ ਮਜਬੂਰੀ ਵੱਸ ਸਾਡੀ ਦਾਦੀ ਨੂੰ ਵੀ ਰਾਹ ‘ਚ ਕਤਲ ਕਰਨਾ ਪਿਆ ।
ਬਾਪੂ ਸਨਮੁਖ ਸਿੰਘ ਏਧਰ ਆ ਕੇ 63 ਸਾਲ ਜੀਵਿਆ, ਪਰ ਕਦੇ ਕਿਸੇ ਨੇ ਬੋਲਦਾ ਨਹੀਂ ਸੁਣਿਆ । ਵਿਆਹ ਹੋਇਆ, ਅਸੀਂ ਤਿੰਨ ਭਰਾ ਹੋਏ । ਏਨਾਂ ਸੱਠਾਂ ਸਾਲਾਂ ‘ਚ ਕਈ ਖ਼ੁਸ਼ੀ ਗ਼ਮੀ ਦੇ ਮੌਕੇ ਬਣੇ, ਪਰ ਬਾਪੂ ਦੇ ਬੁੱਲ ਨਹੀਂ ਫਰਕਦੇ ਵੇਖੇ। ਇਥੇ ਖਰਾਦ ਤੇ ਮਜ਼ਦੂਰੀ ਕਰਦਾ, ਸਾਨੂੰ ਇਸਦੇ ਮਾਲਕ ਬਣਾ ਗਿਆ । ਪਰ ਨਾ ਪੂਰੀ ਉਮਰ ਹੱਸਿਆ, ਨਾ ਰੋਇਆ ।
“ਮੈਡੀਕਲ ਸਾਇੰਸ ਦੇ ਹਿਸਾਬ ਨਾਲ ਤਾਂ ਇਹ ਸੰਭਵ ਨਹੀਂ ਕਿ ਬੰਦੇ ਦੀ ਚੇਤਨਾ ਹੋਵੇ ਤੇ ਉਹ ਖੁਸ਼ੀ ਗਮੀਂ ‘ਤੇ ਆਪਣਾ ਪ੍ਰਤੀਕਰਮ ਨਾ ਦੇਵੇ। ਹੋ ਸਕਦਾ ਉਸ ਸਦਮੇ ਨਾਲ ਉਹ ਚੇਤਨਾ ਗੁਆ ਬੈਠੇ ਹੋਣ। ਮੈਂ ਤਰਕਸ਼ੀਲ ਹੋ ਕੇ ਵਿਗਿਆਨਕ ਪੱਖ ਰੱਖਿਆ ।
ਸਰਦਾਰ ਸਾਹਿਬ ਨੇ ਇਸ ਗੱਲ ਦਾ ਕੋਈ ਜੁਆਬ ਦੇਣਾ ਮੁਨਾਸਬ ਨਾ ਸਮਝਿਆ । ਵਾਹਿਗੁਰੂ, ਵਾਹਿਗੁਰੂ, ਕਰ ਚਿੱਤ ਸ਼ਾਂਤ ਕੀਤਾ ।
ਕਾਉਂਟਰ ਤੇ ਪਏ ਸਟੈਂਡ ਵਾਲੇ ਕਲੰਡਰ ਤੋਂ ਇਕ ਪੰਕਤੀ ਪੜ੍ਹ ਕੇ ਸੁਣਾਈ :
ਮਾਨੈ ਹੁਕਮੁ ਸੋਹੈ ਦਰਿ ਸਾਚੈ,
ਆਕੀ ਮਰਹਿ ਅਫਾਰੀ ॥ (ਅੰਗ 992)
(ਇਹ ਕਹਾਣੀ ਸੱਚੀ ਹੈ, 2013-14 'ਚ ਗਿੱਲ ਰੋਡ ਲੁਧਿਆਣੇ ਬਜੁਰਗ ਦੁਕਾਨਦਾਰ ਕੋਲੋਂ ਏਵੇਂ ਹੀ ਸੁਣੀ ਸੀ। ਨਾਂ ਤੇ ਤਰੀਕਾਂ ਚੇਤੇ ਨਹੀਂ ਸਨ ਉਹ ਆਪ ਰੱਖੀਆਂ ਨੇ। ਰਿਕਾਰਡ ਨਾ ਕਰਨ ਦਾ ਮਨ ਤੇ ਬੋਝ ਸੀ , ਲਿਖ ਦਿਤਾ ਕਿ ਸਾਂਭਿਆ ਜਾਵੇ।
ਚਰਨਜੀਤ ਸਿੰਘ ਤੇਜਾ
-
ਚਰਨਜੀਤ ਸਿੰਘ ਤੇਜਾ,
gurbhajansinghgill@gmail.com
8427001105
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.