ਦੁਨੀਆਂ ਦੇ ਨਕਸ਼ੇ ਉੱਪਰ 14 ਅਤੇ 15 ਅਗਸਤ 1947 ਵਾਲੇ ਦਿਨ ਦੋ ਨਵੇਂ ਅਜ਼ਾਦ ਦੇਸ਼ ‘ਪਾਕਿਸਤਾਨ’ ਅਤੇ ‘ਭਾਰਤ’ ਹੋਂਦ ਵਿੱਚ ਆਏ। ਬਰਤਾਨਵੀ ਸਾਮਰਾਜ ਦੇ ਅੰਤ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਦੀ ਅਜ਼ਾਦੀ ਪੰਜਾਬ ਅਤੇ ਬੰਗਾਲ ਦੀ ਵੰਡ ਕਰਕੇ ਹੀ ਸਿਰੇ ਚਾੜ੍ਹੀ ਗਈ। ਨਤੀਜੇ ਵਜੋਂ ਇੱਕ ਕਰੋੜ ਤੋਂ ਵੀ ਵੱਧ ਵੱਸਦੇ ਲੋਕ ਉੱਜੜਕੇ ਘਰੋਂ ਬੇਘਰ ਹੋ ਗਏ, ਦਸ ਲੱਖ ਪੰਜਾਬੀ ਇਸ ਵੰਡ ਦੀ ਬਲੀ ਚੜ੍ਹ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੀਆਂ ਧੀਆਂ ਦੋਵੇਂ ਪਾਸੇ ਅਗਵਾ ਅਤੇ ਬੇਪੱਤ ਕੀਤੀਆਂ ਗਈਆਂ, ਇੱਥੇ ਹੀ ਬੱਸ ਨਹੀਂ ਬਹੁਤੀਆਂ ਜਾਂ ਤਾਂ ਆਪਣੇ ਪਰਿਵਾਰਾਂ ਵੱਲੋਂ ਇੱਜਤ ਤੇ ਧਰਮ ਬਚਾਉਣ ਖ਼ਾਤਰ ਕਤਲ ਕੀਤੀਆਂ ਗਈਆਂ ਤੇ ਜਾਂ ਫੇਰ ਆਪਣੇ ਆਪ ਹੀ ਖ਼ੁਦਕੁਸ਼ੀ ਕਰ ਗਈਆਂ। ਵੰਡ ਦੇ ਸਦਮੇ ਦੇ ਝੰਭੇ ਲੱਖਾਂ ਪੰਜਾਬੀ ਜਿਵੇਂ ਜਿਊਂਦੀਆਂ ਲਾਸ਼ਾਂ ਬਣ ਗਏ ਸਨ।
ਉਸ ਸਮੇਂ ਦੇ ਹੁਣ ਜਿਉਂਦੇ ਬਜ਼ੁਰਗ ਅੱਜ ਵੀ ਉਸ ਵਕਤ ਨੂੰ ਚੇਤੇ ਕਰਦੇ ਨੇ ਤਾਂ ਦਿਲ ਵਿੱਚ ਆਪਣੇ ਕੋਲੋਂ ਵਿੱਛੜੇ ਆਪਣਿਆਂ ਦਾ ਦੁੱਖ ਛਲਕ ਪੈਂਦਾ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਆਪਣਾ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਸ਼ਾਇਦ ਕਦੇ ਇਹ ਚਿੱਤ ਚੇਤੇ ਵੀ ਨਹੀਂ ਸੀ ਕਿ ਜਿਸ ਅਜ਼ਾਦੀ ਲਈ ਉਹ ਐਨੀ ਘਾਲਣਾ ਘਾਲ ਰਹੇ ਹਨ, ਉਹੀ ਅਜ਼ਾਦੀ ਜਦੋਂ ਆਵੇਗੀ ਤਾਂ ਉਨ੍ਹਾਂ ਦੀ ਹੀ ਬਰਬਾਦੀ ਦਾ ਕਾਰਣ ਬਣੇਗੀ। ਸਾਂਝੇ ਤੌਰ ਤੇ ਅਜ਼ਾਦੀ ਦੇ ਸੰਘਰਸ਼ ਵਿੱਚ ਅੱਸੀ ਫ਼ੀਸਦੀ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਸਾਂਝਾ ਪੰਜਾਬ ਦੋ ਟੋਟੇ ਕਰ ਦਿੱਤਾ ਗਿਆ। ਇਸ ਖ਼ੂਨੀ ਵੰਡ ਨਾਲ ਪੰਜਾਬੀਆਂ ਦੀ ਸਾਂਝੀ ਵਿਰਾਸਤ ਵੰਡੀ ਗਈ, ਸਦੀਆਂ ਤੋਂ ਇਕੱਠੇ ਵੱਸਦੇ ਲੋਕ ਵੰਡੇ ਗਏ। ਅਗਲੇ ਕਈ ਮਹੀਨਿਆਂ ਤੱਕ ਦੋਵੇਂ ਪਾਸੇ ਹੀ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਰਨਾਰਥੀ ਕੈਂਪਾਂ ਵਿੱਚ ਰੁਲ਼ਦੇ ਰਹੇ। ਵਕਤ ਦੇ ਨਾਲ ਨਾਲ ਹੌਲੀ ਹੌਲੀ ਸਭ ਠੀਕ ਹੁੰਦਾ ਗਿਆ, ਪਰ ਲੱਖਾਂ ਲੋਕ ਆਪਣੇ ਪੁਰਾਣੇ ਘਰਾਂ ਵਿੱਚ ਵਾਪਸੀ ਦੀ ਉਡੀਕ ਕਰਦੇ ਕਰਦੇ ਦੁਨੀਆਂ ਤੋਂ ਰੁਖ਼ਸਤ ਹੋ ਗਏ। ਕੁਝ ਬਜ਼ੁਰਗ ਹਜੇ ਤੱਕ ਵੀ ਆਪਣੇ ਪੁਰਾਣੇ ਪਿੰਡਾਂ ਸ਼ਹਿਰਾਂ ਵਿੱਚ ਜਾਣਾ ਚਾਹੁੰਦੇ ਨੇ, ਆਪਣੇ ਪੁਰਾਣੇ ਸੰਗੀਆਂ ਸਾਥੀਆਂ ਨੂੰ ਮਿਲਣਾ ਚਾਹੁੰਦੇ ਨੇ।
ਇਸ ਸਾਲ ਹੁਣ ਦੋਵੇਂ ਦੇਸ਼ ਆਪਣੀ ਅਜ਼ਾਦੀ ਦਾ 75ਵਾਂ ਸਾਲ ਮਨਾਉਣ ਜਾ ਰਹੇ ਹਨ, ਪਰ ਇਸ ਸਭ ਵਿੱਚ ਕੀ ਉਨ੍ਹਾਂ ਲੱਖਾਂ ਪੰਜਾਬੀਆਂ ਨੂੰ ਕਦੇ ਯਾਦ ਕੀਤਾ ਜਾਂਦਾ ਹੈ!? ਭਾਰਤ ਜਾਂ ਪਾਕਿਸਤਾਨ ਵਿੱਚ ਵੱਸਦੇ ਹੋਰਨਾਂ ਗ਼ੈਰ ਪੰਜਾਬੀਆਂ ਨੂੰ ਇਸ ਬਾਰੇ ਕਿੰਨਾ ਕੁ ਪਤਾ ਹੈ!? ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਇਸ ਸਾਲ ਅਜ਼ਾਦੀ ਦੇ 75ਵੇਂ ਸਾਲ ਦੇ ਮੱਦੇਨਜ਼ਰ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ। ਮੈਨੂੰ ਜਿੱਥੋਂ ਤੱਕ ਯਾਦ ਹੈ ਮੈਂ ਇਸ ਸੰਬੰਧੀ ਟੈਲੀਵੀਜ਼ਨ ਅਤੇ ਰੇਡੀਓ ਤੇ ਜਿੰਨੇ ਪ੍ਰੋਗਰਾਮ ਇਸ ਸੰਬੰਧੀ ਦੇਖੇ ਅਤੇ ਸੁਣੇ, ਇੰਨ੍ਹਾਂ ਵਿੱਚ ਕਿਤੇ ਵੀ ਉਨ੍ਹਾਂ ਲੱਖਾਂ ਉੱਜੜੇ ਪੁੱਜੜੇ ਪੰਜਾਬੀਆਂ ਦਾ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ, ਜੋ ਕਿ ਬੜੇ ਦੁੱਖ ਦੀ ਗੱਲ ਹੈ। ਨਾਂ ਹੀ ਪੰਜਾਬੀਆਂ ਨੇ ਕਦੇ ਇਸ ਬਾਬਤ ਕੋਈ ਯਤਨ ਕੀਤਾ ਹੈ ਕਿ ਪੰਜਾਬ ਦੇ ਇਸ ਉਜਾੜੇ ਬਾਰੇ ਹੋਰਨਾਂ ਨੂੰ ਕਿਵੇਂ ਜਾਣੂੰ ਕਰਵਾਇਆ ਜਾਵੇ। ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਵੱਲੋਂ ਇਸ ਸਾਲ ਉਨ੍ਹਾਂ ਲੱਖਾਂ ਪੰਜਾਬੀਆਂ ਦੀ ਆਤਮਿਕ ਸ਼ਾਂਤੀ ਲਈ ਸਮੂਹਿਕ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਵਾਲੀ 16 ਅਗਸਤ ਨੂੰ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਅਰਦਾਸ ਵਿੱਚ ਸ਼ਮੂਲੀਅਤ ਲਈ ਕਿਹਾ ਗਿਆ ਹੈ। ਭਾਂਵੇ ਦੇਰ ਨਾਲ ਹੀ ਸਹੀ ਪਰ ਇਹ ਵੀ ਇੱਕ ਚੰਗੀ ਕੋਸ਼ਿਸ਼ ਹੈ ਤਾਂ ਜੋ ਉਨ੍ਹਾਂ ਬਦਨਸੀਬ ਪੰਜਾਬੀਆਂ ਨੂੰ ਯਾਦ ਰੱਖਿਆ ਜਾ ਸਕੇ।
ਅਗਸਤ 1947 ਵਿੱਚ ਜਦੋਂ ਦਿੱਲੀ, ਕਰਾਚੀ, ਬੰਬਈ ਤੇ ਹੋਰ ਦੱਖਣੀ ਭਾਰਤੀ ਸ਼ਹਿਰਾਂ ਵਿੱਚ ਅਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਉਸ ਸਮੇਂ ਪੰਜਾਬ ਵਿੱਚ ਦੰਗੇ-ਫ਼ਸਾਦ ਹੋ ਰਹੇ ਸਨ, ਅੱਗਾਂ ਲੱਗ ਰਹੀਆਂ ਸਨ। ਪਰ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ ਵਾਲਿਆਂ ਨੂੰ ਕੋਈ ਜਿਆਦਾ ਫਰਕ ਨਾਂ ਪਿਆ ਤੇ ਸ਼ਾਇਦ ਅੱਜ ਵੀ ਨਹੀਂ ਪੈਂਦਾ। ਇੱਥੋਂ ਤੱਕ ਕਿ ਹੁਣ ਦੇ ਬਹੁਤੇ ਲੋਕਾਂ ਨੂੰ ਤਾਂ ਇਸ ਵੰਡ ਬਾਰੇ ਵੀ ਬਹੁਤ ਘੱਟ ਪਤਾ ਹੈ। ਸਾਲ 2014 ਦੀ ਗੱਲ ਹੈ, ਕਾਲਜ ਪੜ੍ਹਦੇ ਸਮੇਂ ਇੱਕ ਵਾਰ ਬਾਘਾਪੁਰਾਣਾ ਤੋਂ ਮੋਗੇ ਵਾਲੀ ਬੱਸ ਵਿੱਚ ਨਾਲ ਵਾਲੀ ਸੀਟ ਤੇ ਇੱਕ ਸ਼ਖਸ ਆ ਕੇ ਬੈਠ ਗਿਆ। ਮੇਰੇ ਕੋਲ ਇੰਜੀਨੀਅਰਿੰਗ ਕੋਰਸ ਦੀਆਂ ਕਿਤਾਬਾਂ ਸਨ ਤਾਂ ਉਹ ਦੇਖਕੇ ਉਸਨੇ ਮੇਰੇ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ। ਉਸਨੇ ਆਪਣਾ ਨਾਮ ਯੋਗੇਸ਼ ਦੱਸਿਆ ਤੇ ਇਹ ਵੀ ਦੱਸਿਆ ਕਿ ਉਹ ਬਰੇਲੀ(ਯੂ.ਪੀ.) ਤੋਂ ਹੈ ਅਤੇ ਉਹ ਵੀ ਪੇਸ਼ੇ ਵਜੋਂ ਸਿਵਲ ਇੰਜੀਨਅਰ ਹੈ ਅਤੇ ਬਠਿੰਡਾ ਜੰਕਸ਼ਨ ਤੋਂ ਮੋਗੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾ ਰਿਹਾ ਹੈ। ਗੱਲਾਂ ਗੱਲਾਂ ਵਿੱਚ ਉਸਨੇ ਹੁਣ ਦੇ ਛੋਟੇ ਜਿਹੇ ਪੰਜਾਬ ਅਤੇ ਵੱਡੇ ਰਕਬੇ ਵਾਲੇ ਉੱਤਰ ਪ੍ਰਦੇਸ ਬਾਰੇ ਗੱਲ ਤੋਰ ਲਈ ਤਾਂ ਮੈਂ ਉਸਨੂੰ ਦੱਸਿਆ ਕਿ ਇਹ ਪੰਜਾਬ ਹਮੇਸ਼ਾਂ ਤੋਂ ਐਨਾ ਛੋਟਾ ਨਹੀਂ ਸੀ। ਇਹ ਵੀ ਕਦੇ ਦਿੱਲੀ ਤੋਂ ਲੈਕੇ ਪਿਸ਼ਾਵਰ ਤੱਕ ਫੈਲਿਆ ਹੋਇਆ ਸੀ। ਪਹਿਲੀ ਗੱਲ ਮੈਂ ਬੱਸ ਐਨੀ ਕੁ ਜਾਣਕਾਰੀ ਨਾਲ ਮੁਕਾ ਦਿੱਤੀ। ਵੱਡੇ ਪੰਜਾਬ ਤੋਂ ਛੋਟੇ ਜਿਹੇ ਪੰਜਾਬ ਦੀ ਕਹਾਣੀ ਹੁਣ ਥੋੜ੍ਹੀ ਤਫ਼ਸੀਲ ਨਾਲ ਸੁਣਨ ਦੀ ਉਸਨੇ ਥੋੜ੍ਹੀ ਰੁਚੀ ਦਿਖਾਈ ਤਾਂ ਮੈਂ ਉਸਨੂੰ ਪੰਜਾਬ ਦੀ ਸੰਤਾਲੀ ਵਾਲੀ ਵੰਡ ਅਤੇ ਖ਼ੂਨ ਖ਼ਰਾਬੇ ਬਾਰੇ ਦੱਸਿਆ, ਫੇਰ 1966 ਵਿੱਚ ਹੋਈ ਪੰਜਾਬ ਦੀ ਦੂਜੀ ਵੰਡ ਬਾਰੇ ਦੱਸਿਆ। ਇਹ ਸਭ ਜਾਣਕੇ ਉਸਨੂੰ ਬੜੀ ਹੈਰਾਨੀ ਹੋਈ ਤੇ ਉਸਨੇ ਇਹ ਵੀ ਦੱਸਿਆ ਕਿ ਇਸ ਬਾਰੇ ਉਸਨੂੰ ਕਦੇ ਪਤਾ ਹੀ ਨਹੀਂ ਸੀ। ਉਸ ਦਿਨ ਮੋਗੇ ਤੱਕ ਆਉਂਦੇ ਬੱਸ ਐਨੀ ਕੁ ਗੱਲ-ਬਾਤ ਹੋਈ। ਸ਼ਾਇਦ ਦਸ ਕੁ ਦਿਨ ਬਾਅਦ, ਇੱਕ ਦਿਨ ਸਵੇਰੇ ਮੈਂ ਕਾਲਜ ਲਈ ਬੱਸ ਚੜ੍ਹਿਆ ਤਾਂ ਸਬੱਬ ਨਾਲ ਉਸ ਬੱਸ ਵਿੱਚ ਹੀ ਯੋਗੇਸ਼ ਵੀ ਬੈਠਾ ਸੀ। ਉਸ ਨੇ ਮੈਨੂੰ ਪਹਿਚਾਣ ਲਿਆ ਅਤੇ ਮੇਰੇ ਕੋਲ ਆਕੇ ਬੈਠ ਗਿਆ। ਉਸਨੇ ਦੱਸਿਆ ਕਿ ਉਹ ਅੱਜ ਵਾਪਸ ਬਰੇਲੀ ਜਾ ਰਿਹਾ ਹੈ। ਅੱਗੇ ਥੋੜ੍ਹੀ ਗੱਲ ਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਸਨੇ ਆਪਣੇ ਪਿੰਡ ਵਿੱਚ ਕੁਝ ਵੱਸਦੇ ਪੰਜਾਬੀ ਕਿਸਾਨ ਪਰਿਵਾਰਾਂ ਬਾਰੇ ਦੱਸਿਆ, ਪਰ ਉਸਨੇ ਇਹ ਵੀ ਦੱਸਿਆ ਕਿ ਉਸਨੇ ਕਦੇ ਵੀ ਇਸ ਬਾਰੇ ਜਾਣਨਾ ਨਹੀਂ ਚਾਹਿਆ ਕਿ ਉਹ ਪੰਜਾਬੀ ਉੱਥੇ ਕਦੋਂ ਅਤੇ ਕਿਵੇਂ ਜਾ ਵੱਸੇ? ਇਸ ਦੂਜੀ ਮੁਲਾਕਾਤ ਵਿੱਚ ਯੋਗੇਸ਼ ਅਤੇ ਮੈਂ ਸ਼ੋਸ਼ਲ ਮੀਡੀਏ ਦੇ ਜ਼ਰੀਏ ਇੱਕ ਦੂਜੇ ਦੇ ਜਾਣਕਾਰ ਬਣ ਗਏ ਅਤੇ ਹੁਣ ਵੀ ਕਦੇ ਕਦੇ ਇੱਕ ਦੂਜੇ ਨਾਲ ਗੱਲ ਹੋ ਜਾਂਦੀ ਹੈ। ਯੋਗੇਸ਼ ਨੇ ਆਪਣੇ ਪਿੰਡ ਵਾਪਸ ਜਾ ਕੇ ਉਹ ਪੰਜਾਬੀ ਪਰਿਵਾਰਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਮੈਨੂੰ ਦੱਸਣ ਦਾ ਵਾਅਦਾ ਵੀ ਕੀਤਾ।
ਪਿਛਲੇ ਹਫ਼ਤੇ ਯੋਗੇਸ਼ ਨੇ ਮੈਨੂੰ ਫ਼ੋਨ ਲਾਇਆ, ਰਸਮੀ ਹਾਲ ਚਾਲ ਪੁੱਛਣ ਤੋਂ ਬਾਅਦ ਉਸਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਜਦੋਂ ਵੀ ਕਦੇ ਉਸਨੂੰ ਸਮਾਂ ਮਿਲਣਾ ਤਾਂ ਉਸਨੇ ਪੰਜਾਬ ਦੀ ਵੰਡ ਬਾਰੇ ਪੜ੍ਹਨਾ ਸ਼ੁਰੂ ਕੀਤਾ ਅਤੇ ਪੰਜਾਬ ਵੰਡ ਦੇ ਇਸ ਦੁਖਾਂਤ ਤੇ ਅਧਾਰਿਤ ਕੁਝ ਹਿੰਦੀ ਤੇ ਪੰਜਾਬੀ ਫਿਲਮਾਂ ਵੇਖੀਆਂ, ਤਾਂ ਪਤਾ ਲੱਗਿਆ ਕਿ ਸੱਚਮੁੱਚ ਹੀ ਪੰਜਾਬੀਆਂ ਨੇ ਹੀ ਇਸ ਵੰਡ ਅਤੇ ਅਜ਼ਾਦੀ ਦੀ ਸਭ ਤੋਂ ਵੱਡੀ ਕੀਮਤ ਅਦਾ ਕੀਤੀ। ਕਿਵੇਂ ਪੰਜਾਬੀ ਆਪਣੇ ਹੀ ਉਨ੍ਹਾਂ ਭਰਾਵਾਂ ਦੇ ਖ਼ੂਨ ਦੇ ਪਿਆਸੇ ਬਣ ਗਏ ਜਿਨ੍ਹਾਂ ਦੇ ਪੁਰਖੇ ਕਦੇ ਇੱਕ ਹੁੰਦੇ ਸਨ। ਅੱਗੇ ਯੋਗੇਸ਼ ਦੱਸਦਾ ਹੈ ਕਿ ਉਸਦੇ ਪਿੰਡ ਵਿੱਚ ਹਜੇ ਵੀ ਵੱਡੀ ਗਿਣਤੀ ਮੁਸਲਮਾਨ ਅਬਾਦੀ ਵੱਸਦੀ ਹੈ, ਜਿੰਨ੍ਹਾਂ ਦਾ ਮਜ਼੍ਹਬ ਹੀ ਸਿਰਫ਼ ਉਨ੍ਹਾਂ ਤੋਂ ਵੱਖਰਾ ਹੈ ਪਰ ਸੱਭਿਆਚਾਰ ਇੱਕੋ ਜਿਹਾ ਹੈ, ਬੋਲੀ ਇੱਕੋ ਜਿਹੀ ਹੈ। ਕਦੇ ਉਹ ਉੱਥੋਂ ਹਮੇਸ਼ਾਂ ਲਈ ਚਲੇ ਜਾਣ ਅਤੇ ਉੱਥੋਂ ਕੱਢਣ ਵੀ ਉਨ੍ਹਾਂ ਨੂੰ ਉਹੀ ਲੋਕ ਜੋ ਹੁਣ ਉਨ੍ਹਾਂ ਦੇ ਦੁੱਖਾਂ ਸੁੱਖਾਂ ਦੇ ਸ਼ਰੀਕ ਨੇ, ਇਸ ਬਾਰੇ ਤਾਂ ਸੋਚ ਕੇ ਵੀ ਘ੍ਰਿਣ ਆਉਂਦੀ ਹੈ। ਫੇਰ ਪੰਜਾਬੀਆਂ ਨੂੰ ਅਜਿਹਾ ਕੀ ਹੋ ਗਿਆ ਸੀ ਕਿ ਉਨ੍ਹਾਂ ਨੇ ਅਜਿਹਾ ਸਭ ਕੀਤਾ!? ਉਸਦੇ ਇਸ ਸਵਾਲ ਦਾ ਕੋਈ ਢੁੱਕਵਾਂ ਜਵਾਬ ਸ਼ਾਇਦ ਮੇਰੇ ਕੋਲ ਵੀ ਨਹੀਂ ਸੀ। ਫੇਰ ਗੱਲ-ਬਾਤ ਦਾ ਵਿਸ਼ਾ ਬਦਲਦੇ ਹੋਏ ਮੈਂ ਉਸਨੂੰ ਉਸਦੇ ਪਿੰਡ ਵੱਸਦੇ ਪੰਜਾਬੀਆਂ ਬਾਰੇ ਪੁੱਛਿਆ। ਯੋਗੇਸ਼ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਆਪਣੇ ਵੱਲੋਂ ਹੋਈ ਦੇਰੀ ਦੀ ਮੁਆਫ਼ੀ ਮੰਗੀ, ਅੱਗੇ ਉਸਨੇ ਦੱਸਿਆ ਕਿ ਉਹ ਸਾਰੇ ਪੰਜਾਬੀ ਪਰਿਵਾਰ ਆਪਣਾ ਪਿਛੋਕੜ ਪੱਛਮੀ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦਾ ਦੱਸਦੇ ਨੇ। ਜਦੋਂ ਸੰਤਾਲੀ ਵੇਲੇ ਸਰਗੋਧਾ ਤੋਂ ਚੜ੍ਹਦੇ ਪੰਜਾਬ ਆਏ ਤਾਂ ਪਿੱਛੇ ਛੱਡੀ ਜ਼ਮੀਨ ਜਾਇਦਾਦ ਬਦਲੇ ਅੰਬਾਲਾ ਜ਼ਿਲ੍ਹੇ ਵਿੱਚ ਬਹੁਤ ਥੋੜ੍ਹੀ ਜ਼ਮੀਨ ਅਲਾਟ ਹੋਈ। ਤਕਰੀਬਨ ਸੱਤ-ਅੱਠ ਸਾਲ ਬਾਅਦ ਉਹ ਇੱਥੇ ਬਰੇਲੀ ਆ ਗਏ, ਤੇ ਹੁਣ ਇੱਥੇ ਹੀ ਪੱਕੇ ਤੌਰ ਤੇ ਰਹਿ ਰਹੇ ਹਨ। ਯੋਗੇਸ਼ ਨੇ ਦੱਸਿਆ ਕਿ ਉਨ੍ਹਾਂ ਪਰਿਵਾਰਾਂ ਵਿੱਚ ਹੁਣ ਕੋਈ ਬਜ਼ੁਰਗ ਨਹੀਂ ਰਿਹਾ ਜੋ ਉਸਨੂੰ ਸਰਗੋਧਾ ਤੋਂ ਬਰੇਲੀ ਤੱਕ ਦਾ ਸਫ਼ਰ ਹੋਰ ਤਫ਼ਸੀਲ ਨਾਲ ਦੱਸ ਸਕੇ। ਪਰ ਉਨ੍ਹਾਂ ਬਜ਼ੁਰਗਾਂ ਦੇ ਸੰਘਰਸ਼ ਅਤੇ ਮਿਹਨਤ ਦੀ ਕਹਾਣੀ ਉਨ੍ਹਾਂ ਦੇ ਪੱਕੇ ਘਰ-ਕੋਠੀਆਂ ਅਤੇ ਬੇਅਬਾਦ ਤੋਂ ਅਬਾਦ ਕੀਤੀਆਂ ਜ਼ਮੀਨਾਂ ਆਪਣੇ ਆਪ ਬਿਆਨ ਕਰਦੀਆਂ ਨੇ।
ਅੰਤ ਵਿੱਚ ਜੋ ਗੱਲ ਮੇਰੇ ਜ਼ਿਹਨ ਵਿੱਚ ਚੱਲ ਰਹੀ ਸੀ, ਬਿਲਕੁਲ ਉਹੀ ਗੱਲ ਯੋਗੇਸ਼ ਦੇ ਮੂੰਹ ਤੇ ਆ ਗਈ, ਕਿ ਸਰਕਾਰ ਵੱਲੋਂ ਮਨਾਈ ਜਾ ਰਹੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਪੰਜਾਬ ਦੀ ਵੰਡ ਅਤੇ ਉਜਾੜਾ ਕਿੱਥੇ ਗਏ। ਚੰਗਾ ਹੁੰਦਾ ਜੇ ਕੋਈ ਇੱਕ ਦੋ ਲੜੀਆਂ ਪੰਜਾਬ ਦੀ ਵੰਡ ਅਤੇ ਪੰਜਾਬੀਅਤ ਦੇ ਹੋਏ ਘਾਣ ਤੇ ਵੀ ਬਣਾਈਆਂ ਜਾਂਦੀਆਂ ਤਾਂ ਸ਼ਾਇਦ ਉਸ ਵਰਗੇ ਹੋਰ ਗ਼ੈਰ ਪੰਜਾਬੀ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਜੋ ਹਜੇ ਤੱਕ ਵੀ ਪੰਜਾਬ ਦੀ ਇਸ ਤ੍ਰਾਸਦੀ ਤੋਂ ਕੋਰੇ ਅਣਜਾਣ ਨੇ।
-
ਲਖਵਿੰਦਰ ਜੌਹਲ ‘ਧੱਲੇਕੇ’, ਲੇਖਕ
johallakwinder@gmail.com
+919815959476
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.