ਕਰਮਵੀਰ ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ-- ਉਜਾਗਰ ਸਿੰਘ ਦੀ ਕਲਮ ਤੋਂ
ਕਰਮਵੀਰ ਸਿੰਘ ਸੂਰੀ ਮੁੱਢਲੇ ਤੌਰ ‘ਤੇ ਇਕ ਕਹਾਣੀਕਾਰ ਹਨ। ਭਾਵੇਂ ਉਨ੍ਹਾਂ ਨੇ ਹੁਣ ਤੱਕ ਕਹਾਣੀਆਂ, ਆਲੋਚਨਾ, ਸੰਪਾਦਨਾ ਅਤੇ ਅਨੁਵਾਦ ਦੀਆਂ 22 ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ ਪ੍ਰੰਤੂ ‘ਕਬਜ਼ਾ’ ਉਨ੍ਹਾਂ ਦਾ ਇਹ ਪਹਿਲਾ ਨਾਵਲੇੱਟ ਹੈ। ਇਸ ਨਾਵਲੇੱਟ ਦੀ ਮਲਵਈ ਠੇਠ, ਸਰਲ ਅਤੇ ਬੋਲਚਾਲ ਵਾਲੀ ਸ਼ਬਦਾਵਲੀ ਹੈ। ਨਾਵਲੱੇਟ ਦੇ 15 ਚੈਪਟਰ ਹਨ ਪ੍ਰੰਤੂ ਹਰ ਚੈਪਟਰ ਇਕ ਮੁਕੰਮਲ ਕਹਾਣੀ/ਮਿੰਨੀ ਕਹਾਣੀ ਮਹਿਸੂਸ ਹੁੰਦਾ ਹੈ। ਲੇਖਕ ਦੀ ਕਮਾਲ ਇਸ ਵਿੱਚ ਹੈ ਕਿ ਹਰ ਚੈਪਟਰ ਰੌਚਕ ਹੈ ਅਤੇ ਅਗਲਾ ਚੈਪਟਰ ਪੜ੍ਹਨ ਲਈ ਰੌਚਕਤਾ ਅਤੇ ਜਗਿਆਸਾ ਬਰਕਰਾਰ ਰਹਿੰਦੀ ਹੈ।
ਸਾਹਿਤਕਾਰਾਂ ਵਿੱਚ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਮਝਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਕਰਮਜੀਤ ਸਿੰਘ ਸੂਰੀ ਵਿੱਚ ਇਹ ਸਮਰੱਥਾ ਵੀ ਜ਼ਿਆਦਾ ਹੈ, ਉਨ੍ਹਾਂ ਦਾ ਜੀਵਨ ਦਾ ਤਜ਼ਰਬਾ ਵੀ ਵਿਸ਼ਾਲ ਹੈ। ਉਨ੍ਹਾਂ ਆਪਣੇ ਇਸ ਤਜ਼ਰਬੇ ਦੇ ਆਧਾਰ ‘ਤੇ ਸਮਾਜਿਕ ਕੁਰੀਤੀਆਂ ਨੂੰ ਇਸ ਨਾਵਲੇੱਟ ਰਾਹੀਂ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਲਈ ਪ੍ਰੇਰਿਤ ਕੀਤਾ ਹੈ। ਮੁਹਾਵਰਿਆਂ ਦੀ ਵਰਤੋਂ ਕਰਕੇ ਵੀ ਰੌਚਕਤਾ ਵਿੱਚ ਵਾਧਾ ਹੁੰਦਾ ਹੈ, ਉਦਾਹਰਣ ਲਈ ਜਿਵੇਂ ‘ਅੰਨਿ੍ਹਆਂ ਵਿੱਚ ਕਾਣਾ ਰਾਜਾ’, ‘ਮਰਦਾ ਕੀ ਨਹੀਂ ਕਰਦਾ’, ‘ਮਤਲਬੀ ਯਾਰ ਜਿਸਕੇ, ਕੰਮ ਕੱਢਿਆ ਤੇ ਖਿਸਕੇ’, ‘ਰੰਡੀ ਤਾਂ ਰੰਡੇਪਾ ਕੱਟ ਲਵੇ, ਪਰ ਮੁਸ਼ਟੰਡੇ ਨਹੀਂ ਜੀਣ ਦਿੰਦੇ’ ‘ਦੇਰ ਆਏ ਦਰੁੱਸਤ ਆਏ’, ‘ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਭੁੱਲਿਆ ਨਹੀਂ ਗਿਣਿਆਂ ਜਾਂਦਾ’ ਆਦਿ ਵਰਤੇ ਗਏ ਹਨ। ਨਾਵਲੇੱਟ ਦੇ ਸਿਰਲੇਖ ਤੋਂ ਇਸਦੇ ਵਿਸ਼ੇ ਦੀ ਜਾਣਕਾਰੀ ਮਿਲ ਜਾਂਦੀ ਹੈ ਪ੍ਰੰਤੂ ਸਾਰਾ ਨਾਵਲੇੱਟ ਪੜ੍ਹਨ ਤੋਂ ਬਾਅਦ ਪਤਾ ਲਗਦਾ ਹੈ ਕਿ ਲੇਖਕ ਨੇ ਉਦਾਹਰਣਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨੀ ਫਿਤਰਤ ਹੈ ਕਿ ਇਨਸਾਨ ਜਿਸ ਨੂੰ ਪਿਆਰ ਕਰਦਾ ਹੈ, ਉਸਤੇ ਆਪਣਾ ਕਬਜ਼ਾ ਸਮਝਦਾ ਹੈ। ਹੋਰ ਕਿਸੇ ਨੂੰ ਉਸਦੇ ਨੇੜੇ ਢੁਕਣ ਨਹੀਂ ਦੇਣਾ ਚਾਹੁੰਦਾ। ਵਿਪਨ ਅਤੇ ਗੁਰਦਿਆਲ ਦੋਹਾਂ ਦੋਸਤਾਂ ਦਾ ਆਪਸ ਵਿੱਚ ਪਿਆਰ ਹੈ। ਇਸ ਕਰਕੇ ਵਿਪਨ ਆਪਣੇ ਦੋਸਤ ਗੁਰਦਿਆਲ ਤੇ ਆਪਣਾ ਕਬਜ਼ਾ ਸਮਝਦਾ ਹੈ, ਉਸਦੀ ਕੋਸ਼ਿਸ਼ ਰਹਿੰਦੀ ਹੈ ਕਿ ਉਸ ਤੋਂ ਬਿਨਾ ਹੋਰ ਕੋਈ ਦੋਸਤ ਉਸਦੇ ਨੇੜੇ ਨਾ ਜਾ ਸਕੇ।
ਨਰੇਸ਼ ਨੂੰ ਉਸ ਨੇ ਗੁਰਦਿਆਲ ਤੋਂ ਦੂਰ ਰੱਖਣ ਲਈ ਹਰ ਹੀਲਾ ਵਰਤਿਆ ਹੈ। ਏਸੇ ਤਰ੍ਹਾਂ ਵਿਪਨ ਦੀ ਮਾਤਾ ਦੀ ਮੌਤ ਤੋਂ ਬਾਅਦ ਉਸਦਾ ਮਾਮਾ, ਆਪਣੀ ਭੈਣ ਦੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਲੈ ਕੇ ਉਹ ਉਨ੍ਹਾਂ ਤੇ ਆਪਣਾ ਕਬਜ਼ਾ ਸਮਝਦਾ ਹੈ। ਉਹ ਪਰਿਵਾਰ ਦੇ ਹਰ ਮੈਂਬਰ ਨੂੰ ਆਪਣੇ ਕਹਿਣੇ ਵਿੱਚ ਰਖਣਾ ਚਾਹੁੰਦਾ ਹੈ ਪ੍ਰੰਤੂ ਜਦੋਂ ਪਰਿਵਾਰ ਉਸ ਦੀ ਗੱਲ ਮੰਨਣੋ ਹਟ ਜਾਂਦਾ ਹੈ ਤਾਂ ਉਹ ਵਿਆਹ ਕਰਵਾਕੇ ਵੱਖਰਾ ਹੋ ਜਾਂਦਾ ਹੈ। ਗੁਰਦਿਆਲ ਦੀਆਂ ਭੈਣਾਂ ਆਪਣੇ ਭਰਾ ਤੇ ਕਬਜ਼ਾ ਸਮਝਦੀਆਂ ਹਨ, ਜਦੋਂ ਉਨ੍ਹਾਂ ਦੇ ਚਾਚੇ ਦੀ ਲੜਕੀ ਉਨ੍ਹਾਂ ਕੋਲ ਪੜ੍ਹਨ ਲਈ ਆਉਂਦੀ ਹੈ ਤਾਂ ਗੁਰਦਿਆਲ ਦਾ ਉਸ ਨਾਲ ਮਿਲਣਾ ਜੁਲਣਾ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ, ਉਹ ਭਰਾ ਦਾ ਪਿਆਰ ਵੰਡਿਆ ਨਹੀਂ ਚਾਹੁੰਦੀਆਂ। ਇਸ ਲਈ ਉਹ ਆਪਣੀ ਚਚੇਰੀ ਭੈਣ ਦੇ ਵਿਰੁਧ ਬੋਲਦੀਆਂ ਹਨ। ਭਾਵ ਉਹ ਆਪਣੇ ਭਰਾ ‘ਤੇ ਆਪਣਾ ਕਬਜ਼ਾ ਗੁਆਉਣਾ ਨਹੀਂ ਚਾਹੁੰਦੀਆਂ। ਗੁਰਦਿਆਲ ਦਾ ਪਿਤਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਵਿਭਾਗ ਦੀ ਸਟੈਨੋ ਤੇ ਆਪਣਾ ਕਬਜ਼ਾ ਸਮਝਦਾ ਹੈ। ਉਸ ਨੂੰ ਪਰਿਵਾਰ ਨੂੰ ਬਗ਼ੈਰ ਦੱਸੇ ਪਹਾੜਾਂ ਵਿੱਚ ਸੈਰ ਕਰਵਾਉਣ ਲਈ ਲੈ ਜਾਂਦਾ ਹੈ। ਵੰਦਨਾ ਆਪਣੇ ਪਤੀ ਵਿਪਨ ਅਤੇ ਬੱਚਿਆਂ ‘ਤੇ ਆਪਣਾ ਕਬਜ਼ਾ ਚਾਹੁੰਦੀ ਹੈ। ਉਹ ਵਿਪਨ ਅਤੇ ਗੁਰਦਿਆਲ ਦੀ ਦੋਸਤੀ ਵਿੱਚ ਕੜਵਾਹਟ ਪੈਦਾ ਕਰਨ ਦੀ ਹਰ ਕੋਸ਼ਿਸ਼ ਕਰਦੀ ਹੈ।
ਫਿਰ ਵਿਪਨ ਦੀ ਪਤਨੀ ਬੱਚਿਆਂ ਤੇ ਕਬਜ਼ਾ ਕਰਦੀ ਹੈ। ਰਾਹੀ ਪਰਿਵਾਰ ਵਿਪਨ ‘ਤੇ ਕਬਜ਼ਾ ਚਾਹੁੰਦੇ ਹਨ, ਜਿਸ ਨੂੰ ਵੰਦਨਾ ਚੰਗਾ ਨਹੀਂ ਸਮਝਦੀ, ਕਬਜ਼ਾ ਨਾਵਲੱੇਟ ਦਾ ਮੁੱਖ ਵਿਸ਼ਾ ਹੈ ਪ੍ਰੰਤੂ ਲੇਖਕ ਨੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਨਾਵਲੇੱਟ ਵਿੱਚ ਲਿਆ ਹੈ, ਜਿਹੜੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਮਰਦ-ਔਰਤ ਦੀ ਕਮਜ਼ੋਰੀ ਅਤੇ ਆਪਸੀ ਪਿਆਰ, ਬਜ਼ੁਰਗਾਂ ਦਾ ਇਸ਼ਕ, ਘਰਾਂ ਵਿੱਚ ਲੜਕੀਆਂ ਨਾਲ ਸਰੀਰਕ ਹਿੰਸਾ, ਅਨਾਥ ਬੱਚਿਆਂ ਦੀ ਦੁਰਦਸ਼ਾ, ਦੁੱਖ ਮੌਕੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਸਾਥ ਛੱਡਣਾ, ਸ਼ੱਕ ਦੀ ਸਮਾਜਿਕ ਬੁਰਾਈ, ਔਰਤਾਂ ਵਿੱਚ ਡਿਪਰੈਸ਼ਨ, ਆਰਥਿਕ ਮੰਦਹਾਲੀ, ਦੋਸਤਾਂ ਦੀ ਦੋਸਤੀ, ਵਿਓਪਾਰ ਵਿੱਚ ਧੋਖੇ, ਇਸਤਰੀਆਂ ਵਿੱਚ ਸ਼ੱਕ ਦੀ ਪ੍ਰਵਿਰਤੀ ਜਿਹੜੀ ਘਰ ਬਰਬਾਦ ਕਰ ਦਿੰਦੀ ਹੈ, ਪੁਲਿਸਤੰਤਰ ਵਿੱਚ ਭਰਿਸ਼ਟਾਚਾਰ, ਸਿਆਸੀ ਦਖ਼ਲਅੰਦਾਜ਼ੀ, ਜ਼ਮੀਨਾ ਦੇ ਝਗੜੇ, ਜਾਇਦਾਦਾਂ ਦੇ ਲਾਲਚ, ਮਾਵਾਂ ਦਾ ਬੱਚਿਆਂ ਨੂੰ ਲਾਡ ਨਾਲ ਵਿਗਾੜਨਾ ਆਦਿ ਵਰਨਣਯੋਗ ਹਨ।
ਕਰਮਵੀਰ ਸਿੰਘ ਸੂਰੀ ਨੇ ਨਾਵਲ ਵਿੱਚ ਕਈ ਅਟੱਲ ਸਚਾਈਆਂ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਹਰ ਔਰਤ ਆਪਣੇ ਪਤੀ ‘ਤੇ ਸ਼ੱਕ ਦੀ ਸੂਈ ਲਗਾਈ ਰੱਖਦੀ ਹੈ। ਸ਼ੱਕ ਕਰਨਾ ਔਰਤ ਦੀ ਕਮਜ਼ੋਰੀ ਹੈ ਕਿਉਂਕਿ ਉਹ ਕਿਸੇ ਵੀ ਹੋਰ ਇਸਤਰੀ ਨੂੰ ਉਸ ਦੇ ਕਬਜ਼ੇ ‘ਤੇ ਕਬਜ਼ਾ ਕਰਨ ਨਹੀਂ ਦੇਣਾ ਚਾਹੁੰਦੀ। ਇਸ ਖੇਤਰ ਵਿੱਚ ਕਾਨਾਫੂਸੀ ਅਤੇ ਚੁਗਲੀਆਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਵਿਪਨ ਦੀ ਪਤਨੀ ਵੰਦਨਾ ਨੂੰ ਵਿਪਨ ਦੀਆਂ ਭਰਜਾਈਆਂ ਅਜਿਹੀਆਂ ਲੂਤੀਆਂ ਲਾਉਂਦੀਆਂ ਹਨ ਕਿ ਉਹ ਖਾਮਖਾਹ ਵਿਪਨ ਤੇ ਸ਼ੱਕ ਕਰਨ ਲੱਗ ਜਾਂਦੀ ਹੈ। ਇਥੋਂ ਤੱਕ ਕਿ ਰਾਹੀ ਦੀ ਪਤਨੀ ਜਿਸਦੇ ਕੋਈ ਔਲਾਦ ਨਹੀਂ ਸੀ, ਵਿਪਨ ਉਨ੍ਹਾਂ ਦੇ ਪੁਤਰ ਦੀ ਤਰ੍ਹਾਂ ਮੁਸੀਬਤ ਵਿੱਚ ਉਨ੍ਹਾਂ ਦਾ ਸਾਥ ਦਿੰਦਾ ਸੀ। ਉਸ ਬਜ਼ੁਰਗ ਔਰਤ ਬਾਰੇ ਵੀ ਵਿਪਨ ਦੇ ਸਰੀਰਕ ਸੰਬੰਧਾਂ ਦੀਆਂ ਚੁਗਲੀਆਂ ਕਰਕੇ ਉਨ੍ਹਾਂ ਤੋਂ ਦੂਰ ਕਰ ਦਿੱਤਾ। ਵਿਪਨ ਦੀਆਂ ਭੈਣਾਂ ਵੀ ਚੁਗਲੀਆਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਹਾਲਾਂ ਕਿ ਵਿਪਨ ਦੀ ਮਾਂ ਬਚਪਨ ਵਿੱਚ ਹੀ ਸਵਰਗ ਸਿਧਾਰ ਗਈ ਸੀ। ਇਸ ਲਈ ਮਾਂ ਦੇ ਪਿਆਰ ਤੋਂ ਵਾਂਝੇ ਹੋਣ ਕਰਕੇ ਉਸ ਦੀ ਪੂਰਤੀ ਲਈ ਰਾਹੀ ਪਰਿਵਾਰ ਦਾ ਸਾਥ ਦਿੰਦਾ ਸੀ। ਇਕ ਹੋਰ ਜਿਹੜੀ ਗੱਲ ਆਮ ਤੌਰ ਤੇ ਘਰਾਂ ਵਿੱਚ ਹੁੰਦੀ ਹੈ, ਉਸ ਨੂੰ ਸੂਰੀ ਨੇ ਬਾਖ਼ੂਬੀ ਲਿਖਿਆ ਹੈ। ਇਸਤਰੀ ਜਦੋਂ ਵਿਆਹ ਕੇ ਸਹੁਰੇ ਆਉਂਦੀ ਹੈ ਤਾਂ ਉਹ ਆਪਣੇ ਪਤੀ ਨੂੰ ਪਰਿਵਾਰ ਤੋਂ ਵੱਖਰਾ ਕਰ ਲੈਂਦੀ ਹੈ। ਜਿਵੇਂ ਵਿਪਨ ਨੂੰ ਵੰਦਨਾ ਨੇ ਫੁਸਲਾ ਕੇ ਵੱਖਰੇ ਰਹਿਣ ਲਾ ਲਿਆ ਸੀ। ਹਾਲਾਂ ਕਿ ਜਦੋਂ ਵੰਦਨਾ ਦੀ ਨੂੰਹ ਆਈ ਤਾਂ ਉਸ ਨੇ ਵੰਦਨਾ ਦੇ ਲੜਕੇ ਨੂੰ ਵੱਖਰਾ ਕਰ ਲਿਆ ਸੀ।
ਇਸ ਦਾ ਭਾਵ ਹੈ ਕਿ ਜੋ ਕੋਈ ਕਰੇਗਾ, ਉਹੀ ਉਸਨੂੰ ਭਰਨਾ ਪਵੇਗਾ। ਇਹ ਵੀ ਅਟੱਲ ਸਚਾਈ ਵਿਖਾਈ ਹੈ ਤਾਂ ਜੋ ਇਸਤਰੀਆਂ ਨੂੰ ਨਸੀਅਤ ਮਿਲ ਸਕੇ ਕਿ ਉਹ ਆਪਣੇ ਸਹੁਰੇ ਪਰਿਵਾਰਾਂ ਵਿੱਚ ਪਿਆਰ ਨਾਲ ਸਾਂਝੇ ਪਰਿਵਾਰ ਦੇ ਵਿੱਚ ਰਹਿਕੇ ਸਦਭਾਵਨਾ ਬਣਾਈ ਰੱਖਣ। ਅਖ਼ੀਰ ਵਿੱਚ ਵੰਦਨਾ ਆਪਣੀ ਗ਼ਲਤੀ ਮੰਨਦੀ ਹੋਈ ਪਛਤਾਵਾ ਵੀ ਕਰਦੀ ਵਿਖਾਈ ਗਈ ਹੈ। ਭਗਤੀ ਦਾ ਢਕਵੰਜ ਕਰਦੀ ਹੈ। ਲੇਖਕ ਨੇ ਇਹ ਵੀ ਦੱਸਿਆ ਹੈ ਕਿ ਜਿਵੇਂ ਵੰਦਨਾ ਨੇ ਆਪਣੇ ਬੱਚਿਆਂ ਨੂੰ ਆਪ ਗ਼ਲਤ ਸਲਾਹਾਂ ਦੇ ਕੇ ਵਿਹਲੜ ਬਣਾਇਆ ਸੀ, ਇਸ ਤਰ੍ਹਾਂ ਸਮਾਜ ਵਿੱਚ ਮਾਵਾਂ ਆਪਣੇ ਬੱਚਿਆਂ ਦਾ ਭਵਿਖ ਵਿਗਾੜਨ ਦੀਆਂ ਖੁਦ ਜ਼ਿੰਮੇਵਾਰ ਹੁੰਦੀਆਂ ਹਨ। ਕਰਮਵੀਰ ਸਿੰਘ ਸੂਰੀ ਨੇ ਇਕ ਹੋਰ ਪੱਖ ਵੀ ਦਰਸਾਇਆ ਕਿ ਜਦੋਂ ਬੱਚੇ ਹੋ ਜਾਂਦੇ ਹਨ ਤਾਂ ਇਸਤਰੀ ਦਾ ਪਿਆਰ ਪਤੀ ਦੀ ਥਾਂ ਬੱਚਿਆਂ ਵਲ ਹੋ ਜਾਂਦਾ ਹੈ, ਜਿਸ ਦਾ ਇਵਜਾਨਾ ਸਾਰੇ ਪਤੀਆਂ ਨੂੰ ਹੰਢਾਉਣਾ ਪੈਂਦਾ ਹੈ। ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਔਰਤ ਆਪਣੇ ਪਤੀ ਨੂੰ ਗ਼ੁਲਾਮ ਬਣਾਕੇ ਰੱਖਣਾ ਚਾਹੁੰਦੀ ਹੈ ਪ੍ਰੰਤੂ ਜਦੋਂ ਉਹ ਸੱਸ ਬਣਦੀ ਹੈ ਫਿਰ ਇਸ ਦੇ ਵਿਰੁੱਧ ਬੋਲਦੀ ਹੈ। ਅਖਾਉਤੀ ਸੰਤ ਮਹਾਤਮਾ ਇਸਤਰੀਆਂ ਨੂੰ ਆਪਣੇ ਪੈਂਤੜਿਆਂ ਨਾਲ ਗੁਮਰਾਹ ਕਰਦੇ ਹਨ ਪ੍ਰੰਤੂ ਜਦੋਂ ਇਸਤਰੀਆਂ ਸੰਤਾਂ ਦੀਆਂ ਗ਼ਲਤ ਹਰਕਤਾਂ ਦਾ ਵਿਰੋਧ ਕਰਦੀਆਂ ਹਨ ਤਾਂ ਉਨ੍ਹਾਂ ਦੇ ਦਿਮਾਗੀ ਤਵਾਜ਼ਨ ਵਿਗੜ ਜਾਣ ਦੀਆਂ ਤੂਹਮਤਾਂ ਲਾਉਂਦੇ ਹਨ। ਜਿਵੇਂ ਵਿਪਨ ਦੀ ਪਤਨੀ ਬਾਰੇ ਸੰਤ ਕਹਿੰਦਾ ਹੈ ਕਿ ਭਗਤੀ ਵਿੱਚ ਦਸਵੇਂ ਦੁਆਰ ਪਹੁੰਚਣ ਤੋਂ ਪਹਿਲਾਂ ਹੀ ਡਰ ਕੇ ਉਹ ਵਾਪਸ ਆ ਗਈ ਹੈ, ਜਿਸ ਕਰਕੇ ਉਸਦਾ ਦਿਮਾਗ ਹਿਲ ਗਿਆ ਹੈ।
180 ਰੁਪਏ ਕੀਮਤ, 112 ਪੰਨਿਆਂ ਵਾਲਾ ‘ਕਬਜ਼ਾ’ ਨਾਵਲੇੱਟ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਭਵਿਖ ਵਿੱਚ ਕਰਮਵੀਰ ਸਿੰਘ ਸੂਰੀ ਤੋਂ ਹੋਰ ਬਿਹਤਰੀਨ ਰਚਨਾਵਾਂ ਲਿਖਣ ਦੀ ਉਮੀਦ ਹੈ ਕਿਉਂਕਿ ਉਨ੍ਹਾਂ ਦੀ ਪਰਿਵਾਰਿਕ ਵਿਰਾਸਤ ਸਾਹਿਤ ਨੂੰ ਪ੍ਰਣਾਈ ਹੋਈ ਹੈ। ਇਸ ਨਾਵਲੇੱਟ ਲਈ ਉਹ ਵਧਾਈ ਦੇ ਪਾਤਰ ਹਨ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.