ਆਮ ਹੀ ਕਿਹਾ ਜਾਂਦੈ,ਛੱਡਦਾ ਤਾਂ ਕੋਈ ਓਰਾ ਵੀ ਨੀਂ।ਰਾਜ ਭਾਗ ਤਾਂ ਕੀਹਨੇ ਛੱਡਣਾ? ਜ਼ਹਿਰ ਦੀ ਘੁੱਟ ਕੌਣ ਭਰਦੈ?ਸੌਖਾ ਨੀਂ,ਬੜਾ ਔਖੈ!ਫਿਰ ਰਾਜਿਆਂ ਦੇ ਰਾਜੇ ਲਈ, ਦਿਲ 'ਤੇ ਪੱਥਰ ਨਹੀਂ, ਪੂਰਾ ਪਹਾੜ ਆ ਡਿੱਗਣ ਵਰਗਾ।ਨਾਲੇ ਜੀਹਦੇ ਰਾਜ ਵਿੱਚ,ਸੂਰਜ ਨਾ ਛਿਪੇ।ਚੌਂਹ ਕੂਟੀਂ ਗੁਲਾਮ ਹੀ ਗੁਲਾਮ।"ਸੋਨੇ ਦੀ ਚਿੜੀ" ਚੂੰਡਣ ਨੂੰ।ਹਰ ਪ੍ਰਕਾਰ ਦੀ ਲੁੱਟ ਮਾਰ।ਗੱਡੀ ਭਰ ਸਿੱਧੀ ਲੰਡਨ।ਮੂੰਹੋਂ ਬੋਲਿਆ,ਕਨੂੰਨ।ਜੱਜ ਵੀ ਖੁਦ। ਵਕੀਲ ਦਲੀਲ ਵੀ ਆਵਦੀ। ਜੇਲ੍ਹ,ਫਾਂਸੀ ਵੀ ਆਵਦੀ।ਤਮਗੇ,ਪਦਵੀਆਂ ਵੀ ਮੁੱਠੀ 'ਚ।ਰਾਜੇ ਰਜਵਾੜੇ, ਫਰਜ਼ੰਦੇ ਖਾਸ।ਸਰਮਾਏਦਾਰ,ਨਿਮਰ ਏਜੰਟ।ਸ਼ਾਹੂਕਾਰ,ਜੀ ਹਜ਼ੂਰੀਏ।ਅਫ਼ਸਰ, ਨੌਕਰ- ਚਾਕਰ।ਰਿਆਇਆ ਦੁਖਿਆਰੀ। ਥੁੜਾਂ ਲੋੜਾਂ ਦੀ ਭੰਨੀ, ਟੈਕਸਾਂ ਦੀ ਮਾਰੀ।
ਵੇਲਾ ਦੂਜੀ ਸੰਸਾਰ ਜੰਗ ਤੋਂ ਬਾਅਦ ਦਾ।ਸੰਤਾਲੀ ਤੋਂ ਪਹਿਲਾਂ ਦਾ।ਜੰਗ ਦਾ ਭੰਨਿਆ, ਅੰਗਰੇਜ਼ ਘਿਰਿਆ।ਬਾਜ਼ਾਰ ਵਿਚ ਮੰਦੀ।ਮੰਗ ਵਿੱਚ ਗਿਰਾਵਟ।ਬੇਰੁਜ਼ਗਾਰੀ, ਮਹਿੰਗਾਈ ਬੇਲਗਾਮ।ਅਨਾਜ ਦੀ ਤੋਟ।ਅਮਰੀਕਾ ਦੀ ਸ਼ਰੀਕੇਬਾਜ਼ੀ। ਬਾਦਸ਼ਾਹੀ ਹੱਲ, ਭਾਰਤੀਆਂ 'ਤੇ ਹੱਲਾ। ਮਜ਼ਦੂਰਾਂ ਦੀ ਛਾਂਟੀ। ਉਜ਼ਰਤਾਂ ਵਿਚ ਕਟੌਤੀ। ਪੈਦਾਵਾਰ ਵਧਾਉਣ ਦਾ ਫੁਰਮਾਨ। ਜ਼ਮੀਨੀ ਪ੍ਰਬੰਧ ਸਖ਼ਤ। ਖੇਤੀ 'ਤੇ ਲਗਾਨ। ਇਹ ਧੁੱਖਦੀ 'ਤੇ ਫੂਸ।ਔਖ ਭਾਂਬੜ ਬਣ ਉੱਠੀ। ਬੇਚੈਨੀ ਨੂੰ ਰਾਹ ਮਿਲਿਆ।ਕਾਰਖਾਨੇ,ਖੇਤ, ਪਿੰਡ, ਸ਼ਹਿਰ ਅੰਗਰੇਜ਼ਾਂ ਲਈ ਤਪਦੇ ਤੰਦੂਰ। ਸੰਘਰਸ਼ਾਂ ਦੀ ਧਮਕ।ਬਸਤੀਆਂ ਅੰਦਰ ਕੌਮੀ ਮੁਕਤੀ ਲਹਿਰਾਂ ਤੇਜ਼।ਤਪਦਾ ਭਾਰਤ, ਵਰੋਲੇ ਵਾਂਗ ਉੱਠਿਆ। ਕੌਮੀ ਸਵੈਮਾਣ ਜਾਗਿਆ। ਲੋਕ ਲਹਿਰਾਂ ਦਾ ਹੜ੍ਹ। ਫਿਜ਼ਾਵਾਂ 'ਚ ਆਜ਼ਾਦੀ ਦੇ ਤਰਾਨੇ। ਮਿੱਲਾਂ ਖਾਣਾਂ, ਖੇਤਾਂ ਖਲਿਆਣਾ, ਬੰਦਰਗਾਹਾਂ,ਠਾਣੇ,ਛਾਉਣੀਆਂ,ਸਕੂਲ,ਕਾਲਜ, ਦਫ਼ਤਰ ਪਿੰਡ ਸ਼ਹਿਰ ਸੜਕਾਂ ਗਲੀਆਂ,ਹੱਟੀ ਭੱਠੀ ਗੂੰਜਦੇ ਨਾਹਰੇ, ਹਾਕਮਾਂ ਦੇ ਸਿਰ ਵੱਜਣ।ਗੁਲਾਮੀ ਨਾਲ ਨਫ਼ਰਤ।ਆਜ਼ਾਦੀ ਨਾਲ ਪਿਆਰ। ਜਾਨਾਂ ਜਾਇਦਾਦਾਂ ਨਿਛਾਵਰ ਦੀ ਸਪਿਰਟ। ਜ਼ੋਸ਼ੀਲੇ ਕਾਫ਼ਲੇ,ਤਿੱਖੇ ਭੇੜ।ਅੰਗਰੇਜ਼ ਨੇ ਕੰਨ ਚੱਕੇ।
ਮੁਲਕੋਂ ਬਾਹਰਲੀਆਂ ਲਹਿਰਾਂ,ਉਤਸ਼ਾਹ ਨੂੰ ਉਗਾਸਾ।ਸਮਾਜਵਾਦੀ ਕੈਂਪ ਦੀ ਜਿੱਤ, ਹੌਂਸਲਿਆਂ ਵਿਚ ਵਾਧਾ।ਸਮਾਜਵਾਦੀ ਪ੍ਰਬੰਧ, ਭਰੋਸਾ ਵਧਿਆ।ਪੂਰਬੀ ਯੂਰਪ ਦੀਆਂ ਇਨਕਲਾਬੀ ਲਹਿਰਾਂ ਦੀ ਸਫਲਤਾ, ਸਿਆਸੀ ਗਿਆਨ ਵੀ,ਕੌਮੀ ਸਵੈਮਾਣ ਵੀ।
ਮਜ਼ਦੂਰ ਵਰਗ, ਮੈਦਾਨੇ ਜੰਗ।ਅੰਗਰੇਜ਼ ਤੇ ਜੋੜੀਦਾਰਾਂ ਦੀ ਨੀਂਦ ਹਰਾਮ।ਕਪੜਾ ਮਿੱਲਾਂ ਤੇ ਸਟੀਲ ਮਿੱਲਾਂ,ਠੱਪ।ਕੋਲਾ ਖਾਣਾਂ ਤੇ ਸੋਨਾ ਖਾਣਾਂ ਬੰਦ। ਹੜਤਾਲਾਂ, ਗੇਟਾਂ 'ਤੇ ਧਰਨੇ,ਸੜਕਾਂ 'ਤੇ ਮਾਰਚ। ਦਫ਼ਤਰਾਂ ਦਾ ਘਿਰਾਓ, ਸੜਕਾਂ ਜਾਮ।ਪੁਲਸੀ ਹੱਲੇ, ਨਾਕਾਮ।ਬੰਬਈ ਦੇ ਮਜ਼ਦੂਰ,ਅਗਲੀ ਪੁਲਾਂਘ।ਬਾਗੀ ਸਮੁੰਦਰੀ ਫੌਜੀਆਂ ਦੀ ਹਮਾਇਤ ਵਿੱਚ ਕੰਮ ਬੰਦ।ਸਫ਼ਾਈ ਕਾਮਿਆਂ ਝਾੜੂ ਸੁੱਟੇ,ਝੰਡੇ ਚੁੱਕੇ।ਡਾਕ ਕਾਮਿਆਂ ਵੱਲੋਂ ਹੜਤਾਲ।ਪੁਲਸ ਦਾ ਕਹਿਰ। ਵਿਰੋਧ ਵਿੱਚ ਸ਼ਹਿਰ ਬੰਦ। ਲਗਭਗ ਹਰ ਥਾਂ ਪੁਲਸ ਨਾਲ ਝੜੱਪਾਂ।ਕਈ ਥਾਂ ਪੁਲਸੀ ਫਾਇਰਿੰਗ। ਮਜ਼ਦੂਰ ਡਟ ਕੇ ਭਿੜੇ। ਤਿੰਨ ਸੌ ਸ਼ਹੀਦੀਆਂ।ਦੋ ਹਜ਼ਾਰ ਫੱਟੜ। ਮਜ਼ਦੂਰ ਸੰਘਰਸ਼ ਤੇ ਨਿਧੜਕ ਭੇੜ, ਅੰਗਰੇਜ਼ਸ਼ਾਹੀ ਵਿਚ ਘਬਰਾਹਟ।ਕਾਂਗਰਸੀ ਸਰਕਾਰਾਂ ਵਿੱਚ ਤੌਖਲਾ।(ਉਦੋਂ ਦੀਆਂ)
ਕਿਸਾਨ ਸੰਘਰਸ਼,ਨਿਸ਼ਾਨਾ ਜ਼ਮੀਨੀ ਪ੍ਰਬੰਧ।ਖੇਤਾਂ ਖਲਿਆਣਾ ਵਿੱਚ ਨਾਹਰੇ ਗੂੰਜਣ, ਝੰਡੇ ਝੂਲਣ।ਸਦੀਆਂ ਤੋਂ ਗੂੰਗਾ ਬਟਾਈਦਾਰ, ਨਾਹਰੇ ਦੀ ਗੂੰਜ ਨਾਲ ਗਰਜਿਆ।ਤਿਭਾਗਾ, ਬਕਸ਼ਤ, ਪੁਨਪਰਾ, ਪੈਪਸੂ,ਤਿਲੰਗਾਨਾ ਦੇ ਘੋਲਾਂ ਦੀ ਸਾਂਝੀ ਸੱਟ।ਅੰਗਰੇਜ਼ਾਂ ਨੂੰ ਤਰੇਲੀਆਂ।ਰਾਜੇ ਰਜਵਾੜਿਆਂ ਨੂੰ ਕੰਬਣੀਆਂ। ਘੋਲਾਂ ਦੀ ਸਾਂਝੀ ਆਵਾਜ਼,ਕਿਸਾਨੀ ਨੂੰ ਜਗੀਰੂ ਜੂਲੇ ਤੋਂ ਮੁਕਤੀ। ਜਗੀਰੂ ਜਬਰ ਦਾ ਖਾਤਮਾ।ਬੰਧੂਆ ਮਜ਼ਦੂਰੀ ਦਾ ਖਾਤਮਾ।ਵਾਹੀ ਵਾਲੀ ਜ਼ਮੀਨ, ਵਾਹੁਣ ਵਾਲੇ ਦੀ।ਪਿੰਡਾਂ ਦੀ ਲੋਕ ਸੱਤਾ, ਲੋਕਾਂ ਹੱਥ।ਹਰ ਘੋਲ ਹਾਕਮਾਂ ਨੂੰ ਚੁਣੌਤੀ।ਹਰ ਘੋਲ ਹਾਕਮਾਂ ਨਾਲ ਭਿੜਿਆ।ਜਬਰ ਤਸ਼ੱਦਦ ਝੱਲਿਆ। ਹਾਕਮਾਂ ਕੋਲ ਬੰਦੂਕਾਂ ਰਫ਼ਲਾਂ। ਕਿਸਾਨਾਂ ਕੋਲ ਪੁਰਾਣੇ ਸੰਦ।ਲੱਕੜ ਦੇ ਭਾਲੇ, ਤੀਰ ਕਮਾਨ। ਹਜ਼ਾਰਾਂ ਸ਼ਹੀਦੀਆਂ ਹੋਈਆਂ। ਸੰਗਠਨਾਂ ਦੀ ਮਜ਼ਬੂਤੀ।ਆਪਣੀਂ ਪੁੱਗਤ ਬਣਾਈ।ਕਾਰਖਾਨੇ 'ਚ ਮਜ਼ਦੂਰ ਰੱਖਣੇ ਹੋਣ, ਉਜ਼ਰਤਾਂ 'ਚ ਵਾਧਾ ਕਰਨਾ ਹੋਵੇ, ਝਗੜਿਆਂ ਦੇ ਨਿਪਟਾਰੇ ਲਈ ਲੋਕ ਕਚਹਿਰੀ ਲਾਉਣੀ ਹੋਵੇ। ਪੂਰੀ ਪੁੱਗਤ।ਤਿਲੰਗਾਨਾ ਘੋਲ,ਗੁਰੀਲੇ ਤੇ ਵਲੰਟੀਅਰ ਭਰਤੀ।ਸਮਾਜਿਕ ਸਿਆਸੀ ਤੇ ਪ੍ਰਬੰਧਕੀ ਮਾਮਲੇ ਨਿਪਟਾਉਣ ਦਾ ਸਾਮਾ।ਦਸ ਲੱਖ ਏਕੜ ਜ਼ਮੀਨ ਤੇ ਖੋਹੇ ਪਸ਼ੂ ਤੇ ਔਜ਼ਾਰ ਵੰਡੇ। ਜਗੀਰਦਾਰ ਪਿੰਡ ਛੱਡ ਕੇ ਭੱਜੇ। ਘੋਲ ਅੰਗਰੇਜ਼ਾਂ ਤੋਂ ਨੀਂ ਰੁਕਿਆ।ਨਹਿਰੂ ਦੀ ਫੌਜ ਨੇ ਕਲੰਕ ਖੱਟਿਆ।
ਰਾਜ ਸ਼ਕਤੀ ਵੀ ਹਿੱਲ ਤੁਰੀ।ਫੌਜ ਤੇ ਪੁਲਸ, ਹੜਤਾਲ 'ਤੇ।ਹਰੇਕ ਰਾਜ,ਇਸੇ ਸ਼ਕਤੀ ਦੇ ਜ਼ੋਰ ਚੱਲਦਾ।ਸੱਤਾ ਤੇ ਪੁੱਗਤ ਬਣਾਉਂਦਾ।ਇਸ ਸ਼ਕਤੀ ਦਾ ਹਿੱਲਣਾ, ਸਿੰਘਾਸਣ ਨੂੰ ਝਟਕੇ।ਮੂਧਾ ਵੱਜਣ ਦੇ ਚਾਨਸ।ਪੁਲਸ ਕਰਮੀ ਬਾਗੀ। ਹੁਕਮ ਅਦੂਲੀਆਂ ਦਾ ਸਿਲਸਿਲਾ ਸ਼ੁਰੂ।ਮਿਲਟਰੀ ਪੁਲਿਸ ਦੀ ਹੜਤਾਲ।ਆਜ਼ਾਦ ਹਿੰਦ ਫੌਜ, ਹਥਿਆਰਬੰਦ ਟੁਕੜੀ। ਦੇਸ਼ ਭਗਤੀ ਨਾਲ ਲਬਰੇਜ਼।ਸ਼ਾਹੀ ਸਮੁੰਦਰੀ ਫ਼ੌਜ, ਬਗਾਵਤ ਦਾ ਬਿਗਲ।ਅੰਗਰੇਜ਼ਸ਼ਾਹੀ ਨੂੰ ਹੱਥਾਂ ਪੈਰਾਂ ਦੀ।ਵੱਡੀ ਚੁਣੌਤੀ। ਵੱਡੀਆਂ ਬੰਦਰਗਾਹਾਂ ਸਮੇਤ ਵੀਹ ਟਿਕਾਣਿਆਂ 'ਤੇ ਕਬਜ਼ਾ।ਅਠੱਤਰ ਜਹਾਜ਼ਾਂ ਅਤੇ ਅਸਲੇ 'ਤੇ ਕੰਟਰੋਲ।ਪੈਦਲ ਫੌਜ ਵੱਲੋਂ ਹਮਾਇਤ।ਕਾਰਵਾਈ ਕਰਨ ਤੋਂ ਅੰਗਰੇਜ਼ ਨੂੰ ਜਵਾਬ।ਬੰਬਈ ਦੇ ਮਜ਼ਦੂਰ ਵਿਦਿਅਰਥੀ ਤੇ ਆਮ ਲੋਕ, ਸਮੁੰਦਰੀ ਫੌਜੀਆਂ ਦੇ ਮੋਢੇ ਨਾਲ ਮੋਢਾ।ਕੱਠਾ ਕਰਕੇ ਲਿਆਂਦਾ ਭੋਜਨ, ਖੁਆਇਆ।ਪੁਲਸ ਫੌਜ ਨਾਲ ਟੱਕਰਾਂ।ਹਰ ਗਲੀ ਹਰ ਕੋਨਾ ਜੰਗ ਦਾ ਮੈਦਾਨ। ਦੋ ਦਿਨ ਵਿਚ ਦੋ ਸੌ ਸ਼ਹੀਦ।ਪੰਦਰਾਂ ਸੌ ਜਖਮੀ। ਅੰਗਰੇਜ਼ ਕਮਾਂਡਰਾਂ ਦੀਆਂ ਧਮਕੀਆਂ ਬੇਅਸਰ।ਅੰਗਰੇਜ਼ੀ ਸ਼ਾਸਨ ਡਾਵਾਂਡੋਲ।
ਵਿਦਿਆਰਥੀ ਤੇ ਬੁੱਧੀਜੀਵੀ,ਸੜਕਾਂ'ਤੇ। ਹੋਰ ਤਬਕੇ ਕੀਤੇ ਲਾਮਬੰਦ।ਇੱਕ ਲੱਖ ਲੋਕਾਂ ਦਾ ਮਾਰਚ, ਅੰਗਰੇਜ਼ ਲਈ ਦਿਨੇ ਤਾਰੇ।ਆਜ਼ਾਦ ਹਿੰਦ ਫੌਜ ਦੇ ਕੈਦੀਆਂ ਦੀ ਰਿਹਾਈ ਮੰਗੀ। ਅੰਗਰੇਜ਼ੀ ਪੁਲਸ ਵਲੋਂ ਰੋਕਣ ਦੀ ਕੋਸ਼ਿਸ਼,ਫੇਲ੍ਹ। ਪੁਲਸ ਵੱਲੋਂ ਫਾਇਰਿੰਗ। ਇੱਕ ਵਿਦਿਆਰਥੀ ਤੇ ਇੱਕ ਨੌਜਵਾਨ ਸ਼ਹੀਦ, ਦਰਜਨਾਂ ਜ਼ਖ਼ਮੀ।ਸਾਰਾ ਸ਼ਹਿਰ ਸੰਘਰਸ਼ 'ਚ ਵੱਟਿਆ। ਅਨੇਕਾਂ ਥਾਂਈਂ ਟੱਕਰਾਂ।ਤਮਾਮ ਕੰਮ ਬੰਦ। ਗੱਡੀਆਂ ਟੈਕਸੀਆਂ ਟਰਾਮਾਂ ਜਾਮ। ਗਲੀਆਂ ਬਾਜ਼ਾਰਾਂ ਵਿਚ ਬੈਰੀਕੇਟ। ਤਿੰਨ ਦਿਨਾਂ ਘਮਾਸਾਨ।ਪੰਦਰਾਂ ਪੁਲਸ ਗੱਡੀਆਂ ਅਗਨ ਭੇਂਟ।ਤੇਤੀ ਸ਼ਹੀਦ।ਦੋ ਸੌ ਸ਼ਹਿਰੀ ਤੇ ਦਰਜਨਾਂ ਪੁਲਿਸੀਏ ਜ਼ਖ਼ਮੀ। ਆਜ਼ਾਦ ਹਿੰਦ ਫੌਜ ਤੋਂ ਕੇਸ ਵਾਪਸ। ਸੰਘਰਸ਼ ਦੀ ਜਿੱਤ, ਜ਼ੁਲਮ ਦੀ ਹਾਰ।ਇੱਕ ਫੌਜੀ ਨੂੰ ਸਜ਼ਾ, ਸ਼ਹਿਰ ਵਿਚ ਵਿਰੋਧ ਪ੍ਰਦਰਸ਼ਨ। ਲਾਮਿਸਾਲ ਹੁੰਗਾਰਾ। ਫੇਰ ਭੇੜ।ਚੁਰਾਸੀ ਸ਼ਹੀਦ, ਤਿੰਨ ਸੌ ਜ਼ਖ਼ਮੀ।
ਡਾਕ ਮਹਿਕਮਾ, ਕੁਲ ਹਿੰਦ ਹੜਤਾਲ। ਲੋਕਾਂ ਵੱਲੋਂ ਸਮਰਥਨ,ਸਫਲ ਬੰਦ।ਟੈਕਸੀ ਡਰਾਈਵਰ, ਦੁਕਾਨਦਾਰਾਂ,ਮੁਲਾਜ਼ਮਾਂ ਦੀ ਸ਼ਮੂਲੀਅਤ। ਫਰਾਂਸ ਵੀਅਤਨਾਮ 'ਤੇ ਕਬਜ਼ੇ ਲਈ ਤਹੂ।ਫ਼ਰਾਂਸੀਸੀ ਜਹਾਜ਼ਾਂ ਨੂੰ ਭਾਰਤ 'ਚੋਂ ਤੇਲ ਖਿਲਾਫ਼, ਵਿਸ਼ਾਲ ਪ੍ਰਦਰਸ਼ਨ। ਬੰਬਈ ਦੇ ਪ੍ਰਾਇਮਰੀ ਅਧਿਆਪਕਾਂ ਦੀ ਲੰਬੀ ਹੜਤਾਲ।
ਅੰਗਰੇਜ਼ ਨੂੰ ਭਰਮ,ਜਬਰ ਮੂਹਰੇ ਝੁਕ ਜਾਣਗੇ।ਅੱਗੋਂ ਕੌਮੀ ਪਰਵਾਨੇ ਟਿੱਚ ਜਾਣਨ। ਪਾਟਕ ਪਾਊ ਚਾਲਾਂ 'ਤੇ ਉਤਰ ਆਇਆ।ਹਿੰਦੂ ਮੁਸਲਿਮ,ਫਿਰਕੂ ਟਕਰਾ ਕਰਵਾਇਆ। ਸੰਘਰਸ਼ਾਂ ਨੇ ਥਾਂਏ ਨੱਪਿਆ। ਇਹਦਾ ਇਹੀ ਨੁਸਖ਼ਾ। ਇਹਨਾਂ ਘੋਲਾਂ ਵਰਗੇ ਘੋਲ।ਘੋਲਾਂ 'ਚ ਕੌਮੀ ਭਾਵਨਾ,ਧਰਮ ਨਿਰਪੱਖਤਾ, ਮੰਗਾਂ 'ਚ ਸਮੂਹਿਕਤਾ। ਇਥੇ ਐਂ ਹੀ ਕੁੱਟੀ ਅੰਗਰੇਜ਼ਾਂ ਦੀ ਸ਼ੈਤਾਨੀ ਚਾਲ।
ਘੋਲਾਂ ਦੀ ਦਾਬ ਤੇ ਤਾਬ, ਅੰਗਰੇਜ਼ਾਂ ਤੇ ਜੋਟੀਦਾਰਾਂ ਵਿਚ ਡਰ।ਡਰ ਦੇ ਝਲਕਾਰੇ, ਉਹਨਾਂ ਡਾਇਰੀਆਂ ਚਿੱਠੀਆਂ 'ਚ ਉਤਾਰੇ।ਅੰਦਾਜ਼ੇ ਨਹੀਂ, ਸਪੱਸ਼ਟ ਸਬੂਤ।ਫਰਵਰੀ ਛਿਆਲੀ, ਵਾਇਸਰਾਏ ਵਾਵੇਲ ਦੀ ਡਾਇਰੀ। "ਅੱਜ ਦਾ ਦਿਨ ਚਿਤਾਵਨੀਆਂ ਭਰਪੂਰ।ਮੌਜ ਮੇਲਾ ਭੁਲਿਆ"।ਮਿਲਣ ਆਇਆਂ ਦੀ ਦੁਹਾਈ।ਗ੍ਰਹਿ ਵਿਭਾਗ ਦਾ ਸਕੱਤਰ ਪੋਰਟਰ, "ਆਜ਼ਾਦ ਹਿੰਦ ਫੌਜ ਦੇ ਮਾਮਲੇ ਤੇ ਝੁਕਣ ਲਈ ਕਹੇ"।ਡਾਕ ਤੇ ਹਵਾਬਾਜ਼ੀ ਸਕੱਤਰ ਬੇਵੂਰ, ਹੜਤਾਲ ਬਾਰੇ "ਫ਼ਿਕਰਮੰਦ"। ਹਵਾਈ ਫੌਜ ਮੁਖੀ ਕਾਗ, ਬਗਾਵਤ ਬਾਰੇ "ਚਿੰਤਿਤ"। ਰੇਲਵੇ ਦਾ ਚੀਫ਼ ਗਰੇਫਿਨ, ਜੰਗੀ ਢੋਆ ਢੁਆਈ ਸਕੱਤਰ ਕਾਰਨਾਨ ਸਮਿੱਥ, ਕੰਮ ਬੰਦ ਦੀ "ਚਿੰਤਾ"।ਰਾਇਲ ਇੰਡੀਅਨ ਨੇਵੀ ਦਾ ਕਮਾਂਡਰ ਇਨ ਚੀਫ, ਬਗਾਵਤ ਤੇ ਆਜ਼ਾਦ ਹਿੰਦ ਫੌਜ ਬਾਰੇ।ਸਭ ਤੋਂ ਵੱਧ ਉਦਾਸ ਨਿਰਾਸ਼। ਤਿੰਨ ਬਗਾਵਤਾਂ, ਦੋ ਹੜਤਾਲਾਂ।ਇਹ ਸਭ ਵਾਵੇਲ ਕੋਲ ਆ ਕੇ ਪਿੱਟੇ।ਡਾਇਰੀ ਲਿਖੀ,ਮਨ ਸ਼ਾਂਤੀ ਨਾ ਹੋਇਆ।
ਮਨ ਦੀ ਪੀੜਾ,ਬਾਦਸ਼ਾਹ ਨੂੰ ਚਿੱਠੀ ।"..... ਕਿ ਭਾਰਤ ਇੱਕ ਨਵੇਂ ਪ੍ਰਬੰਧ ਦੀ ਜਨਮ ਪੀੜਾ ਵਿਚ ਦੀ ਗੁਜ਼ਰ ਰਿਹਾ ਹੈ।" ਲਾਟ ਸਾਹਿਬ,ਜਨਰਲ ਆਚਿਨਲੇਕ ਸਿਰ ਸਿੱਟੀ ਬੈਠਾ।ਫੌਜ 'ਤੇ ਭਰੋਸਾ ਨਹੀਂ ਬੱਝਦਾ। ਬਦਲੀਆਂ ਵਫ਼ਾਦਾਰੀਆਂ ਤੋਂ ਡਰ ਰਿਹਾ।ਫ਼ੌਜੀ ਰਿਪੋਰਟ,ਸਥਿਤੀ ਨਾਲ ਨਿਪਟਣ ਪੱਖੋਂ ਊਣੀ। ਆਖ਼ਰੀ ਵਾਇਸਰਾਏ ਦੇ ਚੀਫ ਆਫ਼ ਸਟਾਫ਼,ਲਾਰਡ ਇਸਮੇ ਵੀ ਇਹੀ ਲਿਖਦਾ। ਭਾਰਤ ਇੱਕ ਜਹਾਜ਼। ਜਹਾਜ਼ ਸਮੁੰਦਰ ਵਿੱਚ। ਸਮੁੰਦਰ ਵਿੱਚ ਅੱਗ ਦੀਆਂ ਲਾਟਾਂ। ਜਹਾਜ਼ ਵਿਚ ਬਰੂਦ।ਲਾਟਾਂ ਬਰੂਦ ਕੋਲ ਪਹੁੰਚਣ ਤੋਂ ਪਹਿਲਾਂ ਪਹਿਲਾਂ ਸਾਨੂੰ ਬਚਾਓ।
........ ਤੇ ਉਹ ਬਚ ਗਏ। ਲਾਟਾਂ ਤੋਂ ਵੀ, ਜ਼ਹਿਰ ਦੀ ਘੁੱਟ ਤੋਂ ਵੀ। ਛਾਲਾਂ ਮਾਰ ਗਏ, ਆਵਦੇ ਸੇਵਾਦਾਰਾਂ ਹੱਥ ਸਟੇਰਿੰਗ ਫੜਾ ਕੇ। ਆਵਦੀ ਸਮਾਜਿਕ, ਸਿਆਸੀ, ਕਨੂੰਨੀ ਤੇ ਵਿਤੀ ਵਿਰਾਸਤ ਸੰਭਾ ਕੇ।
-
ਜਗਮੇਲ ਸਿੰਘ, ਲੇਖਕ
planner1947@gmail.com
9417224822
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.