ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪ੍ਰਸਿੱਧ ਹੱਡੀਆਂ ਦੇ ਮਾਹਿਰ ਡਾ.ਰਾਜ ਬਹਾਦਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ.ਰਾਜ ਬਹਾਦਰ ਤੋਂ ਮੁਆਫ਼ੀ ਮੰਗ ਕੇ ਸਿਆਣਪ ਦਾ ਪ੍ਰਗਟਾਵਾ ਕੀਤਾ ਹੈ। ਮੁਆਫ਼ੀ ਮੰਗਣ ਨਾਲ ਡਾ.ਰਾਜ ਬਹਾਦਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਹੁੰਚੀ ਠੇਸ ਦੀ ਭਰਪਾਈ ਤਾਂ ਨਹੀਂ ਹੋ ਸਕਦੀ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਅੱਕੇ ਹੋਇਆਂ ਨੇ ਪੰਜਾਬ ਦੇ ਸੁਨਹਿਰੇ ਭਵਿਖ ਦੀ ਆਸ ਕਰਦਿਆਂ ਬਦਲਾਵ ਲਿਆਂਦਾ ਸੀ। ਇਸ ਬਦਲਾਵ ਦੇ ਸਾਰਥਿਕ ਨਤੀਜਿਆਂ ਦੀ ਉਡੀਕ ਕਰਦਿਆਂ ਪੰਜਾਬ ਦੇ ਲੋਕਾਂ ਨੇ ਨਵੀਂ ਕਿਸਮ ਦੇ ਬਦਲਾਵ ਦੇ ਦਰਸ਼ਨ ਕਰ ਲਏ, ਜਦੋਂ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਕਾਰਕੁਨ ਨਿੱਤ ਨਵੇਂ ਵਾਦ-ਵਿਵਾਦ ਪੈਦਾ ਕਰਕੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰ ਰਹੇ ਹਨ।
ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਸੋਚ ਮਾੜੀ ਨਹੀਂ, ਉਹ ਪੰਜਾਬ ਵਿੱਚ ਭਰਿਸ਼ਟਾਚਾਰ ਖ਼ਤਮ ਕਰਕੇ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨਾ ਚਾਹੁੰਦੀ ਹੈ ਪ੍ਰੰਤੂ ਉਨ੍ਹਾਂ ਦੇ ਮੰਤਰੀ ਅਤੇ ਵਿਧਾਨਕਾਰ ਤਜ਼ਰਬੇ ਦੀ ਘਾਟ ਹੋਣ ਕਰਕੇ ਆਪਹੁਦਰੀਆਂ ਕਰ ਰਹੇ ਹਨ, ਜਿਹੜੀਆਂ ਸਰਕਾਰ ਦੇ ਰਾਹ ਵਿੱਚ ਰੋੜੇ ਅਟਕਾਉਂਦੀਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਰਾਜ ਭਾਗ ਸੰਭਾਲਿਆਂ ਅਜੇ ਮਹਿਜ 4 ਮਹੀਨੇ ਦਾ ਸਮਾਂ ਹੋਇਆ ਹੈ ਪ੍ਰੰਤੂ ਹੁਣ ਤੱਕ ਦਰਜਨ ਤੋਂ ਵੱਧ ਮੰਦਭਾਗੇ ਵਾਦ-ਵਿਵਾਦਾਂ ਵਿੱਚ ਪੈ ਚੁੱਕੀ ਹੈ। ਇਨ੍ਹਾਂ ਵਾਦ-ਵਿਵਾਦਾਂ ਦਾ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਤਜਰਬੇ ਦੀ ਘਾਟ ਹੋਣਾ ਸਮਝਿਆ ਜਾ ਰਿਹਾ ਹੈ।
ਸਰਕਾਰ ਦੇ ਕਾਰਕੁਨਾ ਨੂੰ ਸਿਆਸੀ ਤਾਕਤ ਹਜ਼ਮ ਕਰਨੀ ਔਖੀ ਹੋ ਰਹੀ ਹੈ। ਹੌਲਾ ਭਾਂਡਾ ਛਲਕਦਾ ਜ਼ਿਆਦਾ ਹੈ। ਇਹੋ ਕੁਝ ਹੋ ਬਿਹਾ ਹੈ। ਬਦਲਾਵ ਦੇ ਨਾਮ ‘ਤੇ ਸਿਆਸੀ ਤਾਕਤ ਵਿੱਚ ਆਈ ਸਰਕਾਰ ਹਰ ਦੂਜੇ ਦਿਨ ਨਵਾਂ ਵਾਦ-ਵਿਵਾਦ ਖੜ੍ਹਾ ਕਰਕੇ ਬੈਠ ਜਾਂਦੀ ਹੈ। ਤਾਜ਼ਾ ਵਾਦ-ਵਿਵਾਦ ਅੰਤਰਾਸ਼ਟਰੀ ਪੱਧਰ ਦੇ ਹੱਡੀਆਂ ਦੇ ਮਾਹਿਰ ਬਾਬਾ ਫਰੀਦ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਰਾਜ ਬਹਾਦਰ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕੀਤੇ ਸ਼ਰੇਆਮ ਦੁਰਵਿਵਹਾਰ ਕਾਰਨ ਪੈਦਾ ਹੋਇਆ ਹੈ।
ਪਿਛੇ ਜਹੇ ਗੁਰਦਿੱਤ ਸਿੰਘ ਵਿਧਾਨਕਾਰ ਫਰੀਦਕੋਟ ਅਤੇ ਅਮੋਲਕ ਸਿੰਘ ਵਿਧਾਨਕਾਰ ਜੈਤੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਚੰਗੀਆਂ ਸਿਹਤ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ ਸੀ। ਉਸ ਸਮੇਂ ਮੁੱਖ ਮੰਤਰੀ ਨੇ ਸਿਹਤ ਮੰਤਰੀ ਦੀ ਹਸਪਤਾਲ ਦਾ ਸੁਧਾਰ ਅਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਲਗਾਈ ਸੀ। ਇਸ ਲਈ ਚੇਤਨ ਸਿੰਘ ਜੌੜੇਮਾਜਰਾ ਇਸ ਹਸਪਤਾਲ ਦਾ ਮੁਆਇਨਾ ਕਰਨ ਗਏ ਸਨ। ਸਿਹਤ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਸਪਤਾਲਾਂ ਅਤੇ ਹੋਰ ਸਿਹਤ ਸੰਸਥਾਵਾਂ ਦੀ ਚੈਕਿੰਗ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ। ਇਸ ਅਧਿਕਾਰ ਨੂੰ ਵੰਗਾਰਿਆ ਨਹੀਂ ਜਾ ਸਕਦਾ ਪ੍ਰੰਤੂ ਇਸ ਮੰਤਵ ਲਈ ਸਰਕਾਰੀ ਪ੍ਰਣਾਲੀ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਸਿਹਤ ਮੰਤਰੀ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਹਸਪਤਾਲ ਦਾ ਮੁਆਇਨਾ ਕਰ ਰਹੇ ਸਨ।
ਉਸ ਕਾਲਜ ਅਤੇ ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਕਾਲਜ ਦੇ ਪਿ੍ਰੰਸੀਪਲ ਅਤੇ ਕਾਲਜ ਦੇ ਮੈਡੀਕਲ ਸੁਪਰਇਨਟੈਂਡੈਂਟ ਹਨ। ਉਪ ਕੁਲਪਤੀ ਸਮੁੱਚੇ ਤੌਰ ‘ਤੇ ਯੂਨੀਵਰਸਿਟੀ ਅਤੇ ਉਸ ਅਧੀਨ ਸੰਸਥਾਵਾਂ ਦੇ ਮੁੱਖੀ ਹਨ। ਉਨ੍ਹਾਂ ਦਾ ਕੰਮ ਮੁੱਖ ਤੌਰ ‘ਤੇ ਐਮ.ਬੀ.ਬੀ.ਐਸ. ਅਤੇ ਐਮ.ਐਸ. ਦੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਹੁੰਦੀ ਹੈ। ਸਿਹਤ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਦੇ ਕੰਮ ਨੂੰ ਸਹੀ ਲੀਹਾਂ ‘ਤੇ ਲਿਆਉਣ ਲਈ ਕਿਸ ਅਧਿਕਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਵੈਸੇ ਮੰਤਰੀ ਸਾਹਿਬ ਨੇ ਜਦੋਂ ਚੈਕਿੰਗ ਕਰਨ ਜਾਣਾ ਹੁੰਦਾ ਹੈ, ਉਦੋਂ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਆਪਣੇ ਨਾਲ ਲਿਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਵੀ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਨੂੰ ਪੁਛ ਸਕਦੇ ਸਨ ਜਾਂ ਉਨ੍ਹਾਂ ਨੂੰ ਹੁਕਮ ਕਰ ਸਕਦੇ ਸਨ।
ਚੈਕਿੰਗ ਦੌਰਾਨ ਜੋ ਉਨ੍ਹਾਂ ਨੂੰ ਖਾਮੀਆਂ ਨਜ਼ਰ ਆਈਆਂ ਸਨ, ਉਨ੍ਹਾਂ ਬਾਰੇ ਦਫ਼ਤਰ ਵਿੱਚ ਬੈਠਕੇ ਸੁਧਾਰਨ ਦੇ ਹੁਕਮ ਦੇਣੇ ਚਾਹੀਦੇ ਸਨ। ਜਿਲ੍ਹੇ ਦਾ ਮੁੱਖੀ ਡਿਪਟੀ ਕਮਿਸ਼ਨਰ ਹੁੰਦਾ ਹੈ, ਉਨ੍ਹਾਂ ਨੂੰ ਪ੍ਰਾਗਰੈਸ ਬਾਰੇ ਨਿਗਰਾਨੀ ਰੱਖਣ ਲਈ ਕਹਿਣਾ ਚਾਹੀਦਾ ਸੀ। ਲੋਕਾਂ ਦੀ ਹਾਜ਼ਰੀ ਵਿੱਚ ਕਿਸੇ ਅਧਿਕਾਰੀ ਨੂੰ ਖ਼ਬਰਾਂ ਲਗਵਾਉਣ ਲਈ ਮੀਡੀਆ ਟੀਮ ਨਾਲ ਲਿਜਾ ਕੇ ਜ਼ਲੀਲ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਡਾ.ਰਾਜ ਬਹਾਦਰ ਤਾਂ ਸਤਿਕਾਰ ਵਜੋਂ ਉਨ੍ਹਾਂ ਦੇ ਨਾਲ ਸਨ ਕਿਉਂਕਿ ਉਨ੍ਹਾਂ ਦੇ ਵਿਭਾਗ ਦੇ ਮੰਤਰੀ ਮੁਆਇਨਾ ਕਰਨ ਆਏ ਸਨ। ਸਿਹਤ ਮੰਤਰੀ ਦਾ ਗੱਦਿਆਂ ਦੀ ਸਫਾਈ ਲਈ ਡਾ.ਰਾਜ ਬਹਾਦਰ ਨੂੰ ਮੋਢੇ ਤੋਂ ਫੜ੍ਹਕੇ ਇਹ ਕਹਿਣਾ ਕਿ ਤੁਸੀਂ ਖੁਦ ਗੱਦੇ ‘ਤੇ ਪੈ ਜਾਓ।
ਡਾ.ਰਾਜ ਬਹਾਦਰ ਸ਼ਰੀਫ਼ ਅਤੇ ਨੇਕ ਇਨਸਾਨ ਹਨ, ਜਿਨ੍ਹਾਂ ਸਿਹਤ ਮੰਤਰੀ ਨੂੰ ਜਵਾਬ ਨਹੀਂ ਦਿੱਤਾ। ਉਹ ਜਵਾਬ ਵੀ ਦੇ ਸਕਦੇ ਸਨ ਕਿ ਸਰਕਾਰ ਗ੍ਰਾਂਟ ਦੇਵੇ ਫਿਰ ਸਭ ਕੁਝ ਠੀਕ ਕਰਵਾ ਦਿੱਤਾ ਜਾਵੇਗਾ। ਹਾਲਾਂ ਕਿ ਗ੍ਰਾਂਟ ਦੇਣ ਤੋਂ ਬਾਅਦ ਵੀ ਸਰਕਾਰ ਦੀ ਖ਼੍ਰੀਦੋ ਫਰੋਕਤ ਦੀ ਪ੍ਰਣਾਲੀ ਲੰਬੀ ਹੈ। ਸਿਹਤ ਮੰਤਰੀ ਦੀ ਇਹ ਹਰਕਤ ਬਿਲਕੁਲ ਹੀ ਜ਼ਾਇਜ ਨਹੀਂ ਅਤੇ ਇਤਨੇ ਵੱਡੇ ਸੰਸਾਰ ਪੱਧਰ ਦੇ ਹੱਡੀਆਂ ਦੇ ਮਾਹਿਰ ਡਾਕਟਰ ਨਾਲ ਦੁਰਵਿਵਹਾਰ ਕਰਨਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਨਾ ਹੈ ਅਤੇ ਸਲੀਕੇ ਦੀ ਘਾਟ ਹੈ। ਹੱਡੀਆਂ ਦੇ ਰੋਗਾਂ ਦੇ ਮਰੀਜ਼ ਤਾਂ ਡਾ.ਰਾਜ ਬਹਾਦਰ ਨੂੰ ਮਿਲਣ ਲਈ ਤਰਸਦੇ ਹਨ। ਡਾ.ਰਾਜ ਬਹਾਦਰ ਆਪਣੇ ਇਤਨੇ ਵੱਡੇ ਅਹੁਦੇ ‘ਤੇ ਹੁੰਦਿਆਂ ਵਾਧੂ ਕਾਰਜ ਮੋਹਾਲੀ ਵਿਖੇ ਸਰਕਾਰੀ ਸੰਸਥਾਨ ਵਿੱਚ ਮਰੀਜਾਂ ਨੂੰ ਵੇਖਦੇ ਹੀ ਨਹੀਂ ਉਨ੍ਹਾਂ ਦੇ ਇਲਾਜ ਕਰਨ ਲਈ ਅਪ੍ਰੇਸ਼ਨ ਵੀ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਦੁਰਵਿਵਹਾਰ ਤੋਂ ਬਾਅਦ ਵੀ ਪਹਿਲਾਂ ਨਿਸਚਤ ਕੀਤੇ ਅਪ੍ਰੇਸ਼ਨ ਕਰਨ ਲਈ ਉਹ ਮੋਹਾਲੀ ਹਸਪਤਾਲ ਵਿੱਚ ਅਪ੍ਰੇਸ਼ਨ ਕਰ ਰਹੇ ਹਨ। ਉਹ 13 ਵੱਡੇ ਹਸਪਤਾਲਾਂ ਵਿੱਚ ਕੰਮ ਕਰ ਚੁੱਕੇ ਹਨ, ਜਿਥੇ ਕਦੀਂ ਵੀ ਕਿਸੇ ਨੇ ਉਂਗਲ ਨਹੀਂ ਚੁੱਕੀ।
ਉਨ੍ਹਾਂ ਦਾ 40 ਸਾਲ ਦਾ ਤਜ਼ਰਬਾ ਹੈ। ਉਹ ਪੀ.ਜੀ.ਆਈ.ਚੰਡੀਗੜ੍ਹ ਦੇ ਹੱਡੀਆਂ ਦੇ ਵਿਭਾਗ ਦੇ ਮੁੱਖੀ, 32 ਸੈਕਟਰ ਸਰਕਾਰੀ ਹਸਪਤਾਲ ਚੰਡੀਗੜ੍ਹ ਦੇ ਪਿ੍ਰੰਸੀਪਲ ਅਤੇ ਹੁਣ 2014 ਤੋਂ ਲਗਾਤਾਰ ਤਿੰਨ ਵਾਰੀ ਬਾਬਾ ਫਰੀਦ ਸਿਹਤ ਯੂਨੀਵਰਸਿਟੀ ਦੇ ਉਪ ਕੁਲਪਤੀ ਹਨ। ਉਹ ਨਿਹਾਇਤ ਇਮਾਨਦਾਰ, ਮਿਹਨਤੀ, ਆਪਣੇ ਫ਼ਰਜ਼ ਪ੍ਰਤੀ ਵਫ਼ਾਦਾਰ ਅਤੇ ਨਿਸ਼ਠਾਵਾਨ ਹਨ। ਆਨੰਦਪੁਰ ਸਾਹਿਬ ਵਰਗੇ ਪਛੜੇ ਪਹਾੜੀ ਇਲਾਕੇ ਵਿੱਚੋਂ ਸਹੂਲਤਾਂ ਨਾ ਹੋਣ ਤੇ ਬਾਵਜੂਦ ਪੜ੍ਹਕੇ ਆਏ ਹਨ। ਉਨ੍ਹਾਂ ਦਾ ਆਤਮ ਸਨਮਾਨ ਵੀ ਹੈ, ਜਿਸਨੂੰ ਠੇਸ ਪਹੁੰਚੀ ਹੈ। ਮੰਤਰੀ ਜੀ ਉਨ੍ਹਾਂ ਦਾ ਟ੍ਰੈਕ ਰਿਕਾਰਡ ਹੀ ਚੈਕ ਕਰ ਲੈਂਦੇ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਉਨ੍ਹਾਂ ਨੂੰ ਨਿਯੁਕਤ ਕੀਤਾ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਨਿਯੁਕਤ ਕੀਤਾ ਸੀ। ਜੇਕਰ ਉਹ ਸਹੀ ਨਾ ਹੁੰਦੇ ਤਾਂ ਤੀਜੀ ਵਾਰ ਕਿਵੇਂ ਉਪ ਕੁਲਪਤੀ ਬਣ ਜਾਂਦੇ।
ਸਿਹਤ ਮੰਤਰੀ ਜੀ ਜੇਕਰ ਤੁਸੀਂ ਉਨ੍ਹਾਂ ਨੂੰ ਦਬਾਅ ਪਾ ਕੇ ਹਟਾਉਣਾ ਚਾਹੁੰਦੇ ਤਾਂ ਸੰਭਵ ਨਹੀਂ ਹੁੰਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਜਸਬੀਰ ਸਿੰਘ ਆਹਲੂਵਾਲੀਆ ਨੂੰ ਕੇਸ ਬਣਾ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਉਹ ਅਧਿਕਾਰੀ ਜਿਨ੍ਹਾਂ ਨੇ ਕੇਸ ਬਣਾਏ ਸਨ, ਉਹ ਖੁਦ ਅਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਤਰ੍ਹਾਂ ਡਾ.ਜੋਗਿੰਦਰ ਸਿੰਘ ਪੁਆਰ ਨੂੰ ਹਟਾਉਣ ਦੀ ਕੋਸ਼ਿਸ਼ ਵੀ ਅਸਫਲ ਰਹੀ ਸੀ। ਸਿਹਤ ਮੰਤਰੀ ਨੂੰ ਉਨ੍ਹਾਂ ਦੇ ਸਟੇਟਸ ਨੂੰ ਮੁੱਖ ਰੱਖ ਕੇ ਗੱਲ ਕਰਨੀ ਚਾਹੀਦੀ ਸੀ। ਸਗੋਂ ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇੱਕ ਹੋਰ ਵੀ ਮਹੱਤਵਪੂਰਨ ਨੁਕਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਹੁਦੇ ‘ਤੇ ਲਾਉਣ ਲਈ ਸਿਫ਼ਰਸ਼ ਤਾਂ ਕਰ ਸਕਦੀ ਹੈ ਪ੍ਰੰਤੂ ਅਹੁਦੇ ਤੋਂ ਹਟਾ ਨਹੀਂ ਸਕਦੀ। ਉਹ ਸਿੱਧੇ ਰਾਜਪਾਲ ਪੰਜਾਬ ਦੇ ਅਧੀਨ ਹਨ।
ਸਰਕਾਰ ਬਿਹਤਰੀਨ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ ਤਾਂ ਹਸਪਤਾਲਾਂ ਵਿੱਚ ਦਵਾਈਆਂ ਅਤੇ ਗੱਦਿਆਂ ਲਈ ਪੈਸੇ ਭੇਜਣ। ਮੰਤਰੀ ਜੀ ਨੂੰ ਹੋਮ ਵਰਕ ਕਰਨਾ ਚਾਹੀਦਾ। ਪੰਜਾਬ ਦੇ ਹਸਤਪਤਾਲ ਅਤੇ ਡਿਸਪੈਂਸਰੀਆਂ ਤਾਂ ਦਵਾਈਆਂ, ਮੈਡੀਕਲ ਸਾਮਾਨ ਅਤੇ ਅਮਲੇ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਫਿਰ ਚੈਕਿੰਗ ਕੀਤੀ ਜਾਵੇ ਕਿ ਸਰਕਾਰ ਦਾ ਪੈਸਾ ਠੀਕ ਵਰਤਿਆ ਜਾ ਰਿਹਾ ਹੈ। ਉਹ ਤਾਂ ਉਲਟਾ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਗ੍ਰਹਿਣ ਲਾ ਰਹੇ ਹਨ। ਸਰਕਾਰ ਦੀ ਕੀਤੀ ਕਰਾਈ ਤੇ ਮਿੱਟੀ ਪਾ ਰਹੇ ਹਨ। ਭਗਵੰਤ ਸਿੰਘ ਮਾਨ ਨੂੰ ਆਪਣੇ ਵਿਧਾਨਕਾਰਾਂ ਅਤੇ ਮੰਤਰੀਆਂ ਨੂੰ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਚੋਣਾ ਜਿੱਤਣ ਦਾ ਭਾਵ ਇਹ ਨਹੀਂ ਕਿ ਹਰ ਜਣੇ ਖਣੇ ਦੇ ਗਲ੍ਹ ਪੈ ਜਾਵੋ ਅਤੇ ਅਧਿਕਾਰੀਆਂ ਦੀ ਬੇਇਜ਼ਤੀ ਕਰੋ। ਵੈਸੇ ਤਾਂ ਮੰਤਰੀ ਮੰਡਲ ਦੇ ਗਠਨ ਦਾ ਅਧਿਕਾਰ ਮੁੱਖ ਮੰਤਰੀ ਨੂੰ ਹੁੰਦਾ ਹੈ ਪ੍ਰੰਤੂ ਮੁੱਖ ਮੰਤਰੀ ਨੂੰ ਮੰਤਰੀਆਂ ਦੀ ਚੋਣ ਕਰਨ ਲੱਗਿਆਂ ਉਨ੍ਹਾਂ ਦੀ ਪ੍ਰਬੰਧਕੀ ਕਾਬਲੀਅਤ ਦਾ ਵੀ ਧਿਆਨ ਰੱਖਣਾ ਚਾਹੀਦਾ। ਬਹੁਤੇ ਮੰਤਰੀ ਨਵੇਂ ਹੋਣ ਕਰਕੇ ਪ੍ਰਬੰਧਕੀ ਪ੍ਰਣਾਲੀ ਦੇ ਨਿਯਮਾ ਨੂੰ ਜਾਣਦੇ ਨਹੀਂ ਪ੍ਰੰਤੂ ਮੁੱਖ ਮੰਤਰੀ ਘੱਟੋ ਘੱਟ ਮੰਤਰੀਆਂ ਦੇ ਵਿਭਾਗ ਵੰਡਣ ਸਮੇਂ ਤਾਂ ਖਿਆਲ ਰੱਖਦੇ ਕਿ ਪੜ੍ਹੇ ਲਿਖੇ ਅਮਲੇ ਵਾਲੇ ਵਿਭਾਗ ਕਿਹੜੇ ਮੰਤਰੀ ਨੂੰ ਦੇਣੇ ਹਨ।
ਅਸੀਂ ਚੇਤਨ ਸਿੰਘ ਜੌੜੇਮਾਜਰਾ ਦੀ ਵਿਦਿਅਕ ਯੋਗਤਾ, ਕਾਬਲੀਅਤ ਅਤੇ ਵਿਦਵਤਾ ਬਾਰੇ ਕੁਝ ਨਹੀਂ ਕਹਿ ਰਹੇ ਪ੍ਰੰਤੂ ਸਿਹਤ ਵਿਭਾਗ ਦਾ ਲਗਪਗ ਸਾਰਾ ਅਮਲਾ ਪ੍ਰੋਫ਼ੈਸ਼ਨਲ ਹੁੰਦਾ ਹੈ। ਆਮ ਆਦਮੀ ਪਾਰਟੀ ਦਾ ਇਕ ਮੰਤਰੀ ਰਿਸ਼ਵਤ ਦੇ ਕੇਸ ਵਿੱਚ ਬਰਖਾਸਤ ਕੀਤਾ, ਦੂਜਾ ਸੀਨੀਅਰ ਡਾਕਟਰ ਨੂੰ ਜਲੀਲ ਕਰਦਾ ਵਾਦ-ਵਿਵਾਦ ਵਿੱਚ ਪੈ ਗਿਆ, ਲਗਪਗ ਇਕ ਦਰਜਨ ਵਿਧਾਨਕਾਰ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਦੇ ਚਰਚਾ ਵਿੱਚ ਰਹੇ, ਜਿਨ੍ਹਾਂ ਵਿੱਚ ਜਲੰਧਰ ਦੇ ਏ.ਡੀ.ਸਂੀ ਨਾਲ ਬਦਸਲੂਕੀ, ਲੁਧਿਆਣਾ ਵਿਖੇ ਆਈ.ਪੀ.ਐਸ. ਅਧਿਕਾਰੀ ਨਾਲ ਵਾਦ-ਵਿਵਾਦ, ਪਾਇਲ ਵਿਖੇ ਪੁਲਿਸ ਅਧਿਕਾਰੀ ਨਾਲ ਝਗੜਾ, ਫਰੀਦਕੋਟ ਵਿੱਚ ਸਸਤੀ ਸ਼ਰਾਬ ਲਈ ਢਾਬਿਆਂ ਤੇ ਸ਼ਰਾਬੀਆਂ ਨੂੰ ਮਿਲਣ ਦੀ ਚਰਚਾ, ਭਦੌੜ ਵਿੱਚ ਸਕੂਲਾਂ ਦੀ ਚੈਕਿੰਗ ਆਦਿ ਵਰਨਣਯੋਗ ਹਨ।
ਵਿਧਾਨਕਾਰ ਦਫ਼ਤਰਾਂ ਦੀ ਚੈਕਿੰਗ ਕਰਦੇ ਹਨ ਅਤੇ ਅਧਿਕਾਰੀਆਂ ਦੀਆਂ ਕੁਰਸੀਆਂ ‘ਤੇ ਬੈਠ ਜਾਂਦੇ ਹਨ। ਵਿਧਾਨਕਾਰ ਦਾ ਸਟੇਟਸ ਉਚਾ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਸਟੇਟਸ ਅਨੁਸਾਰ ਵਿਵਹਾਰ ਕਰਨਾ ਚਾਹੀਦਾ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸਿਹਤ ਮੰਤਰੀ ਦੇ ਜ਼ਲੀਲ ਕਰਨ ਤੋਂ ਬਾਅਦ ਡਾ.ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਮੁੱਚੇ ਦੇਸ਼ ਦਾ ਮੈਡੀਕਲ ਭਾਈਚਾਰਾ ਸਿਹਤ ਮੰਤਰੀ ਦੇ ਵਿਵਹਾਰ ਤੋਂ ਗੁੱਸੇ ਵਿੱਚ ਹੈ ਅਤੇ ਨਿੰਦਿਆ ਕਰ ਰਿਹਾ ਹੈ। ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਪਿ੍ਰੰਸੀਪਲ ਡਾ.ਰਾਜੀਵ ਦੇਵਗਣ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਮੈਡੀਕਲ ਸੁਪਰਇਨਟੈਂਡੈਂਟ ਡਾ ਕੇ.ਡੀ.ਸਿੰਘ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ।
ਵਿਰੋਧੀ ਸਿਆਸੀ ਪਾਰਟੀਆਂ ਲਈ ਖਾਮਖ਼ਾਹ ਮੁੱਦਾ ਬਣ ਗਿਆ ਹੈ। ਸ੍ਰ. ਭਗਵੰਤ ਸਿੰਘ ਮਾਨ ਨੂੰ ਆਪਣੇ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਤਾਂ ਜੋ ਲੋਕ ਬਦਲਾਓ ਦਾ ਆਨੰਦ ਮਾਣ ਸਕਣ। ਸਿਆਸੀ ਲੋਕ ਰਾਜ ਬਹਾਦਰ ਨਾਲ ਹੋਈ ਬਦਸਲੂਕੀ ਤੇ ਸਿਆਸਤ ਕਰ ਰਹੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ। ਵੈਸੇ ਇਸ ਸਮੇਂ ਸਮੁਚਾ ਪੰਜਾਬ ਡਾ.ਰਾਜ ਬਹਾਦਰ ਨਾਲ ਖੜ੍ਹਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.