ਕਲਗ਼ੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵਰੋਸਾਈ ਹੋਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਨੇ 316 ਵਰ੍ਹੇ ਪੂਰੇ ਕਰ ਲਏ ਹਨ। ਦਮਦਮੀ ਟਕਸਾਲ ਅਠਾਰ੍ਹਵੀਂ ਸਦੀ ਤੋਂ ਲੈ ਕੇ ਅੱਜ ਤਕ ਆਪਣੀ ਸਥਾਪਨਾ ਦੇ ਉਦੇਸ਼ਾਂ ਦੀ ਪੂਰਤੀ ਹਿਤ ਗੁਰਬਾਣੀ ਦੇ ਅਦਬ ਸਤਿਕਾਰ ਨੂੰ ਸੇਵਾ ਅਤੇ ਸ਼ਰਧਾ ਭਾਵਨਾ ਨਾਲ ਨਿਭਾਉਂਦਿਆਂ ਗੁਰਬਾਣੀ ਅਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ, ਗੁਰ ਇਤਿਹਾਸ, ਰਹਿਤ ਮਰਿਆਦਾ ਦੇ ਸੰਪੂਰਨ ਨਿਯਮਾਂ, ਸੰਗਤ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਉਣ ਅਤੇ ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਅਨੁਭਵੀ ਅਰਥ, ਅੰਤਰੀਵ ਅਰਥ, ਅੱਖਰੀ ਅਰਥ ਅਤੇ ਭਾਵ ਅਰਥਾਂ ਦੇ ਵਡਮੁੱਲੇ ਖ਼ਜ਼ਾਨੇ ਨੂੰ ਸੀਨੇ ਬਸੀਨੇ ਸੰਭਾਲੀ ਰੱਖਿਆ ਹੈ।
ਦਮਦਮੀ ਟਕਸਾਲ ਨੇ ਨਾ ਸਿਰਫ਼ ਪਾਠੀ, ਗਿਆਨੀ, ਰਾਗੀ, ਪ੍ਰਚਾਰਕ ਤੇ ਕਥਾਵਾਚਕ ਹੀ ਪੈਦਾ ਕੀਤੇ, ਸਗੋਂ ਸ਼ਹੀਦਾਂ ਦੀ ਇਹ ਮਹਾਨ ਜਥੇਬੰਦੀ ਨੇ ਦੇਸ਼ ਕੌਮ ਅਤੇ ਮਾਨਵੀ ਸਰੋਕਾਰਾਂ ਲਈ ਹਕੂਮਤਾਂ ਨਾਲ ਜ਼ਬਰਦਸਤ ਲੋਹਾ ਲੈਦਿਆਂ ਸ਼ਹਾਦਤਾਂ ਰਾਹੀਂ ਸਿਆਸੀ ਖੇਤਰ ’ਚ ਪਾਏ ਯੋਗਦਾਨ ਸਦਕਾ ਵਿਸ਼ਵ ’ਚ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ।
ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ 7 ਅਗਸਤ 1706 ਨੂੰ ਕੀਤੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪਹਿਲਾ ਮੁਖੀ ਥਾਪਿਆ।
ਸਿੱਖ ਇਤਿਹਾਸ ’ਚ ਇਹ ਪ੍ਰਚਲਿਤ ਹੈ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਦੌਰਾਨ ਇਕ ਪ੍ਰੇਮੀ ਸਿੰਘ ਬੜੀ ਸ਼ਰਧਾ ਭਾਵਨਾ ਨਾਲ ਨਿੱਤਨੇਮ ਕਰ ਰਿਹਾ ਸੀ। ‘ਦੱਖਣੀ ਓਅੰਕਾਰ` ਦੀ ਬਾਣੀ ਪੜ੍ਹਦਿਆਂ ਜਦੋਂ ਪੰਗਤੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ॥” (ਅੰਗ ੯੩੦) ਆਈ ਤਾਂ ਪ੍ਰੇਮੀ ਸਿੰਘ ਗਲਤੀ ਨਾਲ ‘ਕੈ” ਦੀ ਜਗ੍ਹਾ ‘‘ਕੇ” ਪੜ੍ਹ ਗਿਆ। ਇਹ ਸੁਣ ਕੇ ਮਹਿਲਾਂ ਵਿਚ ਸਜੇ ਬੈਠੇ ਸਤਿਗੁਰੂ ਜੀ ਨੇ ਦੋ ਵਾਰੀ ਉਚੀ ਆਵਾਜ਼ ਵਿਚ ਪ੍ਰੇਮੀ ਨੂੰ ਸ਼ੁੱਧ ਪਾਠ ਕਰਨ ਲਈ ਕਿਹਾ। ਸਿੰਘ ਬਾਣੀ ਪੜ੍ਹਨ ਵਿਚ ਮਸਤ ਸੀ, ਆਵਾਜ਼ ਨਾ ਸੁਣੀ ਅਤੇ ਉਸੇ ਤਰ੍ਹਾਂ ਹੀ ਪੜ੍ਹੀ ਗਿਆ ਤਾਂ ਹਜ਼ੂਰ ਨੇ ਇਕ ਸਿੰਘ ਭੇਜ ਕੇ ਤਾੜਨਾ ਕਰਵਾਈ ਤੇ ਚਾਟਾਂ ਮਰਵਾਈਆਂ। ਉਸੇ ਦਿਨ ਹੀ ਉਸ ਸਿੰਘ ਨੇ ਸਵੇਰ ਦੇ ਦੀਵਾਨ ਵਿਚ ਆ ਕੇ ਬੇਨਤੀ ਕੀਤੀ ਕਿ, ਸਤਿਗੁਰੂ ਜੀ ! ਜੇ ਆਪ ਜੀ ਦੀ ਹਜ਼ੂਰੀ ਵਿਚ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਦਿਆਂ ਤਮਾਚੇ ਵੀ ਵੱਜਦੇ ਹਨ, ਤਾਂ ਫਿਰ ਸਾਡੀ ਕਲਿਆਣ ਕਿਵੇਂ ਹੋਵੇਗੀ। ਸਤਿਗੁਰੂ ਜੀ, ਤੁਹਾਡੇ ਡਿਉੜ੍ਹੀਦਾਰ ਨੇ ਮਾਰ ਪਾਈ ਹੈ।” ਸੁਣ ਕੇ ਸਤਿਗੁਰੂ ਜੀ ਨੇ ਕਿਹਾ, “ਸਿੰਘਾ ! ਗੁਰਬਾਣੀ ਸਾਡੇ ਅੰਗ ਹਨ। ਤੂੰ ਗੁਰਬਾਣੀ ਗ਼ਲਤ ਪੜ੍ਹਦਾ ਸੀ। ਸਾਨੂੰ ਜੋ ਖੇਦ ਗੁਰਬਾਣੀ ਗ਼ਲਤ ਪੜ੍ਹਨ ਤੋਂ ਹੋਇਆ ਹੈ, ਤੈਨੂੰ ਚਪੇੜਾਂ ਨਾਲ ਨਹੀਂ ਹੋਇਆ।"
ਇਹ ਸੁਣ ਕੇ ਸਿੰਘ ਨੇ ਨਿਮਰਤਾ ਨਾਲ ਗਲਤੀ ਬਾਰੇ ਪੁੱਛਿਆ ਤਾਂ ਸਤਿਗੁਰੂ ਜੀ, ਕ੍ਰਿਪਾ ਦੇ ਘਰ ਆਏ ਅਤੇ 'ਦੱਖਣੀ ਓਅੰਕਾਰ' ਦੀ ਉਹੀ ਤੁਕ ਪੜ੍ਹਨ ਲਈ ਕਿਹਾ, ਦੁਬਾਰਾ ਉਸ ਨੇ ‘ਕੈ” ਦੀ ਜਗ੍ਹਾ ਕੇ' ਹੀ ਪੜ੍ਹਿਆ, ਤਾਂ ਹਜ਼ੂਰ ਨੇ ਕਿਹਾ ਇਹ ਅੱਖਰ ਨੂੰ ਗ਼ਲਤ ਪੜ੍ਹਿਆ ਹੈ ਜਿਸ ਕਰਕੇ ਅਰਥ ਦਾ ਉਲਟਾ ਅਨਰਥ ਹੋ ਗਿਆ ਹੈ। ਭਾਵ ਗ਼ਲਤ ਹੋ ਗਿਆ ਹੈ। ਕਿਉਂਕਿ ਇਸ ਪੰਗਤੀ ਦਾ ਠੀਕ ਅਰਥ ਇਹ ਹੈ ਕਿ ‘ਕਰਤੇ’ ਵਾਹਿਗੁਰੂ ਦੀ ਮਰਿਆਦਾ ਨੂੰ ਕਰਤਾ ਆਪ, ਜਾਣਦਾ ਹੈ (ਕੈ) ਅਥਵਾ ਗੁਰੂ ਸੂਰਮੇ ਜਾਣਦੇ ਹਨ। ਪਰ (ਕੇ) ਦਾ ਅਰਥ ਹੈ ਕਿ ਸਤਿਗੁਰੂ ਸੂਰਮੇ (ਕੇ) ਕੀ ਜਾਣਦੇ ਹਨ ? ਭਾਵ ਨਹੀਂ ਜਾਣਦੇ। ਇਉਂ ਉਲਟ ਅਰਥ ਬਣ ਗਿਆ। ਜੇ ਸਤਿਗੁਰੂ ਸੂਰਮੇ ਹੀ ਪ੍ਰਭੂ ਦੀ ਮਰਿਆਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣਨਗੇ ? ਸੋ ਹੇ ਖ਼ਾਲਸਾ ਜੀ ਸਭ ਸਿੰਘ ਗੁਰਬਾਣੀ ਨੂੰ ਸੋਧ ਕੇ, ਵਿਚਾਰ ਕੇ ਤੇ ਚਿੱਤ ਟਿਕਾ ਕੇ ਪੜ੍ਹਿਆ ਕਰੋ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਆਦਿ, ਮੁਖੀ ਸਿੰਘਾਂ ਨੇ ਬੇਨਤੀ ਕੀਤੀ, ‘ਹੇ ਗ਼ਰੀਬ ਨਿਵਾਜ ਜੀ’, ਆਪ ਕ੍ਰਿਪਾ ਕਰਕੇ ਗੁਰਬਾਣੀ ਦੇ ਅਰਥ ਪੜ੍ਹਾਓ ਜੀ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ ਅਸ਼ੁੱਧੀ ਦਾ ਪਤਾ ਨਹੀਂ ਲੱਗਦਾ। ਤਾਂ ਹਜ਼ੂਰ ਨੇ ਫੁਰਮਾਇਆ ਸਿੰਘੋ ਸਾਡਾ ਇਕਰਾਰ ਰਿਹਾ, ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ, ਜੰਗ ਤੋਂ ਵਿਹਲੇ ਹੋ ਕੇ ਅਰਥ ਪੜ੍ਹਾਵਾਂਗੇ।
ਜਦੋਂ ਕਲਗ਼ੀਧਰ ਪਿਤਾ ਜੀ, ਸਰਬੰਸ ਵਾਰ ਕੇ ਮੁਕਤਸਰ ਸਾਹਿਬ ਟੁੱਟੀ ਗੰਢਣ ਉਪਰੰਤ ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਇਕਰਾਰ ਕੀਤਾ ਸੀ, ਸੋ ਕ੍ਰਿਪਾ ਕਰਕੇ ਪੂਰਾ ਕਰੋ ਜੀ। ਤਾਂ ਮਹਾਰਾਜ ਜੀ ਨੇ ਧੀਰ ਮੱਲ ਦੇ ਪਾਸੋਂ ਕਰਤਾਰਪੁਰ ਸਾਹਿਬ ਤੋਂ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਰਚਿਆ ਗਿਆ ਸਰੂਪ ਜਿਸ ’ਚ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਵਾਸਤੇ ਜਗ੍ਹਾ ਖ਼ਾਲੀ ਛੱਡੀ ਗਈ ਹੈ, ਨੂੰ ਲੈ ਕੇ ਆਉਣ ਲਈ ਕਿਹਾ। ਸਤਿਗੁਰਾਂ ਦਾ ਹੁਕਮ ਮੰਨ ਕੇ 25 ਸਿੰਘ ਧੀਰ ਮੱਲ ਪਾਸ ਗਏ। ਤਾਂ ਧੀਰ ਮੱਲ ਨੇ ਉਤਰ ਦਿੱਤਾ, “ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿਚ ਤਿਆਰ ਕੀਤਾ ਹੈ, ਆਪ ਵੀ ਸਤਿਗੁਰੂ ਜੀ ਉਨ੍ਹਾਂ ਦੇ ਸਰੂਪ ਹੀ ਹਨ। ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ।”
ਸਿੰਘਾਂ ਰਾਹੀਂ ਧੀਰ ਮੱਲ ਦਾ ਅਜਿਹਾ ਜਵਾਬ ਸੁਣ ਹਜ਼ੂਰ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਕਾਗ਼ਜ਼, ਕਲਮਾਂ ਅਤੇ ਸਿਆਹੀ ਤਿਆਰ ਕਰਨ ਦੀ ਸੇਵਾ ਦਿੱਤੀ ਅਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸੰਮਤ 1762 ਕੱਤਕ ਸੁਦੀ ਪੂਰਨਮਾਸ਼ੀ ਨੂੰ ਅੰਮ੍ਰਿਤ ਵੇਲੇ ਆਪਣੀ ਪਵਿੱਤਰ ਰਸਣਾ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠੋਂ ਉਚਾਰਨ ਲੱਗੇ। ਐਸੀ ਅਗੰਮੀ ਕਲਮ ਚਲੀ, ਕਿ ‘ਜਪੁਜੀ ਸਾਹਿਬ, ਰਹਿਰਾਸ ਸਾਹਿਬ, ਤੇ ਕੀਰਤਨ ਸੋਹਿਲਾ' ਤਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਅਤੇ ਸ਼ਾਮ ਨੂੰ ਸਾਰੀ ਬਾਣੀ ਦੇ ਅਰਥ ਸੰਗਤਾਂ ਨੂੰ ਸੁਣਾਏ। ਇਸ ਤਰ੍ਹਾਂ ਗੁਰਬਾਣੀ ਦੀ ਲਿਖਾਈ, ਪੜ੍ਹਾਈ ਅਤੇ ਅਰਥ ਸ਼ੁਰੂ ਹੋਏ।
ਇਸ ਪ੍ਰਕਾਰ 9 ਮਹੀਨੇ 9 ਦਿਨ ਵਿਚ 1763 ਬਿਕਰਮੀ 23 ਸਾਵਣ ਤਕ ਅਰਥ ਪੜ੍ਹਾਏ ਅਤੇ ਸਾਰੀ ਗੁਰਬਾਣੀ ‘ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ, ੴਤੋਂ ਲੈ ਕੇ ਅਠਾਰਹ ਦਸ ਬੀਸ’” ਤੱਕ, ਸੰਪੂਰਨ ਕੀਤੀ। ਲਗ-ਮਾਤਰ ਤਕ ਦਾ ਭੀ ਫਰਕ ਸਤਿਗੁਰਾਂ ਨੇ ਨਹੀਂ ਪਾਇਆ। ਹਜ਼ੂਰ ਨੇ ਇਸ ਸਾਬੋ ਕੀ ਤਲਵੰਡੀ ਦਾ ਨਾਮ, ‘ਤਖ਼ਤ ਸ੍ਰੀ ਦਮਦਮਾ ਸਾਹਿਬ' ਗੁਰੂ ਕੀ ਕਾਸ਼ੀ ਰੱਖ ਕੇ ਵਰ ਦਿੱਤਾ, ਕਿ ਜੋ ਏਥੇ ਬੈਲ-ਬੁਧੀ ਵਾਲਾ ਵੀ ਪੜ੍ਹੇਗਾ, ਉਸ ਨੂੰ ਛੇਤੀ ਵਿੱਦਿਆ ਪ੍ਰਾਪਤ ਹੋਇਆ ਕਰੇਗੀ। ਗੁਰਬਾਣੀ ਦੇ ਸੰਪੂਰਨ ਹੋਣ, ਤੋਂ ਜੋ ਸਿਆਹੀ ਤੇ ਕਲਮਾਂ ਬਚੀਆਂ ਹਜ਼ੂਰ ਨੇ ਜਿਸ ਸਰੋਵਰ ਵਿਚ ਸੁੱਟੀਆਂ, ਉਸ ਦਾ ਨਾਮ ਲਿਖਣਸਰ ਰੱਖਿਆ। ਇਸ ਮੌਕੇ ਸ੍ਰੀ ਦਸਮੇਸ਼ ਜੀ ਤੋਂ ਅਰਥ ਸੁਣ ਕੇ 48 ਸਿੰਘ ਬ੍ਰਹਮ ਗਿਆਨ ਪਾ ਕੇ ਬਿਦੇਹ-ਮੁਕਤ ਹੋ ਗਏ। ਇਹ ਵੇਖ ਕੇ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਆਗਿਆ ਕੀਤੀ, ਕਿ ਭਾਈ ਸਾਹਿਬ ! ਤੁਸਾਂ ਦੂਜੇ ਸਿੰਘਾ ਵਾਂਗ ਬਿਦੇਹ-ਮੁਕਤ ਹੋ ਕੇ ਸਭ ਕੁਝ ਛੱਡਣਾ ਨਹੀਂ, ਸਗੋਂ ਸੇਵਾ ਕਰਨੀ ਹੈ।
ਜੋ ਅੱਖਰ ਅਸੀਂ ਤੁਹਾਨੂੰ ਪੜ੍ਹਾਏ ਹਨ, ਉਹ ਅਗਾਂਹ ਸਿੰਘਾਂ ਨੂੰ ਪੜ੍ਹਾ ਕੇ ਸਫਲੇ ਕਰਨੇ ਹਨ। ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਭਾਵੇਂ ਤੁਹਾਡੇ ਸਰੀਰ ਦਾ ਬੰਦ-ਬੰਦ ਕਿਉਂ ਨਾ ਕੱਟਿਆ ਜਾਵੇ ਅਤੇ ਬਾਬਾ ਦੀਪ ਸਿੰਘ ਨੂੰ ਕਿ ਭਾਵੇਂ ਤੁਹਾਡੇ ਸਰੀਰ ਨਾਲੋਂ ਸਿਰ ਵੀ ਵੱਖਰਾ ਕਿਉਂ ਨਾ ਹੋ ਜਾਵੇ, ਤੁਹਾਡੇ ਗਿਆਨ ਵਿਚ ਅਤੇ ਅਨੰਦ ਵਿਚ ਫਰਕ ਨਹੀਂ ਪਵੇਗਾ ਸਦਾ ਅਸਥਿਰ ਰਹੋਗੇ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਬਾਬਾ ਦੀਪ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁਖੀ ਥਾਪਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਰਹਿ ਕੇ ਗੁਰਬਾਣੀ ਦੇ ਅਰਥ ਪੜ੍ਹਾਉਣ ਅਤੇ ਗੁਰਮਤਿ ਪ੍ਰਚਾਰ ਦੀ ਸੇਵਾ ਦਿੱਤੀ ਗਈ। ਦਮਦਮੀ ਟਕਸਾਲ ਜਿਸ ਨੂੰ ਗਿਆਨੀਆਂ ਦੀ ਟਕਸਾਲ ਵਜੋਂ ਵੀ ਜਾਣਿਆ ਜਾਂਦਾ ਹੈ ਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਹਾਨ ਸ਼ਹਾਦਤ ਤੋਂ ਬਾਅਦ ਦੂਜੇ ਮੁਖੀ ਬਾਬਾ ਗੁਰਬਖ਼ਸ਼ ਸਿੰਘ ਜੀ ਸ਼ਹੀਦ ਬਣੇ, ਜਿਨ੍ਹਾਂ ਨੇ ਵੀ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਲਾਸਾਨੀ ਸ਼ਹਾਦਤ ਪਾਈ।
ਉਨ੍ਹਾਂ ਤੋਂ ਬਾਅਦ ਗੁਰਮਤਿ ਤੋਂ ਇਲਾਵਾ ਫਾਰਸੀ, ਉਰਦੂ ਤੇ ਹਿੰਦੀ ਦੇ ਵਿਦਵਾਨ ਗਿਆਨੀ ਭਾਈ ਸੂਰਤ ਸਿੰਘ ਜੀ, ਗਿਆਨੀ ਭਾਈ ਗੁਰਦਾਸ ਸਿੰਘ ਜੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ ਸ੍ਰੀ ਦਰਬਾਰ ਸਾਹਿਬ ਸੋਨੇ ਦੀ ਸੇਵਾ ਕਰਵਾਉਣ ਵਾਲੇ ਸੰਤ ਗਿਆਨੀ ਭਾਈ ਸੰਤ ਸਿੰਘ ਜੀ, ਭਜਨੀਕ ਗੁਰਮੁਖ ਪਿਆਰੇ ਗਿਆਨੀ ਭਾਈ ਦਇਆ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ, ਸੰਤ ਗਿਆਨੀ ਹਰਨਾਮ ਸਿੰਘ ਜੀ ਬੇਦੀ, ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਅਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਦੇ ਵੀ ਧਰਮ ਪ੍ਰਚਾਰ ਦੇ ਖੇਤਰ ’ਚ ਵੱਡੀਆਂ ਘਾਲਣਾਵਾਂ ਰਹੀਆਂ। ਬਾਹਰਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਜੀ ਵਿੱਦਿਆ ਮਾਰਤੰਡ, ਉੱਚ ਕੋਟੀ ਦੇ ਕਾਵਿ ਗਿਆਤਾ, ਨਾਮ ਰਸ ਵਿਚ ਭਿੱਜੀ ਹੋਈ ਮਹਾਨ ਆਤਮਾ, ਗੁਰਮਤਿ ਮਰਿਆਦਾ 'ਤੇ ਪੂਰਨ ਪਹਿਰਾ ਦੇਣ ਵਾਲੇ ਤੇ ਚਲਦੀ-ਫਿਰਦੀ ਯੂਨੀਵਰਸਿਟੀ ਮੰਨੇ ਗਏ।
ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿਚਰ ਕੇ ਅੰਮ੍ਰਿਤ ਸੰਚਾਰ ਤੇ ਗੁਰਬਾਣੀ ਕਥਾ ਰਾਹੀਂ ਬੇਸ਼ੁਮਾਰ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਅਤੇ ਦੇਹਧਾਰੀ ਗੁਰੂ ਡੰਮ੍ਹ ਦਾ ਸਖ਼ਤ ਵਿਰੋਧ ਕਰਦਿਆਂ ਪੰਥ ਵਿਚ ਜਾਗ੍ਰਿਤੀ ਪੈਦਾ ਕੀਤੀ। ਜਿਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੁਆਰਾ ਜੂਨ ’84 ’ਚ ਸ੍ਰੀ ਦਰਬਾਰ ਸਾਹਿਬ ’ਤੇ ਚੜ ਕੇ ਆਈ ਫ਼ੌਜ ਦਾ ਦਲੇਰੀ ਅਤੇ ਰਵਾਇਤ ਅਨੁਸਾਰ ਟਾਕਰਾ ਕਰਦਿਆਂ ਸਿੱਖ ਕੌਮ ਦੀ ਕੀਤੀ ਗਈ ਅਗਵਾਈ ਸਦਕਾ ਆਪ ਜੀ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਹੋ ਨਿੱਬੜੇ।
ਉਨ੍ਹਾਂ ਤੋਂ ਬਾਅਦ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਜੀਵਨ ਭਰ ਬਾਖ਼ੂਬੀ ਸੇਵਾ ਨਿਭਾਈ। ਮੌਜੂਦਾ ਸਮੇਂ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਦੇ ਸੋਲ੍ਹਵੇਂ ਮੁਖੀ ਹਨ। ਸਤਿਗੁਰ ਜੀ ਦੀ ਅਪਾਰ ਕ੍ਰਿਪਾ ਸਦਕਾ ਆਪ ਜੀ ਚੜ੍ਹਦੀਆਂ ਕਲਾਂ ’ਚ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਆਪ ਜੀ ਸੂਝ ਸਿਆਣਪ ਤੇ ਸਮੇਂ ਦੀ ਨਜ਼ਾਕਤ ਅਨੁਸਾਰ ਰਣਨੀਤੀ ਬਣਾਉਣ ’ਚ ਮਾਹਿਰ ਹਨ। ਸਿੱਖ ਪੰਥ ਵੱਲੋਂ ਤਿੰਨ ਦਹਾਕਿਆਂ ਬਾਅਦ ’84 ਦੇ ਘੱਲੂਘਾਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਸ਼ਹੀਦ ਹੋਏ ਸਮੂਹ ਅਣਖੀ ਸਿੰਘਾਂ ਸਿੰਘਣੀਆਂ ਦੀ ਯਾਦਗਾਰ ਅਤੇ ਫਿਰ ਉਸੇ ਯਾਦਗਾਰ ਦੇ ਹੇਠਾਂ ਸ਼ਹੀਦੀ ਗੈਲਰੀ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 16 ਭਾਗਾਂ ’ਚ ਸੰਪੂਰਨ ਅਰਥਾਂ ਵਾਲੀ ਸਟੀਕ ਪ੍ਰਕਾਸ਼ਿਤ ਕਰਵਾ ਕੇ ਗੁਰੂ ਪੰਥ ਨੂੰ ਸਮਰਪਿਤ ਕਰਨ ਦਾ ਮਹਾਨ ਕਾਰਜ ਆਪ ਦੇ ਹਿਸੇ ਆਇਆ।
ਇਸ ਵਕਤ ਦਮਦਮੀ ਟਕਸਾਲ ਵੱਲੋਂ ਆਪ ਜੀ ਦੀ ਅਗਵਾਈ ’ਚ ਕਈ ਸਿੱਖਿਆ ਸੰਸਥਾਵਾਂ, ਹਸਪਤਾਲ ਅਤੇ ਦੋ ਦਰਜਨ ਦੇ ਕਰੀਬ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ’ਚ 6 ਗੁਰਦੁਆਰੇ ਵਿਦੇਸ਼ਾਂ ਵਿਚ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਅਤੇ ਦਮਦਮੀ ਟਕਸਾਲ ਦੇ 316ਵਾਂ ਸਥਾਪਨਾ ਦਿਵਸ ਨੂੰ ਸਮਰਪਿਤ 7 ਰੋਜ਼ਾ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 1 ਤੋਂ 7 ਅਗਸਤ ਤਕ ਮਨਾਇਆ ਜਾ ਰਿਹਾ ਹੈ।
-
ਪ੍ਰੋ: ਸਰਚਾਂਦ ਸਿੰਘ ਖਿਆਲਾ, Damdami Taksal Jatha Bhindran ( Mehta )
damdamitaksal16@gmail.com
9872608626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.