ਉੜਮੁੜਟਾਂਡਾ ਤੇ ਭੋਗਪੁਰ ਦੇ ਲਾਗੇ ਹੈ ਇੱਕ ਪਿੰਡ ਹੈ ਦੇਹਰੀਵਾਲ, ਪਿਛਲੇ ਜੁਲਾਈ ਮਹੀਨੇ ਵਿੱਚ ਮੈਨੂੰ ਆਪਣੇ ਪਰਮ ਮਿੱਤਰ ਹਰਦੀਪ ਸਿੰਘ ਜੋ ਰੇਲਵੇ ਦੇ ਅੰਤਰਰਾਸ਼ਟਰੀ ਪੱਧਰ ਦੇ ਵੇਟਲਿਫਟਰ ਨੇ ਉਨ੍ਹਾਂ ਨਾਲ ਜਾਣ ਦਾ ਓੁਥੇ ਮੌਕਾ ਮਿਲਿਆ। ਜਿੱਥੇ ਉਹ ਆਪਣੇ ਉਪਰਾਲਿਆਂ ਨਾਲ ਅਤੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਹਾਈ ਸਕੂਲ ਦੇ ਦੇਹਰੀਵਾਲ ਵਿਚ ਵੇਟਲਿਫਟਿੰਗ ਦਾ ਕੋਚਿੰਗ ਸੈਂਟਰ ਚਲਾ ਰਹੇ ਹਨ । ਸੈਂਟਰ ਵੇਖਣ ਤਾਂ ਅਸੀਂ ਕੁਦਰਤੀ ਗਏ ਸੀ ਪਰ ਹੁਣ ਅਟੈਚਮੈਂਟ ਇਸ ਤਰ੍ਹਾਂ ਦੀ ਹੋ ਗਈ ਜਿਸ ਤਰ੍ਹਾਂ ਆਪਣਾ ਇਕ ਘਰ ਦਾ ਹੀ ਸੈਂਟਰ ਹੋਵੇ । ਬੀਤੀ 6 ਅਗਸਤ ਨੂੰ ਦੇਹਰੀਵਾਲ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ । ਮੈਨੂੰ ਵੀ ਹਰਦੀਪ ਭਾਜੀ ਅਤੇ ਉਨ੍ਹਾਂ ਦੇ ਬੇਟੇ ਹਰਜੋਤ ਦੇ ਨਾਲ ਜਾਣ ਦਾ ਮੌਕਾ ਮਿਲ ਗਿਆ ਪਰ ਜਦੋਂ ਗਏ ਤਾਂ ਪਤਾ ਚੱਲਿਆ ਕਿ ਜਿਸਦੇ ਮੈਂ ਕਦੇ ਕਾਬਲ ਵੀ ਨਹੀਂ ਹਾਂ ਉਨ੍ਹਾਂ ਨੇ ਮੈਨੂੰ ਵਿਸੇਸ ਮਹਿਮਾਨ ਦਾ ਦਰਜਾ ਦਿੱਤਾ ਹੋਇਆ ਹੈ। ਉਸ ਹਲਕੇ ਦੇ ਵਿਧਾਇਕ ਜਸਬੀਰ ਸਿੰਘ ਗਿੱਲ ਹੋਰਾਂ ਨੇ ਵੀ ਆਉਣਾ ਸੀ ।
ਪਰ ਉਹ ਕਿਸੇ ਰੁਝੇਵੇਂ ਕਾਰਨ ਨਹੀਂ ਪਹੁੰਚ ਸਕੇ ਜਦ ਕਿ ਉੱਥੋਂ ਦੇ ਕਮੈਂਟੇਟਰਾਂ ਨੇ ਬਿਨਾਂ ਮਤਲਬ ਤੋਂ ਮੇਰੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਿਸ ਦੇ ਆਪਾਂ ਯੋਗ ਵੀ ਨਹੀਂ ਹਾਂ ਪਰ ਉਥੇ ਜੋ ਚੰਗੀ ਗੱਲ ਸੀ ਓਏ ਸੀ ਕਿ ਜੋ ਬੱਚਿਆਂ ਦੇ ਵੇਟਲਿਫਟਿੰਗ ਮੁਕਾਬਲੇ ਸੀ ,ਉਨ੍ਹਾਂ ਬੱਚਿਆਂ ਵਿੱਚ ਵਾਕਈ ਪੰਜਾਬ ਦੀ ਵੇਟਲਿਫਟਿੰਗ ਦਾ ਭਵਿੱਖ ਦੱਸਦਾ ਸੀ ਅਤੇ ਇਹ ਵੀ ਜਾਪ ਰਿਹਾ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਹਰੀਵਾਲ ਸੈੰਟਰ ਆਉਣ ਵਾਲੀਆਂ ਓਲੰਪਿਕ ਖੇਡਾਂ ,ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਵਿੱਚ ਕੋਈ ਨਾ ਕੋਈ ਤਮਗਾ ਜ਼ਰੂਰ ਜਿੱਤ ਕੇ ਆਵੇਗਾ । ਕੜਾਕੇ ਦੀ ਗਰਮੀ ਵਿਚ ਕੜਾਕੇ ਦੇ ਮੁਕਾਬਲੇ ਵੇਖਣ ਦਾ ਨਜ਼ਾਰਾ ਆ ਗਿਆ ।ਸ਼ੁਰੂਆਤੀ ਪਲਾਂ ਚ ਆਈ ਵੇਟਲਿਫਟਰ ਲੜਕੀ ਉਰਵਸ਼ੀ, ਅਭਿਰਾਜ, ਪ੍ਰਭਜੋਤ ,ਜਸਕਰਨ, ਨਵਦੀਪ , ਕਰਨ ,ਮਨਤੇਜ, ਵੀਰੇਂਦਰ ,ਤਨਵੀਰ ਆਦਿ ਕਈ ਹੋਰ ਬੱਚੇ ਮੈਨੂੰ ਲੱਗੇ ਕਿ ਜੇਕਰ ਮੌਲਾ ਦੀ ਨਜ਼ਰ ਸਵੱਲੀ ਰਹੀ ਇਹ ਬੱਚੇ ਪੰਜਾਬ ਦੀ ਵੇਟਲਿਫਟਿੰਗ ਦੇ ਭਵਿੱਖ ਦੇ ਵਾਰਸ ਹੋਣਗੇ । ਮੇਰੇ ਬਹੁਤ ਹੀ ਸਤਿਕਾਰਯੋਗ ਗੁਰੂ ਸਮਾਨ ਹਾਕੀ ਕੋਚ ਪਾਲ ਸਿੰਘ ਟਾਂਡਾ ਨੂੰ ਲੰਬੇ ਅਰਸੇ ਬਾਅਦ ਪਿੰਡ ਦੇਹਰੀਵਾਲ ਵਿੱਚ ਮਿਲਣ ਦਾ ਮੌਕਾ ਮਿਲਿਆ ।
ਆਪਸੀ ਦੁਆ ਸਲਾਮ ਤੋਂ ਬਾਅਦ ਸਕੂਲ ਦੇ ਦਫ਼ਤਰ ਵਿੱਚ ਬੈਠ ਕੇ ਦੇਹਰੀਵਾਲ ਪਿੰਡ ਵਾਸੀਆਂ ਦਾ ,ਸਕੂਲ ਸਟਾਫ ਦਾ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦਾ ਆਪਸੀ ਇਤਫਾਕ ਇਹ ਜ਼ਰੂਰ ਦੱਸ ਰਿਹਾ ਸੀ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਦੇਹਰੀਵਾਲ ਦੇ ਵਿਚ ਕੋਈ ਨਾ ਕੋਈ ਉਸਾਰੂ ਧਮਾਕਾ ਹੋਣ ਵਾਲਾ ਹੈ । ਪਰ ਇਸ ਓੁਸਾਰੂ ਧਮਾਕੇ ਤੋਂ ਪਹਿਲਾਂ ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਵਾਲਿਆਂ ਨੂੰ ਵੀ ਇਕ ਗੱਲ ਪ੍ਰਤੀ ਪੂਰਾ ਚੁਕੰਨੇ ਅਤੇ ਚੇਤੰਨ ਰਹਿਣਾ ਹੋਵੇਗਾ ਕਿ ਜਦੋਂ ਕੋਈ ਵੀ ਕੰਮ ਸ਼ੁਰੂ ਹੁੰਦਾ ਹੈ ਤਾਂ ਲੋਕ ਉਸ ਦੇ ਉੱਤੇ ਹੱਸਦੇ ਹਨ ਕਿ ਇਹ ਕੰਮ ਇਹ ਲੋਕ ਕਿਵੇਂ ਕਰਨਗੇ ? ਜਦੋਂ ਉਸ ਕੰਮ ਦੀਆਂ ਪ੍ਰਾਪਤੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਲੋਕਾਂ ਦਾ ਵਿਰੋਧ ਸ਼ੁਰੂ ਹੋਵੇਗਾ ।
ਵਿਰੋਧ ਵੀ ਇਨ੍ਹਾਂ ਹੁੰਦਾ ਹੈ ਕਿ ਚੰਗੇ ਚੰਗੇ ਬੰਦੇ ਉਸ ਚੰਗੇ ਕੰਮ ਚੋਂ ਪਰੇ ਹਟ ਜਾਂਦੇ ਹਨ । ਆਖ਼ਰ ਜਦੋਂ ਮੰਜ਼ਿਲ ਹਾਸਿਲ ਹੋ ਜਾਂਦੀ ਹੈ ਤਾਂ ਵਿਰੋਧ ਕਰਨ ਵਾਲੇ ਲੋਕ ਵੀ ਨਾਲ ਤੁਰ ਪੈਂਦੇ ਹਨ । ਇਹ ਹਰ ਕਾਮਯਾਬ ਬੰਦੇ ਦੀ, ਹਰ ਕਾਮਯਾਬ ਸੰਸਥਾ ਦੀ ਇਹੋ ਕਹਾਣੀ ਹੁੰਦੀ ਹੈ ਸਿਰਫ਼ ਨਾਮ ਹੀ ਤੇ ਚਿਹਰਾ ਹੀ ਵੱਖਰਾ ਹੁੰਦਾ ਹੈ । ਮੇਰੀ ਪ੍ਰਮਾਤਮਾ ਅੱਗੇ ਬੱਸ ਇਹੋ ਦੁਆ ਹੈ ਕਿ ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ । ਪਰ ਪ੍ਰਬੰਧਕ ਆਉਣ ਵਾਲੀ ਸਮੱਸਿਆਵਾਂ ਦੇ ਹਰ ਪੱਖ ਤੋਂ ਚੁਕੰਨੇ ਰਹਿਣ ਜੇ ਕਾਮਯਾਬੀ ਵਾਲੀ ਮੰਜ਼ਿਲ ਹਾਸਲ ਕਰਨੀ ਹੈ ।
ਦੇਹਰੀਵਾਲ ਦੇ ਇਸ ਖੇਡ ਸਮਾਗਮ ਦੌਰਾਨ ਬਾਈ ਹਰਦੀਪ ਸਿੰਘ ਸੈਣੀ ਰੇਲਵੇ ਵੱਲੋਂ ਜੇਤੂ ਬੱਚਿਆਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ ,ਜਦ ਕਿ ਮੈਂ ਵੀ ਜਰਖੜ ਅਕੈਡਮੀ ਵੱਲੋਂ 2 ਸਰਵੋਤਮ ਬੱਚਿਆਂ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਸਾਈਕਲ ਦੇਣ ਦਾ ਐਲਾਨ ਕੀਤਾ । ਜਦਕਿ ਇਸ ਮੌਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸਲਿੰਦਰ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਮੈਂ ਧੰਨਵਾਦੀ ਹਾਂ ਆਪਣੇ ਪਰਮ ਮਿੱਤਰਾ, ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ,ਸਰਪੰਚ ਹਰਦਿਆਲ ਸਿੰਘ , ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਦਾ ਧੁਰਾ ਮੁੱਖ ਕੋਚ ਬਲਜਿੰਦਰ ਸਿੰਘ ,ਸਰਬਜੀਤ ਕੰਡਾ, ਲਖਵੀਰ ਲਾਲ ,ਜਸਵੰਤ ਸਿੰਘ ਚੌਟਾਲਾ , ਹਰਜੋਤ ਸਿੰਘ ਸੈਣੀ , ਸਾਡਾ ਵੱਡਾ ਬਾਈ ਸੁਰਜੀਤ ਸਿੰਘ ਬੀਰਮਪੁਰ ਸਾਬਕਾ ਡੀਜੀਐਮ , ਸਕੂਲ ਦਾ ਸਮੂਹ ਸਟਾਫ ਅਤੇ ਦੋਸਤਾਂ ਮਿੱਤਰਾਂ ਦਾ ਕਾਫ਼ਲਾ ਵੱਡੇ ਰੂਪ ਚ ਮਿਲਿਆ।
ਬੜੀਆਂ ਆਪਸੀ ਸਾਂਝਾਂ ਜੁੜੀਆਂ, ਜੋ ਹਮੇਸ਼ਾ ਬਣੀਆਂ ਰਹਿਣਗੀਆਂ । ਦੇਹਰੀਵਾਲ ਵਾਲਿਆਂ ਦਾ ਵੀ ਮੈਂ ਹਮੇਸ਼ਾਂ ਰਿਣੀ ਰਹਾਂਗਾ ਕਿ ਉਨ੍ਹਾਂ ਨੇ ਜੋ ਮੈਨੂੰ ਇੰਨਾ ਵੱਡਾ ਪੱਧਰ ਦਾ ਮਾਣ ਸਤਿਕਾਰ ਦਿੱਤਾ। ਸਮਾਗਮ ਤੋਂ ਬਾਅਦ ਪਿੰਡ ਬੀਰਮਪੁਰ ਨੂੰ ਵੇਖਣ ਦਾ ਮੌਕਾ ਮਿਲਿਆ, ਸੁਰਜੀਤ ਸਿੰਘ ਸਾਬਕਾ ਡੀਜੀਐਮ ਦੇ ਘਰ ਗਏ , ਵਾਕਿਆ ਹੀ ਹਰਦੀਪ ਸੈਣੀ ਬਾਈ ਹੋਰਾਂ ਨੂੰ ਸਲੂਟ ਦੇਣਾ ਬਣਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਪਿੰਡਾਂ ਚੋਂ ਉੱਠ ਕੇ ਜਿੱਥੇ ਆਪਣੇ ਪਿੰਡ , ਇਲਾਕੇ ਦਾ ਨਾਮ ਪੂਰੇ ਮੁਲਕ ਵਿੱਚ ਰੋਸ਼ਨ ਕੀਤਾ ਹੈ ਉੱਥੇ ਉਨ੍ਹਾਂ ਦੇ ਖੇਡਾਂ ਦੀ ਬਿਹਤਰੀ ਖ਼ਾਸ ਕਰਕੇ ਵੇਟਲਿਫਟਿੰਗ ਦੀ ਤਰੱਕੀ ਲਈ ਕੀਤੇ ਉਪਰਾਲਿਆਂ ਨੂੰ ਵੀ ਸਲਾਮ ਹੈ । ਦੇਹਰੀਵਾਲ ਸੈਂਟਰ ਤੇ ਗੁਰੂ ਭਲੀ ਕਰੇ ,ਰੱਬ ਰਾਖਾ ।
-
ਜਗਰੂਪ ਸਿੰਘ ਜਰਖੜ , ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.