ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ- ਉਜਾਗਰ ਸਿੰਘ ਦੀ ਕਲਮ ਤੋਂ
ਹਰਦਮ ਮਾਨ ਦਾ ‘ਸ਼ੀਸ਼ੇ ਦੇ ਅੱਖਰ’ ਦੂਜਾ ਗ਼ਜ਼ਲ ਸੰਗ੍ਰਹਿ ਅਤੇ ਤੀਜੀ ਪੁਸਤਕ ਹੈ। ਮੁੱਢਲੇ ਤੌਰ ‘ਤੇ ਹਰਦਮ ਮਾਨ ਗ਼ਜ਼ਲਕਾਰ ਹੈ। ਉਸ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਅੰਬਰਾਂ ਦੀ ਭਾਲ ਵਿੱਚ’ 2013 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਦੀ ਵਾਰਤਕ ਦੀ ਸੰਪਾਦਿਤ ‘ਪ੍ਰੋ.ਰੁਪਿੰਦਰ ਮਾਨ : ਜੀਵਨ ਅਤੇ ਚੋਣਵੀਂ ਰਚਨਾ’ ਪੁਸਤਕ ਹੈ। ਪਹਿਲਾ ਗ਼ਜ਼ਲ ਸੰਗ੍ਰਹਿ ਪੰਜਾਬ ਵਿੱਚ ਰਹਿੰਦਿਆਂ ਪੰਜਾਬੀਆਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦੀ ਤਰਜਮਾਨੀ ਕਰਦਾ ਸੀ। ‘ਸ਼ੀਸ਼ੇ ਦੇ ਅੱਖਰ’ ਗ਼ਜ਼ਲ ਸੰਗ੍ਰਹਿ ਉਸਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ 9 ਸਾਲ ਦੇ ਪ੍ਰਵਾਸ ਦੇ ਤਜ਼ਰਬਿਆਂ ਅਤੇ ਪੰਜਾਬ ਦੀ ਤ੍ਰਾਸਦੀ ਦਾ ਪੁਲੰਦਾ ਹੈ। ਇਹ ਗ਼ਜ਼ਲ ਸੰਗ੍ਰਹਿ ਪ੍ਰਵਾਸ ਵਿੱਚ ਵਸ ਰਹੇ ਪੰਜਾਬੀਆਂ ਦੇ ਮਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਅਤੇ ਪੰਜਾਬ ਦੇ ਹੇਰਵੇ ਦੀ ਦਾਸਤਾਂ ਹੈ। ਗ਼ਜ਼ਲਕਾਰ ਭਾਵੇਂ ਕੈਨੇਡਾ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਹੈ ਪ੍ਰੰਤੂ ਪੰਜਾਬ ਨਾਲ ਉਹ ਬਾਵਾਸਤਾ ਹੈ ਕਿਉਂਕਿ ਉਸ ਦੀਆਂ ਪ੍ਰਵਾਸ ਦੀ ਬਾਤ ਪਾਉਂਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਹਿਕ ਬਰਕਰਾਰ ਹੈ। ਬਹੁਤੀਆਂ ਗ਼ਜ਼ਲਾਂ ਪੰਜਾਬ ਦੀ ਦੁਖਦੀ ਰਗ ਦੀ ਤਰਜਮਾਨੀ ਕਰਦੀਆਂ ਹਨ। ਗ਼ਜ਼ਲਾਂ ਦੇ ਹਰ ਸ਼ੇਅਰ ਵਿੱਚ ਇਕ ਮੁਕੰਮਲ ਵਿਸ਼ਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹਰਦਮ ਮਾਨ ਦੀ ਹਰੇਕ ਗ਼ਜ਼ਲ ਵਿੱਚ ਵੀ ਜਿਤਨੇ ਸ਼ਿਅਰ ਉਤਨੇ ਹੀ ਵਿਸ਼ੇ ਹੁੰਦੇ ਹਨ। ਉਸ ਦੀਆਂ ਗ਼ਜ਼ਲਾਂ ਵਿੱਚ ਪ੍ਰਵਾਸੀ ਜੀਵਨ ਦੇ ਝਮੇਲੇ, ਮਸਲੇ, ਸਮੱਸਿਆਵਾਂ ਅਤੇ ਪ੍ਰਾਪਤੀਆਂ ਨੂੰ ਵਿਸ਼ੇ ਬਣਾਇਆ ਗਿਆ ਹੈ। ਇਨ੍ਹਾਂ ਗ਼ਜ਼ਲਾਂ ਵਿੱਚ ਲੋਕਾਈ ਦੇ ਦਰਦ ਦੀ ਚੀਸ ਵਿਖਾਈ ਦਿੰਦੀ ਹੈ। ਮਾਨਵਤਾ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਦੁੱਖ-ਦਰਦ ਅਤੇ ਉਨ੍ਹਾਂ ਦੇ ਮਨਾਂ ਵਿੱਚ ਉਠਦੇ ਵਲਵਲਿਆਂ ਦੀ ਉਥਲ ਪੁਥਲ ਥਾਂ-ਪਰ-ਥਾਂ ਵਿਖਾਈ ਦਿੰਦੀ ਹੈ। ਪ੍ਰਵਾਸ ਦੀ ਜ਼ਿੰਦਗੀ ਦੀਆਂ ਤਸਵੀਰਾਂ ਸ਼ਬਦਾਂ ਰਾਹੀਂ ਖਿਚਕੇ ਮਨੁੱਖੀ ਮਨਾ ਦੇ ਚਿਤਰਪੱਟ ਤੇ ਪਹੁੰਚਾ ਕੇ ਪ੍ਰਵਾਸ ਦੀ ਜ਼ਿੰਦਗੀ ਦੇ ਦਰਸ਼ਨ ਕਰਵਾ ਦਿੱਤੇ ਹਨ।
ਪ੍ਰਵਾਸ ਵਿਚ ਹਰ ਇਨਸਾਨ ਆਪੋ ਆਪਣੇ ਕੰਮਾ ਕਾਰਾਂ ਵਿੱਚ ਰੁਝਿਆ ਰਹਿਣ ਕਰਕੇ ਸੁੰਨ ਸਾਨ ਚੁਰੱਸਤੇ ਖ਼ੌਫ ਦਾ ਮਾਹੌਲ ਪੈਦਾ ਕਰਦੇ ਹਨ। ਇਨਸਾਨ ਦਾ ਆਪਣੇ ਕਾਰੋਬਾਰ ਵਿੱਚ ਮਸ਼ਰੂਫ਼ ਰਹਿਣ ਬਾਰੇ ਵੀ ਦਰਸਾਇਆ ਗਿਆ ਹੈ। ਬਾਜ਼ਾਰਾਂ ਦੀ ਭੀੜ ਦੀ ਚੁੱਪ ਦੀ ਚੀਸ, ਪੰਜਾਬ ਦੀ ਯਾਦ ਦੇ ਤੂਫ਼ਾਨ, ਧੀਆਂ ਦੇ ਦੁਖੜੇ ਅਤੇ ਥੱਕ ਟੁੱਟ ਕੇ ਰੋਜ਼ੀ ਰੋਟੀ ਕਮਾਉਣ ਤੋਂ ਬਾਅਦ ਘਰ ਮੁੜਨ ਦੀ ਤ੍ਰਾਸਦੀ ਗ਼ਜ਼ਲਾਂ ਨੂੰ ਰਹੱਸਮਈ ਬਣਾਉਂਦੀ ਹੈ। ਪੱਥਰਾਂ ਦੇ ਉਕਰੇ ਸ਼ਬਦਾਂ ਦੀ ਥਾਂ ਹੁਣ ਇਨਸਾਨ ਆਪਣੇ ਅੰਦਰ ਝਾਤੀ ਮਾਰਕੇ ਆਪਣੀ ਹੋਂਦ ਦੇ ਝਉਲੇ ਨੂੰ ਵੇਖਣ ਜੋਗਾ ਰਹਿ ਗਿਆ ਹੈ। ਸਾਰੀ ਦਿਹਾੜੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਵੀ ਘਰ ਬਣਾਉਣ ਦੇ ਲਾਲੇ ਪਏ ਰਹਿੰਦੇ ਹਨ। ਏਥੇ ਮਾਨਸਿਕ ਪਿਆਸ ਅਧੂਰੀ ਰਹਿੰਦੀ ਹੈ। ਸਾਰਾ ਸਮਾਂ ਕੰਮ ਹੀ ਕੰਮ ਕਰੋ ਅਤੇ ਪੈਸੇ ਕਮਾਓ ਪ੍ਰੰਤੂ ਹੋਰ ਕਮਾਉਣ ਅਤੇ ਕਾਰੋਬਾਰ ਵਧਾਉਣ ਤੇ ਹੋਰ ਵਸੀਲੇ ਪੈਦਾ ਕਰਨ ਦੀ ਤਮਾ ਫਿਰ ਵੀ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ।
ਪੰਜਾਬ ਵਿੱਚ ਤੂਫ਼ਾਨਾ ਦਾ ਮੁਕਾਬਲਾ ਕਰਨਾ ਸੌਖਾ ਹੈ ਪ੍ਰੰਤੂ ਘਰਾਂ ਦਾ ਕਲੇਸ਼ ਇਨਸਾਨ ਨੂੰ ਝੰਬ ਕੇ ਰੱਖ ਦਿੰਦਾ ਹੈ। ਘੁਮੰਡ ਕਰਕੇ ਇਨਸਾਨ ਆਪਣੇ ਭਾਰ ਨਾਲ ਹੀ ਗਿਰ ਜਾਂਦਾ ਹੈ। ਇਸ ਮੰਤਵ ਲਈ ਹਿੰਮਤ, ਮਿਹਨਤ ਅਤੇ ਦਿ੍ਰੜ੍ਹਤਾ ਦੀ ਲੋੜ ਹੁੰਦੀ ਹੈ। ਮਨ ਸਥਿਰ ਨਹੀਂ ਰਹਿੰਦਾ ਕਿਉਂਕਿ ਹੇਰਾ ਫੇਰੀ ਵਾਲਾ ਇਨਸਾਨ ਹੀ ਸਫਲਤਾ ਪ੍ਰਾਪਤ ਕਰਦਾ ਹੈ। ਇਨਸਾਨ ਦੀਆਂ ਪ੍ਰਾਪਤੀਆਂ ਦੇ ਮਹਿਲ ਮੁਨਾਰੇ ਤਾਂ ਵਿਖਾਈ ਦਿੰਦੇ ਹਨ ਪ੍ਰੰਤੂ ਜਿਹੜਾ ਅੰਦਰੋਂ ਟੁੱਟਦਾ ਹੈ, ਉਹ ਬਾਹਰ ਨਹੀਂ ਵਿਖਾਈ ਦਿੰਦਾ। ਹਾਸਿਆਂ ਨਾਲ ਦਰਦਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰਦਾ ਹੈ। ਨਰਤਕੀਆਂ ਦੀ ਬੇਬਸੀ ਘੁੰਗਰੂਆਂ ਦੇ ਸ਼ੋਰ ਵਿੱਚ ਸੁਣਾਈ ਨਹੀਂ ਦਿੰਦੀ। ਇਨਸਾਨ ਅੰਦਰੋ ਅੰਦਰੀ ਧੁਖੀ ਜਾਂਦਾ ਹੈ। ਇਨਸਾਨ ਦਾ ਸਫਲਤਾ ਪ੍ਰਾਪਤੀ ਲਈ ਚੇਤੰਨ ਹੋਣਾ ਜ਼ਰੂਰੀ ਹੈ। ਜਦੋਂ ਜ਼ੁਲਮ ਹੱਦਾਂ ਟੱਪ ਜਾਂਦਾ ਹੈ ਤਾਂ ਉਸਦਾ ਮੁਕਾਬਲਾ ਕਰਨਾ ਜ਼ਰੂਰੀ ਹੈ। ਬਦਲਾਖ਼ੋਰੀ ਅਤੇ ਘਿਰਣਾ ਹਰ ਘਰ ਵਿੱਚ ਪਹੁੰਚ ਗਈ ਹੈ। ਮਾਨਵਤਾ ਦਾ ਕਲਿਆਣ ਹੋਣਾ ਅਸੰਭਵ ਜਾਪਦਾ ਹੈ। ਆਦਮੀ ਨੂੰ ਸਮਾਜ ਵਿੱਚ ਰੁਤਬਾ ਵੱਧਣ ਨਾਲ ਤਸੱਲੀ ਹੁੰਦੀ ਹੈ ਪ੍ਰੰਤੂ ਜਦੋਂ ਆਪਣੀਆਂ ਨਜ਼ਰਾਂ ਵਿੱਚੋਂ ਗਿਰ ਗਿਆ ਫਿਰ ਉਹ ਖ਼ਤਮ ਹੋ ਜਾਵੇਗਾ। ਇਨਸਾਨੀਅਤ ਦਾ ਮਦਦਗਾਰ ਬਣਨਾ ਸਮੇਂ ਦੀ ਲੋੜ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਭਾਵੇਂ ਵਿਸ਼ੇ ਦਾ ਦੁਹਰਾਓ ਹੈ ਪ੍ਰੰਤੂ ਇਹ ਦੁਹਰਾਓ ਗ਼ਜ਼ਲਗੋ ਦੀ ਲੋਕਾਈ ਪ੍ਰਤੀ ਸੰਜੀਦਗੀ ਦਾ ਪ੍ਰਤੀਕ ਹੈ।
ਮੁਸ਼ਕਲਾਂ ਦਾ ਅਧਮੋਇਆ ਮਨੁੱਖ ਆਸ ਦੀ ਕਿਰਨ ਦੇ ਕੰਧਾੜੇ ਚੜ੍ਹਿਆ ਹੋਇਆ ਹੈ। ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜ੍ਹਾਅ ਤਬਦੀਲੀ ਦਾ ਸੰਕੇਤ ਹੁੰਦੇ ਹਨ। ਪ੍ਰੰਤੂ ਹਓਮੈ ਦਾ ਕਿਲਾ ਇਕ ਨਾ ਇਕ ਦਿਨ ਢਹਿ ਹੀ ਜਾਂਦਾ ਹੈ। ਲੋਕ ਬੇਸਬਰੇ ਹੋ ਕੇ ਜ਼ਿਆਦਤੀਆਂ ਕਰ ਰਹੇ ਹਨ। ਮਰਿਆਦਾ ਵਿੱਚ ਰਹਿਣ ਨਾਲ ਹੀ ਸਮਾਜ ਵਿੱਚ ਸਹਿਚਾਰ ਵਧੇਗਾ। ਸੱਚੇ ਸੁੱਚੇ ਲੋਕ ਅਖ਼ੀਰ ਜਿੱਤ ਪ੍ਰਾਪਤ ਕਰਦੇ ਹਨ। ਸਮਾਜ ਵਿੱਚ ਹੋ ਰਹੀ ਧੱਕੇਸ਼ਾਹੀ ਅਤੇ ਬੇਗੁਨਾਹਾਂ ਨੂੰ ਮਿਲਦੀ ਸਜਾ ਦਾ ਖ਼ਾਤਮਾ ਕਰਨ ਲਈ ਸਮਾਜ ਨੂੰ ਏਕੇ ਦਾ ਸਬੂਤ ਦਿੰਦਿਆਂ ਲਾਮਬੰਦ ਹੋਣਾ ਪਵੇਗਾ। ਇਹ ਸਾਰਾ ਕੁਝ ਹਰਦਮ ਮਾਨ ਦੀਆਂ ਗ਼ਜ਼ਲਾਂ ਕਹਿ ਰਹੀਆਂ ਹਨ। ਗ਼ਜ਼ਲਗੋ ਆਪਣੀਆਂ ਗ਼ਜ਼ਲਾਂ ਵਿੱਚ ਆਪਸੀ ਪਿਆਰ, ਸਹਿਯੋਗ, ਸ਼ਹਿਨਸ਼ੀਲਤਾ ਦਾ ਪੱਲਾ ਫੜਨ, ਗਿਆਨ ਲੈਣ, ਕੁਦਰਤ ਦੇ ਕਹਿਰ ਸਮੇਂ ਹਿੰਮਤ ਨਾ ਹਾਰਨ ਦੀ ਤਾਕੀਦ ਕਰਦਾ ਹੈ। ਕਿਸੇ ਵੀ ਸਮੱਸਿਆ ਸਮੇਂ ਤੁਰੰਤ ਫ਼ੈਸਲਾ ਕਰਕੇ ਉਸ ‘ਤੇ ਕਾਬੂ ਪਾ ਸਕਦੇ ਹੋ। ਮਨੁੱਖ ਨੂੰ ਸਮਾਜ ਦੀ ਪਛਾਣ ਕਰਕੇ ਵਿਚਰਨਾ ਚਾਹੀਦਾ ਹੈ। ਹਰਦਮ ਮਾਨ ਇਨਸਾਨ ਨੂੰ ਆਪਣੀ ਸਫਲਤਾ ਲਈ ਆਪਣੀ ਸੋਚ ਦੀ ਵਰਤੋਂ ਕਰਕੇ ਰਸਤਾ ਅਪਨਾਉਣਾ ਦੀ ਤਾਕੀਦਾ ਹੈ। ਉਹ ਲਿਖਦਾ ਹੈ-
ਬੇਸ਼ਕ ਹੁਣ ਤੱਕ ਪੂਰੇ ਚੰਨ ਦੇ ਨਾਲ ਰਿਹਾ ਹਾਂ।
ਫਿਰ ਵੀ ਆਪਣਾ ਵੱਖਰਾ ਦੀਵਾ ਬਾਲ ਰਿਹਾ ਹਾਂ।
ਫ਼ਸਲੀ ਬਟੇਰਿਆਂ ਅਤੇ ਸਿਆਸਤਦਾਨਾ ਨੂੰ ਵੀ ਆੜੇ ਹੱਥੀਂ ਲੈਂਦਾ ਹੈ। ਚਾਲਾਕ ਸਿਆਸਤਦਾਨ ਸਾਧਾਰਨ ਲੋਕਾਂ ਨੂੰ ਰਿਸ਼ਤਿਆਂ, ਧਰਮਾਂ, ਜ਼ਾਤ ਪਾਤ, ਰੋਜ਼ਗਾਰ ਅਤੇ ਕੁੱਲੀ ਗੁੱਲੀ ਦੇ ਮਕੜਜਾਲ ਵਿੱਚ ਫਸਾਕੇ ਵੋਟਾਂ ਵਟੋਰਦਾ ਹੈ। ਲੋਕ ਭੋਲੇ ਭਾਲੇ ਹਨ ਜੋ ਵਾਅਦਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ। ਲੋਕਾਈ ਰੂਹਾਂ ਦੀ ਥਾਂ ਜਿਸਮਾ ਦੀ ਖਿੱਚ ਕਰਕੇ ਗ਼ਲਤ ਰਸਤੇ ਪੈ ਰਹੀ ਹੈ। ਸਿਆਸਤਦਾਨਾ ਤੋਂ ਆਸ ਸੀ ਕਿ ਕੁਝ ਸੰਵਾਰਨਗੇ ਪ੍ਰੰਤੂ ਅਜੇ ਤਾਂ ਸੂਰਜ ਕਲ੍ਹ ਵਰਗਾ ਹੀ ਹੈ, ਭਾਵ ਕੋਈ ਤਬਦੀਲੀ ਆਉਣ ਦੀ ਉਮੀਦ ਨਹੀਂ ਹੈ। ਅਜੇ ਵੀ ਚਾਰੇ ਪਾਸੇ ਹਨ੍ਹੇਰਾ ਹੈ। ਆਪਣਾ ਬਣਾਕੇ ਲੋਕ ਮਾਰਦੇ ਹਨ। ਦੋਹਰੇ ਕਿਰਦਾਰ ਵਾਲੇ ਲੋਕਾਂ ਤੋਂ ਬਚਕੇ ਰਹੋ। ਦੋਸਤਾਂ ਨਾਲ ਵਿਸ਼ਵਾਸਘਾਤ ਨਾ ਕਰੋ। ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰਾ ਦੋਸਤ ਮੇਰੀ ਮੁਖ਼ਾਲਫ਼ਤ ਕਰੇਗਾ। ਇਨਸਾਨ ਆਪਣੀ ਵਿਰਾਸਤ ਨਾਲੋਂ ਟੁੱਟ ਰਿਹਾ ਹੈ। ਫਿਰ ਬਚਣਾ ਹੀ ਕੀ ਹੈ?
ਸਾਡੇ ਦਿਲ ਵਿੱਚ ਦਰਦ ਬੜੇ ਨੇ, ਲੋਕੀਂ ਪਰ ਬੇ-ਦਰਦ ਬੜੇ ਨੇ।
ਪਿਆਰ-ਮੁਹੱਬਤ ਦਾ ਨਿੱਘ ਕਿੱਥੇ, ਹਉਕੇ ਸਾਡੇ ਸਰਦ ਬੜੇ ਨੇ।
ਲੂਣ ਲਗਾ ਕੇ ਜ਼ਖ਼ਮ ਪਲੋਸਣ, ਸਾਡੇ ਤਾਂ ਹਮਦਰਦ ਬੜੇ ਨੇ।
ਹਾਸਿਆਂ ਨੂੰ ਹੌਕਿਆਂ ਦੀ ਹਿੱਕ ਉੱਤੇ ਧਰ ਲਿਆ,
ਮੈਂ ਵੀ ਹੁਣ ਜ਼ਿੰਦਗੀ ਨੂੰ ਜਿਓਣ ਜੋਗੀ ਕਰ ਲਿਆ।
ਮੈਂ ਤਾਂ ਇਹਦੇ ਨਾਲ ਵੀ ਕਰਦਾ ਰਿਹਾਂ ਹਰਦਮ ਕਲੋਲ,
ਦਰਦ ਦੇ ਕੇ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲਿਆ।
ਗ਼ਜ਼ਲਗੋ ਦੀਆਂ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ ਪ੍ਰੰਤੂ ਕੁਝ ਗ਼ਜ਼ਲਾਂ ਪਿਆਰ ਮੁਹੱਬਤ ਨਾਲ ਸੰਬੰਧਤ ਵੀ ਹਨ। ਵੈਸੇ ਸਮਾਜ ਵਿੱਚ ਗ਼ਰੀਬ ਅਮੀਰ ਦਾ ਪਾੜਾ, ਜ਼ਿੰਦਗੀ ਦੇ ਰਾਹ ਵਿੱਚ ਆ ਰਹੀਆਂ ਔਕੜਾਂ, ਫ਼ਰੇਬ, ਧੋਖ਼ੇ ਅਤੇ ਸਮਾਜਿਕ ਬਰਾਬਰਤਾ ਦੀ ਅਣਹੋਂਦ ਦੀ ਝਲਕ ਆਉਂਦੀ ਹੈ। ਜ਼ਿੰਦਗੀ ਨੂੰ ਕੰਡਿਆਂ ਦੀ ਸੇਜ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਈ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਇਨਸਾਨ ਨੂੰ ਸੁਪਨੇ ਵੀ ਵੇਖਣੇ ਚਾਹੀਦੇ ਹਨ। ਅਰਥਾਤ ਨਿਸ਼ਾਨੇ ਨਿਸਚਤ ਕਰਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ। ਇਨਸਾਨ ਵਿੱਚੋਂ ਮੁਹੱਬਤ ਪੰਖ ਲਾ ਕੇ ਉਡ ਗਈ ਹੈ। ਲੋਕ ਖ਼ੁਦਗਰਜ਼ ਹੋ ਗਏ ਹਨ। ਚਾਰੇ ਪਾਸੇ ਅੰਧਕਾਰ ਹੈ। ਧੋਖੇਬਾਜਾਂ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜੰਗਲ ਜ਼ਰੂਰੀ ਹਨ। ਜੰਗਲਾਂ ਨੂੰ ਵੱਢ ਕੇ ਖ਼ਤਮ ਕੀਤਾ ਜਾ ਰਿਹਾ ਹੈ। ਅੱਗਾਂ ਲਗਾ ਕੇ ਪੌਣਾਂ ਦੂਸ਼ਿਤ ਕੀਤੀਆਂ ਜਾ ਰਹੀਆਂ ਹਨ। ਇਕ ਗ਼ਜ਼ਲ ਵਿੱਚ ਗ਼ਜ਼ਲਗੋ ਲਿਖਦੈ-
ਵਗਦੀਆਂ ਪੌਣਾਂ ਨੂੰ ਹੋਈ ਕੈਦ ਤੇ ਅੱਗਾਂ ਬਰੀ,
ਫ਼ੈਸਲੇ ਹੁਣ ਇਸ ਤਰ੍ਹਾਂ ਏਥੇ ਸੁਣਾਏ ਜਾਣਗੇ।
ਕੀ ਪਤਾ ਕਿੰਨੇ ਵਸੇਬੇ ਜਾਣਗੇ ਉੱਜੜ ਉਦੋਂ,
ਬਸਤੀਆਂ ਖ਼ਾਤਰ ਜਦੋਂ ਜੰਗਲ ਕਟਾਏ ਜਾਣਗੇ।
ਸਮਾਜ ਨੇ ਵੰਡੀਆਂ ਪਾ ਲਈਆਂ ਹਨ, ਉਹ ਪੰਛੀਆਂ ਤੋਂ ਵੀ ਸਿੱਖਣ ਨੂੰ ਤਿਆਰ ਨਹੀਂ। ਇਨਸਾਨ ਮਸ਼ੀਨ ਬਣ ਗਿਆ ਹੈ, ਇਥੋਂ ਤੱਕ ਕਿ ਉਸਦਾ ਵਿਵਹਾਰ ਵੀ ਮਸ਼ੀਨੀ ਹੀ ਹੋ ਗਿਆ ਹੈ। ਪ੍ਰਵਾਸ ਵਿੱਚ ਗਏ ਪੰਜਾਬੀਆਂ ਦੇ ਪੰਜਾਬ ਨਾਲ ਲਗਾਓ ਬਾਰੇ ਹਰਦਮ ਮਾਨ ਲਿਖਦਾ ਹੈ ਕਿ-
ਯਾਦਾਂ ਦੀ ਧਰਤੀ ਨੇ ਤਾਂ ਹੁਣ ਸੜਦੇ ਹੀ ਰਹਿਣਾ,
ਡਾਲਰ ਦੇ ਜੰਗਲ ‘ਚੋਂ ਕਿੱਥੋਂ ਛਾਵਾਂ ਲੱਭਦੇ ਨੇ।
ਸੜਕਾਂ ਉਤੇ ਤੁਰਦੇ ਤੁਰਦੇ ਪੈਰ ਗੁਆਚ ਗਏ,
ਮਖ਼ਮਲ ਵਰਗੀ ਰੇਤ ਵਾਲੀਆਂ ਰਾਹਵਾਂ ਲੱਭਦੇ ਨੇ।
ਹਾਲੇ ਵੀ ਇਸ ਸ਼ਹਿਰ ‘ਚ ਵਸਦੇ ਭੋਲੇ ਲੋਕ ਬੜੇ।
ਜੋ ਗਲਵੱਕੜੀ ਪਾਉਣ ਵਾਸਤੇ ਬਾਹਵਾਂ ਲੱਭਦੇ ਨੇ।
ਯਾਦ ਰੱਖ ਓਨੇ ਹੀ ਕੰਡੇ ਪੈਣਗੇ ਚੁਗਣੇ ਕਦੇ,
ਤੇਰਿਆਂ ਰਾਹਾਂ ‘ਚ ਜਿੰਨੇ ਫੁੱਲ ਵਿਛਾਏ ਜਾਣਗੇ।
Êਪ੍ਰਦੇਸਾਂ ਵਿੱਚ ਵਸ ਰਹੇ ਪੰਜਾਬੀ ਭਾਵੇਂ ਸਰੀਰਕ ਤੌਰ ‘ਤੇ ਉਥੇ ਵਸ ਰਹੇ ਹਨ ਪ੍ਰੰਤੂ ਉਨ੍ਹਾਂ ਦੀਆਂ ਰੂਹਾਂ ਅਜੇ ਵੀ ਪੰਜਾਬ ਵਿੱਚ ਹੀ ਘੁੰਮਦੀਆਂ ਰਹਿੰਦੀਆਂ ਹਨ, ਜਿਸ ਬਾਰੇ ਇਕ ਹੋਰ ਗ਼ਜ਼ਲ ਵਿੱਚ ਹਰਦਮ ਮਾਨ ਲਿਖਦਾ ਹੈ-
ਮਹਿਲ ਵਿੱਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿੱਚ,
ਹੋ ਰਿਹਾ ਸੁਪਨੇ ‘ਚ ਸੀ ਕੱਚੇ ਘਰਾਂ ਦੇ ਰੂਬਰੂ।
ਡਾਲਰ ਦੇ ਸਾਗਰਾਂ ਵਿੱਚ ਰੂਹਾਂ ਪਿਆਸੀਆਂ ਨੇ,
ਯਾਦਾਂ ਦੇ ਟਿੱਬਿਆਂ ‘ਚੋਂ ਲੱਭਦੀ ਨਾ ਢਾਬ ਯਾਰੋ।
ਰੱਖਦੇ ਨੇ ਪੌਂਡ, ਡਾਲਰ ਜੁੱਤੀ ਦੀ ਨੋਕ ਉੱਤੇ,
ਵਿਰਲੇ ਨੇ ‘ਮਾਨ’ ਵਰਗੇ ਦਿਲ ਦੇ ਨਵਾਬ ਯਾਰੋ।
ਜਦੋਂ ਬੱਚੇ ਪ੍ਰਵਾਸ ਵਿੱਚ ਚਲੇ ਜਾਂਦੇ ਹਨ ਤਾਂ ਮਾਪੇ ਬੱਚਿਆਂ ਨੂੰ ਮਿਲਣ ਨੂੰ ਤਰਸਦੇ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਮਾਪਿਆਂ ਦੇ ਵਿਛੋੜੇ ਬਾਰੇ ਸ਼ਾਇਰ ਲਿਖਦਾ ਹੈ-
ਪਿਆਰ-ਮੁਹੱਬਤ, ਰਿਸ਼ਤੇ-ਨਾਤੇ, ਪੈਸਾ ਧੇਲਾ ‘ਮਾਨ’,
ਸਿਵਿਆਂ ਦੇ ਵਿੱਚ ਲੱਭਦੇ ਲੋਕੀਂ, ਰਾਖ ਫਰੋਲ ਰਹੇ।
ਵਿਰਾਸਤ ਦੀ ਹੂਕ ਦਿਲ ਵਿੱਚ ਕਹਿਰ ਮਚਾ ਦਿੰਦੀ ਹੈ। ਪ੍ਰਦੇਸਾਂ ਵਿੱਚ ਬੇੈਠੇ ਆਪਣੇ ਪਿੰਡ ਦੀ ਸੈਰ ਕਰ ਆਉਂਦੇ ਲੋਕਾਂ ਬਾਰੇ ਹਰਦਮ ਮਾਨ ਲਿਖਦੇ ਹਨ-
ਮਹਾਂਦੀਪਾਂ ਤੋਂ ਹੋ ਕੇ ਪਾਰ ਵਿੱਛੜ ਕੇ ਜੜ੍ਹਾਂ ਨਾਲੋਂ,
ਸਫ਼ਰ ਅੰਦਰ ਉਹ ਪਹਿਲੇ ਮੀਲ-ਪੱਥਰ ਯਾਦ ਆਉਂਦੇ ਨੇ।
ਨਹਾਉਣਾ ਛੱਪੜਾਂ ਵਿੱਚ ਗਾਰ ਮਲਣੀ ਪਿੰਡਿਆਂ ਉੱਤੇ,
ਚਰਾਂਦਾਂ ਖੁੱਲ੍ਹੀਆਂ ਵਿੱਚ ਮਾਲ ਡੰਗਰ ਯਾਦ ਆਉਂਦੇ ਨੇ।
ਕਦੇ ਗੰਨੇ, ਕਦੇ ਛੱਲੀਆਂ, ਕਦੇ ਤਰਬੂਜ ਚੋਰੀ ਦੇ,
ਕਦੇ ਪੈਂਦੇ ਸੀ ਜੋ ਬਾਪੂ ਦੇ ਛਿੱਤਰ ਯਾਦ ਆਉਂਦੇ ਨੇ।
ਹਰਦਮ ਮਾਨ ਦੀਆਂ ਗ਼ਜ਼ਲਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਵਾਲੀਆਂ ਹਨ। ਭਵਿਖ ਵਿੱਚ ਇਸ ਸ਼ਾਇਰ ਤੋਂ ਹੋਰ ਬਿਹਤਰੀਨ ਗ਼ਜ਼ਲਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ। 76 ਪੰਨਿਆਂ, 59 ਗ਼ਜ਼ਲਾਂ ਅਤੇ 200 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.