ਹਾਲੀਵੁੱਡ ਤੱਕ ਕਾਬਜ ਹੋਣ ਵਾਲਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਕੋਈ ਪਹਿਚਾਣ ਦਾ ਮੋਹਤਾਜ਼ ਨਹੀਂ। ਇਸ ਨੌਜਵਾਨ ਨੇ ਜੋ ਨਾਮਣਾ ਖੱਟਿਆ ਸ਼ਾਇਦ ਹੀ ਹਾਲੇ ਤੱਕ ਕਿਸੇ ਕਲਾਕਾਰ ਦੇ ਹਿੱਸੇ ਆਇਆ ਹੋਵੇਗਾ। ਜਿਊਂਦੇ ਜੀਅ ਤਾਂ ਚਰਚਾ ਦਾ ਵਿਸ਼ਾ ਬਣਿਆ ਹੀ ਰਿਹਾ ਪਰ ਸੰਸਾਰ ਨੂੰ ਅਲਵਿਦਾ ਆਖਣ ਮਗਰੋਂ ਇਸ ਨੌਜਵਾਨ ਦਾ ਨਾਮ ਵਰਤਮਾਨ ਤੇ ਇਤਿਹਾਸ ਦੇ ਪੰਨਿਆਂ 'ਤੇ ਹੋਰ ਵੀ ਗੂੜ੍ਹਾਂ ਹੁੰਦਾ ਜਾ ਰਿਹਾ ਹੈ। 295, ਜੇਲ੍ਹਾਂ, ਟਿੱਬਿਆਂ ਦਾ ਪੁੱਤ ਜਿਹੇ ਸੈਂਕੜੇ ਗੀਤਾਂ ਨੇ ਸਦਾ ਅਣਖੀ ਸ਼ਬਦ ਦੇ ਤੀਰਾਂ ਬਾਜੋ ਦਿਲਾਂ 'ਤੇ ਨਿਸ਼ਾਨਾਂ ਬਿਨ੍ਹਿਆਂ ਹੈ ਤੇ ਨੌਜਵਾਨਾਂ ਨੇ ਇਸ ਗਾਇਕ ਨੂੰ ਲੀਕ ਤੋਂ ਹੱਟ ਕੇ ਆਪਣੀ ਰੋਜ਼ਾਨਾ ਜਿੰਦਗੀ ਵਿਚ ਗੀਤਾਂ ਰਾਹੀਂ ਸ਼ਾਮਲ ਕੀਤਾ।
2017 ਵਿਚ ਆਪਣਾ ਕੈਰੀਅਰ ਦੀ ਸ਼ੁਰੂਆਤ ਕਰਨ ਵਾਲਾ ਇਹ ਕਲਾਕਾਰ ਸਦਾ ਹੀ ਵਿਵਾਦਾਂ ਨਾਲ ਧੱਕੇ ਨਾਲ ਜੁੜਿਆ ਤੇ ਦੂਣੀ ਹਿੰਮਤ ਨਾਲ ਮੁੜ–ਮੁੜ ਉੱਠਿਆ। ਇਹ ਦੌਰ ਇਤਿਹਾਸਿਕ ਹੈ ਕਿਉਂਕਿ ਇਸ ਦੌਰ ਵਿਚ ਪੰਜਾਬ ਨੂੰ ਜਿੱਥੇ ਇੱਕ ਵਿਸ਼ਵ ਪ੍ਰਸਿੱਧ ਕਲਾਕਾਰ ਮਿਲਿਆ ਉੱਥੇ ਹੀ ਬੇਹੱਦ ਦੁੱਖਦਾਇਕ ਮੌਤ ਮਗਰੋਂ ਇਸੇ ਕਲਾਕਾਰ ਦਾ ਵਿਛੋੜਾ ਵੀ ਸਹਿਣਾ ਪਿਆ। ਸਿੱਧੂ ਮੂਸੇਵਾਲਾ ਆਮ ਘਰਾਂ ਦੇ ਨੌਜਵਾਨਾਂ ਵਾਂਗੂੰ ਇੰਜੀਨੀਅਰਿੰਗ ਦੀ ਪੜਾਈ ਕਰਨ ਮਗਰੋਂ ਕੈਨੇਡਾ ਪੁੱਜਿਆ ਜਿੱਥੇ ਉਸ ਨੇ ਲੀਕ ਤੋਂ ਹੱਟ ਕੇ ਗੀਤਾਂ ਦੀ ਦੁਨੀਆ ਵਿਚ ਕਦਮ ਧਰਿਆ ਤੇ ਇੱਕ ਨਵੀਂ ਮਿਸਾਲ ਪੈਦਾ ਕੀਤੀ।
ਉਸ ਦੀ ਸਿਫਤ ਦੀ ਪੈੜ ਹਰੇਕ ਗੀਤ ਵਿਚੋਂ ਨਿਕਲਦੀ ਹੈ ਜਿਵੇਂ ਇੱਕ ਗੀਤਾਂ ਵਿਚ ਉਹ ਲਿਖਦਾ ਹੈ ਕਿ 'ਸਾਡੇ ਲਾਣੇ ਜਿਊਣੇ, ਸੁੱਚਿਆਂ ਦੇ, ਸਾਡੇ ਮਿਰਜ਼ੇ ਰਾਂਝੇ ਜੰਮਦੇ ਨਹੀਂ' ਇਹ ਗੀਤ ਸਿਰਫ ਸ਼ਬਦਾਂ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਸ ਦੇ ਅਣਖੀ ਬੋਲ ਉਸ ਦੀ ਆਵਦੀ ਜਿੰਦਗੀ 'ਤੇ 100 ਫ਼ੀਸਦ ਢੁੱਕਵੇਂ ਬੈਠਦੇ ਸਨ। ਇੱਕ ਇੰਟਰਵਿਊ ਵਿਚ ਪ੍ਰਸਿੱਧ ਫਿਲਮੀ ਅਦਾਕਾਰਾ ਆਖਦੀ ਹੈ ਕਿ ਉਹ ਸਿੱਧੂ ਮੂਸੇਵਾਲੇ ਨੂੰ ਸ਼ੂਟਿੰਗ ਦੌਰਾਨ ਪੁੱਛਦੀ ਹੈ ਕਿ ਤੂੰ ਗੱਲ ਕਿਉਂ ਨਹੀਂ ਕਰਦਾ ਤਾਂ ਸਿੱਧੂ ਜਵਾਬ ਦਿੰਦਾ ਹੈ ਕਿ ਉਸ ਨੂੰ ਸੰਗ ਲੱਗਦੀ ਹੈ ਅਤੇ ਉਹ ਬਹੁਤ ਨਰਵਸ ਹੈ। ਸਿੱਧੂ ਨੇ ਸਦਾ ਔਰਤ ਨੂੰ ਸਤਿਕਾਰ ਦਿੱਤਾ, ਉਸ ਨੇ ਆਪਣੇ ਗੀਤਾਂ ਨੂੰ ਸ਼ਬਦਾਂ ਅਤੇ ਸਾਜਾਂ ਰਾਹੀਂ ਰੌਚਕ ਬਣਾਇਆ, ਇਹੋ ਖੂਬੀ ਉਸ ਦੀ ਨੌਜਵਾਨਾਂ ਨੂੰ ਮੋਹ ਗਈ।
ਸਿੱਧੂ ਨੇ ਦੋ ਫ਼ਿਲਮਾਂ ਰਾਹੀਂ ਆਪਣੀ ਇੱਕ ਹੋਰ ਕਲਾ ਦੀ ਪੇਸ਼ਗੀ ਵੀ ਕੀਤੀ ਜਿਸ ਤੋਂ ਗੁੱਗੂ ਗਿੱਲ ਅਤੇ ਯੋਗਰਾਜ ਦੀਆਂ ਫਿਲਮਾਂ ਵਾਲਾ ਦੌਰ ਮੁੜ ਚੇਤੇ ਆ ਗਿਆ। ਉਸ ਦੇ ਖੇਤੀ ਕਿੱਤੇ ਨਾਲ ਜੋੜਨ ਵਾਲੇ ਗੀਤਾਂ ਅਤੇ ਟਰੈਕਟਰ ਮੋਹ ਨੇ ਪੰਜਾਬੀਆਂ ਨੂੰ ਆਪਣੇ ਸਭਿਆਚਾਰ ਅਤੇ ਪਿਤਾ ਪੁਰਖੀ ਕਿੱਤੇ ਨਾਲ ਜੋੜਿਆ ਅਤੇ ਖੇਤਾਂ ਵਿਚ ਹਿੱਪ ਹਾਪ ਤੇ ਖੇਤੀ ਦਾ ਜੋੜ ਅੱਜ ਵੀ ਰੀਲਾਂ ਬਣ ਕੇ ਇੰਸਟਾਗ੍ਰਾਮ, ਫੇਸਬੁੱਕ 'ਤੇ ਬੁੱਕ ਰਿਹਾ ਹੈ। ਸਿੱਧੂ ਮੂਸੇਵਾਲਾ ਆਪਣਾ ਮਾਤਾ–ਪਿਤਾ ਨੂੰ ਬੇਹੱਦ ਪਿਆਰ ਕਰਨ ਵਾਲਾ ਨੌਜਵਾਨ ਸੀ, ਸਦਾ ਆਪਣੀ ਮਾਂ ਦੀ ਗੋਦੀ ਜਾਂ ਪਿਓ ਦੇ ਨਾਲ ਹਾਸਾ ਠੱਠਾਂ ਕਰਦਾ ਸਿੱਧੂ ਆਪਣੀਆਂ ਵੀਡੀਓ, ਤਸਵੀਰਾਂ ਅਪਲੋਡ ਕਰਦਾ ਰਹਿੰਦਾ ਸੀ, ਜਿਸ ਨੂੰ ਵੇਖ ਅਜੋਕੇ ਸਮੇਂ ਦੇ ਨੌਜਵਾਨ ਵੀ ਆਪਣੇ ਮਾਪਿਆਂ ਨੂੰ ਅਤਿਅੰਤ ਪਿਆਰ ਕਰਨ ਲੱਗ ਪਏ।
ਅਕਸਰ ਆਖਿਆ ਜਾਂਦਾ ਹੈ ਕਿ ਕਲਾਕਾਰ ਦਾ ਕਲਾ ਤੋਂ ਹੱਟ ਕੇ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਵੀ ਹੁੰਦਾ ਹੈ ਜੋ ਸਿੱਧੂ ਨੇ ਬਾਖੂਬੀ ਅਦਾ ਕੀਤਾ। ਭਾਵੇਂ ਜਿੰਦਗੀ ਦੇ ਅਖੀਰਲੇ ਦੌਰ ਵਿਚ ਸਿੱਧੂ ਨੇ ਕਿਸੇ ਵੀ ਪਾਰਟੀ ਦਾ ਲੜ ਫੜ ਕੇ ਚੋਣਾਂ ਵਿਚ ਨਿਤਰਿਆ ਹੋਵੇ ਪਰ ਉਸ ਦੇ ਨਜ਼ਦੀਕੀ ਜਾਣਦੇ ਸਨ ਕਿ ਉਹ ਦਿਲ ਤੋਂ ਵਾਕੇ ਹੀ ਇਲਾਕੇ ਦੀ ਸੇਵਾ ਕਰਨ ਦੀ ਲਲਕ ਰੱਖਦਾ ਸੀ। ਗ਼ਰੀਬਾਂ ਵਿਚ ਉੱਠਿਆ ਨੌਜਵਾਨ ਜੋ ਜਵਾਨੀ ਅਤੇ ਜੁੱਸੇ ਦੀ ਸ਼ਿਖਰਲੇ ਪੜਾਅ 'ਤੇ ਹੋਵੇ ਤੇ ਉਸ ਕੋਲ ਅੰਤਾਂ ਦੀ ਧੰਨ ਦੌਲਤ ਹੋਵੇ ਉਸ ਨੂੰ ਰਾਜਨੀਤੀ ਵਿਚੋਂ ਕੋਈ ਲਾਲਚ ਨਹੀਂ ਸੀ ਨਜ਼ਰ ਆਉਂਦਾ ਪਰ ਹਾਂ ਉਹ ਸੌੜੀ ਸਿਆਸਤ ਦਾ ਸ਼ਿਕਾਰ ਹੋਇਆ ਅਤੇ ਆਮ ਨੌਜਵਾਨਾਂ ਵਾਂਗੂੰ ਇਸ ਨੌਜਵਾਨ ਨੂੰ ਜਜ਼ਬਾਤਾਂ ਵਿਚ ਫਸਾ ਕੇ ਵਰਤਿਆ ਗਿਆ ਪਰ ਇਹ ਸਿੱਧੂ ਦੀ ਸਮਝ ਤੇ ਸੋਝੀ ਸੀ ਕਿ ਉਹ ਹਾਰਨ ਮਗਰੋਂ ਵੀ 'ਸਕੇਪਗੋਟ' ਗੀਤ ਰਾਹੀਂ ਮੁੜ ਦੂਣੇ ਜੋਸ਼ ਨਾਲ ਉਭਰਿਆ।
ਇਸ ਨੌਜਵਾਨ ਨੂੰ ਅੰਤਾਂ ਦੀ ਸ਼ੁਹਰਤ ਅਤੇ ਦੌਲਤ ਤਾਂ ਆਪਣੀ ਮਿਹਨਤ ਸਦਕਾ ਮਿਲੀ ਪਰ ਰੱਬ ਵਲੋਂ ਘੱਟ ਉਮਰ ਨੇ ਮਾਪਿਆਂ ਦੇ ਹਿੱਸਿਆ ਪੁੱਤ ਦਾ ਸਦਾ ਸਦਾ ਲਈ ਵਿਛੋੜਾ ਪਾ ਦਿੱਤਾ। ਗੈਂਗਸਟਰਾਂ ਨੇ ਪੰਜਾਬ ਦੇ ਪੁੱਤ ਨੂੰ ਗੋਲੀਆਂ ਨਾਲ ਭੁੰਨ ਕੇ ਸਦਾ ਲਈ ਸਾਥੋਂ ਦੂਰ ਕਰ ਦਿੱਤਾ । ਕੀ ਮਾਂਵਾਂ ਤੇ ਕੀ ਪਿਓ ਪੂਰਾ ਪੰਜਾਬ 29 ਤੇ 30 ਮਈ ਨੂੰ ਹੰਝੂ ਕੇਰਦਾਂ ਨਜ਼ਰੀ ਆਇਆ। ਪੰਜਾਬ ਵਿਚ ਮਾਤਮ ਛਾਇਆ ਅਤੇ ਦੁਨੀਆ ਦੇ ਕਲਾਕਾਰਾਂ ਨੇ ਥਾਪੀਆਂ ਮਾਰ–ਮਾਰ ਕੇ ਸਟੇਜ਼ਾਂ 'ਤੇ ਇਸ ਹਰਮਨ ਪਿਆਰੇ ਗਾਇਕ ਨੂੰ ਯਾਦ ਕੀਤਾ।
ਹਾਲ ਹੀ ਵਿਚ ਹਾਲੀਵੁੱਡ ਪ੍ਰਸਿੱਧ ਰੈਪਰ 'ਡਰੇਕ' ਨੇ ਸਿੱਧੂ ਮੂਸੇਵਾਲੇ ਦੀ ਟੀ–ਸ਼ਰਟ ਪਾ ਕੇ ਉਸ ਨੂੰ ਸਟੇਜ਼ ਤੋਂ ਸ਼ਰਧਾਂਜਲੀ ਦਿੱਤੀ, ਜਿਸ ਨੂੰ ਵੇਖ ਦੁਨੀਆ ਦੰਗ ਰਹਿ ਗਈ ਕਿ 'ਇੱਕ ਆਮ ਘਰ ਦੇ ਟਿੱਬਿਆਂ ਦੇ ਪੁੱਤ' ਜਿਸ ਦੇ ਪਿੰਡ ਨੂੰ ਬਹੁਤੀਆਂ ਬੱਸਾਂ ਵੀ ਨਹੀਂ ਸੀ ਆਉਂਦੀਆਂ, ਗਿਣਵੇਂ ਚੁਣਵੇਂ ਵਿਅਕਤੀ ਫ਼ੌਜ ਵਿਚ ਭਰਤੀ ਸਨ ਉਸ ਪਿੰਡ ਦਾ ਪੁੱਤ ਦੁਨੀਆ ਵਿਚ 'ਲੈਜ਼ੰਡ' ਬਣ ਕੇ ਉਭਰ ਰਿਹਾ ਹੈ ਜੋ ਇਤਿਹਾਸ ਦੇ ਪੰਨਿਆ ਵਿਚ ਨਹੀਂ ਬਲਕਿ ਇੱਕ ਵੱਖਰੀ ਇਤਿਹਾਸਿਕ ਕਿਤਾਬ ਬਣ ਕੇ ਨੌਜਵਾਨਾਂ ਅਤੇ ਮਾਪਿਆਂ ਦੇ ਦਿਲਾਂ ਵਿਚ ਰਾਜ ਕਰਦਾ ਰਹੂਗਾ।
-
ਚੌਧਰੀ ਅਭੀਮੰਨੀਊ ਸਿੰਘ 'ਰੱਤੋਂ', ਲੇਖਕ
myselfabhimanyusingh@gmail.com
62848-37553, 98770-01837
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.