ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਝੰਜੋੜ ਕਿ ਰੱਖ ਦਿੱਤਾ ਸੀ,ਅਜੇ ਲੋਕ ਕੋਰੋਨਾ ਦਾ ਕਹਿਰ ਨਹੀ ਭੁੱਲੇ,ਤੇ ਹੁਣ ਮੰਕੀਪਾਕਸ-ਧੱਫੜ ਰੋਗ ਨੇ ਦਸਤਕ ਦੇ ਦਿੱਤੀ ਹੈ। ਮੰਕੀਪਾਕਸ ਕਾਰਨ ਕੇਰਲ ਸੂਬੇ ’ਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ,ਉਸਦੇ ਨਮੂਨਿਆਂ ਤੋਂ ਮੰਕੀਪਾਕਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ।ਨੌਜਵਾਨ ਹਾਲ ਹੀ ’ਚ ਯੂ.ਏ.ਈ ਤੋਂ ਪਰਤਿਆ ਸੀ,ਉੱਥੇ ਵੀ ਇਕੱਤਰ ਕੀਤੇ ਨਮੂਨੇ ਵੀ ਪਾਜ਼ੀਟਿਵ ਪਾਏ ਜਾਣ ਕਾਰਨ ਉਸ ’ਚ ਬਿਮਾਰੀ ਦੀ ਪੁਸ਼ਟੀ ਹੋਈ ਸੀ।ਭਾਰਤ ’ਚ ਹੁਣ ਤੱਕ ਇਸ ਮੰਕੀਪਾਕਸ ਦੇ 6 ਕੇਸ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ’ਚ ਮੰਕੀਪਾਕਸ ਨੂੰ ਕੌਮਾਂਤਰੀ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ।
ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਮੰਕੀਪਾਕਸ ਦੇ 16,000 ਦੇ ਕਰੀਬ ਕੇਸ ਦਰਜ ਕੀਤੇ ਜਾ ਚੁੱਕੇ ਹਨ।ਸਿਹਤ ਮੰਤਰਾਲਿਆ ਭਾਰਤ ਸਰਕਾਰ ਵੱਲੋਂ ਮੰਕੀਪਾਕਸ ਦੀ ਨਿਗਰਾਨੀ ਲਈ ਵਿਸ਼ੇਸ਼ ਟਾਸਕ ਫਾਰਸ ਦਾ ਗਠਨ ਕੀਤਾ ਗਿਆ ਹੈ ਅਤੇ ਸਿਹਤ ਟੀਮਾਂ ਨੂੰ ਚੌਕਸ ਰਹਿਣ ਦੇ ਅਦੇਸ਼ ਵੀ ਜਾਰੀ ਕੀਤੇ ਗਏ ਹਨ। ਮੰਕੀਪਾਕਸ ਕਿਸੇ ਲਾਗ ਵਾਲੇ ਵਿਅਕਤੀ ਜਾਂ ਜਾਨਵਰ ਦੇ ਨਜ਼ਦੀਕੀ ਸੰਪਰਕ ਦੁਆਰਾ ਜਾਂ ਵਾਇਰਸ ਨਾਲ ਦੂਸ਼ਿਤ ਸਮੱਗਰੀ ਨਾਲ ਮਨੁੱਖਾਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ। ਮੰਕੀਪਾਕਸ ਵਾਇਰਸ ਪ੍ਰਭਾਵਿਤ ਵਿਅਕਤੀ ਦੇ ਜਖਮਾਂ,ਖੰਘ ਜਾਂ ਛਿੱਕਾਂ ਦੇ ਛਿੱਟੇ,ਬਿਸਤਰੇ,ਕੱਪੜੇ ਜਾਂ ਦੂਸ਼ਿਤ ਸਮੱਗਰੀ ਦੇ ਨਜ਼ਦੀਕੀ ਸੰਪਰਕ ਦੁਆਰਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ।
ਮੰਕੀਪਾਕਸ ਦੀ ਕਲੀਨਿਕਲ ਦਿੱਖ ਚੇਚਕ ਨਾਲ ਮਿਲਦੀ-ਜੁਲਦੀ ਹੈ,ਮੰਕੀਪਾਕਸ ਚੇਚਕ ਨਾਲੋਂ ਘੱਟ ਛੂਤਕਾਰੀ ਹੈ। ਮੰਕੀਪਾਕਸ ਆਮ ਤੌਰ ’ਤੇ ਬੁਖਾਰ,ਧੱਫੜ ਅਤੇ ਸੁੱਜੇ ਹੋਏ ਲਿੰਫ ਨੋਡਸ ਦੇ ਨਾਲ ਪੇਸ਼ ਹੁੰਦਾ ਹੈ ਅਤੇ ਕਈ ਤਰਾਂ ਦੀਆਂ ਮੈਡੀਕਲ ਪੇਚੀਦਗੀਆਂ ਦਾ ਕਾਰਨ ਵੀ ਬਣ ਸਕਦਾ ਹੈ।1980 ਵਿੱਚ ਚੇਚਕ ਦੇ ਖਾਤਮੇ ਅਤੇ ਚੇਚਕ ਦੇ ਟੀਕਾਕਰਨ ਦੇ ਬਾਅਦ ਵਿੱਚ ਬੰਦ ਹੋਣ ਤੋਂ ਬਾਅਦ ਮੰਕੀਪਾਕਸ ਜਨਤਕ ਸਿਹਤ ਲਈ ਸਭ ਤੋਂ ਮਹੱਤਵਪੂਰਨ ਆਰਥੋਪੋਕਸ ਵਾਇਰਸ ਵਜੋਂ ਉਭਰਿਆ ਹੈ। ਮਨੁੱਖੀ ਮੰਕੀਪਾਕਸ ਦੀ ਪਛਾਣ ਪਹਿਲੀ ਵਾਰ 1970 ਵਿੱਚ ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਇੱਕ ਖੇਤਰ ਵਿੱਚ ਇੱਕ ਬੱਚੇ ਵਿੱਚ ਕੀਤੀ ਗਈ ਸੀ ਜਿੱਥੇ ਚੇਚਕ ਨੂੰ 1968 ਵਿੱਚ ਖਤਮ ਕਰ ਦਿੱਤਾ ਗਿਆ ਸੀ। ਵਿਸ਼ਵ ਸਿਹਤ ਸੰਸਥਾ ਮੁਤਾਬਕ ਮੰਕੀਪਾਕਸ ਨਾ ਸਿਰਫ ਪੱਛਮੀ ਅਤੇ ਮੱਧ ਅਫਰੀਕਾ ਦੇ ਦੇਸ਼ਾਂ ਨੂੰ ਹੀ ਪ੍ਰਭਾਵਿਤ ਨਹੀ ਕਰਦੀ,ਸਗੋਂ ਬਾਕੀ ਦੁਨੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।ਜਾਨਵਰਾਂ ਤੋਂ ਮਨੁੱਖ ਵਿੱਚ ਰਿਸਦੇ ਖੂਨ,ਸਰੀਰਕ ਤਰਲਾਂ,ਜਾਂ ਲਾਗ ਵਾਲੇ ਜਾਨਵਰਾਂ ਦੇ ਚਮੜੀ ਜਾਂ ਲੇਸਦਾਰ ਜਖਮਾਂ ਦੇ ਸਿੱਧੇ ਸੰਪਰਕ ਕਾਰਨ ਇਹ ਵਾਇਰਸ ਟਰਾਂਸਮਿਟ ਹੁੰਦਾ ਹੈ।
ਮੰਕੀਪਾਕਸ ਦੇ ਚਿੰਨ ਅਤੇ ਲੱਛਣ....
ਮੰਕੀਪਾਕਸ ਦੇ ਪ੍ਰਫੂੱਲਿਤ ਹੋਣ ਦੀ ਮਿਆਦ ਆਮ ਤੌਰ ’ਤੇ 6 ਤੋਂ 13 ਦਿਨਾਂ ਤੱਕ ਹੁੰਦੀ ਹੈ ਪਰ ਇਹ 5 ਤੋਂ 21 ਦਿਨਾਂ ਤੱਕ ਹੋ ਸਕਦੀ ਹੈ। ਜ਼ਿੰਨਾਂ ਵਿਅਕਤੀਆਂ ਦਾ ਪਿਛਲੇ 21 ਦਿਨਾਂ ਵਿੱਚ ਮੰਕੀਪਾਕਸ ਦੇ ਸ਼ੱਕੀ ਜਾਂ ਪੁਸ਼ਟੀ ਕੇਸ ਦੇ ਸੰਪਰਕ ਵਿੱਚ ਆਉਣ ਦੀ ਹਿਸਟਰੀ ਹੈ,ਉਨਾਂ ਨੂੰ ਆਪਣੀ ਸਿਹਤ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
ਬੁਖਾਰ ਦੇ ਨਾਲ ਚਮੜੀ ਤੇ ਧੱਫੜ-ਚਿਹਰੇ ਤੋਂ ਸ਼ੁਰੂ ਹੋ ਕੇ ਬਾਹਾਂ,ਲੱਤਾਂ,ਹਥੇਲੀਆਂ ਅਤੇ ਪੈਰਾਂ ਦੀਆਂ ਤਲੀਆਂ ਤੱਕ ਫੈਲਦੇ ਹਨ।
ਸਿਰ ਦਰਦ,ਮਾਸਪੇਸ਼ੀਆਂ ਵਿੱਚ ਦਰਦ ਜਾਂ ਥਕਾਵਟ,ਬੁਖਾਰ,ਗਲੇ ਵਿੱਚ ਖਰਾਸ਼ ਜਾਂ ਖਾਂਸੀ ਅਤੇ ਅੱਖਾਂ ਵਿੱਚ ਦਰਦ ਜਾਂ ਧੁੰਦਲਾ ਨਜ਼ਰ ਆਉਣਾ।
ਸਾਹ ਲੈਣ ‘ਚ ਤਕਲੀਫ ਜਾਂ ਛਾਤੀ ਵਿੱਚ ਦਰਦ।
ਸ਼ੁਰੂ-ਸ਼ੁੁਰੂ ਵਿੱਚ ਤਾਂ ਸਰੀਰ ਤੇ ਧੱਫੜ ਜਾ ਦਾਨੇ ਚਿਕਨਪੌਕਸ,ਖਸਰਾ,ਬੈਕਟੀਰੀਆ ਵਾਲੀ ਚਮੜੀ ਦੀ ਲਾਗ, ਖੁਰਕ, ਸਿਫਿਲਿਸ, ਅਤੇ ਦਵਾਈਆਂ ਨਾਲ ਸੰਬੰਧਿਤ ਐਲਰਜੀ ਵਰਗੇ ਹੀ ਜਾਪਦੇ ਹਨ,ਛੋਟੇ ਬੱਚਿਆਂ ਵਿੱਚ ਅਜਿਹੇ ਲੱਛਣ ਜਿਆਦਾ ਨਜ਼ਰ ਆਉਂਦੇ ਹਨ।
ਜੇਕਰ ਮੰਕੀਪਾਕਸ ਦਾ ਸ਼ੱਕ ਹੈ,ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸਪੰਰਕ ਕਰੋ,ਢੁਕਵਾਂ ਨਮੂੰਨਾ ਇਕੱਤਰ ਕਰਵਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਲੈਬਾਰਟਰੀ ਵਿੱਚ ਸੁਰੱਖਿਅਤ ਢੰਗ ਨਾਲ ਜਾਂਚ ਲਈ ਭੇਜਿਆ ਜਾ ਸਕੇ।
ਮੰਕੀਪਾਕਸ ਦਾ ਇਲਾਜ,ਰੋਕਥਾਮ ਅਤੇ ਨਿਯੰਤਰਣ
ਮੰਕੀਪਾਕਸ ਦਾ ਵਿਸ਼ੇਸ਼ ਕੋਈ ਇਲਾਜ ਨਹੀ ਹੈ ਪਰ ਮੰਕੀਪਾਕਸ ਚੇਚਕ ਵਰਗੀ ਵਾਇਰਲ ਬਿਮਾਰੀ ਹੈ ਇਸ ਲਈ ਐਂਟੀਵਾਇਰਲ ਦਵਾਈਆਂ ਦੀ ਵਰਤੋਂ ਮੰਕੀਪਾਕਸ ਦੇ ਇਲਾਜ ਤੇ ਰੋਕਥਾਮ ਲਈ ਕੀਤੀ ਜਾ ਸਕਦੀ ਹੈ।
ਜੋਖਮ ਦੇ ਕਾਰਕਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਉਹਨਾਂ ਉਪਾਵਾਂ ਬਾਰੇ ਸੁਚੇਤ ਕਰਨਾ ਹੀ ਵਾਇਰਸ ਦੇ ਸੰਪਰਕ ਨੂੰ ਘਟਾਉਣ ਲਈ ਢੁਕਵੇਂ ਹੋ ਸਕਦੇ ਹਨ ਮੰਕੀਪਾਕਸ ਲਈ ਮੱੁਖ ਰੋਕਥਾਮ ਹੀ ਰਣਨੀਤੀ ਹੈ।
ਪ੍ਰਭਾਵਿਤ ਵਿਅਕਤੀ ਨੂੰ ਅਲੱਗ ਕਮਰੇ ਵਿੱਚ ਰੱਖੋ।
ਪ੍ਰਭਾਵਿਤ ਵਿਅਕਤੀ ਦੇ ਨੱਕ ਅਤੇ ਮੂੰਹ ਨੂੰ ਮਾਸਕ ਜਾਂ ਕੱਪੜੇ ਨਾਲ ਡੱਕ ਕੇ ਰੱਖੋ।
ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨੂੰ ਸੁਚਿਤ ਕਰੋ।
ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਕੱਪੜੇ,ਬਿਸਤਰ ਜਾਂ ਤੋਲੀਏ ਵਰਗੀ ਹੋਰ ਦੂਸ਼ਿਤ ਸਮੱਗਰੀ ਦੇ ਸੰਪਰਕ ਤੋਂ ਬਚੋ।
ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਧੋਵੋ ਅਤੇ ਆਲਾ-ਦੁਆਲਾ ਸਾਫ ਰੱਖੋ।
ਇਹਨੀ ਦਿਨੀਂ ਛੋਟੇ ਸਕੂਲੀ ਬੱਚਿਆਂ ਦੇ ਹੱਥਾਂ,ਪੈਰਾਂ ਅਤੇ ਮੂੰਹ ਤੇ ਲਾਲ ਦਾਨੇ ਜਾਂ ਜਖਮ ਅਤੇ ਬੁਖਾਰ ਦੇ ਕੇਸ ਕੁਝ ਜਿਆਦਾ ਹੀ ਨਜ਼ਰ ਆ ਰਹੇ ਹਨ ਜਿਸ ਕਾਰਨ ਮੰਕੀਪਾਕਸ ਵਾਇਰਸ ਫੈਲਣ ਦੀਆਂ ਅਫਵਾਹਾਂ ਜੋਰਾਂ ਤੇ ਹਨ,ਪਰ ਮਾਹਿਰਾ ਦਾ ਕਹਿਣਾ ਹੈ ਕਿ ਕੋਈ ਚਿੰਤਾ ਦੀ ਗੱਲ ਨਹੀ,ਛੇਟੇ ਬੱਚਿਆਂ ‘ਚ ਇਹ ਕੋਈ ਨਵੀਂ ਬਿਮਾਰੀ ਨਹੀ,ਸਗੋਂ ਸਾਲਾਂ ਤੋਂ ਦਿਖਾਈ ਦੇ ਰਹੀ ਹੈ।ਪਰ ਮਾਪਿਆਂ ਅਤੇ ਸਕੂਲੀ ਅਧਿਆਪਕਾਂ ‘ਚ ਡਰ ਅਤੇ ਸਹਿਮ ਦਾ ਹੋਣਾ ਸੁਭਾਵਿਕ ਹੀ ਹੈ,ਇਸ ਲਈ ਬੱਚਿਆਂ ਦੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਪੀੜਤ ਬੱਚਿਆਂ ਦੀ ਸਰੀਰਕ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ,ਅਜਿਹੇ ਬੱਚਿਆਂ ਦੇ ਖਾਣਾ ਖਾਣ ਵਾਲੇ ਭਾਂਡੇ-ਬਰਤਨ ਅਤੇ ਕੱਪੜੇ,ਬਿਸਤਰ ਆਦਿ ਸਾਂਝੇ ਨਾ ਕੀਤੇ ਜਾਣ ਤੇ ਅਲੱਗ ਹੀ ਧੋਣੇ ਚਾਹੀਦੇ ਹਨ,ਬੱਚਿਆਂ ਦੇ ਖਿਡੌਣੇ ਅਤੇ ਰੋਜ਼ਾਨਾਂ ਵਰਤਣ ਵਾਲਾ ਸਮਾਨ ਰੋਜ਼ਾਨਾ ਚੰਗੀ ਤਰਾਂ ਸਾਫ ਕਰਕੇ ਰੋਗਾਣੂ ਰਹਿਤ ਕੀਤਾ ਜਾਵੇ,ਪੀੜਤ ਬੱਚੇ ਨੂੰ ਡਾਕਟਰੀ ਜਾਂਚ ਅਤੇ ਸਲਾਹ ਅਨੁਸਾਰ ਕੁੱਝ ਦਿਨ ਭੀੜ-ਭਾੜ ਵਿੱਚ ਨਾ ਜਾਣ ਦਿੱਤਾ ਜਾਵੇ,ਇਸ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ ਟੋਲ ਫਰੀ ਮੈਡੀਕਲ ਹੈਲਪ ਲਾਈਨ ਨੰਬਰ 104 ਤੇ ਸਪੰਰਕ ਕੀਤਾ ਜਾ ਸਕਦਾ ਹੈ।
-
ਡਾ.ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ ਸਿਹਤ ਵਿਭਾਗ,ਫਰੀਦਕੋਟ
**********
9814656257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.