- ਸੰਤਾਲੀ ਦੇ ਹੱਲਿਆਂ ਮੌਕੇ ਇੱਜ਼ਤਾਂ ਖਾਤਰ ਖੂਹਾਂ ‘ਚ ਛਾਲਾਂ ਮਾਰੀਆਂ ਸੀ ਲੜਕੀਆਂ ਨੇ : ਖੂਹ ‘ਚ ਛਾਲ ਮਾਰਨ ਵਾਲੀ ਬੀਬੀ ਆਪਣੇ ਹੱਥੀਂ ਲਿਖ ਗਈ ਇਹ ਬਿਰਤਾਂਤ : ਗੁਰਪ੍ਰੀਤ ਸਿੰਘ ਮੰਡਿਆਣੀ
---- 1947 ‘ਚ ਹੋਈ ਮੁਲਕ ਦੀ ਵੰਡ ਨੂੰ ਬਜ਼ੁਰਗਾਂ ਵੱਲੋਂ “ਹੱਲਿਆਂ” ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਜਿਹੜੇ ਲੋਕ ਐਧਰੋਂ-ਓਧਰ ਉੱਜੜ ਕੇ ਗਏ, ਉਹ ਇਹਨੂੰ ਉਜਾੜਾ ਵੀ ਕਹਿੰਦੇ ਨੇ। ਉਹ ਗੱਲ ਕਰਦੇ ਨੇ ਜਦੋਂ ਉਜਾੜੇ ਪਏ। ਅਸੀਂ ਅਕਸਰ ਸੁਣਦੇ ਹਾਂ ਕਿ ਦੋਵੇਂ ਪਾਸੇ ਔਰਤਾਂ ਤੇ ਕੁੜੀਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਖ਼ਾਤਰ ਖੂਹਾਂ ‘ਚ ਛਾਲਾਂ ਮਾਰ ਦਿੱਤੀਆਂ। ਅੱਜ ਤੁਹਾਨੂੰ ਇੱਕ ਐਸੀ ਬੀਬੀ ਵੱਲੋਂ ਦੱਸਿਆ ਬਿਰਤਾਂਤ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ, ਜਿਹਨੇ ਖ਼ੁਦ ਖੂਹ ‘ਚ ਛਾਲ ਮਾਰੀ ਸੀ ਪਰ ਕਿਵੇਂ ਨਾ ਕਿਵੇਂ ਬਚ ਗਈ ਸੀ। ਇਸ ਬੀਬੀ ਨੇ ਇਹ ਬਿਰਤਾਂਤ ਆਪਣੇ ਹੱਥੀਂ ਲਿਖਿਆ ਸੀ ਜੋ ਕਿ ਪਰਿਵਾਰ ਕੋਲ ਹਾਲੇ ਵੀ ਮੌਜੂਦ ਹੈ। ਇਹ ਘਟਨਾ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਥੋਹਾ ਖ਼ਾਲਸਾ ਦੀ ਹੈ। ਸਮਾਂ ਮਾਰਚ 1947 ਦਾ ਹੈ, ਇਸ ਪੋਠੋਹਾਰ ਇਲਾਕੇ ਵਿੱਚ ਉਜਾੜੇ ਮਾਰਚ 47 ਵਿੱਚ ਪੈ ਗਏ ਸਨ, ਜਦਕਿ ਬਾਕੀ ਪੰਜਾਬ ਵਿੱਚ ਉਜਾੜਿਆਂ ਨੇ ਸਤੰਬਰ 1947 ਵਿੱਚ ਜ਼ੋਰ ਫੜਿਆ।
ਇਹ ਬੀਬੀ ਸਵਰਨ ਕੌਰ ਦੀ ਹੱਥ ਲਿਖਤ ਮਿਲੇ 10 ਪੁੰਜਾਂ ਵਿੱਚੋਂ ਪੁੱਜ ਨੰਬਰ 5 ਹੈ ਜੋ ਉਨ੍ਹਾਂ ਦੇ ਪਰਿਵਾਰ ਕੋਲ ਅੱਜ ਵੀ ਮੌਜੂਦ ਹੈ
“ਇਹ ਬਿਰਤਾਂਤ 1947 ਦੇ ਥੋਹੇ ਖ਼ਾਲਸੇ ਪਿੰਡ ਉੱਜੜਨ ਦੇ ਹਾਲਾਤ।
ਜਦ ਅਸੀਂ ਉਹਨਾਂ ਲੋਕਾਂ ਵਾਸਤੇ ਤੇਲ ਕਲਕਾ ਕਿ ਰੱਖੇ ਹੋਏ ਸਨ, ਫਿਰ ਇਹੋ ਜਿਹਾ ਲੋਕਾਂ ਦਾ ਤੂਫ਼ਾਨ ਆਇਆ ਕਿ ਅਸੀਂ ਕੁਝ ਨਹੀਂ ਕਰ ਸਕੇ। ਘਰ ਛੱਡ ਕੇ ਬਾਹਰ ਸੰਤ ਗੁਲਾਬ ਸਿੰਘ ਦੇ ਘਰ ਜਾ ਕੇ ਰੁਕ ਗਏ, ਉੱਥੇ ਜਾ ਕੇ ਸਾਰਿਆਂ ਨੇ ਇਕੱਠ ਕਰ ਲਿਆ। ਸੋਚਾਂ ਵਿੱਚ ਪੈ ਗਏ ਦੇਖਦੇ ਹੀ ਸਾਰਾ ਪਿੰਡ ਲੁੱਟਣਾ ਸ਼ੁਰੂ ਕਰ ਦਿੱਤਾ। ਕੋਈ ਪੇਸ਼ ਨਹੀਂ ਫੇਰ ਸ਼ਾਮ ਨੂੰ ਅਲੌਸਮਿੰਟ ਕੀਤੀ ਕਿ ਆਪਣੇ-ਆਪਣੇ ਘਰਾਂ ਵਿੱਚ ਆ ਜਾਓ ਅਸੀਂ ਕੁਝ ਨਹੀਂ ਕਹਿੰਦੇ। ਫੇਰ ਕਈ ਚਲੇਗੇ, ਮੈਂ ਵੀ ਵਿੱਚੋਂ ਨਿਕਲ ਗਈ। ਜਦ ਮੈਂ ਘਰ ਗਈ ਤਾਂ ਥੋੜ੍ਹਾ ਸਮਾਨ ਬਾਹਰ ਪਿਆ ਹੋਇਆ ਸੀ ਮੈਂ ਚੁੱਕ ਕੇ ਅੰਦਰ ਕੀਤਾ ਫਿਰ ਕੋਠੇ ਤੇ ਗਈ ਤੇ ਜੰਗਲੇ ਦੀ ਅੱਗ ਬੁਝਾਈ ਫਿਰ ਮੈਂ ਥੱਲੇ ਉੱਤਰੀ ਤੇ ਚਾਰ ਬੰਦੂਕਾਂ ਵਾਲੇ ਸ਼ਿਪਾਈ ਆ ਰਹੇ ਸੀ ਤੇ ਮੈਂ ਦੇਖ ਕੇ ਡਰ ਗਈ ਤੇ ਉਹ ਮੈਨੂੰ ਕਹਿੰਦੇ ਕਿ ਤੂੰ ਚੌਧਰੀ ਦੀ ਲੜਕੀ ਹੈ, ਤੈਨੂੰ ਕੁਝ ਨਹੀਂ ਕਹਿੰਦੇ ਜਿਦਰੇ ਮਰਜ਼ੀ ਚਲੀ ਜਾ ਫਿਰ ਮੈਂ ਜਿੱਥੇ ਬੇਜੀ ਸਨ, ਸੰਤ ਗ਼ੁਲਾਬ ਸਿੰਘ ਦੇ ਘਰ ਅੰਦ੍ਰ ਗਈ।
ਬੇਜੀ ਨੇ ਪੁੱਛਿਆ ਕਿ ਤੂੰ ਕਿਥੇ ਗਈ ਸੀ ਮੈਂ ਤੈਨੂੰ ਇੱਥੇ ਲੱਭਦੀ ਫਿਰਦੀ ਹਾਂ, ਮੈਂ ਅੱਗੋ ਕਿਹਾ ਕਿ ਘਰ ਦੀ ਸਮਾਨ ਅੰਦਰ ਰੱਖਕੇ ਆਈ ਹਾਂ ਤੇ ਕੋਠੇ ਦੀ ਅੱਗ ਬੁਝਾ ਕੇ ਆਈ ਹਾਂ ਉਹ ਮੈਨੂੰ ਕਹਿੰਦੇ ਤੂੰ ਕਿਸ ਕੋਲੋ ਪੁੱਛਕੇ ਗਈ ਏ ਦੇਖ ਜੇਹੜੇ ਗਏ ਸਨ ਉਨਾਂ ਦਾ ਕੀ ਹਾਲ ਹੋਇਆ ਕਿਸੇ ਦਾ ਨੱਕ ਕੱਟ ਦਿੱਤਾ ਕਿਸੇ ਦੀਆਂ ਅੱਖਾਂ ਕੱਢ ਦਿੱਤੀਆਂ ਤੂੰ ਕਿਵੇਂ ਠੀਕ-ਠਾਕ ਪਹੁੰਚ ਗਈ ਪਰ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ, ਫਿਰ ਦਿਨ ਵੀ ਗੁਜ਼ਰ ਗਿਆ ਤੇ ਰਾਤ ਵੀ ਗੁਜ਼ਰ ਗਈ ਸਵੇਰੇ ਫਿਰ ਗੇਟ ਦੇ ਬਾਹਰ ਆ ਗਏ ਭਾਈ ਜੋਗਰਾਜੇ ਦੇ ਬਾਗ ਵਿੱਚ ਚਲੇ ਗਈ, ਕੁਝ ਲੋਕ ਸੰਤ ਗਲਾਬ ਸਿੰਘ ਦਾ ਜੇਹੜਾ ਬਾਗ ਲਗਾਇਆ ਸੀ ਗੇੜੂ ਖੁੰਹ ਸੀ ਉਥੇ ਵੀ ਬਹਿ ਗਏ। ਜਦ ਕਾਫ਼ਲੇ ਆ ਗਿਆ ਤੇ ਇੰਨ੍ਹਾਂ ਨੇ ਸਮਝਿਆ ਕਿ ਸਾਨੂੰ ਮਾਰਨ ਆਏ ਇਨਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਨ੍ਹਾਂ ਨੇ ਕਿਹਾ ਕਿ ਇਹ ਖ਼ੁਦ ਹੀ ਮਰਦੇ ਪਏ ਤੇ ਉਹ ਉਥੇ ਖੜ੍ਹੇ ਨਹੀਂ ਹੋਏ ਥਮਾਲ ਪਿੰਡ ਚਲੇ ਗਏ ਅਸੀਂ ਅੰਬਾਂ ਦੇ ਬੂਟਿਆਂ ਥਲੇ ਬੈਠੇ ਹੋਏ ਸੀ।
ਸ਼ਾਮ ਨੂੰ ਫਿਰ ਦਿਨ ਛਿਪਣ ਵੇਲੇ ਅਸੀਂ ਦਰਿਆ ਕੋਲ ਆ ਗਏ ਉਥੇ ਅਸੀਂ ਪਥਰਾਂ ਤੇ ਖੜ੍ਹੇ ਚੌਪਈ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਮੈਂ ਤੇ ਬੇਜੀ ਨੇ ਉਹ ਸਾਡੇ ਮੂੰਹ ਵਲ ਦੇਖਣ ਕਿ ਕੀ ਬੋਲਦੀਆਂ ਵਿੱਚੋਂ ਇਕ ਨੇਕੂ ਤੇਲੀ ਦਾ ਮੁੰਡਾ ਉਸਨੇ ਸਾਰੇ ਘਰ ਦੀ ਕਿਰਪਾਨ ਚੁਕੀ ਹੋਈ ਸੀ ਤੇ ਸਾਨੂੰ ਕਹਿੰਦਾ ਕਿ ਸਾਡੇ ਕੁਰਾਨ ਸ਼ਰੀਫ਼ ਵਿੱਚ ਲਿਖਿਆ ਹੋਇਆ ਹੈ ਕਿ ਹਿੰਦੂਆਂ ਨਾਲ ਜ਼ੁਲਮ ਕਮਾਓ ਮੈਂ ਹੈਰਾਨ ਹੋ ਗਈ ਕਿ ਇਹ ਸਾਡੇ ਘਰ ਦਾਣੇ ਲੈਣ ਆਉਂਦਾ ਹੁੰਦਾ ਸੀ।
ਬੇਜੀ ਦੇਖੋ ਕਿਵੇਂ ਬੋਲਦਾ, ਪਰ ਬੇਜੀ ਚੁੱਪ ਚਾਪ ਖੜ੍ਹੇ ਪਰ ਟਾਈਮ ਬਹੁਤ ਹੀ ਨਾਜ਼ਕ ਸੀ। ਫੇਰ ਸਾਨੂੰ ਕਹਿੰਦੇ ਕਿ ਚਲੇ ਜਾਓ ਪਿੰਡ ਵਿੱਚ ਫੇਰ ਅਸੀਂ ਪਿੰਡ ਚਲੇ ਗਏ ਰਾਤ ਪੈ ਗਈ ਸਰਦਾਰ ਸੁਜਾਮ ਸਿੰਘ ਦੀ ਹਵੇਲੀ ਵਿੱਚ ਬਹਿ ਗਏ। ਫੇਰ ਉਥੇ ਅਸੀਂ ਵਿਲੂੰ-ਵਿਲੂੰ ਕਰੀਏ ਕਿ ਸਾਡੀ ਮੌਤ ਕਿਵੇਂ ਆਏਗੀ। ਫੇਰ ਰਾਤ ਦੇ ਦਸ ਵਜੇ ਨੂੰ ਆ ਕੇ ਬਾਹਰ ਕਹਿੰਦੇ ਕਿ ਮਸੀਤ ਵਿੱਚ ਚਲੋ ਅਸੀਂ ਸੋਚਿਆ ਕਿ ਹੁਣ ਕੋਈ ਚਾਰਾ ਨਹੀਂ ਚੱਲ ਸਕਦਾ ਤੇ ਉਥੇ ਅੰਦਰ ਖੁਹ ਸੀ, ਇਸ ਖੁਹ ਤੇ ਬੇਜੀ ਪੜ੍ਹਾਂਦੇ ਕਰਦੇ ਮਾਈ ਸਕੂਲ ਵਾਲੀ ਸਾਡੇ ਘਰ ਵੀ ਤੇ ਸਕੂਲ ਵੀ ਪਾਣੀ ਲਿਆਂਉਂਦੀ ਹੁੰਦੀ ਸੀ। ਫੇਰ ਅਸੀਂ ਕਿਹਾ ਕਿ ਤੁਸੀਂ ਇਹ ਕਹਿਣਾ ਕਿ ਅਸੀਂ ਡੌਲੀ ਵਿੱਚ ਪਾ ਦਿੱਤੀਆ, ਬੋਲੇ ਸੋ ਨਿਹਾਲ ਕਹਿ ਕੇ ਅਸੀਂ ਛੇ ਲੜਕੀਆਂ ਨੇ ਉਸ ਖੁਹ ਵਿੱਚ ਛਾਲ ਮਾਰ ਦਿੱਤੀ। ਉਹ ਦੇ ਅੰਦਰ ਬਹਿ ਗਏ ਅਸੀਂ ਵਿੱਚ ਤਰਦੀਆਂ ਰਹੀਆਂ ਮਰੀਆਂ ਫੇਰ ਵੀ ਨਹੀਂ।
ਜਦ ਤਰਦੀਆਂ ਨੂੰ ਸਾਨੂੰ ਇਕ ਚਕ ਮਿਲ ਗਿਆ ਜੇਹੜਾ ਪੱਥਰ ਦਾ ਗੋਲ ਸੀ, ਉਹਦੇ ਉਤੇ ਅਸੀਂ ਬਹਿ ਗਈਆਂ ਤੇ ਕਹਿਣ ਲੱਗੀਆ ਕਿ ਹੁਣ ਅਸੀਂ ਕੀ ਕਰੀਏ ਮੈਂ ਕਿਹਾ ਕਿ ਚਲੋ ਹੁਣ ਪਾਠ ਕਰੀਏ ਮੈਂ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਦਿੱਤਾ ਅਗੇ ਮੈਂ ਬੋਲਦੀ ਸੀ ਪਿਛੇ ਉਹ ਬੋਲਦੀਆ ਸੀ, ਫੇਰ ਸ਼ਬਦ ਹਜ਼ਾਰੇ ਦਾ ਫਿਰ ਰਹਿਰਾਸ ਸਾਹਿਬ ਦਾ ਫੇਰ ਜੇਹੜੇ ਸ਼ਬਦ ਔਰ ਕਵਿਤਾ ਬਾਕੀ ਜਦ ਚਾਰ ਸਾਡੇ ਚਾਰ ਵਜ ਗਏ ਤੇ ਮੈਂ ਕਿਹਾ ਹੁਣ ਤਾਂ ਪ੍ਰਲਾਦ ਵਾਲੀ ਗੱਲ ਯਾਦ ਆ ਗਈ ਕਿ ਜੱਲ ਵੀ ਰਾਮ ਥੱਲ ਵੀ ਰਾਮ ਹੋ ਸੀ ਵੇ ਰਾਮ ਕਿਹਾ ਤੇ ਉਪਰ ਆਵਾਜ਼ ਚਲੀ ਗਈ ਤੇ ਉਹ ਕਹਿੰਦੇ ਕਿ ਇਹ ਕਿੱਥੋ ਆਵਾਜ਼ ਆਉਂਦੀ ਹੈ, ਫੇਰ ਉਨ੍ਹਾਂ ਨੇ ਟਾਰਚ ਲੈ ਕੇ ਖੂਹ ਵਿੱਚ ਦੇਖਿਆ ਤੇ ਅਸੀਂ ਚੱਕ ਉੱਤੇ ਬੈਠੀਆ ਹੋਈਆਂ ਤੇ ਅਸੀਂ ਕਿਹਾ ਕਿ ਅਸੀਂ ਮਰੀਆਂ ਕੋਈ ਨਹੀਂ, ਹੁਣ ਸਾਨੂੰ ਕੱਢ ਲਓ।
ਇੱਕ ਸਾਡੀ ਭੈਣ ਦੀ ਲੜਕੀ ਸੀ, ਉਸਨੇ ਸੁੱਟ ਦਿੱਤੀ ਸੀ, ਉਹ ਮਰ ਗਈ। ਫਿਰ ਉਨ੍ਹਾਂ ਨੇ ਰੱਸੀਆਂ ਲਿਆਂਦੀਆਂ ਤੇ ਸਾਨੂੰ ਕੱਢਣਾ ਸ਼ੁਰੂ ਕੀਤਾ। ਰੱਸੀਆਂ ਦੇ ਨਾਲ ਘੱਟ ਹੋਣ ਕਰਕੇ ਇੱਕ ਦੋ ਪੱਗਾਂ ਵੀ ਬੰਨ੍ਹ ਦਿੱਤੀਆਂ। ਜਦ ਉਨ੍ਹਾਂ ਨੇ ਮੈਂਨੂੰ ਆਵਾਜ਼ ਦਿੱਤੀ ਕਿ ਰੱਸੀ ਫੜ੍ਹ ਲੈ ਤੇ ਰੱਸੀ ਫੜ੍ਹ ਲਈ। ਜਦ ਉਪਰ ਆਣ ਵਾਲੀ ਸੀ ਤੇ ਗੱਠ ਖੁਲ ਗਈ, ਫੇਰ ਮੈਂ ਵਿੱਚ ਚਲੀ ਗਈ। ਕੁੜੀਆਂ ਨੇ ਰੌਲਾ ਪਾ ਦਿੱਤਾ ਤੇ ਜਦ ਵਿੱਚ ਹੱਥ ਮਾਰਿਆ ਤੇ ਮੇਰੇ ਵਾਲ ਫੜ ਕੇ ਚਕ ਤੇ ਉੱਤੇ ਬਿਠਾ ਲਿਆ। ਫਿਰ ਉਨਾਂ ਨੇ ਰਸੀਆਂ ਲਿਆਦੀਆਂ ਤੇ ਸਾਨੂੰ ਇੱਕ-ਇੱਕ ਕਰ ਕੇ ਕੱਢਿਆ। ਜਦ ਅਸੀਂ ਬਾਹਰ ਨਿਕਲੀਆਂ, ਬੇਜੀ ਨੇ ਕਿਸੇ ਕੋਲੋ ਗੁੜ ਲੈ ਕੇ ਪਾਣੀ ਵਿੱਚ ਪਾ ਕੇ ਤੱਤਾ ਕਰਕੇ ਦਿੱਤਾ ਤੇ ਅਸੀਂ ਪੀਤਾ।
ਫੇਰ 10 ਵਜੇ ਮਿਲਟਰੀ ਆ ਗਈ। ਮਿਲਟਰੀ ਵੀ ਅੱਗੇ ਮਟੋਰ ਨਾਗ ਚਲੀ ਗਈ ਤੇ ਰਾਤ ਦੇ 10 ਵਜੇ ਮਿਲਟਰੀ ਆਈ ਮੈਂ ਤੇ ਬੇਜੀ ਤੇ ਭੈਣ ਵੀਰਾਂ ਅਸੀਂ ਅੱਡੇ ਤੇ ਖੜ੍ਹੀਆਂ ਸੀ ਤੇ ਗੱਡੀ ਖੜੀ ਹੋਈ। ਮੈਂ ਚੜ੍ਹ ਗਈ ਤੇ ਗੱਡੀ ਤੁਰ ਪਈ। ਬੇਜੀ ਤੇ ਭੈਣ ਵੀਰਾਂ ਉੱਥੇ ਹੀ ਰਹਿ ਗਏ। ਗੱਡੀ ਰਵਾਂਤਾ ਪਹੁੰਚੀ। ਮੈਂ ਉਤ੍ਰੀ, ਅੱਗੇ ਦੇਖਾ, ਪਿੱਛੇ ਦੇਖਾ ਕਿ ਕੋਈ ਆਪਣਾ ਦਿਸੇ, ਮਹਾਜਨਾ ਦੀ ਦਿਤ ਤੇ ਦ੍ਰੋਪਤੀ ਦੋਨੋਂ ਦਿਸੇ, ਉਨਾਂ ਕੋਲ ਬਹਿ ਗਈ, ਜਦੋਂ ਸਵੇਰ ਹੋਈ ਬੇਜੀ ਦੇ ਨਾਲ ਜੇਹੜੀ ਭੈਣ ਜੀ ਪੜਾਂਦੀ ਸੀ, ਉਹ ਮੈਨ ਮਿਲ ਗਈ ਤੇ ਪੁਛਣ ਲਗੀ ਕਿ ਸਵਰਨ ਬੇਜੀ ਕਿਥੇ ਹਨ ਮੇਂ ਇਸ ਤਰ੍ਹਾ ਰਾਤ ਨੂੰ ਮੈਂ ਚੜ੍ਹ ਗਈ ਗੱਡੀ ਤੁਰ ਪਈ, ਬੇਜੀ ਤੇ ਭੈਣ ਵੀਰਾਂ ਉਥੇ ਰਹਿ ਗਏ। ਸੋ ਤੁਸ ਹੁਣ ਕਿਸੇ ਨੂੰ ਕਵੋ ਕਿ ਮੈਂ ਇਥੇ ਰਵਾਂਤਾ ਪਹੁੰਚ ਗਈ ਤੇ ਤੁਸੀਂ ਆ ਜਾਓ। ਉਹ ਕਹਿਣ ਲੱਗੇ ਕਿ ਤੂੰ ਫਿਕਰ ਨਾ ਕਰ ਅਸੀਂ ਤੰੂ ਰਾਵਲਪਿੰਡੀ ਪਾਪਾ ਜੀ ਕੋਲ ਪਹੁੰਚਾ ਦਿਆਂਗੇ। ਘਬਰਾਣ ਦੀ ਲੋੜ ਨਹੀਂ। ਇਨ੍ਹੇ ਨੂੰ ਇਕ ਟੈਂਪੂ ਆ ਗਿਆ ਉਹ ਭੈਣ ਜੀ ਕਹਿਣ ਲੱਗੇ ਕਿ ਬਹਿ ਜਾ ਅਸੀਂ ਬੈਠਦੇ ਹਾਂ ਮੈਂ ਬਹਿ ਗਈ ਤੇ ਟਂੈਪੂ ਚੱਲ ਪਿਆ। ਭੈਣ ਜੀ ਤੇ ਉਨ੍ਹਾਂ ਦੇ ਮਾਸਟਰ ਜੀ ਨਰਾਇਣ ਸਿੰਘ ਉਥੇ ਹੀ ਰਹਿ ਗਏ। ਉਸ ਟੈਂਪੂ ਵਿੱਚ ਇੱਕ ਸਾਡੇ ਪਿੰਡ ਦੀ ਸਨਿਆਰੀ ਸੀ।
ਜਿਸਨੂੰ ਬੱਚਾ ਹੋਣ ਵਾਲਾ ਸੀ। ਟੈਂਪੂ ਵਾਲਾ ਕਹਿੰਦਾ ਕਿ ਇਹ ਗੱਡੀ ਹੋਲੀ ਫੈਮਲੀ ਹਸਪਤਾਲ ਜਾਏਗੀ, ਬਾਕੀ ਦੇ ਲੋਕ ਕਚਿਹਰੀ ਉਤਰ ਜਾਓ। ਅਸੀਂ ਕਚਿਹਰੀ ਉਤ੍ਰ ਗਏ। ਸੋ ਸਾਡੇ ਨਾਲ ਨੜਾਲੀ ਪਿੰਡ ਦੀਆਂ ਜਨਾਨੀਆਂ ਤੇ ਆਦਮੀ ਸਨ, ਉਨ੍ਹਾਂ ਨੇ ਟਾਂਗੇ ਕੀਤੇ ਤੇ ਮੈਂ ਵੀ ਬਹਿ ਗਈ, ਜਦ ਮਾਈ ਬੀਰੋ ਦੀ ਬੰਨ ਆਈ ਉਹ ਲੋਕੀ ਉਤਰ ਗਏ ਛੇ ਆਨੇ ਲੱਗਦੇ ਸਨ, ਉਹ ਕਹਿੰਦੇ ਜੇ ਤੇਰੇ ਕੋਲ ਛੇ ਆਨੇ ਨਹੀਂ ਸਨ ਤਾਂ ਕਿਉਂ ਚੜ੍ਹੀ। ਮੇਰੇ ਕੋਲ ਇੱਕ ਥੈਲਾ ਸੀ, ਜਿਸ ਵਿੱਚ ਇੱਕ ਗੁਟਕਾ, ਇਕ ਖੇਸ ਅਤੇ ਇਕ ਕੋਲੀ ਸੀ। ਮੈਂ ਉਸ ਟਾਂਗੇ ਵਾਲੇ ਨੂੰ ਕਿਹਾ ਕਿ ਤੂੰ ਖੇਸ ਲੈ ਲੈ ਤੇ ਕਹਿੰਦਾ ਮੈਂ ਤੇ ਛੇ ਆਨੇ ਹੀ ਲੈਣੇ ਹਨ।
ਮੈਂ ਉਸਨੂੰ ਬੜਾ ਕਿਹਾ ਕਿ ਇਥੇ ਕੋਈ ਨਾ ਸਾਡਾ ਆ ਜਾਏਗਾ। ਇੰਨ੍ਹੇ ਨੂੰ ਅਵਤਾਰ ਸਿੰਘ ਗਿਆਨੀ ਦਾ ਮੁੰਡਾ ਤੇ ਦੋ ਹੋਰ ਮੁੰਡੇ ਆ ਗਏ, ਉਹ ਮੈਨੂੰ ਦੇਖ ਕੇ ਹੈਰਾਨ ਹੋ ਗਏ ਕਹਿਣ ਲੱਗੇ ਕਿ ਕਹਿੰਦੇ ਕਿ ਥੋਹਾ ਖਾਲਸਾ ਪਿੰਡ ਸਾਰਾ ਗਰਕ ਹੋ ਗਿਆ ਤੇ ਚੌਧਰੀ ਹੋਰਾਂ ਦੀ ਕੁੜੀ ਕਿੱਥੋ ਆ ਗਈ ਉਨ੍ਹਾਂ ਨੇ ਬਟੂਏ ਕੱਢੇ, ਤੁੰ ਦੱਸ ਕਿਨੇ ਪੈਸੇ ਚਾਹੀਦੇ ਤੈਨੂੰ, ਉਹ ਕਹਿੰਦਾ ਛੇ ਆਨੇ, ਤੂੰ ਹੋਰ ਲੈ ਲੈ ਪਰ ਕੁੜੀ ਨੂੰ ਕਿਉਂ ਨਾ ਉਤਰਨ ਦਿੱਤਾ। ਫਿਰ ਉਹ ਮੁੰਡੇ ਮੈਨੂੰ ਚਾਚਾ ਜੀ ਦੇ ਘਰ ਲੈ ਗਏ ੳੇਥੇ ਭਾਪਾ ਜੀ ਸਨ, ਚਾਚੀ ਜੀ ਸਨ, ਸਾਰੇ ਹੈਰਾਨ ਹੋ ਗਏ ਕਿ ਇਹ ਅਕੇਲੀ ਕਿਵੇਂ ਆ ਗਈ, ਫਿਰ ਉਥੇ ਸਭ ਲੋਕੀ……..।” ਬੀਬੀ ਜੀ ਦੀ ਹੇਠਾਂ ਦਿੱਤੀ ਹੱਥ ਲਿਖਤ ਦੇ ਦੇ ਦਸ ਪੇਜ਼ ਹੀ ਮੌਜੂਦ ਨੇ ਜਾਪਦਾ ਹੈ ਕਿ ਉਨ੍ਹਾਂ ਨੇ ਹੋਰ ਵੀ ਪੇਜ਼ ਲਿਖੇ ਹੋਣਗੇ ਪਰ ਮਿਲਦੇ ਨਹੀਂ।
ਇਹ ਲਿਖਤ ਲਿਖਣ ਵਾਲੀ ਬੀਬੀ ਦਾ ਵੇਰਵਾ ਇਹ ਹੈ:-
ਨਾਮ: ਸਵਰਨ ਕੌਰ
ਜਨਮ : 1933
ਮੌਤ : 7 ਜਨਵਰੀ 2012
ਪਿਤਾ : ਚੌਧਰੀ ਬਸੰਤ ਸਿੰਘ
ਪਤੀ : ਸ. ਅਜੀਤ ਸਿੰਘ ਜੌਹਲ
ਪੁੱਤਰ : ਸ. ਜਸਵੀਰ ਸਿੰਘ ਜੌਹਲ (ਸਾਬਕਾ ਸਰਪੰਚ)
ਪਿੰਡ : ਮੰਡਿਆਣੀ, ਸਬ ਤਹਿਸੀਲ ਮੁੱਲਾਂਪੁਰ ਦਾਖਾ, ਜ਼ਿਲ੍ਹਾ ਲੁਧਿਆਣਾ
ਲਿਖਤ- ਗੁਰਪ੍ਰੀਤ ਸਿੰਘ ਮੰਡਿਆਣੀ : 88726-64000
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ
info.babushahi@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.