ਬਰਾੜ ਸਾਹਿਬ ਗੁੱਸੇ ਨਾ ਹੋਵੋ! ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਸ੍ਰ ਅਵਤਾਰ ਸਿੰਘ ਬਰਾੜ ਦੀ ਜਿਹੜੀ ਏਹ ਫੋਟੋ, ਇਸ ਪੋਸਟ ਨਾਲ ਪਾਈ ਹੋਈ, ਆਪ ਜੀ ਦੇਖ ਰਹੇ ਹੋ, ਇਸ ਵਿਚ ਇਓਂ ਲਗਦਾ ਹੈ ਕਿ ਜਿਵੇਂ ਉਹ ਮੈਨੂੰ ਸਮਝੌਤੀਆਂ ਦੇ ਰਹੇ ਨੇ ਤੇ ਗੁੱਸੇ ਹੋ ਰਹੇ ਨੇ ਮੇਰੇ ਨਾਲ ਬਰਾੜ ਸਾਹਬ। ਮੈਨੂੰ ਯਾਦ ਹੈ ਕਿ ਇਹ ਫੋਟੋ ਲਗਪਗ 10 ਸਾਲ ਪਹਿਲਾਂ ਦੀ ਹੈ, ਤੇ ਮੈਂ ਆਪਣੇ ਨੋਕੀਆ ਫੋਨ ਨਾਲ ਸਾਦਿਕ ਵਿਖੇ ਅਰੋੜਾ ਸਾਹਬ ਦੇ ਮੈਡੀਕਲ ਹਾਲ ਉਤੇ ਬਰਾੜ ਸਾਹਬ ਦੇ ਆਉਣ ਸਮੇਂ ਖਿੱਚੀ ਸੀ ਤੇ ਉਹ ਅਕਸਰ ਹੀ ਲੰਘਦੇ ਟਪਦੇ ਆਪਣੇ ਚਹੇਤੇ ਸ਼ਿਵਰਾਜ ਢਿਲੋਂ ਨਾਲ ਮਿਲਣ ਆ ਜਾਂਦੇ ਸਨ।
ਸੋ, ਇਸ ਫੋਟੋ ਵਿਚ ਸ਼ਾਇਦ ਬਰਾੜ ਸਾਹਬ ਆਪਣੇ ਬਹੁਤ ਸਾਰੇ ਨੇੜਲਿਆਂ ਨੂੰ ਹੀ ਉਲਾਂਭਾ ਦੇ ਰਹੇ ਲਗਦੇ ਨੇ ਕਿ ਜਦੋਂ ਨਿੰਦਰ ਘੁਗਿਆਣਵੀ ਫੇਸ ਬੁੱਕ ਉਤੇ ਮੇਰੇ ਬਾਰੇ ਪੋਸਟਾਂ ਲਿਖ ਲਿਖ ਪਾਉਂਦਾ ਸੀ, ਤੇ ਤੁਸੀਂ ਉਹਦੀ ਬੜੀ 'ਬੱਲੇ ਬੱਲੇ' ਕਰਦੇ ਸੀ ਤੇ ਕੁਮੈਂਟ ਲਿਖਦੇ ਨਹੀ ਸੀ ਥਕਦੇ ਤੇ ਹੁਣ ਜਦ ਮੇਰੇ ਬਾਬਤ ਕਿਤਾਬ ਛਪੀ ਨੂੰ ਲਗਭਗ 20 ਦਿਨ ਹੋ ਗਏ ਆ, ਕਿਤਾਬ ਛਾਪਣ ਵਾਲੀ ਸਟੂਡੈਂਟ ਕੁੜੀ ਪ੍ਰੀਤੀ ਸ਼ੈਲੀ ਤੋਂ ਸਿਰਫ 20 ਜਣਿਆਂ ਨੇ ਹੀ ਕਿਤਾਬ ਮੰਗਵਾਈ ਹੈ ਡਾਕ ਰਾਹੀਂ, ਤੇ ਬਸ?? ਬਰਾੜ ਸਾਹਬ ਇਹ ਆਖ ਰਹੇ ਜਾਪਦੇ ਨੇ ਕਿ ਮੇਰੇ ਵਰਕਰ ਤੇ ਚਹੇਤੇ ਸਿਰਫ 20 ਜਣੇ ਹੀ ਸਨ---ਬਾਕੀ ਕਿਥੇ ਗਏ? ਬਰਾੜ ਸਾਹਬ ਇਹ ਵੀ ਆਖ ਰਹੇ ਲਗਦੇ ਨੇ ਕਿ ਮੈਂ ਸਿੱਖਿਆ ਮੰਤਰੀ ਹੁੰਦਿਆਂ ਇਕ ਇਕ ਘਰ ਦੇ, ਦੋ ਦੋ ਤਿੰਨ ਜੀਆਂ ਨੂੰ ਟੀਚਰ ਭਰਤੀ ਕੀਤਾ, ਕਿਸੇ ਤੋਂ ਚਾਹ ਦਾ ਕੱਪ ਨਾ ਪੀਤਾ, ਤੇ ਘਰਾਂ ਚੋਂ ਸੱਦ ਸੱਦ ਕੇ ਕੀਤੇ ਸੀ ਭਰਤੀ, ਕੀ ਹੁਣ ਉਹ ਮੇਰਾ "ਸੌ ਰੁਪੱਈਆ" ਵੀ (ਕਿਤਾਬ ਦਾ ਮੁੱਲ) ਕਦਰ ਨੀ ਪਾ ਸਕੇ? ਹੱਦ ਹੋਗੀ ਯਾਰੋ! ਬੰਦੇ ਦਾ ਇਹੋ ਮੁੱਲ ਐ ਏਥੇ?
ਮੈਂ ਬਰਾੜ ਸਾਹਬ ਨੂੰ ਆਖਦਾ ਹਾਂ ਕਿ ਚਾਚਾ ਜੀ, ਏਥੇ ਬੰਦੇ ਨੂੰ ਬੰਦਾ ਨੀ ਪੜ ਰਿਹਾ, ਕਿਤਾਬ ਕੀਹਨੇ ਪੜਨੀ ਐਂ ਏਥੇ? ਆਪ ਜੀ ਗੁੱਸੇ ਨਾ ਹੋਵੋ ਚਾਚਾ ਜੀ, ਸੈਲਫਿਸ਼ ਹਨ ਲੋਕ ਤੇ ਮੁਫਤੋ ਮੁਫਤੀ ਕਿਤਾਬ ਭਾਲਦੇ ਨੇ ਤੇ ਹੁਣ 'ਬੱਬੂ ਵਿਚਾਰਾ' ਕੀਹਨੂੰ ਕੀਹਨੂੰ ਮੁਫਤੀ ਵੰਡੀ ਜਾਵੇ ਕਿਤਾਬ ਥੋਡੀ? ਫੇਸ ਬੁੱਕ ਉਤੇ ਸੈਂਕੜੇ ਕੁਮੈਂਟ ਲਿਖਣ ਵਾਲੇ ਹੁਣ ਕਿੱਧਰ ਛਪਣਛੋਤ ਹੋ ਗਏ ਨੇ ? ਲਓ,ਛਪਵਾ ਲਓ ਕਿਤਾਬ ਬਰਾੜ ਸਾਹਬ ਦੀਆਂ ਯਾਦਾਂ ਦੀ ਤੇ ਕਿੱਕੀ ਢਿਲੋਂ ਤੇ ਬੰਟੀ ਰੋਮਾਣੇ ਤੇ ਗੁਰਦਿੱਤ ਸੇਖੋਂ ਵਰਗੇ ਵੀ ਸ਼ਾਇਦ ਸਬਕ ਲੈ ਲੈਣ?ਕਰਲੋ ਸ਼ਰਧਾਂਜਲੀਆਂ ਭੇਟ ਯਾਰੋ। ਕਰ ਲੋ ਅਭੁੱਲ ਯਾਦਾਂ ਸਾਂਝੀਆਂ? ਬਰਾੜ ਸਾਹਬ ਦੇ ਚਹੇਤਿਓ, ਪ੍ਰਸ਼ੰਸਕੋ, ਵੋਟਰੋ ਤੇ ਸਪੋਟਰੋ ਜਿਊਂਦੇ ਰਹੋ। ਮੈਂ ਕਿਤਾਬ ਲਿਖਤੀ ਤੇ ਛਪ ਗਈ। ਸੱਚ ਜਾਣਿਓਂ,"ਸਰੀਰ" ਸੜ ਜਾਏਗਾ ਪਰ "ਸ਼ਬਦ" ਦੀ ਤਾਕਤ ਨੂੰ ਕੋਈ ਨਹੀ ਸਾੜ ਸਕੇਗਾ, "ਸ਼ਬਦ" ਹਮੇਸ਼ਾ ਜਿੰਦਾ ਰਿਹਾ ਹੈ ਤੇ ਰਹੇਗਾ ਵੀ।
ਪ੍ਰੀਤੀ ਸ਼ੈਲੀ ਜੀ,(9115872450) ਕੋਈ ਨਾ, ਗੁੱਸਾ ਨਾ ਕਰੋ, ਇਹ ਸਭ ਕਿਤਾਬਾਂ ਆਪ ਜੀ ਮੋਮੀਜਾਮੇ ਦੇ ਤਰਪਾਲ ਵਿਚ ਲਪੇਟ ਕੇ ਘਰ ਦੀ ਕਿਸੇ ਨੁੱਕਰੇ ਰੱਖ ਦਿਓ, ਸ਼ਾਇਦ ਮੀਂਹ ਕਣੀ ਵਿਚ ਭਿੱਜਣੋਂ ਬਚੀਆਂ ਰਹਿਣ ਗੀਆਂ, ਕਿਉਂਕ ਬਰਸਾਤ ਦੇ ਦਿਨ ਚੱਲ ਰਹੇ ਨੇ। ਬਰਾੜ ਸਾਹਬ, ਪਲੀਜ, ਗੁੱਸੇ ਨਾ ਹੋਵੋ, ਆਪ ਦੀ ਕਿਤਾਬ ਉਵੇਂ ਪੜੀ ਜਾਏਗੀ, ਜਿਵੇਂ "ਜੱਜ ਦਾ ਅਰਦਲੀ" ਪੜੀ ਗਈ ਐ। ਖੈਰ ਕਰੇ ਖੁਦਾ!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9115872450
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.