ਭੂਗੋਲ ’ਚ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ
ਅਸਲ ’ਚ ਭੂਗੋਲ ਵਿਸ਼ਾ ਬਹੁਤ ਵਿਸ਼ਾਲ ਹੈ। ਇਹ ਧਰਤ ਤੇ ਉਸ ਦੇ ਵਰਤਾਰਿਆਂ ਦੀ ਗੱਲ ਤਾਂ ਕਰਦਾ ਹੀ ਹੈ ਸਗੋਂ ਉਸ ਦੇ ਨਾਲ-ਨਾਲ ਇਹ ਮਨੁੱਖ ਤੇ ਮਨੁੱਖ ਦੀਆਂ ਉਨ੍ਹਾਂ ਸਾਰੀਆਂ ਕਾਰਵਾਈਆਂ ਦੀ ਬਾਤ ਵੀ ਪਾਉਂਦਾ ਹੈ, ਜਿਹੜਾ ਧਰਤ ਦੇ ਵਰਤਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਨ੍ਹਾਂ ਤੋਂ ਖ਼ੁਦ ਮਨੁੱਖ ਪ੍ਰਭਾਵਿਤ ਹੁੰਦਾ ਹੈ। ਭੂਗੋਲ ਸ਼ਾਸਤਰੀ ਧਰਤ ਦੇ ਭੌਤਿਕ ਗੁਣਾਂ ਦੇ ਅਧਿਐਨ ਦੇ ਨਾਲ-ਨਾਲ ਇਸ ’ਤੇ ਫੈਲੇ ਹੋਏ ਮਨੁੱਖੀ ਸਮਾਜ, ਉਨ੍ਹਾਂ ਦੇ ਸੱਭਿਆਚਾਰ ਤੇ ਉਨ੍ਹਾਂ ਦਾ ਕੁਦਰਤੀ ਵਰਤਾਰਿਆਂ ਨਾਲ ਸੰਬੰਧ ਦਾ ਅਧਿਐਨ ਵੀ ਕਰਦੇ ਹਨ। ਇਸੇ ਤਰ੍ਹਾਂ ਇਸ ਦਾ ਸਬੰਧ ਪੂਰੇ ਬ੍ਰਹਿਮੰਡ, ਪੂਰੇ ਵਿਸ਼ਵ ਤੇ ਵੱਖ-ਵੱਖ ਕੁਦਰਤੀ ਸਰੋਤਾਂ ਦੇ ਆਪਸੀ ਸਬੰਧਾਂ ਨਾਲ ਜੁੜਦਾ ਹੈ। ਇਸ ’ਚ ਪਹਾੜਾਂ, ਸਮੁੰਦਰਾਂ, ਧਰਤੀ, ਆਕਾਸ਼ ਤੇ ਇਨ੍ਹਾਂ ’ਚ ਹੋ ਰਹੀਆਂ ਹਲਚਲਾਂ ਦਾ ਜ਼ਿਕਰ ਹੈ।
ਭੌਤਿਕ ਭੂਗੋਲ ਤੇ ਮਨੁੱਖੀ ਭੂਗੋਲ ’ਚ ਫ਼ਰਕ
ਮੁੱਖ ਤੌਰ ’ਤੇ ਇਸ ਦੀਆਂ ਦੋ ਸ਼ਾਖਾਵਾਂ ਹਨ - ਭੌਤਿਕ ਭੂਗੋਲ ਤੇ ਮਨੁੱਖੀ ਭੂਗੋਲ। ਭੌਤਿਕ ਭੂਗੋਲ ’ਚ ਵਾਤਾਵਰਨ, ਹਾਈਡ੍ਰੋਸਫੀਅਰ, ਬਾਇਓਸਫੀਅਰ ਅਤੇ ਜਿਓਸਫੀਅਰ ਆਉਂਦੇ ਹਨ। ਮਨੁੱਖੀ ਭੂਗੋਲ ਮਨੁੱਖ ਤੇ ਉਸ ਦੀਆਂ ਸੁਸਾਇਟੀਆਂ, ਸੱਭਿਆਚਾਰ ਤੇ ਅਰਥਚਾਰੇ ਤੇ ਵਾਤਾਵਰਨ ਨਾਲ ਉਸ ਦੇ ਸੰਬੰਧ ਬਾਰੇ ਜਾਣਕਾਰੀ ਦਿੰਦਾ ਹੈ। ਭੂਗੋਲਿਕ ਖੋਜ ਦੀਆਂ ਚਾਰ ਇਤਿਹਾਸਕ ਰੀਤੀਆਂ ਹਨ-ਕੁਦਰਤੀ ਤੇ ਮਨੁੱਖੀ ਤੱਤਾਂ ਦਾ ਸਥਾਨਕ ਅਧਿਐਨ, ਧਰਾਤਲ ਵਿੱਦਿਆ, ਮਨੁੱਖ- ਧਰਤ ਸਬੰਧਾਂ ਦੀ ਵਿੱਦਿਆ ਤੇ ਧਰਤ ਵਿਗਿਆਨ ਦੀ ਖੋਜ।
ਇਸ ਵਿਸ਼ੇ ਨੂੰ ਵਿਦਿਆਰਥੀ +1 ਕਲਾਸ ਤੋਂ ਵੱਖਰੇ ਤੌਰ ’ਤੇ ਪੜ੍ਹਨਾ ਸ਼ੁਰੂ ਕਰਦਾ ਹੈ। ਇਸ ਤੋਂ ਮਗਰੋਂ ਹੇਠ ਲਿਖੇ ਕੋਰਸ ਹਨ :-
ਬੀਏ ਭੂਗੋਲ ਵਿਸ਼ੇ ਨਾਲ।
ਬੀਐੱਸਸੀ ਭੂਗੋਲ।
ਐੱਮਏ ਇਨ ਜਿਓਗ੍ਰਾਫੀ।
ਐੱਮਐੱਸਸੀ ਇਨ ਜਿਓਗ੍ਰਾਫੀ।
ਐੱਮਫਿਲ ਇਨ ਜਿਓਗ੍ਰਾਫੀ।
ਪੀਐੱਚਡੀ ਇਨ ਜਿਓਗ੍ਰਾਫੀ।
ਐੱਮਏ ਇਨ ਡਿਸਾਸਟਰ ਮੈਨੇਜਮੈਂਟ।
ਰੁਜ਼ਗਾਰ ਦੇ ਮੌਕੇ
ਆਮ ਵਿਅਕਤੀ ਨੂੰ ਓਪਰੀ ਨਜ਼ਰੇ ਇਸ ’ਚ ਰੁਜ਼ਗਾਰ ਅਧਿਆਪਕ ਦਾ ਹੀ ਨਜ਼ਰ ਆਉਂਦਾ ਹੈ ਪਰ ਇਹ ਵਿਸ਼ਾ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ।
ਸਰਵੇਅਰ
ਸਰਵੇਅਰ ਧਰਤ ਦੇ ਖ਼ਾਸ ਖਿੱਤਿਆਂ ਬਾਰੇ ਅੰਕੜੇ ਇਕੱਠੇ ਕਰਦੇ ਹਨ ਤੇ ਮਾਪਦੇ ਹਨ। ਇਸ ਦੇ ਨਾਲ-ਨਾਲ ਉਹ ਕੁਦਰਤੀ ਅਤੇ ਮਨੁੱੱਖ ਦੀਆਂ ਬਣਾਈਆਂ ਇਮਾਰਤਾਂ ਆਦਿ ਦੀਆਂ ਹੱਦਬੰਦੀਆਂ ਸਬੰਧੀ ਜਾਣਕਾਰੀਆਂ ਇਕੱਠੀਆਂ ਕਰਦੇ ਹਨ। ਉਹ ਰਾਸ਼ਟਰੀ ਸਰਵੇ ਆਫ ਇੰਡੀਆ, ਸਟੇਟ ਸਰਵੇ ਤੇ ਨਿੱਜੀ ਅਦਾਰਿਆਂ ’ਚ ਕੰਮ ਕਰ ਸਕਦੇ ਹਨ।
ਕਾਰਟੋਗ੍ਰਾਫਰ
ਕਾਰਟੋਗ੍ਰਾਫਰ ਨਕਸ਼ੇ ਬਣਾਉਣ ਦੇ ਵਿਗਿਆਨਕ, ਤਕਨੀਕੀ ਤੇ ਕਲਾਤਮਕ ਪੱਖਾਂ ਨਾਲ ਜੁੜਿਆ ਹੁੰਦਾ ਹੈ। ਉਹ ਗੁੰਝਲਦਾਰ ਜਾਣਕਾਰੀ ਨੂੰ ਚਿੱਤਰਾਂ, ਚਾਰਟਾਂ, ਸਪਰੈੱਡਸ਼ੀਟਾਂ ’ਤੇ ਆਮ ਰਵਾਇਤੀ ਨਕਸ਼ਿਆਂ ਰਾਹੀਂ ਪੇਸ਼ ਕਰਦਾ ਹੈ। ਅੱਜ-ਕੱਲ੍ਹ ਜੀਆਈਐੱਸ ਅਤੇ ਡਿਜੀਟਲ ਨਕਸ਼ਿਆਂ ਨੇ ਆਪਣੇ ਪੈਰ ਪਸਾਰ ਲਏ ਹਨ। ਉਸ ਦੇ ਕੰਮ ਕਰਨ ਦੇ ਖੇਤਰ ਕਾਫ਼ੀ ਹਨ, ਜਿਵੇਂ ਪਬਲਿਸ਼ਿੰਗ, ਫ਼ੌਜ, ਸਰਕਾਰੀ ਅਦਾਰੇ, ਖੋਜ ਸੰਸਥਾਵਾਂ, ਸਰਵੇਖਣ ਤੇ ਸਾਂਭ-ਸੰਭਾਲ।
ਡਰਾਫਟਰਜ਼
ਇਨ੍ਹਾਂ ਨੇ ਉਸਾਰੀ ਕਰਨ ਵਾਲੀਆਂ ਕੰਪਨੀਆਂ, ਸਰਕਾਰੀ ਪਲਾਨਿੰਗ ਅਦਾਰਿਆਂ ਅਤੇ ਵਾਤਾਵਰਨ ਸਬੰਧੀ ਸੰਸਥਾਵਾਂ ’ਚ ਸਰਵੇਅਰਾਂ ਤੇ ਆਰਕੀਟੈਕਟਾਂ ਨਾਲ ਨਕਸ਼ੇ ਬਣਾਉਣ ਵਾਲਾ ਕੰਮ ਕਰਨਾ ਹੁੰਦਾ ਹੈ ।
ਜਲਵਾਯੂ ਵਿਗਿਆਨੀ
ਇਹ ਉਹ ਵਿਗਿਆਨੀ ਹਨ, ਜੋ ਧਰਤ ਦੇ ਜਲਵਾਯੂ ਦਾ ਅਧਿਐਨ ਕਰਦੇ ਹਨ। ਉਹ ਬਰਫ, ਮਿੱਟੀ, ਪਾਣੀ, ਹਵਾ ਤੇ ਪੌਦਿਆਂ ਆਦਿ ’ਤੇ ਵੀ ਆਪਣੀ ਖੋਜ ਕਰਦੇ ਹਨ ਅਤੇ ਇਨ੍ਹਾਂ ਦੇ ਅੰਕੜਿਆਂ ਦੇ ਆਧਾਰ ’ਤੇ ਦੇਖਦੇ ਹਨ ਕਿ ਧਰਤ ’ਤੇ ਇਸ ਦੇ ਨਿਵਾਸੀਆਂ ਤੇ ਮੌਸਮ ਜਾਂ ਜਲਵਾਯੂ ਕਿਵੇਂ ਅਸਰ ਕਰਦਾ ਹੈ।
ਮੌਸਮ ਵਿਗਿਆਨੀ
ਮੌਸਮ ਵਿਗਿਆਨੀ ਵੱਖ-ਵੱਖ ਵਾਤਾਵਰਨਿਕ ਲੱਛਣਾਂ ਤੇ ਵਾਤਾਵਰਨ ਦੇ ਸਬੰਧ ਦੀ ਜਾਂਚ ਕਰਦੇ ਹਨ। ਉਹ ਆਉਣ ਵਾਲੇ ਮੌਸਮ ਬਾਰੇ ਭਵਿੱਖਬਾਣੀ ਕਰਦੇ ਹਨ। ਸਮੇਂ ਦੇ ਨਾਲ ਵਾਤਾਵਰਨਿਕ ਤਬਦੀਲੀ ਬਾਰੇ ਦੇਖਦੇ ਹਨ, ਮੀਂਹ ਦਾ ਝੁਕਾਅ ਤੇ ਵਿਸ਼ਵ ਤਾਪਮਾਨ ਦੇਖਦੇ ਹਨ। ਉਨ੍ਹਾਂ ਦੀ ਲੋੜ ਪੇਂਡੂ ਤੇ ਸ਼ਹਿਰੀ ਦੋਵੇਂ ਖੇਤਰਾਂ ਨੂੰ ਹੁੰਦੀ ਹੈ।
ਵਾਤਾਵਰਨ ਮੈਨੇਜਰ ਤੇ ਸਲਾਹਕਾਰ
ਵਾਤਾਵਰਨ ਮੈਨੇਜਰ ਕਿਸੇ ਵੀ ਸੰਸਥਾ/ਕੰਪਨੀ ਆਦਿ ਦੇ ਵਾਤਾਵਰਨ ਨਾਲ ਸਬੰਧਤ ਮਾਮਲਿਆਂ ਲਈ ਜ਼ਿੰਮੇਵਾਰ ਹੁੰਦੇ ਹਨ, ਜਿਵੇਂ ਹਵਾ ਦੀ ਗੁਣਵੱਤਾ, ਵਾਧੂ ਪਦਾਰਥਾਂ ਦਾ ਪ੍ਰਬੰਧ, ਸ਼ੁੱਧ ਪਾਣੀ ਅਤੇ ਪ੍ਰਦੂਸ਼ਣ ਆਦਿ। ਵਾਤਾਵਰਨ ਮੈਨੇਜਰ ਕਿਸੇ ਵੀ ਸੰਸਥਾ ਵਿਚ ਵਿਗਿਆਨਕ ਅਤੇ ਪ੍ਰਬੰਧਕ ਦਾ ਰੋਲ ਨਿਭਾਉਂਦੇ ਹਨ।
ਰਿਮੋਟ ਸੈਂਸਿੰਗ
ਰਿਮੋਟ ਸੈਂਸਿੰਗ ਸਰਵੇ ਕਰਨ ਤੇ ਡਾਟਾ ਦੇ ਵਿਸ਼ਲੇਸ਼ਣ ਦੀ ਐਡਵਾਂਸ ਤਕਨੀਕ ਹੈ। ਇਹ ਵਾਤਾਵਰਨਿਕ ਤੇ ਸੰਰਚਨਾਤਮਕ ਸੂਚਨਾਵਾਂ ਨੂੰ ਵਧੇਰੇ ਤੇਜ਼ੀ ਤੇ ਸ਼ੱੁਧਤਾ ਨਾਲ ਇਕੱਠੀਆਂ ਕਰਨ ਲਈ ਤੇ ਸਾਂਭਣ ਲਈ ਹਵਾਈ ਸੈਂਸਰ ਦੀ ਵਰਤੋਂ ਕਰਦੀ ਹੈ। ਮਸ਼ੀਨ ਲਰਨਿੰਗ ਤੇ ਮੈਪਿੰਗ ਸਾਫਟਵੇਅਰ ਨਾਲ ਮਿਲ ਕੇ ਇਹ 3-ਡੀ ਨਕਸ਼ੇ ਜੋ ਮਾਪਣਯੋਗ ਹੁੰਦੇ ਹਨ, ਬਣਾਉਂਦੀ ਹੈ ਅਤੇ ਵਿਸ਼ਾਲ ਬ੍ਰਹਿਮੰਡੀ ਦੂਰੀਆਂ ਤੇ ਵਰਤਾਰਿਆਂ ਦੇ ਬਦਲਦੇ ਹਾਲਾਤ ’ਤੇ ਅੰਦਰੂਨੀ ਝਾਤ ਪੁਆਉਂਦੀ ਹੈ। ਫੀਲਡ ’ਚ ਵਿਚਰਦੇ ਰਿਸਰਚਰਜ਼ ਤੇ ਇੰਜੀਨੀਅਰਾਂ ਲਈ ਇਹ ਬਹੁਤ ਕਾਰਗਰ ਯੰਤਰ ਹੈ, ਜੋ ਉਨ੍ਹਾਂ ਦਾ ਕੰਮ ਘਟਾਉਂਦਾ ਹੈ ਤੇ ਗੁੰਝਲਦਾਰ ਹਾਲਾਤ ਬਾਰੇ ਸੌਖਾ ਗਿਆਨ ਦਿੰਦਾ ਹੈ। ਇਹ ਜੀਆਈਐੱਸ ਨਾਲੋਂ ਵੱਖਰਾ ਹੈ।
ਸਿੱਖਿਆ
ਸੀਨੀਅਰ ਸੈਕੰਡਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿਚ ਭੂਗੋਲ ਪੜ੍ਹਾਉਣ ਲਈ ਲੈਕਚਰਰ, ਪ੍ਰੋਫੈਸਰ ਆਦਿ ਲੋੜੀਂਦੇ ਹਨ। ਇਸ ਖੇਤਰ ’ਚ ਸ਼ੁਰੂਆਤ ਵਿਚ ਤਨਖ਼ਾਹ ਵੀ ਵਧੀਆ ਮਿਲਦੀ ਹੈ ਤੇ ਤਜਰਬੇ ਅਨੁਸਾਰ ਜ਼ਿਆਦਾ ਹੰੁਦੀ ਹੈ।
ਟੂਰਿਜ਼ਮ
ਨਵੇਂ ਯੁੱਗ ’ਚ ਸੈਰ-ਸਪਾਟਾ ਉਦਯੋਗ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਬਹੁਤ ਸਾਰੇ ਲੋਕ ਆਮ ਸ਼ਹਿਰਾਂ ਤੇ ਸੁਮੰਦਰ ਵਾਲੀਆਂ ਥਾਵਾਂ ਦੇ ਨਾਲ-ਨਾਲ ਨਿਵੇਕਲੇ ਤੇ ਜੋਖਮ ਭਰੀਆਂ ਥਾਵਾਂ ’ਤੇ ਵੀ ਜਾਣਾ ਚਾਹੁੰਦੇ ਹਨ। ਜਿਓਗ੍ਰਾਫੀ ਮਾਹਿਰ ਉਨਾਂ ਥਾਵਾਂ, ਉਥੋਂ ਦੇ ਵਾਤਾਵਰਨ, ਪੌਣ ਪਾਣੀ ਤੇ ਜੀਵਨਯੋਗ ਹਾਲਾਤਾਂ ਬਾਰੇ ਸੈਲਾਨੀਆਂ ਨੂੰ ਵਧੀਆ ਦੱਸ ਸਕਦਾ ਹੈ। ਇਸ ਲਈ ਉਹ ਗਾਈਡ ਦਾ ਕੰਮ ਵੀ ਕਰ ਸਕਦੇ ਹਨ ਤੇ ਨਵੀਆਂ ਥਾਵਾਂ ਨੂੰ ਟੂਰਿਸਟ ਥਾਵਾਂ ਬਣਾਏ ਜਾਣ ਬਾਰੇ ਵੀ ਠੀਕ ਸਲਾਹ ਦੇ ਸਕਦੇ ਹਨ। ਇਸ ਲਈ ਸਰਕਾਰੀ ਤੇ ਨਿੱਜੀ ਦੋਵਾਂ ਖੇਤਰਾਂ ਵਿਚ ਰੁਜ਼ਗਾਰ ਮਿਲ ਸਕਦਾ ਹੈ।
ਜੀਆਈਐੱਸ ਮਾਹਿਰ
ਜੀਆਈਐੱਸ ਤਕਨੀਕ ਬਹੁਤ ਸਾਰੀ ਭੂਗੋਲਿਕ ਜਾਣਕਾਰੀ ਤੇ ਉਨ੍ਹਾਂ ਦੀ ਐਪਲੀਕੇਸ਼ਨ ਨੂੰ ਆਸਾਨ ਬਣਾਉਂਦੀ ਹੈ। ਉਹ ਨਕਸ਼ਿਆਂ ਨੂੰ ਪੜ੍ਹਦੇ ਹਨ, ਡਿਜੀਟਲ ਲੈਂਡ ਡਾਟਾ ਬਣਾਉਂਦੇ ਹਨ, ਸਥਿਤੀ ਅਨੁਸਾਰ ਉਸ ਨੂੰ ਡਾਟਾ ਬੇਸ ’ਚ ਫਿੱਟ ਕਰਨ ਦਾ ਪ੍ਰਬੰਧ ਕਰਦੇ ਹਨ। ਜੀਆਈਐੱਸ ਮਾਹਿਰ ਆਮ ਤੌਰ ’ਤੇ ਬੀਐੱਸਸੀ ਇਨ ਜਿਓਗ੍ਰਾਫੀ ਹੁੰਦੇ ਹਨ। ਐੱਮਐੱਸਸੀ ਵਾਲੇ ਵਿਦਿਆਰਥੀ ਇਸ ਪਾਸੇ ਹੋਰ ਅੱਗੇ ਨਿਕਲ ਕੇ ਵਧੇਰੇ ਤਨਖ਼ਾਹ ਕਮਾ ਸਕਦੇ ਹਨ।
ਹੋਰ ਵਿਸ਼ਿਆਂ ਵਾਂਗ ਇਸ ਵਿਸ਼ੇੇ ਦੇ ਲੇਖਕ ਤੇ ਪਬਲਿਸ਼ਰ ਬਣ ਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ। ਪੱਤਰਕਾਰੀ, ਮੈਗਜ਼ੀਨਾਂ, ਰੇਡਿਓ, ਟੀਵੀ ਤੇ ਇੰਟਰਨੈੱਟ ਸਾਈਟਾਂ ਆਦਿ ਲਈ ਲਿਖਣ ਦਾ ਕੰਮ ਕੀਤਾ ਜਾ ਸਕਦਾ ਹੈ। ਲੋੜ ਹੈ ਸਿਰਫ਼ ਲਗਨ ਦੀ, ਜਦੋਂ ਲਗਨ ਨਾਲ ਵਿਸ਼ੇ ’ਚ ਮੁਹਾਰਤ ਪ੍ਰਾਪਤ ਕਰ ਲਈ ਤਾਂ ਸੈਂਕੜੇ ਖੇਤਰ ਤੁਹਾਡੀ ਉਡੀਕ ਕਰ ਰਹੇ ਹੁੰਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.