ਗੁਰਭਜਨ ਗਿੱਲ ਕਵਿਤਾ ਦੀ ਰੂਹ ਤੋਂ ਡਾਹਢਾ ਵਾਕਿਫ਼ ਹੈ। ਕਵਿਤਾ ਉਸ ਲਈ ਭਗਤੀ ਵੀ ਹੈ ਅਤੇ ਸ਼ਕਤੀ ਵੀ। ਉਹ ਐਸਾ ਦਰਵੇਸ਼ ਹੈ ਜਿਹੜਾ ਸ਼ਬਦਾਂ ਦੀ ਸੇਲ੍ਹੀਆਂ ਟੋਪੀਆਂ ਸਜਾ ਕੇ ਹੀ ਕੇਹੀ ਜਦੋਂ ਜਾਵੇ ਤਾਂ ਮੇਲਾ ਭਰ ਜਾਂਦਾ ਹੈ। ਹਰਫ਼ਾਂ ਦੀਆਂ ਬਾਰੀਕੀਆਂ ਨੂੰ ਪਛਾਨਣ ਲਈ ਉਹ ਪਾਰਦਰਸ਼ੀ ਨਜ਼ਰ ਵਾਲਾ ਅਲਬੇਲਾ ਸ਼ਾਇਰ ਹੈ। ਸੁਰ ਤਾਲ ਦੀ ਸਮਝ ਰੱਖਦਾ ਹੋਇਆ ਉਹ ਛੰਦ ਮੁਕਤ ਕਵਿਤਾ ਵੀ ਲੈਅ ਤਾਲ ਦਾ ਪੂਰਾ ਧਿਆਨ ਰੱਖ ਕੇ ਇਸ ਵਿੱਚੋਂ ਰਬਾਬ ਦੀ ਟੁਣਕਾਰ ਜਿਹੇ ਬੋਲ ਕੱਢ ਸਕਦਾ ਹੈ। ਉਹ ਰਾਵੀ ਦੇ ਗੁਲਨਾਰੀ ਪਾਣੀਆਂ ਦੇ ਤਰੌਂਕੇ ਮਾਰ ਕੇ ਧੁਖ਼ਦੇ ਮਨ - ਤੰਦੂਰ ਨੂੰ ਮੋਰਪੰਖ ਦੀ ਝੱਲ ਮਾਰ ਕੇ ਪੰਜਾਂ ਪਾਣੀਆਂ ਦੀ ਖ਼ੈਰ ਮੰਗਦਾ ਹੈ। ਧਰਤੀ ਨਾਦ ਅਤੇ ਅਗਨ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਉਹ ਮਿੱਟੀ ਦੇ ਬਾਵੇ ਨੂੰ ਵੀ ਬੋਲਣ ਲਾ ਸਕਦਾ ਹੈ। ਫੁਲਾਂ ਦੀ ਝਾਂਜਰ ਨੂੰ ਬੰਨ੍ਹ ਕੇ ਜਦੋਂ ਮਿਰਗਾਵਲੀ ਚੜ੍ਹਦੇ ਸੂਰਜ ਦੀ ਸੰਧੂਰਦਾਨੀ ਵਿੱਚੋਂ ਫੁੱਟਦੀਆਂ ਰਿਸ਼ਮਾਂ ਸੰਗ ਕਲੋਲ ਕਰਦੀ ਹੈ ਤਾਂ ਮਨ ਪਰਦੇਸੀ ਨੂੰ ਸ਼ੀਸ਼ਾ ਝੂਠ ਬੋਲਦਾ ਨਜ਼ਰ ਆਉਂਦਾ ਹੈ। ਇਹ ਮਨ ਦੇ ਬੂਹੇ ਬਾਰੀਆਂ ਭੇੜ ਕੇ ਜਦੋਂ ਯਾਦਾਂ ਦੇ ਸੁਰਖ ਸਮੁੰਦਰ ਵਿੱਚ ਉੱਤਰਦਾ ਹੈ ਤਾਂ ਦੋ ਹਰਫ਼ ਰਸੀਦੀ ਪੜ੍ਹ ਕੇ ਉਹ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ,ਮਨ ਦੇ ਕੈਮਰੇ ਦੀ ਅੱਖ ਰਾਹੀਂ ਪੱਤੇ ਪੱਤੇ ਲਿਖੀ ਇਬਾਰਤ ਪੜ੍ਹਨ ਦੇ ਸਮਰੱਥ ਹੋ ਜਾਂਦਾ ਹੈ।
ਸਮੇਂ ਦੀ ਚਰਖੜੀ ਨੂੰ ਗੇੜਦਿਆਂ ਕਵੀ ਨੇ ਸਾਲ 2013 ਤੋਂ 2020 ਤੀਕ ਦੇ ਆਪਣੇ ਕਾਵਿ ਅਨੁਭਵ ਨੂੰ ਹੱਥਲੇ ਕਾਵਿ ਸੰਗ੍ਰਹਿ ਵਿੱਚ ਬੜੀ ਕਰੀਨੇ ਅਤੇ ਸਲੀਕੇ ਨਾਲ ਸਹੇਜਿਆ ਹੈ।
ਉਹ ਸੰਵੇਦਨਸ਼ੀਲ ਮਨ ਅਤੇ ਹੱਸਾਸ ਹਿਰਦੇ ਦਾ ਸੁਆਮੀ ਹੈ। ਇਨ੍ਹਾਂ ਵਰ੍ਹਿਆਂ ਵਿਚ ਮਨੁੱਖੀ ਜਾਤੀ ਦੇ ਭਵਿੱਖ ਤੇ ਮਾਰੂ ਅਸਰ ਪਾਉਣ ਵਾਲੀਆਂ ਅਨੇਕ ਘਟਨਾਵਾਂ ਦੇਸ਼ ਅਤੇ ਦੁਨੀਆਂ ਵਿਚ ਵਾਪਰੀਆਂ ਹਨ। ਭਾਰਤ ਵਿੱਚ 2014 ਤੋਂ ਧਰਮ ਆਧਾਰਿਤ ਰਾਜਨੀਤੀ, ਸੌੜੇ ਅਤੇ ਸੰਕੀਰਣ ਵਿਚਾਰਾਂ ਦਾ ਰਾਜ ਤੇ ਸਮਾਜ ਵਿੱਚ ਬੋਲਬਾਲਾ ਹੈ। ਮਨੁੱਖ ਦੀ ਪਹਿਚਾਣ ਉਸਦੇ ਮਜ਼੍ਹਬ, ਫਿਰਕੇ ਜਾਂ ਜ਼ਾਤ ਪਾਤ ਨਾਲ ਕੀਤੀ ਜਾਣ ਲੱਗ ਪਈ ਹੈ। ਪੁਰਾਣੀਆਂ ਸੱਭਿਆਚਾਰਕ ਇਕਾਈਆਂ, ਖੇਤਰੀ ਪਹਿਚਾਣਾਂ
ਕਾਟੇ ਹੇਠ ਹਨ।
ਆਮ ਆਦਮੀ ਦੀ ਕੀਮਤ ਤੇ ਕੁਝ ਚੁਨਿੰਦਾ ਕਾਰਪੋਰੇਟ, ਆਪਣੇ ਆਰਥਿਕ ਸਾਮਰਾਜ ਵਿਚ ਬੇਤਹਾਸ਼ਾ ਵਾਧਾ ਕਰ ਰਹੇ ਹਨ। ਅਮੀਰੀ ਤੇ ਗ਼ਰੀਬੀ ਵਿਚਲਾ ਪਾੜਾ ਦਿਨ ਰਾਤ ਵਧ ਰਿਹਾ ਹੈ। ਦੇਸ਼ ਵਿੱਚ ਬੇਰੁਜ਼ਗਾਰ ਜੁਆਨੀ ਅਪਰਾਧ, ਨਸ਼ੇ ਜਾਂ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ।
ਸੰਨ 2020 ਅਤੇ 2021 ਦੇ ਸਾਲਾਂ ਵਿਚ ਕੋਰੋਨਾ ਮਹਾਂਮਾਰੀ ਦਾ ਜਿਹੜਾ ਕਹਿਰ ਵਾਪਰਿਆ, ਇਸ ਦੀ ਸਭ ਤੋਂ ਭਿਆਨਕ ਮਾਰ ਹੇਠਲੇ ਤਬਕੇ ਨੂੰ ਹੀ ਪਈ। ਸੜਕਾਂ ਤੇ ਪੈਰਾਂ ਵਿੱਚ ਛਾਲਿਆਂ ਵਾਲੇ ਲੱਖਾਂ ਦੇ ਕਾਫ਼ਲੇ, ਪ੍ਰਬੰਧ ਦੀ ਨਾਕਾਮੀ ਦੀ ਸੂਚਕ ਸਨ। ਸੰਨ 2020-21 ਵਿੱਚ ਜਦੋਂ ਤਿੰਨ ਕਾਲੇ ਕਾਨੂੰਨ ਲਿਆ ਕੇ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀ ਭੋਇੰ, ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਸੀ।
ਦਿੱਲੀ ਦੀਆਂ ਬਰੂਹਾਂ ਤੇ ਤੇਰਾਂ ਮਹੀਨਿਆਂ ਦੇ ਲਗਪਗ, 735 ਸ਼ਹਾਦਤਾਂ ਵਾਲਾ ਇੱਕ ਕਿਸਾਨ ਅੰਦੋਲਨ ਚੱਲਿਆ ਸੀ ਜਿਸ ਨੇ ਕੇਂਦਰੀ ਸੱਤਾ ਦੇ ਥੰਮ੍ਹ ਹਿਲਾ ਦਿੱਤੇ ਸੀ। ਇਸ ਇਤਿਹਾਸਕ ਅੰਦੋਲਨ ਨੂੰ ਵੀ ਸਾਡਾ ਕਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦਾ ਹੈ। ਇਹ ਲੋਕ ਮੁਖੀ ਸਰੋਕਾਰਾਂ ਵਾਲੀ ਕਵਿਤਾ ਹੈ।
ਗੁਰਭਜਨ ਗਿੱਲ ਆਦਿ ਕਵੀ ਤੇ ਰਮਾਇਣ ਦੇ ਕਰਤਾ ਮਹਾਂ ਰਿਸ਼ੀ ਵਾਲਮੀਕਿ ਜੀ ਨੂੰ, ਸੂਰਜ ਨਾਲ ਤੁਲਨਾਉਂਦਾ ਹੈ। ਉਸ ਦੇ ਅਨੁਸਾਰ ਸੂਰਜ ਇਕ ਥਾਂ ਤੇ ਸਥਿਰ ਹੈ ਜੋ ਆਪਣੀ ਧੁਰੀ ਦੁਆਲੇ ਹੀ ਘੁੰਮਦਾ ਹੈ। "ਸੂਰਜ ਨੂੰ ਕਿਸੇ ਵੀ ਜ਼ਾਵੀਏ ਤੋਂ ਨਿਹਾਰੋ
ਉਹ ਸੂਰਜ ਹੀ ਰਹਿੰਦਾ ਹੈ
ਨਾ ਡੁੱਬਦਾ ਨਾ ਚੜ੍ਹਦਾ,
ਤੁਸੀਂ ਹੀ ਹੇਠ ਉੱਤੇ ਹੁੰਦੇ ਹੋ।
"ਰੰਗ , ਜ਼ਾਤ ,ਗੋਤ, ਧਰਮ, ਨਸਲ
ਤੋਂ ਬਹੁਤ ਉਚੇਰਾ ਹੈ।
ਰਵੀ ਆਦਿ ਕਵੀ ਵਾਲਮੀਕ
ਸੂਰਜ ਦੀ ਜ਼ਾਤ ਪਾਤ ਨਹੀਂ,
ਸਰਬ ਕਲਿਆਣੀ ਔਕਾਤ ਹੁੰਦੀ ਹੈ। ਤਾਂ ਹੀ ਉਸਦੇ ਆਉਂਦਿਆਂ
ਪਰਭਾਤ ਹੁੰਦੀ ਹੈ।"
(ਸੂਰਜ ਦੀ ਜ਼ਾਤ ਨਹੀਂ ਹੁੰਦੀ)
ਅੱਜ ਦਾ ਕਾਰਪੋਰੇਟੀ ਪੂੰਜੀਵਾਦ ਦੁਨੀਆਂ ਵਿਚ ਹਾਬੜਿਆ ਫਿਰਦਾ ਹੈ। ਇੱਕ ਧਰੁਵੀ ਸੰਸਾਰ ਵਿੱਚ ਉਹ ਵਿਰੋਧੀ ਸੁਰਾਂ ਨੂੰ ਸੁਣਨ ਤੋਂ ਇਨਕਾਰੀ ਹੈ। ਉਹ ਦੁਨੀਆਂ ਵਿੱਚ ਜੋ ਵੀ ਜਿਊਣ ਜੋਗਾ ਉਸ ਨੂੰ ਤਹਿਸ ਨਹਿਸ ਕਰਦਾ ਜਾਂਦਾ ਹੈ ਪਰ ਉਹ ਅੰਦਰੋਂ ਕਿੰਨਾ ਖ਼ੋਖ਼ਲਾ ਹੋ ਚੁੱਕਾ ਹੈ, ਕਵੀ ਗੁਰਭਜਨ ਗਿੱਲ ਦੇ ਸ਼ਬਦਾਂ ਵਿਚ ਉਸ ਦੀ ਪਿਛਾਖੜੀ ਸੋਚ ਤੇ ਵਿਅੰਗ ਹੈ-
"ਸਾਨ੍ਹ ਬਣਦੈ ਪਰ ਹਰ ਦੇਸ਼ ,ਚ,
ਗਿੱਠ ਕੁ ਸੁਰਖ ਕੱਪੜੇ ਤੋਂ ਡਰਦੈ।
ਏਸ ਤੋਂ ਪਹਿਲਾਂ ਕਿ
ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸ ਨੂੰ ਨੱਥ ਪਾਉ ਤੇ ਪੁੱਛੋ,।
ਕਿ ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?....
(ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ)
ਗੁਰਭਜਨ ਗਿੱਲ ਖ਼ੁਰਦੀ ਕਿਸਾਨੀ ਦੇ ਉੱਖੜੇ ਸਿਰਨਾਵਿਆਂ ਵਾਲੀ ਤਖ਼ਤੀ ਨੂੰ, ਸੋਗੀ ਨਜ਼ਰਾਂ ਨਾਲ ਨਿਹਾਰਦਾ ਹੈ। ਕੈਲਾ ਆਡ਼੍ਹਤੀ ਤੂੰ ਜੋ ਪਿੰਡਾਂ ਵਿੱਚ ਜੱਟਾਂ ਦੀ ਜਿਣਸ/ਉਪਜ ਆਪਣੀਆਂ ਖੱਚਰਾਂ ਤੇ ਲੱਦ ਕੇ ਮੰਡੀ ਵਿੱਚ ਵੇਚਦਾ ਸੀ, ਖ਼ੁਦ ਬੋਰੀਆਂ ਲੱਕ ਤੇ ਚੁੱਕਦਾ, ਅੱਜ ਸਰਦਾਰ ਕਰਨੈਲ ਸਿੰਘ ਬਣ ਗਿਆ ਹੈ ਜਿਸ ਦੀ ਹੁਣ ਰੱਤ ਪੀਣੀ ਵਹੀ ਜਰਨੈਲ ਸਿੰਘ ਜਿਹੇ ਕਿਸਾਨਾਂ ਦੀਆਂ ਜ਼ਮੀਨਾਂ ਡਕਾਰ ਗਈ ਹੈ ਤੇ ਉਹ ਜਰਨੈਲ ਸਿੰਘ ਵਿਚਾਰਾ ਜੈਲੂ ਬਣਿਆ ਅੱਜ ਦਿਨ ਰਾਤ ਝੋਰਿਆਂ ਦੀ ਚੱਕੀ ਝੋਈ ਰੱਖਦਾ ਹੈ-
"ਮੀਂਹ ਕਵੀ ਚ ਕੋਠਾ ਚੋਂਦਾ ਹੈ।
ਕੋਠੇ ਜਿੱਡੀ ਧੀ ਦਾ ਕੱਦ ਡਰਾਉਂਦਾ ਹੈ।
ਸਕੂਲੋਂ ਹਟੇ ਪੁੱਤਰ ਨੂੰ
ਫ਼ੌਜ ਵੀ ਨਹੀਂ ਲੈਂਦੀ,
ਅਖੇ ਛਾਤੀ ਘੱਟ ਚੌੜੀ ਹੈ।
ਕੌਣ ਦੱਸੇ ?
ਇਹ ਹੋਰ ਸੁੰਗੜ ਜਾਣੀ ਹੈ,
ਇੰਜ ਹੀ ਪੁੜਾਂ ਹੇਠ।
"ਚਿੱਟੇ ਚਾਦਰੇ ਵਾਲਾ ਸਰਦਾਰ ਜਰਨੈਲ ਸਿੰਘ
ਮੈਲੇ ਪਰਨੇ ਵਾਲਾ ਜੈਲੂ ਕਦੋਂ ਬਣਿਆ ?
ਦੋ ਪੱਟਾ ਚਾਦਰਾ ਸੁੰਗੜ ਕੇ,
ਪਰੋਲੇ ਜਿਹਾ ਪਰਨਾ ਕਦੋਂ ਬਣਿਆ ?
ਹੇਠ ਵਿਛੀ ਦਰੀ ਕਦੋਂ
ਖਿੱਚ ਕੇ ਕੋਈ ਲੈ ਗਿਆ,
ਪਤਾ ਨਹੀਂ ਲੱਗਿਆ ।
(ਬਦਲ ਗਏ ਮੰਡੀਆਂ ਦੇ ਭਾਅ)
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਆਏ ਦਿਨ ਹੁੰਦੀਆਂ ਆਤਮ ਹੱਤਿਆਵਾਂ ਤੋਂ ਦੁਖੀ ਕਵੀ ਮਨ, ਆਪਣੇ ਪਾਠਕ ਸਰੋਤੇ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਹੈ-
"ਹੱਟੀ ਤੇ ਜਾ ਕੇ ਅਖ਼ਬਾਰ ਸੁਣਦਾ ਹੈ।ਮਰਨ ਰੁੱਤੇ ਕਿੱਥੇ ਕਿੱਥੇ ਕੌਣ ਗਿਆ?
ਹਰ ਦੇ ਦੁਆਰ
ਅੱਖੀਆਂ ਪੂੰਝਦਾ ਖ਼ੁਦ ਨੂੰ ਕਹਿੰਦਾ ਹੈ
ਓ ਜਰਨੈਲਾ !
ਤੂੰ ਨਾ ਮਰੀਂ।
ਕਿਉਂ ਨਾ ਕਰੀਂ,
ਜਦ ਤਕ ਜੀਣਾ ਹੈ
ਅੜਨਾ ਹੈ ਖੜ੍ਹਨਾ ਹੈ।
ਮਰਨੋਂ ਪਹਿਲਾਂ ਲੜਨਾ ਹੈ।....
( ਉਪਰੋਕਤ )
ਅੱਜ ਜਦੋਂ ਦੁਨੀਆਂ ਦੀ ਜ਼ਿਆਦਾਤਰ ਵੱਸੋਂ ਰੋਟੀ ਰੋਜ਼ੀ ਦੇ ਓਹੜ ਪੋਹੜ ਵਿੱਚ ਹੀ ਰੁੱਝੀ ਰਹਿੰਦੀ ਹੈ, ਸਾਮਰਾਜੀ ਸ਼ਕਤੀਆਂ ਆਪਣੇ ਨਵੇਂ ਬਣੇ ਹਥਿਆਰ ਵੇਚਣ ਲਈ ਨਿੱਤ ਨਵੇਂ ਸੂਰਜ ਦੁਨੀਆਂ ਦੀ ਕਿਸੇ ਨਾ ਕਿਸੇ ਗੁੱਠ ਵਿੱਚ ਸੇਹ ਦਾ ਤੱਕਲਾ ਗੱਡੀ ਰੱਖਦੀਆਂ ਹਨ। ਨਾਗਾਸਾਕੀ ਤੇ ਹੀਰੋਸ਼ੀਮਾ ਜਾਪਾਨ ਦੇ ਦੋ ਸ਼ਹਿਰ ਪਰਮਾਣੂੰ ਤਬਾਹੀ ਦੇ ਸੱਲ, ਅੱਜ ਵੀ ਆਪਣੀ ਧਰਤੀ ਵਿੱਚ, ਉਸ ਰਿਸਦੇ ਜ਼ਖ਼ਮਾਂ ਵਾਂਗ ਲਈ ਫਿਰਦੇ ਹਨ।
2.
ਵੀਅਤਨਾਮ, ਉੱਤਰੀ ਏਸ਼ੀਆ ਕੋਰੀਆ, ਅਫ਼ਗਾਨਿਸਤਾਨ, ਫਲਸਤੀਨ, ਇਰਾਨ ਆਦਿ ਅਤੇ ਹੁਣ ਯੂਕਰੇਨ, ਅਮਰੀਕਾ ਪੱਖੀ ਨਾਟੋ ਮੁਲਕਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਰੂਸੀ ਫ਼ੌਜੀ ਹਮਲੇ ਦਾ ਨਿਸ਼ਾਨਾ ਬਣਿਆ ਹੈ।
ਗੁਰਭਜਨ ਗਿੱਲ ਸਾਡੇ ਸੰਸਾਰ ਲਈ ਅਮਨ ਦੀ ਖ਼ੈਰ ਮੰਗਦਾ ਹੈ ਕਿਉਂਕਿ ਜੰਗ ਤਬਾਹੀ ਤੇ ਭੁੱਖਮਰੀ ਲਿਆਉਂਦਾ ਹੈ -
"ਗਾਉਂਦੀਆਂ ਨੇ ਦਰਦ ਰਾਗ,
ਖੰਭ ਖਿੱਲਰੇ ਨੇ ਕਾਵਾਂ ਦੇ
ਜੰਗਬਾਜ਼ਾਂ ਬਸ ਕਰ ਤੂੰ,
ਪੁੱਤ ਮੁੱਕ ਚੱਲੀ ਮਾਵਾਂ ਦੇ।
"ਪਰਮਾਣੂ ਜੰਗ ਦੇ ਪਹਿਲੇ ਵਰਕੇ ਨੇ,
ਸਬਕ ਦਿੱਤਾ ਪੂਰੇ ਬ੍ਰਹਿਮੰਡ ਨੂੰ।
ਪਿਕਾਸੋ ਦੇ ਚਿੱਤਰ ਵਾਲੀ,
ਘੁੱਗੀ ਦੇ ਮੂੰਹ ਵਿੱਚ ਫੜੀ
ਜੈਤੂਨ ਦੀ ਪੱਤੀ,
ਨਾ ਮੁਰਝਾਏ ਕਦੇ।
ਉਹ ਜ਼ਾਲਮ ਮੌਤ ਦਾ ਉੱਡਣ ਖਟੋਲਾ ਪਰਤ ਨਾ ਆਵੇ ਕਦੇ।
(ਪਰਮਾਣੂ ਦੇ ਖ਼ਿਲਾਫ਼ )
ਲੋਕਤੰਤਰ ਮਜ਼ਾਕ ਬਣ ਕੇ ਰਹਿ ਗਿਆ। ਕੁਝ ਕੁ ਟੱਬਰਾਂ / ਵਿਅਕਤੀਆਂ ਦੇ ਗਿਰਦੇ ਸੱਤਾ ਤੰਤਰ ਘੁੰਮੀ ਜਾਂਦਾ ਹੈ। ਹਸਪਤਾਲਾਂ ਵਿੱਚ ਦਵਾਈ ਨਹੀਂ, ਸਕੂਲਾਂ ਵਿੱਚ ਪੜ੍ਹਾਈ ਨਹੀਂ। ਲੋਕਾਂ ਨੂੰ ਧੜਿਆਂ ਵਿੱਚ ਵੰਡ ਕੇ ਉਹ ਦੁਫ਼ੇੜਬਾਜ਼ ਆਪੋ ਵਿਚ ਕਰਿੰਘੜੀ ਪਾ ਕੇ ਤੁਰਦੇ ਹਨ, ਅਤੇ "ਉੱਤਰ ਕਾਟੋ ਮੈਂ ਚੜ੍ਹਾਂ" ਦੀ ਖੇਡ ਖੇਡਦੇ ਹਨ।
ਕਵੀ ਪੰਜੀਂ ਸਾਲੀਂ ਲੱਗਣ ਵਾਲੇ ਚੋਣ ਮੇਲੇ ਅਤੇ ਇਸ ਪ੍ਰਬੰਧ ਵਿਵਸਥਾ ਨੂੰ ਸਰਕਸ ਦੀ ਖੇਡ ਹੀ ਦੱਸਦਾ ਹੈ-
"ਸਹਿਮੀਆਂ ਸਹਿਮੀਆਂ
ਧੀਆਂ ਧਿਆਣੀਆਂ,
ਪੁੱਛਦੀਆਂ ਹਨ ?
ਉਹ ਪਿੜ ਕਿੱਧਰ ਗਿਆ ?
ਜਿੱਥੇ ਬੋਲੀਆਂ ਪੈਂਦੀਆਂ ਸਨ।
ਮਾਣ ਭਰਾਵਾਂ ਦੇ,
ਮੈਂ ਕੱਲੀ ਖੇਤ ਨੂੰ ਜਾਵਾਂ ।
"ਸਾਨੂੰ ਟੋਟਿਆਂ ਧੜਿਆਂ ਚ
ਡੱਕਰੇ ਕਰਕੇ,
ਆਪਸ 'ਚ ਹੱਸ ਹੱਸ ਬੋਲਦੇ
ਬੰਦ ਕਮਰਿਆਂ 'ਚ,
ਆਪ ਕੁੜਮਾਚਾਰੀਆਂ ਤੇ
ਯਾਰਾਨੇ ਪਾਲਦੇ।"....
(ਅਜਬ ਸਰਕਲ ਵੇਖਦਿਆਂ)
ਸਾਡੇ ਲੋਕਾਂ ਦੀ ਦੱਬੂ ਮਾਨਸਿਕਤਾ ਤੋਂ ਵੀ ਕਵੀ ਪਰੇਸ਼ਾਨ ਹੈ। ਲੋਕਤੰਤਰ ਭੀੜਤੰਤਰ ਵਿੱਚ ਬਦਲ ਚੁੱਕਾ ਹੈ ਤੇ ਭੀੜ ਭੇਡ ਚਾਲ ਦਾ ਸ਼ਿਕਾਰ ਹੈ। ਵਿਅੰਗ ਦੀ ਵਿਧਾ ਵਰਤ ਕੇ ਸ਼ਾਇਰ ਡਾਰਵਿਨ ਦੀ ਵਿਕਾਸਵਾਦੀ ਸਿਧਾਂਤ ਤੇ ਹੀ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ,ਜਿਸ ਵਿਚ ਮੁੱਢਲੇ ਮਨੁੱਖ ਦੇ ਵਿਕਾਸ ਦੇ ਪੜਾਅ ਮਿਥੇ ਗਏ ਸਨ।
"ਡਾਰਵਿਨ ਝੂਠ ਬੋਲਦਾ ਹੈ
ਸਾਡਾ ਵਿਕਾਸ ਬਾਂਦਰ ਤੋਂ ਨਹੀਂ
ਭੇਡਾਂ ਤੋਂ ਹੋਇਆ ਹੈ
ਭੇਡਾਂ ਸਾਂ
ਭੇਡਾਂ ਹਾਂ ਤੇ ਭੇਡਾਂ ਹੀ ਰਹਾਂਗੀਆਂ
ਜਦ ਤੀਕ ਸਾਨੂੰ ਆਪਣੀ
ਉੱਨ ਦੀ ਕੀਮਤ ਦਾ
ਪਤਾ ਨਹੀਂ ਲੱਗਦਾ
ਕਿ ਸਾਨੂੰ ਚਾਰਨ ਵਾਲਾ ਹੀ
ਸਾਨੂੰ ਮੁੰਨਦਾ ਹੈ।
(ਡਾਰਵਿਨ ਝੂਠ ਬੋਲਦਾ ਹੈ )
ਦੇਸ਼ ਵਿੱਚ ਦੱਖਣ ਪੱਖੀ ਰਾਜਨੀਤੀ ਦਾ ਬੋਲਬਾਲਾ ਹੈ। ਇਤਿਹਾਸ ਦੀਆਂ ਗਲਤੀਆਂ ਨੂੰ ਸੁਧਾਰਨ ਦੇ ਨਾਂ ਤੇ ਵਿਦੇਸ਼ਾਂ ਦੇ ਹਜੂਮੀ ਕਤਲ ਆਨੇ-ਬਹਾਨੇ ਘੜ ਕੇ ਕੀਤੇ ਜਾ ਰਹੇ ਹਨ। ਸ਼ਮਸ਼ਾਨ, ਕਬਰਿਸਤਾਨ, ਮੰਦਰ ਮਸਜਿਦ, ਧਰਮਬਦਲੀ, ਹਿਜ਼ਾਬ, ਨਾਗਰਿਕਤਾ ਪ੍ਰਮਾਣ ਪੱਤਰ, ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜ਼ਾ ਖੋਹ ਕੇ ਤਿੰਨ ਟੁਕੜੇ ਕਰਨੇ,ਸਾਮਾਨ ਨਾਗਰਿਕ ਸਿਵਿਲ ਕੋਡ, ਲਵ ਜਹਾਦ ਆਦਿ ਇਸ ਸਿਆਸਤ ਦੀਆਂ ਕੜੀਆਂ ਹਨ। ਜਿਨ੍ਹਾਂ ਤੋਂ ਆਸ ਸੀ ਕਿ ਖੱਬੇ ਪੱਖੀ
ਸੱਤਾ ਸੰਤੁਲਨ ਨੂੰ ਮਜ਼ਦੂਰਾਂ ਕਿਸਾਨਾਂ ਦੇ ਪੱਖ ਵਿਚ ਬਦਲਣਗੇ, ਉਨ੍ਹਾਂ ਦੀ ਫੁੱਟ ਦਰ ਫੁੱਟ ਤੇ ਸਾਡਾ ਕਵੀ ਖ਼ੂਨ ਦੇ ਅੱਥਰੂ ਕੇਰਦਾ ਹੋਇਆ ਇਨ੍ਹਾਂ ਸਾਰੇ ਧੜਿਆਂ ਦੀ ਹਕੀਕੀ ਏਕਤਾ ਲਈ ਉਨ੍ਹਾਂ ਨੂੰ ਵੰਗਾਰਦਾ ਹੈ-
"ਭਰਮ ਸੀ ਕੇ ਤੁਸੀਂ ਮੁਕਤੀ ਦਾਤਾ ਹੋ।ਟੋਏ ਚੋਂ ਕੱਢੋਗੇ ਖੁੱਭਿਆ ਪਹੀਆ।
ਪਰ ਤੁਸੀਂ ਵੀ ਆਪਸ ਵਿੱਚ
ਜ਼ਿੰਦਾਬਾਦ ਮੁਰਦਾਬਾਦ ਦੀ
ਜਿੱਲ੍ਹਣ ਵਿੱਚ ਫਸੇ ਹੋਏ ਹੋਏ ਹੋ।
ਬਾਈ ਮੰਜੀਆਂ ਵਾਲੇ
ਵੰਨ ਸੁਵੰਨੇ ਧੜੇ ਬਾਜ਼ੋ।
ਇਕ ਬੱਸ ਚ ਕਦੇ ਨਹੀਂ ਬੈਠਦੇ
ਸਾਰੇ ਦਿੱਲੀ ਦੇ ਸਵਾਰੋ।
ਆਪੋ ਆਪਣਾ ਘੋੜਾ ਭਜਾਉਂਦੇ
ਮਰ ਚੱਲੇ।"....
(ਭੱਠੇ ਚ ਤਪਦੀ ਮਾਂ )
ਮਾਂ ਜਿਹਾ ਸਕੂਨ ਭਰਿਆ ਹੋਰ ਕੋਈ ਸ਼ਬਦ ਨਹੀਂ। ਬਿਪਤਾ ਵੇਲੇ ਹਰ ਮਨੁੱਖ ਨੂੰ ਮੂੰਹੋਂ 'ਹਾਏ ਮਾਂ' ਹੀ ਨਿਕਲਦਾ ਹੈ। ਬੜਾ ਨਿੱਘਾ ਨਿਵੇਕਲਾ ਤੇ ਅਪਣੱਤ ਭਰਿਆ ਰਿਸ਼ਤਾ ਮਾਂ ਹੈ। ਉਸ ਦੀ ਅਉਧ, ਆਪਣੇ ਬੱਚਿਆਂ ਦੇ ਫ਼ਿਕਰ ਹੰਢਾਉਂਦਿਆਂ ਬਤੀਤ ਹੁੰਦੀ ਹੈ। ਕਵੀ ਮਾਂ ਦੀ ਜਾਗਰਿਤ ਮਨੋਦਸ਼ਾ ਦਾ ਉੱਚ ਮੁਲੰਕਣ ਕਰਦਾ ਹੈ। ਉਹ ਮਾਂ ਤੋਂ ਵੀ ਆਪਣੇ ਵਿਰਸੇ,ਭਾਸ਼ਾ ,ਵਿਸ਼ਵਾਸ ਅਤੇ ਸੱਭਿਆਚਾਰ ਨਾਲ ਜੁੜਨ ਦੀ ਜਾਚ ਸਿੱਖਦਾ ਹੈ-
"ਜਿਹੜੇ ਘਰੀਂ ਮਾਵਾਂ ਸੌਂ ਜਾਂਦੀਆਂ,
ਉੱਥੇ ਘਰਾਂ ਨੂੰ ਜਗਾਉਣ ਵਾਲਾ
ਕੋਈ ਨਹੀਂ ਹੁੰਦਾ।
ਰੱਬ ਵੀ ਨਹੀਂ।
" ਮਾਂ ਜਦ ਤੀਕ ਜਾਗਦੀ ਹੈ।
ਲਾਲਟੈਨ ਵੀ ਨਹੀਂ ਬੁਝਣ ਦਿੰਦੀ।
ਪੁੱਤਰ ਧੀਆਂ ਦੇ ਸਗਲ ਸੰਸਾਰ ਲਈ। ਜਾਗਦੀ ਹੈ ਮਾਂ ਅਜੇ
( ਜਾਗਦੀ ਹੈ ਮਾਂ ਅਜੇ )
"ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
ਪੁੱਤ ਇਹ ਦਾ ਪੱਲਾ ਨਾ ਛੱਡੀਂ
ਇਹੀ ਤਾਰਨਹਾਰ ਹੈ।"
( ਮੇਰੀ ਮਾਂ )
ਸੂਖਮ ਮਨੋਭਾਵਾਂ ਨੂੰ ਕਵਿਤਾ ਦਾ ਜਾਮਾ ਪੁਆਉਣ ਵਿਚ ਗੁਰਭਜਨ ਗਿੱਲ ਉਸਤਾਦ ਕਵੀ ਹੈ। ਵਿਅੰਗ ਦੀ ਸਾਣ ਤੇ ਲੱਗਿਆਂ ਉਸ ਦੀ ਕਵਿਤਾ ਦੀ ਧਾਰ ਹੋਰ ਤਿੱਖੀ ਹੋ ਜਾਂਦੀ ਹੈ। ਅਸੀਂ ਕਰੋਨਾ ਕਾਲ ਵਿੱਚ ਖ਼ਾਲੀ ਪੇਟ ਅਤੇ ਸੱਖਣੇ ਭਾਂਡੇ ਖੜਕਾਉਣ ਦੇ ਸੱਤਾਧਾਰੀਆਂ ਵੱਲੋਂ ਲੋਕਾਂ ਨਾਲ ਹੁੰਦਾ ਕਰੂਰ ਮਜ਼ਾਕ ਵੀ ਵੇਖਿਆ ਹੈ।
ਦੇਸ਼ ਦੇ ਮੁੱਠੀ ਭਰ ਮਜ਼ਦੂਰ ਜੋ ਸੰਗਠਿਤ ਖੇਤਰ ਵਿੱਚ ਹਨ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਕੇ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਉਂਦੇ ਹਨ ਪਰ ਕਰੋੜਾਂ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦਾ ਦਰਦ ਕਵੀ ਬਿਆਨਦਾ ਹੈ-
"ਮਜ਼ਦੂਰ ਦਾ
ਕੋਈ ਦਿਹਾੜਾ ਨਹੀਂ ਹੁੰਦਾ
ਦਿਹਾੜੀ ਹੁੰਦੀ ਹੈ
ਟੁੱਟ ਜਾਵੇ ਤਾਂ
ਸੱਖਣਾ ਪੀਪਾ ਰੋਂਦਾ ਹੈ।
ਰਾਤ ਵਿਲਕਦੀ ਹੈ ।
ਤਵਾ ਠਰਦਾ
ਹਉਕੇ ਭਰਦਾ ਹੈ।
ਦਿਹਾੜੀ ਟੁੱਟਿਆਂ
ਬੰਦਾ ਟੁੱਟ ਜਾਂਦਾ ਹੈ ।"
(ਮਜ਼ਦੂਰ ਦਿਹਾੜਾ)
ਜੰਮੂ ਕਸ਼ਮੀਰ ਦੇ ਕਿਸੇ ਧਰਮ ਸਥਾਨ ਵਿਚ ਜਦੋਂ ਆਸਿਫ਼ਾ ਨਾਮ ਦੀ ਇਕ ਬੱਚੀ ਦੀ ਬੇਪਤੀ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਤਾਂ ਕਵੀ ਹਿਰਦਾ ਵਲੂੰਧਰਿਆ ਗਿਆ ਉਸ ਦੀ ਦਰਦਨਾਕ ਮੌਤ ਦੇ ਕੀਰਨੇ ਪਾਉਂਦਾ ਗੁਰਭਜਨ ਗਿੱਲ ਸਾਡੇ ਰਾਜ ਸਮਾਜ ਦੀਆਂ ਉਨ੍ਹਾਂ ਤਰਜੀਹਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਦੇ ਸਾਹਮਣੇ ਮਾਸੂਮ ਆਸਿਫ਼ਾ ਕਿਤੇ ਵੀ ਨਹੀਂ ਟਿਕਦੀ।
" ਜਾ ਨੀ ਧੀਏ ਮਰਨ ਪਿੱਛੋਂ,
ਸਾਡੀਆਂ ਲੋੜਾਂ 'ਚ
ਤੂੰ ਸ਼ਾਮਲ ਨਹੀਂ ਹੋਈ ਅਜੇ
ਨਾ ਤੂੰ ਭਾਰਤ ਮਾਤ ਹੈੰ।
ਨਾ ਗਊ ਦੀ ਜ਼ਾਤ ਹੈ।
ਕਿਉਂ ਬਚਾਈਏ ਤੇਰੀ ਚੁੰਨੀ?
ਤੂੰ ਅਜੇ ਨਾ ਵੋਟ ਹੈਂ।
ਸਾਡੀ ਸੂਚੀ ਵਿਚ ਹਾਲੇ ਤੂੰ,
ਚਿੜੀ ਦਾ ਬੋਟ ਹੈ।
ਆਸਿਫਾ ਤੂੰ ਜਿਸਮ ਹੈ ਮਾਸੂਮ ਭਾਵੇਂ, ਦਾਨਵਾਂ ਖ਼ਾਤਰ ਤੂੰ ਹੈ 'ਭੋਗਣ ਲਈ' ।"
(ਆਸਿਫਾ ਤੂੰ ਨਾ ਜਗਾ)
ਕਵੀ ਨੇ 90 ਕਵਿਤਾਵਾਂ ਵਾਲਾ ਆਪਣਾ ਇਹ ਸੰਗ੍ਰਹਿ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਪ੍ਰਕਾਸ਼ ਸ਼ਤਾਬਦੀ ਤੇ ਉਸ ਸੰਸਾਰ ਨੂੰ ਭੇਂਟ ਕੀਤਾ, ਜਿਥੇ ਆਪ ਦਾ ਇਹ ਸੰਦੇਸ਼ ਗੂੰਜ ਰਿਹਾ ਹੈ-
ਜੋ ਨਾ ਕਿਸੇ ਨੂੰ ਅਕਾਰਨ ਡਰਾਉਂਦਾ ਹੈ ਅਤੇ ਨਾ ਹੀ ਕਿਸੇ ਤੋਂ ਡਰਦਾ ਹੈ।
ਗੁਰੂ ਜੀ ਕਹਿੰਦੇ ਹਨ ਕਿ ਉਹੋ ਮਨੁੱਖ ਗਿਆਨਵਾਨ ਹੈ। ਗੁਰੂ ਜੀ ਨੇ ਆਪਣੀ ਮਹਾਨ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ। ਕਵੀ ਕਹਿੰਦਾ ਹੈ ਕਿ ਗੁਰੂ ਜੀ ਨੇ ਔਰੰਗਜ਼ੇਬ ਨੂੰ ਇਹੋ ਸਮਝਾਇਆ ਸੀ ਕਿ ਜੇ ਕਦੀ ਤਿਲਕਧਾਰੀ ਜ਼ੁਲਮ ਕਰੇਗਾ ਤਾਂ ਮੈਂ ਸੁੰਨਤਧਾਰੀ ਦੇ ਨਾਲ ਹੋਵਾਂਗਾ।
ਉਹ ਭਾਰਤ ਦੀ ਗੰਗਾ-ਯਮੁਨੀ ਤਹਿਜ਼ੀਬ ਨੂੰ ਫ਼ਲਦੀ ਫੁੱਲਦੀ ਵੇਖਣਾ ਚਾਹੁੰਦੇ ਸਨ ਤੇ ਦੇਸ਼ ਦੇ ਬਗੀਚੇ ਵਿਚ ਵਿਚਾਰਾਂ ਰੂਪੀ ਫੁੱਲਾਂ ਦੀ ਵੰਨ ਸੁਵੰਨਤਾ ਬਣਾਈ ਰੱਖਣ ਦੇ ਹਾਮੀ ਸਨ।
ਕੁੱਲ ਧਰਤੀ ਦੇ ਵੰਨ ਸੁਵੰਨੇ
ਜੇ ਨਾ ਰਹੇ ਖਿੜੇ ਫੁੱਲ ਪੱਤੀਆਂ।
ਕਿੰਜ ਆਵੇਗੀ ਰੁੱਤ ਬਸੰਤੀ ਵਗਣਗੀਆਂ ਫਿਰ ਪੌਣਾਂ ਤੱਤੀਆਂ।
ਕੂੜ ਅਮਾਵਸ ਕਾਲਾ ਅੰਬਰ
ਕਿਉਂ ਤਣਦੇ ਹੋ ਏਡ ਅਡੰਬਰ।
(ਮੇਰਾ ਬਾਬਲ)
ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਵੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਕਥਿਤ ਨੀਵੀਆਂ ਜ਼ਾਤੀਆਂ ਦੇ ਭਗਤਾਂ ਦੀ ਬਾਣੀ , ਸੂਫ਼ੀਆਂ ਅਤੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਇਕ ਥਾਂ ਕਰਨ, ਦਰ ਤੇ ਆਏ ਸ਼ਾਹੀ ਬਾਗ਼ੀਆਂ ਦੀ ਲੋੜਵੰਦਾਂ ਵਾਂਗ ਸਹਾਇਤਾ ਕਰਨ ਅਤੇ ਦੀਨ ਦੁਖੀਆਂ ਦੀ ਦਿਲਾਂ ਵਿੱਚ, ਸਿੱਖੀ ਲਈ ਵਧਦਾ ਸਤਿਕਾਰ ਵੇਖ ਕੇ ਹੀ ਹੋਈ ਸੀ। ਕਵੀ ਦੇ ਮੁਤਾਬਿਕ ਗੁਰੂ ਅਰਜਨ ਦੇਵ ਜੀ ਜੋ ਵੱਡੇ ਬਾਣੀਕਾਰ ਅਤੇ ਬਾਣੀ ਦੇ ਸਫ਼ਲ ਚੋਣਕਾਰ ਵੀ ਸਨ, ਇਸ ਬਾਣੀ ਵਾਲੀ ਦੁੱਖ ਸੁੱਖ ਨੂੰ ਇੱਕ ਸਾਮਾਨ ਮੰਨਣ ਵਾਲੀ ਬਿਰਤੀ ਕਾਰਨ ਹੀ ਤੱਤੀ ਤਵੀ ਤੇ ਅਡੋਲ ਬੈਠ ਗਏ ਸਨ। ਗੁਰਭਜਨ ਗਿੱਲ ਇਸ ਕਰਤਾਰੀ ਸ਼ਕਤੀ ਨੂੰ ਕਵਿਤਾ ਦੀ ਸ਼ਕਤੀ ਦੇ ਸਮਵਿੱਥ ਰੱਖ ਕੇ ਵਿਖਾ ਰਿਹਾ ਹੈ ।
"ਆਪਣੇ ਆਪ ਨਾਲ
ਲੜਨ ਸਿਖਾਉਂਦੀ ਹੈ ਕਵਿਤਾ
ਸਾਨੂੰ ਦੱਸਦੀ ਹੈ
ਕਿ ਸੁਹਜ ਦਾ ਘਰ,
ਸਹਿਜ ਦੇ ਬਹੁਤ ਨੇੜੇ ਹੁੰਦਾ ਹੈ।
ਸਬਰ ਨਾਲ
ਜਬਰ ਦਾ ਕੀ ਰਿਸ਼ਤਾ ਹੈ?
ਤਪਦੀ ਤਵੀ ਕਿਵੇਂ ਠਰਦੀ ਹੈ?
ਤਵੀ ਤਪੀਸ਼ਰ ਸਿਦਕਵਾਨ
ਸ਼ਬਦ ਸਿਰਜਕ ਤੇ ਵਹਿਣ ਸਾਰ ਰਾਵੀ
ਸਿਦਕੀ ਲਈ ਕਿਵੇਂ ਬੁੱਕਲ ਬਣਦੀ ਹੈ।"
(ਕਵਿਤਾ ਲਿਖਿਆ ਕਰੋ )
ਕਵੀ ਆਪਣੇ ਅਤੀਤ ਦੇ ਸਬਕ ਸਦਾ ਯਾਦ ਰੱਖਦਾ ਹੈ। ਦਸਮੇਸ਼ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜ਼ਾਲਮ ਦਿੱਲੀਸ਼ਾਹੀ ਦੀਆਂ ਨੀਂਹਾਂ ਹਿਲਾਉਣ ਵਾਲੀ ਸਿੱਧ ਹੋਈ। ਇਸੇ ਲਈ ਸਾਡਾ ਸ਼ਾਇਰ ਉਨ੍ਹਾਂ ਦੇ ਵੱਡੇ ਕਾਰਨਾਮੇ ਤੋਂ ਹਮੇਸ਼ਾ ਪ੍ਰੇਰਨਾ ਲੈ ਕੇ ਹੱਕ, ਸੱਚ ਤੇ ਨਿਆਂ ਦੀ ਲੜਾਈ ਲਈ, ਜੂਝਣ ਵਾਲਿਆਂ ਦਾ ਰਾਹ ਰੌਸ਼ਨ ਕਰਦਾ ਹੈ-
"ਤੇਰਾਂ ਪੋਹ ਦਾ ਧਿਆਨ ਧਾਰਿਓ
ਮੇਰੇ ਵੱਲ ਵੀ ਝਾਤ ਮਾਰਿਓ,
ਜੋ ਫ਼ਰਜ਼ੰਦਾਂ ਚਰਖਾ ਗੇੜਿਆ,
ਸਾਂਭੋ ਉਹ ਸਭ ਪੂਣੀਆਂ ਕੱਤੀਆਂ।"
(ਸਰਹਿੰਦ ਦਾ ਸੁਨੇਹਾ)
ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਨਾਲ ਨਾਲ ਗੁਰਭਜਨ ਗਿੱਲ ਪੰਜਾਬ ਵਿੱਚ ਬਸਤੀਵਾਦ ਵਿਰੋਧੀ ਕੂਕਾ ਲਹਿਰ ਦੀਆਂ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿਚ ਦਿੱਤੀਆਂ ਦਿਲ ਕੰਬਾਊ ਸ਼ਹਾਦਤਾਂ ਦਾ ਵੀ ਜ਼ਿਕਰ ਕਰਦਾ ਹੈ ਕਿਉਂਕਿ ਮਲੇਰਕੋਟਲੇ ਵਿਚ 65 ਕੂਕੇ ਸਿੰਘਾਂ ਦਾ ਤੋਪਾਂ ਨਾਲ ਉਡਾਇਆ ਜਾਣਾ, ਸਾਡੇ ਲੋਕ ਅਵਚੇਤਨ ਦਾ ਸਦੀਵੀ ਭਾਗ ਬਣ ਗਿਆ ਹੈ।
"ਕੂਕੇ ਕੂਕ ਕੂਕ ਬੋਲੇ,
ਅਡੋਲ ਰਹੇ ਕਦਮ ਨਾ ਡੋਲੇ।
ਪੌਣਾਂ 'ਚ ਘੁਲ ਗਏ ਜੈਕਾਰੇ
ਦਸਮੇਸ਼ ਦੇ ਲਾਡਲੇ,
ਬਾਬਾ ਰਾਮ ਸਿੰਘ ਦੇ ਮਾਰਗ ਪੰਥੀ
ਗਊ ਗ਼ਰੀਬ ਰਖਵਾਲੇ
ਮਸਤ ਮਤਵਾਲੇ।
ਕਣ ਕਣ ਕਰੇ ਉਜਾਲੇ।
ਗੁਰੂ ਰੰਗ ਰੱਤੀਆਂ।
ਇੱਕੋ ਥਾਂ ਨਿਰੰਤਰ
ਜਗਦੀਆਂ ਮਘਦੀਆਂ
ਛਿਆਹਠ ਮੋਮਬੱਤੀਆਂ।"
....(ਕੂਕੇ ਸ਼ਹੀਦਾਂ ਨੂੰ ਚਿਤਵਦਿਆਂ)
ਗੁਰੂ ਸਾਹਿਬਾਨ ਦੀਆਂ ਪ੍ਰਕਾਸ਼ ਸ਼ਤਾਬਦੀਆਂ ਤਾਂ ਅਸੀਂ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ। ਆਦਿ ਗੁਰੂ ਬਾਬਾ ਨਾਨਕ ਜੀ ਦੀ 550ਵੀਂ ਪ੍ਰਕਾਸ਼ ਸ਼ਤਾਬਦੀ, ਥਾਂ ਥਾਂ ਤੇ ਇੱਕ ਦੂਜੇ
ਤੋਂ ਵਧ ਚਡ਼੍ਹ ਕੇ ਮਨਾਈ ਗਈ ਪਰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਤੋਂ ਤਾਂ ਅਸੀਂ ਆਪਹੁਦਰੇ , ਅੱਖੜ, ਸੁਆਰਥੀ, ਕੁਨਬਾ ਪਾਲ ਲੋਕ, ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਾਂ। ਬਾਬਾ ਨਾਨਕ ਜੀ ਦੇ ਨਾਲ ਪਰਛਾਵੇਂ ਵਾਂਗ ਜੁੜੇ ਰਹੇ ਭਾਈ ਮਰਦਾਨੇ ਦੇ ਵੰਸ਼ਜਾਂ ਨੂੰ ਮਰਿਆਦਾ ਦੇ ਨਾਮ ਤੇ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਨ ਤੋਂ ਬਿਨਾਂ ਖਾਲੀ ਮੋੜ ਦਿੰਦੇ ਹਾਂ। ਇਸ ਲਈ ਕਵੀ ਨੂੰ ਇਨ੍ਹਾਂ ਸਾਰੇ ਸਮਾਗਮਾਂ ਵਿੱਚੋਂ ਗੁਰੂ ਬਾਬਾ ਗ਼ੈਰਹਾਜ਼ਰ ਨਜ਼ਰ ਆਉਂਦਾ ਹੈ।
"ਥਾਂ ਥਾਂ ਤੰਬੂ ਅਤੇ ਕਨਾਤਾਂ
ਪਹਿਲਾਂ ਨਾਲੋਂ ਕਾਲੀਆਂ ਰਾਤਾਂ ।
ਦਿਨ ਵੀ ਜਿਉਂ ਘਸਮੈਲਾ ਵਰਕਾ ਮਨ ਪਰਦੇਸ ਸਿਧਾਇਆ
ਨਾਨਕ ਨਹੀਂ ਆਇਆ।"
(ਭੈਣ ਨਾਨਕੀ ਵੀਰ ਨੂੰ ਲੱਭਦਿਆਂ )
ਅਭਿਵਿਅਕਤੀ ਦੀ ਸੁਤੰਤਰਤਾ ਤੇ ਰੋਕ ਲੱਗ ਰਹੀ ਹੈ। ਸਰਕਾਰ ਦੇ ਵਿਰੋਧ ਨੂੰ ਰਾਸ਼ਟਰ ਦਾ ਵਿਰੋਧ ਸਮਝਣ ਦੀ ਹਿਮਾਕਤ ਕੀਤੀ ਜਾਂਦੀ ਹੈ। ਨਰੋਈ ਸੋਚ ਅਤੇ ਜਾਗਦੀ ਜ਼ਮੀਰ ਵਾਲੇ ਵਿੱਦਿਅਕ ਅਦਾਰਿਆਂ ਵਿਚ ਪਡ਼੍ਹਨ ਆਏ ਧੀਆਂ ਪੁੱਤਰਾਂ ਨੂੰ, ਗੁੰਡਿਆਂ ਤੋਂ ਪੁਲੀਸ ਦੀ ਮੌਜੂਦਗੀ ਵਿਚ ਕੁਟਵਾਇਆ ਜਾਂਦਾ ਹੈ। ਅਦਾਲਤਾਂ ਦੀ ਮੌਜੂਦਗੀ ਵਿੱਚ ਵਕੀਲ 'ਵਿਰੋਧੀ ਆਵਾਜ਼ਾਂ' ਨਾਲ ਹੱਥੋਪਾਈ ਤੇ ਉੱਤਰ ਆਉਂਦੇ ਹਨ। ਅਜੀਬ ਵਹਿਸ਼ਤ ਦਾ ਦੌਰ ਹੈ। ਇਸ ਦੌਰ ਦੀਆਂ ਜਿਊਣ ਯੋਗ ਘਟਨਾਵਾਂ ਨੂੰ ਵੀ ਕਵੀ ਕਲਮਬੰਦ ਕਰਕੇ ਸਾਂਭ ਲੈਂਦਾ ਹੈ। ਉਹ ਅਰਥਾਂ ਦੇ ਅਨਰਥ ਹੁੰਦੇ ਨਹੀਂ ਵੇਖ ਸਕਦਾ ਤੇ ਅਰਥਾਂ ਦੀ ਸਾਰਥਿਕਤਾ ਤੇ ਰਸ਼ਕ ਕਰਦਾ ਹੈ। ਉਸ ਲਈ ਦੀਪਿਕਾ ਪਾਦੁਕੋਨ ਦਾ ਅਰਥ ਹੈ ਪ੍ਰਕਾਸ਼ ਜਾਈ। ਉਸ ਅਦਾਕਾਰਾ ਨੂੰ ਸਮਰਪਿਤ ਅਨੂਠੇ ਕਾਵਿ ਬੋਲ ਹਨ-
"ਜੇ ਤੂੰ ਸਿਨੇਮਾ ਸਕਰੀਨ ਤੋਂ ਉੱਤਰ
ਹੱਕ ਸੱਚ ਇਨਸਾਫ ਲਈ ਲੜਦੀ ਬੰਗਾਲ ਦੀ ਜਾਈ ਆਇਸ਼ਾ ਘੋਸ਼ ਦਾ,
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਜਾ ਕੇ ਜ਼ਖ਼ਮੀ ਮੱਥਾ ਨਾ ਚੁੰਮਦੀ,
ਤਾਂ ਮੈਨੂੰ ਭਰਮ ਰਹਿਣਾ ਸੀ,
ਕਿ ਮਾਪਿਆਂ ਦੇ ਰੱਖੇ ਨਾਮ
ਵਿਅਰਥ ਹੀ ਹੁੰਦੇ ਹਨ ।
ਤੂੰ ਦੱਸਿਆ
"ਤ੍ਰਿਸ਼ੂਲਾਂ, ਕਿਰਪਾਨਾਂ,
ਡਾਕੂਆਂ ਦੇ ਜਮਘਟੇ ਅੰਦਰ ਘਿਰੇ ਅਸੀਂ ਇਕੱਲੇ ਨਹੀਂ ਹਾਂ
ਬਹੁਤ ਜਣੇ ਹਾਂ।"
ਘੇਰਾ ਤੋੜਨ ਦੇ ਕਾਬਲ
.....( ਪ੍ਰਕਾਸ਼ ਜਾਈ )
ਅੱਜ ਦੇਸ਼ ਦਾ ਸੰਵਿਧਾਨ ਰਹੇਗਾ ਜਾਂ ਇਸ ਦੀ ਥਾਂ 'ਮਨੂ ਸਿਮਰਤੀ' ਜਿਹਾ ਪਿਛਾਖੜ ਪੁਰਾਣ ਲਿਆਂਦਾ ਜਾਏਗਾ।
"ਮੰਨਿਆ ਕਿ
ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਪਰ ਤੁਸੀਂ ਤਾੜੀ ਨਹੀਂ
ਚਪੇੜਾਂ ਮਾਰ ਰਹੇ ਹੋ।
ਵਿਧਾਨ ਦੇ ਲਾਲੋ ਲਾਲ ਕੀਤੇ ਮੂੰਹ ਤੇ।
(ਅਗਲੀ ਗੱਲ ਕਰੋ)
ਦਿੱਲੀ ਦੀਆਂ ਸਰਦਲਾਂ ਤੇ ਨਸਲਾਂ ਅਤੇ ਫ਼ਸਲਾਂ ਬਚਾਉਣ ਲਈ ਪੈਲੀ ਅਤੇ ਪੱਤ ਬਚਾਉਣ ਲਈ ਚੱਲੇ, ਇਤਿਹਾਸਕ ਕਿਸਾਨ ਅੰਦੋਲਨ ਦੀ ਧਮਕ, ਚਹੁੰਆਂ ਕੂੰਟਾਂ ਵਿੱਚ ਸੁਣੀ ਗਈ। ਕਵੀ ਇਸ ਅੰਦੋਲਨ ਦੀ ਊਰਜਾ ਸਾਡੇ ਗ਼ਦਰੀ ਬਾਬਿਆਂ ਦੁਆਰਾ ਲੜੇ ਕਿਰਤੀ ਕਿਸਾਨ ਅੰਦੋਲਨਾਂ, ਅਤੇ ਸਰਦਾਰ ਅਜੀਤ ਸਿੰਘ,ਲਾਲ ਚੰਦ ਫਲਕ ਤੇ ਸੂਫ਼ੀ ਅੰਬਾ ਪ੍ਰਸ਼ਾਦਿ ਆਦਿ ਦੁਆਰਾ ਲੜੇ 'ਪਗੜੀ ਸੰਭਾਲ ਜੱਟਾ' ਲਹਿਰ ਵਿੱਚੋਂ ਤਲਾਸ਼ਦਾ ਹੈ। ਸਾਡੇ ਕਿਸਾਨ ਅੰਦੋਲਨ ਦੀ ਵਿਸ਼ੇਸ਼ਤਾ ਹੈ ਕਿ ਦੁਸਹਿਰੇ ਦੇ ਦਿਨ ਰਾਵਣ ਦੀ ਥਾਂ ਖੂਨ ਪੀਣੇ ਕਾਰਪੋਰੇਟਾਂ ਦੇ ਪੁਤਲੇ ਸਾੜੇ ਗਏ।
ਕਿਸਾਨ ਅੰਦੋਲਨ ਅੱਗੇ ਸੱਤਾ ਅਤੇ ਉਸਦੀ ਸਿਧਾਂਤਕ ਜੁੰਡਲੀ ਬੇਵੱਸ ਨਜ਼ਰ ਆਈ। ਇਸੇ ਨੂੰ ਕਹਿੰਦੇ ਹਨ ਹੇਠਲੀ ਉੱਤੇ ਆਉਣੀ।
"ਨਹਿਰਾਂ ਚ ਡੱਕੇ ਮੋਗੇ ਖੋਲ੍ਹੇ ਨੇ ਬਾਬਿਆਂ
ਹਰਸਾ ਛੀਨਾ ਅੱਜ ਵੀ ਵੰਗਾਰਦਾ ਹੈ ਮਾਲਵੇ ਚੋਂ ਬਿਸਵੇਦਾਰਾਂ ਨੂੰ
ਭਜਾਇਆ ਸੀ ਸੁਤੰਤਰ ਦੇ ਸਾਥੀ ਮੁਜ਼ਾਰਿਆਂ।
ਕਿਸ਼ਨ ਗੜ੍ਹੋਂ।
ਦਬੋਚ ਲਿਆ ਸੀ ਪਿੰਡ ਪਿੰਡ ਮੰਡੀ ਮੰਡੀ
ਸਫ਼ੈਦਪੋਸ਼ਾਂ ਨੂੰ ਸੁਰਖ਼ ਪੋਸ਼ਾਂ ਪਾਈਆਂ ਭਾਜੜਾਂ
ਇਤਿਹਾਸ ਨੇ ਵੇਖਿਆ।
"ਪਰ ਇਹ ਤੱਕਿਆ ਪਹਿਲੀ ਵਾਰ ਵੱਖਰਾ ਸੂਰਜ
ਨਵੀਆਂ ਕਿਰਨਾਂ ਸਮੇਤ ਚੜ੍ਹਿਆ ਦੁਸ਼ਮਣ ਦੀ ਨਿਸ਼ਾਨਦੇਹੀ ਕੀਤੀ ਹੈ।ਕਾਰਪੋਰੇਟ ਘਰਾਣਿਆਂ ਦੇ
ਕੰਪਨੀ ਸ਼ਾਹਾਂ ਨੂੰ
ਰਾਵਣ ਦੇ ਨਾਲ ਫੂਕਿਆ ਹੈ।
ਦੁਸਹਿਰੇ ਦੇ ਅਰਥ ਬਦਲੇ ਨੇ।
"ਪਹਿਲੀ ਵਾਰ ਹੋਇਆ ਹੈ ਕਿ
ਖੇਤ ਅੱਗੇ ਅੱਗੇ ਤੁਰ ਰਹੇ ਨੇ। ਕੁਰਸੀਆਂ ਮਗਰ ਮਗਰ ਫਿਰਦੀਆਂ,
ਬਿਨ ਬੁਲਾਏ ਬਰਾਤੀ ਵਾਂਗ।
ਮਨੂ ਸਮਰਿਤੀ ਤੋਂ ਬਾਅਦ/
ਨਵੇਂ ਅਛੂਤ ਐਲਾਨੇ ਗਏ ਹਨ ਨੇਤਾਗਣ।
"ਕਿਤਾਬਾਂ ਤੋਂ ਬਹੁਤ ਪਹਿਲਾਂ
ਵਕਤ ਬੋਲਿਆ ਹੈ।
ਨਾਗਪੁਰੀ ਸੰਤਰਿਆਂ ਦਾ ਰੰਗ,
ਫੱਕ ਹੋਇਆ ਹੈ ਲੋਕ ਦਰਬਾਰੇ।
ਪਹਿਲੀ ਵਾਰ
ਤੱਥ ਸਿਰ ਚੜ੍ਹ ਬੋਲੇ ਹਨ
ਬੇਬਾਕ ਹੋ ਕੇ।
ਧਰਤੀ ਪੁੱਤਰਾਂ ਨੇ ਸਵਾ ਸਦੀ ਬਾਅਦ ਪਗੜੀ ਸੰਭਾਲੀ ਹੈ।
ਸਿਆੜਾਂ ਦੀ ਸਲਾਮਤੀ ਲਈ।"
(ਪਹਿਲੀ ਵਾਰ)
ਕਵੀ ਦੀਆਂ ਖ਼ਿਆਲ ਉਡਾਰੀ ਸੂਖ਼ਮ ਭਾਵਾਂ ਦੀ ਤਰਜਮਾਨੀ ਕਰਦੀ, ਬਾਰੀਕੀਆਂ ਦੀ ਸਿਖਰ ਛੋਂਹਦੀ, ਨਿੱਘੀਆਂ ਧੁੱਪਾਂ ਅਤੇ ਠੰਢੀਆਂ ਛਾਵਾਂ ਜਿਹੀ ਕਵਿਤਾ, ਚੀਚ ਵਹੁਟੀ ਦੇ ਮਖ਼ਮਲੀ ਪਹਿਰਨ ਜਿਹੀ ਸ਼ਬਦਾਵਲੀ, ਲੋਕ ਰੰਗ ਵਿੱਚ ਡੁੱਬੇ ਹੋਏ ਫ਼ਿਕਰੇ, ਸੂਫ਼ੀਆਂ ਦੇ ਪਹਿਨਣ ਜਿਹਾ ਖੁੱਲ੍ਹਾ ਡੁੱਲਾ ਮੋਕਲਾ ਕਾਵਿ ਲਿਬਾਸ, ਗੁਰਭਜਨ ਗਿੱਲ ਦੀ ਕਵਿਤਾ ਦੀ ਅਨੂਪਮ ਸ਼ੈਲੀ ਸਿਰਜਦੇ ਹਨ।
ਉਹ ਸੇਵਾ ਸਿੰਘ ਭਾਸ਼ੋ ਜਿਹੇ ਸਿਆਣੇ ਮਿੱਤਰ ਦੇ ਬਹਾਨੇ ਕਾਵਿ ਸੰਵਾਦ ਸਿਰਜਦਾ ਹੈ।
"ਚੁੱਪ ਨਾ ਬੈਠਿਆ ਕਰੋ
ਕੋਈ ਜਣਾ ਕੋਲ ਨਾ ਹੋਵੇ,
ਤਾਂ ਕੰਧਾਂ ਨਾਲ
ਗੁਫ਼ਤਗੂ ਕਰਿਆ ਕਰ।
ਖ਼ੁਦ ਨੂੰ ਆਪੇ ਹੁੰਗਾਰਾ ਭਰਨ ਦੀ
ਜਾਚ ਸਿੱਖੋ।
ਆਪਣੇ ਤੋਂ ਵਧੀਆ
ਹੋਰ ਕੋਈ ਸਾਥੀ ਨਹੀਂ।
ਸ਼ੀਸ਼ੇ ਨਾਲ
ਵਾਰਤਾਲਾਪ ਕਰਿਆ ਕਰੋ।
ਬੰਦਾ ਚਾਹੇ ਤਾਂ ਉਮਰ ਨੂੰ
ਬੰਨ੍ਹ ਕੇ ਬਿਠਾ ਸਕਦਾ ਹੈ।"
"ਇਨ੍ਹਾਂ ਹਿੱਸੇ ਆਉਂਦੀ ਪੈਂਤੀ ਅੱਖਰੀ,
ਗੁਆਚ ਗਈ ਹੈ ਛਣਕਣੇ ਦੀ ਉਮਰੇ
ਆਪਣੇ
ਰੋਂਦੂ ਜਿਹੇ ਹਾਣੀਆਂ ਤੋਂ ਸਾਵਧਾਨ।
ਇਹ ਤੁਹਾਡੇ ਚਾਵਾਂ ਦੀ ਮਾਚਿਸ ਨੂੰ,
ਸਿੱਲੀ ਕਰ ਦਿੰਦੇ ਨੇ ਹੋਕਿਆਂ ਨਾਲ।
ਨਾ ਅਗਨ ਨਾ ਲਗਨ
ਨਿਰੀ ਨੇਸਤੀ ਜਿਹੇ ਪ੍ਰਛਾਵੇਂ
ਲਾਗੇ ਨਾ ਲੱਗਣ ਦਿਓ।
" ਚਾਵਾਂ ਨਾਲ ਖੇਡਦਿਆਂ ਬੰਦਾ ਬੁੱਢਾ ਨਹੀਂ ਹੁੰਦਾ।"
......( ਭਾਸ਼ੋ ਜਦ ਵੀ ਬੋਲਦੈ )
ਸੱਚ ਦਾ ਚਿਹਰਾ ਮੁਹਰਾ ਬਹੁਤ ਕਰੂਰ ਹੁੰਦਾ ਹੈ। ਦਿੱਲੀ ਦੇਸ਼ ਦੀ ਕੇਂਦਰੀ ਸੱਤਾ ਦੀ ਪ੍ਰਤੀਕ ਹੈ। ਇਹ ਸਦੀਆਂ ਤੋਂ ਅਨੇਕ ਵੇਰ ਉੱਜੜੀ ਹੈ। ਕਵੀ ਦੇ ਸ਼ਬਦਾਂ ਵਿੱਚ ਸੱਤ ਵਾਰੀ ਜੋ ਵੱਡਿਆ ਤੋਂ ਸੁਣਿਆ। ਪਰ ਦਿੱਲੀ ਦੇ ਉੱਜੜਨ ਦੇ ਨਾਲ ਲੱਖਾਂ ਲੋਕ ਉੱਜੜਦੇ ਹਨ। ਦਿੱਲੀ ਤਾਂ ਮੁੜ ਵੱਸ ਜਾਂਦੀ ਹੈ ਪਰ ਉਸ ਦੇ ਉਜਾੜੇ ਲੋਕ, ਸ਼ਾਇਦ ਸਦੀਆਂ ਤਕ ਭਟਕਦੇ ਫਿਰਦੇ ਹਨ। ਰਾਜੇ ਪਾਂਡਵਾਂ ਦੀ ਨਸਲ ਹੁਣ ਪੰਡਾਂ ਢੋਂਹਦੀ ਹੈ। ਮੁਗਲ ਬਾਦਸ਼ਾਹਾਂ ਦੇ ਵੰਸ਼ਜ਼ ਰੇਲਵੇ ਸਟੇਸ਼ਨਾਂ ਤੇ ਚਾਹ ਦੀਆਂ ਜੂਠੀਆਂ ਪਿਆਲੀਆਂ ਧੋਂਦੇ ਹਨ।
1984 ਦੀ ਹਿੰਸਾ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਨਿਆਂ ਲਈ ਦਰ ਦਰ ਭਟਕ ਰਹੀਆਂ ਹਨ। ਆਜ਼ਾਦੀ ਘੁਲਾਟੀਆਂ ਦੀ ਸੰਤਾਨ ਦਰਬਾਨ ਬਣ ਕੇ ਜੂਨ ਗੁਜ਼ਾਰਾ ਕਰਦੀ ਹੈ। ਇਤਿਹਾਸ ਨਾਲ ਕੋਝਾ ਮਜ਼ਾਕ ਹੈ ਪੁਰਾਣੀਆਂ ਥਾਵਾਂ, ਸ਼ਹਿਰਾਂ, ਇਮਾਰਤਾਂ ਦੀ ਧਰਮ ਆਧਾਰਿਤ ਨਾਮ ਬਦਲੀ। ਕਵੀ ਇਸ ਅਸਹਿਜ ਕਰਨ ਵਾਲੇ ਵਰਤਾਰੇ ਤੇ ਬਿਹੰਗਮ ਦ੍ਰਿਸ਼ਟੀ ਪਾਉਂਦਾ ਹੈ-
"ਮਾਲਕ ਪਾਂਡਵ ਪਾਂਡੀ ਬਣ ਗਏ ਨੇ ਰੇਲਵੇ ਸਟੇਸ਼ਨ ਤੇ।
ਮਰ ਚੱਲੇ ਨੇ ਪੰਡਾਂ ਢੋਂਹਦੇ ਢੋਂਹਦੇ।
ਲੰਗੜਾ ਤੈਮੂਰ ਹੋਵੇ
ਜਾਂ ਨਾਦਰਸ਼ਾਹ
ਫਿਰੰਗੀਆਂ ਤੀਕ ਲੰਮੀ ਕਤਾਰ
ਅੱਥਰੇ ਘੋੜਿਆਂ ਦੀ।
ਮਿੱਧਦਾ ਫਿਰੇ ਜੋ ਰੀਝਾਂ ਪਰੁੱਚਿਆ ਫੁਲਕਾਰੀ ਜਿਹਾ ਦੇਸ਼।
"ਲਾਲ ਕਿਲ੍ਹੇ ਦੀ ਫ਼ਸੀਲ ਵੀ,
ਕੁਫ਼ਰ ਸੁਣ ਸੁਣ
ਅੱਕ ਥੱਕ ਗਈ ਹੈ।
ਪੁਰਾਣੀਆਂ ਕਿਤਾਬਾਂ ਉਹੀ ਸਬਕ।ਸਿਰਫ਼ ਜੀਭ ਬਦਲਦੀ ਹੈ।
"ਕੁਰਬਾਨੀਆਂ ਵਾਲੇ ਪੁੱਛਦੇ ਹਨ,
ਕੌਣ ਹਨ ਇਹ ਟੋਡੀ ਬੱਚੇ?
ਰਾਏ ਬਹਾਦਰ, ਸਰਦਾਰ ਬਹਾਦੁਰ,
ਪਰ ਕ੍ਰਿਪਾਨ ਬਹਾਦੁਰ ਕਿੱਧਰ ਗਏ?ਜਵਾਬ ਮਿਲਦੈ
ਸਾਡੇ ਦਰਬਾਨ ਹਨ
ਸ਼ਾਹੀ ਬੂਹਿਆਂ ਤੇ।
"ਜਿਨ੍ਹਾਂ ਦੇ ਗਲਮੇ ਚ ਹਾਰ ਨੇ
ਬਲ਼ਦੇ ਟਾਇਰਾਂ ਦੇ।
ਰਾਜ ਬਦਲੀ ਨਹੀਂ ਹਾਲੇ ਡਾਇਰਾਂ ਦੇ। ਦਿੱਲੀ ਨਹੀਂ ਉੱਜੜਦੀ
ਸਿਰਫ਼ ਉਜਾੜਦੀ ਹੈ।
(ਦਿੱਲੀ ਆਪ ਨਹੀਂ ਉੱਜੜਦੀ)
ਕਦੇ ਪ੍ਰੋਫ਼ੈਸਰ ਮੋਹਨ ਸਿੰਘ ਹੁਰਾਂ ਨੇ ਧਰਤੀ ਦੇ ਦੋ ਟੋਟਿਆਂ ਦਾ ਜ਼ਿਕਰ ਕੀਤਾ ਸੀ।
ਇੱਕ ਲੋਕਾਂ ਦਾ ਤੇ ਇੱਕ ਜੋਕਾਂ ਦਾ ਦੇ ਰੂਪ ਵਿੱਚ ਵਿਖਿਆਨ ਕੀਤਾ ਸੀ ਪਰ ਸਾਡਾ ਕਵੀ ਤਾਂ ਗੱਲ ਹੋਰ ਅੱਗੇ ਲੈ ਜਾਂਦਾ ਹੈ ਜਦੋਂ ਲੋਕਾਂ ਦੇ ਹਿੱਸੇ ਦਾ ਟੋਟਾ ਵੀ ਸਰਕਾਰੀ ਮਿਲੀਭੁਗਤ ਨਾਲ ਕਾਰਪੋਰੇਟ ਹੜੱਪ ਰਹੇ ਹਨ।
"ਤੁਸੀਂ ਨਹੀਂ ਜਾਣ ਸਕੋਗੇ
ਚੂਰੀਆਂ ਖਾਣਿਓਂ।
ਇਕ ਹੋ ਕੇ ਵੀ ਧਰਤੀ ਦੇ ਦੋ ਟੁਕੜੇ ਨੇ, ਅੱਧਾ ਤੁਹਾਡਾ
ਤੇ ਦੂਸਰਾ ਅੱਧਾ ਵੀ ਸਾਡਾ ਨਹੀਂ।"
( ਕੋਲੋਂ ਲੰਘਦੇ ਹਾਣੀਓਂ )
ਕਵੀ ਦੀ ਕਵਿਤਾ ਦੇ ਸੋਮੇ ਹਨ ਉਸ ਦੇ ਲੋਕ, ਉਨ੍ਹਾਂ ਨਾਲ ਵਾਪਰਦਾ ਦੁੱਖ ਸੁਖ। ਸਾਡਾ ਆਲਾ ਦੁਆਲਾ ਅਤੇ ਦੇਸ਼ ਦੁਨੀਆਂ ਵਿੱਚ ਵਾਪਰਦੀਆਂ ਘਟਨਾਵਾਂ।
"ਉਸ ਕਿਹਾ ਤੂੰ ਕਿੱਥੋਂ ਲੈਂਦਾ ਹੈਂ
ਕਵਿਤਾ ਦਾ ਨੀਲਾਂਬਰ
ਫੁਲਕਾਰੀ ਵਰਗੀ ਧਰਤੀ ਨੂੰ ਕਿਵੇਂ ਗੀਤਾਂ ਚ ਪਰੋ ਲੈਂਦਾ ਹੈ?
ਮੈਂ ਕਿਹਾ !
ਸਭ ਕੁਝ ਉਧਾਰਾ ਹੈ, ਇਧਰੋਂ ਉਧਰੋਂ।"
( ਮੈਂ ਉਸਨੂੰ ਪੁੱਛਿਆ)
ਸਾਡੇ ਗੁਰੂ ਸਾਹਿਬਾਨ ਨੇ ਲੜਕੀਆਂ ਮਾਰਨ ਦੇ ਭੈੜੇ ਰਿਵਾਜ ਦੇ ਖ਼ਿਲਾਫ਼ ਝੰਡਾ ਬੁਲੰਦ ਕੀਤਾ ਸੀ ,ਪਰ ਕੰਨਿਆ ਭਰੂਣ ਹੱਤਿਆ, ਸਾਡੇ ਸਮੇਂ ਦਾ ਵਰਤਾਰਾ ਬਣ ਗਿਆ ਹੈ। ਗੁਰਭਜਨ ਗਿੱਲ ਨੇ ਸਮਾਜ ਦੇ ਇਸ ਕੋਹੜ ਤੇ ਵੀ ਉਂਗਲ ਰੱਖ ਕੇ ਆਪਣੀ ਜਾਗਰਿਤ ਸੋਚ ਦਾ ਸਬੂਤ ਦਿੱਤਾ ਹੈ।
ਰੱਖੜੀ ਵਿਆਹ ਦੀਆਂ ਵਾਗਾਂ ਗੁੰਦਣੀਆਂ ਆਦਿ ਰੀਤੀ ਰਿਵਾਜ, ਲੜਕੀਆਂ ਦੀ ਗੈਰ ਹਾਜ਼ਰੀ ਵਿਚ ਕਿਵੇਂ ਨਿਭਣਗੇ?
"ਨਾ ਗਿੱਧੇ ਦੀ ਧਮਕ
ਨਾ ਰਿਸ਼ਤਿਆਂ ਚ ਚਮਕ।
ਸਾਰਾ ਕੁਝ ਬਦਰੰਗ ਹੋ ਜਾਂਦਾ ਹੈ
ਧੀਆਂ ਬਗੈਰ।
ਪੀਂਘ ਤਰਸਦੀ ਹੈ,
ਸੂਰਜ ਨੂੰ ਹੱਥ ਲਾ ਕੇ ਪਰਤਣ ਵਾਲੀ ਚੰਚਲੋ ਨੂੰ ਬੇਕਰਾਰ।
"ਕਿਤਾਬਾਂ ਤੇ ਕੁੜੀਆਂ ਪਿਆਰੀਏ।ਸੁਪਨੇ ਤੇ ਧੀਆਂ ਕਦੇ ਕੁੱਖ ਨਾ ਮਾਰੀਏ।"
( ਕੰਧ ਤੇ ਲਿਖਿਆ ਪੜ੍ਹੋ )
1947 ਤੂੰ ਪਹਿਲਾਂ ਭਾਰਤ ਤੇ ਪਾਕਿਸਤਾਨ ਇੱਕ ਹੀ ਮੁਲਕ ਸੀ। ਬਟਵਾਰੇ ਤੋਂ ਬਾਅਦ ਪਹਿਲਾ ਦੋ ਅਤੇ ਫਿਰ 1971 ਵਿੱਚ ਤੀਜਾ ਬੰਗਲਾਦੇਸ਼, ਇਸ ਧਰਤੀ ਦੇ ਤਿੰਨ ਟੋਟੇ ਹੋ ਗਏ। ਕਸ਼ਮੀਰ ਦਾ ਮਸਲਾ, ਭਾਰਤ ਪਾਕਿਸਤਾਨ ਵਿਚਲੇ ਸਦੀਵੀ ਟਕਰਾਅ ਦਾ ਵਿਸ਼ਾ ਬਣ ਗਿਆ। ਦੋਹਾਂ ਦੇਸ਼ਾਂ ਦੇ ਥੁੜ੍ਹੇ ਟੁੱਟੇ ਪਰਿਵਾਰਾਂ ਦੇ ਬੱਚੇ, ਜੰਗ ਦਾ ਖਾਜਾ ਬਣਦੇ ਹਨ। ਕਵੀ ਹਿਰਦਾ ਤੜਪ ਉੱਠਦਾ ਹੈ ਜਦੋਂ ਹੱਦ ਦੇ ਦੋਹੀਂ ਪਾਸੀਂ ਬੇਦੋਸ਼ੇ ਗੱਭਰੂਆਂ ਦਾ ਅਜਾਈਂ ਖ਼ੂਨ ਵਹਿੰਦਾ ਹੈ। ਸਾਡੀਆਂ ਸਾਂਝੀਆਂ ਦੁਸ਼ਮਣ ਭੁੱਖ, ਅਨਪੜ੍ਹਤਾ, ਮਾੜੀ ਸਿਹਤ, ਜਹਾਲਤ ਅਤੇ ਬੇਰੁਜ਼ਗਾਰੀ ਹਨ।
ਹੇਠਲੀ ਕਵਿਤਾ ਵਿਚ ਕਵੀ ਅਖੌਤੀ ਤੁਅਸਬਾਂ ਤੋਂ ਉੱਪਰ ਉੱਠ ਕੇ, ਦੋਹਾਂ ਗੁਆਂਢੀ ਮੁਲਕਾਂ ਲਈ ਅਮਨ ਦੀ ਖ਼ੈਰ ਮੰਗਦਾ ਹੈ-
"ਗ਼ਰਜ਼ਾਂ ਖ਼ਾਤਰ ਕੱਚੀਆਂ ਵਿਹੜਿਆਂ
ਪੁੱਤਰ ਘੱਲੇ ਕਰਨ ਕਮਾਈਆਂ।
ਇਹ ਕਿਉਂ ਘਰ ਨੂੰ ਲਾਸ਼ਾਂ ਆਈਆਂ?ਚਿੱਟੀਆਂ ਚੁੰਨੀਆਂ ਦੇਣ ਦੁਹਾਈਆਂ।
"ਹੱਦਾਂ ਤੇ ਸਰਹੱਦਾਂ ਆਦਮ ਖਾਣੀਆਂ ਡੈਣਾਂ।
ਜਿਸਰਾਂ ਜੰਗ ਤੇ
ਗੁਰਬਤ ਦੋਵੇਂ ਸਕੀਆਂ ਭੈਣਾਂ।
ਵਾਰ ਵਾਰ ਇਹ ਖੇਡਣ ਹੋਲੀ।
ਕੁਰਸੀ ਦੇ ਕਲਜੋਗਣ ਬੋਲਣ ਇਕ ਹੀ ਬੋਲੀ
ਸਿੱਧੇ ਮੂੰਹ ਨਾ ਦਿੰਦੀਆਂ ਉੱਤਰ।
ਖਾ ਚੱਲੀਆਂ ਨੇ ਸਾਡੇ ਪੁੱਤਰ।
ਲਾਸ਼ ਲਪੇਟਣ ਦੇ ਕੰਮ ਲੱਗੇ ਕੌਮੀ ਝੰਡੇ।
ਹੁਕਮ ਹਕੂਮਤ ਖਾਣ ਚ ਰੁੱਝੇ ਹਲਵੇ ਮੰਡੇ।
"ਰਾਵੀ ਤੇ ਜੇਹਲਮ ਦਾ ਪਾਣੀ
ਅੱਕ ਚੁੱਕੀਆਂ ਸੁਣ ਦਰਦ ਕਹਾਣੀ।
ਏਧਰ ਓਧਰ
ਲਾਸ਼ਾਂ ਦੇ ਅੰਬਾਰ ਨਾ ਲਾਓ।
ਨਫ਼ਰਤ ਦੀ ਅੱਗ ਸਦਾ ਫੂਕਦੀ
ਸੁਪਨੇ ਸੂਹੇ।
ਚੁੱਲ੍ਹਿਆਂ ਅੰਦਰ ਬੀਜੇ ਘਾਹ
ਕਰਦੀ ਬੰਦ ਬੂਹੇ।
ਇਹ ਮਾਰੂ ਹਥਿਆਰ ਪਾੜਦੇ
ਸਾਡੇ ਬਸਤੇ।
ਬੰਬ ਬੰਦੂਕਾਂ ਖਾ ਚੱਲੀਆਂ ਨੇ ਪਿਆਰ ਚੁਰਸਤੇ।
ਮਿੱਧਣ ਸੁਰਖ਼ ਗੁਲਾਬ
ਨਾ ਸਮਝ ਹਾਥੀ ਮਸਤੇ।
"ਸ਼ਮਸ਼ਾਨਾਂ ਦੀ ਬਲਦੀ ਮਿੱਟੀ
ਕੂਕ ਪੁਕਾਰੇ।
ਧਰਤੀ ਨੂੰ ਨਾ ਲੰਮ ਸਲੰਮੀ ਕਬਰ ਬਣਾਓ।"
.....( ਦਰਦਨਾਮਾ)
ਅੱਜ ਦੇਸ਼ ਕਾਰਪੋਰੇਟਾਂ ਤੇ ਦਲਾਲਾਂ ਦੇ ਹੱਥ ਵਿੱਚ ਆ ਗਿਆ ਹੈ। ਭੜਕਾਊ ਨਾਅਰੇ ਸੱਤਾ ਦੀ ਕੁਰਸੀ ਦਾ ਮੰਤਰ ਹੈ, ਪਰ ਸ਼ਾਇਰ ਤਾਂ ਸਾਨੂੰ ਸੁਚੇਤ ਕਰ ਰਿਹਾ ਹੈ-
ਦਾਣਾ ਨਾ ਉਗਾਇਆ ਜਿਨ,
ਸੂਈ ਨਾ ਬਣਾਈ ਘੜੀ,
ਅੱਠੇ ਪਹਿਰ ਰਹੇ ਗਲਤਾਨ ਜੋ ਦਲਾਲੀਆਂ 'ਚ।
ਬਦਲੇ ਦੀ ਗੱਲ ਜਿਹੜਾ
ਸਾਡੇ ਮੱਥੇ ਬੀਜਦਾ ਹੈ,
ਕਦੇ ਵੀ ਨਾ ਪੀਣਾ ਜ਼ਹਿਰ
ਐਸੀਆਂ ਪਿਆਲੀਆਂ 'ਚ।"
.......(ਵਕਤ ਬੋਲਦਾ ਹੈ)
ਸਾਡੇ ਦੇਸ਼ ਦੇ ਜ਼ਾਤ ਪਾਤੀ ਸਮਾਜ ਵਿੱਚ ਕਥਿਤ ਨੀਵੀਆਂ ਜ਼ਾਤਾਂ ਦੇ ਦਿਲਾਂ ਤੇ, ਕਹੇ ਜਾਂਦੇ ਉੱਚੀਆਂ ਜ਼ਾਤਾਂ ਵਾਲੇ ਨਸ਼ਤਰ ਕਿੰਜ ਚਲਾਉਂਦੇ ਹਨ, ਕਵੀ ਆਪਣੀ ਕਵਿਤਾ ਵਿੱਚ ਬਹੁਤ ਗਹਿਰਾ ਉੱਤਰ ਕੇ ਬਿਆਨਦਾ ਹੈ, ਜਦੋਂ ਕਾਨੂੰਨੀ ਨੁਕਤੇ ਵੀ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਉਂਦੇ।
"ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ
ਧੱਕਾ ਕਰਕੇ ਆਪੇ ਆਖਦੇ
ਸਬੂਤ ਪੇਸ਼ ਕਰੋ।
ਦਿਲ ਦੇ ਜ਼ਖ਼ਮ
ਐਕਸਰੇ ਚ ਨਹੀਂ ਆਉਂਦੇ।
ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ। ਰੂਹ ਤੇ ਪਈਆਂ ਲਾਸਾਂ ਦਾ
ਜੁਰਮ ਨਹੀਂ ਬਣਦਾ।
ਅਰਜ਼ੀ ਵਿਚ ਇਹ ਸਾਰਾ ਕੁਝ
ਕਿਵੇਂ ਲਿਖੀਏ।
ਸਬੂਤਾਂ ਨੰਗੀ ਅੱਖ ਹੀ ਵੇਖ ਸਕਦੀ। ਇਹ ਜ਼ਬਰ ਜਾਨਣ ਲਈ
ਤੀਸਰਾ ਨੇਤਰ ਚਾਹੀਦਾ ਹੈ।
ਉਹੀ ਗ਼ੈਰਹਾਜ਼ਰ ਹੈ।"
.......(ਪਰਜਾਪਤ)
ਇਸ ਸੰਗ੍ਰਹਿ ਵਿੱਚ ਕੁਝ ਆਮ ਅਤੇ ਕੁਝ ਖਾਸ ਵਿਅਕਤੀਆਂ ਦੇ ਰੇਖਾ ਚਿੱਤਰ ਬੜੇ ਦਿਲਕਸ਼ ਅੰਦਾਜ਼ ਵਿੱਚ ਲਿਖੇ ਗਏ ਹਨ। "ਨੰਦੋ ਬਾਜ਼ੀਗਰਨੀ ਬਾਜ਼ੀਗਰ ਜੀਵਨ ਜਾਚ ਅਤੇ ਸੱਭਿਆਚਾਰ ਦੀ, ਕਬੀਲਾਈ ਸੋਚ ਨਾਲ ਪਰਣਾਈ, ਪ੍ਰਤੀਨਿਧ ਪਾਤਰ ਹੈ। ਉਸ ਨੇ ਸਾਰੀ ਉਮਰ ਬੇਸ਼ੱਕ ਲੋਕਾਂ ਦੇ ਘਰੋਂ ਮਿਲੇ ਆਟੇ ਦਾਣੇ ਦੇ ਸਿਰ ਤੇ ਗੁਜ਼ਾਰਾ ਕੀਤਾ ਹੈ, ਪਰ ਉਸ ਦਾ ਮੰਗਣਾ ਮੰਗਤਿਆਂ ਵਰਗਾ ਨਹੀਂ ,ਸਗੋਂ ਆਪਣੀ ਕਿਰਤ ਦਾ ਇਵਜ਼ਾਨਾ ਵਸੂਲਣ ਜਿਹਾ ਹੈ। ਲੋਕਾਂ ਦਾ ਮਨੋਰੰਜਨ ਕਰਦਿਆਂ ਜੁਆਨ ਪੁੱਤਰ ਬਾਜ਼ੀ ਦੀ ਤੀਹਰੀ ਛਾਲ ਲਾਉਂਦਾ ਮਾਰਿਆ ਗਿਆ।
ਇਹ ਦਰਦ ਨੰਦੋ ਨੇ ਸਾਰੀ ਉਮਰ ਹੰਢਾਇਆ। ਆਪਣੇ ਭਾਈਚਾਰੇ ਦੀਆਂ ਰਵਾਇਤਾਂ ਦੀ ਸਦਾ ਪਾਲਣਾ ਕਰਨ ਵਾਲੀ ਨੰਦੋ, ਇਕ ਮੂਲ ਵੇਦਨਾ, ਬੇਗਾਨਗੀ, ਥੁੜ੍ਹੇ ਟੁੱਟੇ ਜੀਵਨ ਦੀ ਬੇਚਾਰਗੀ ਨੂੰ ਕਦੇ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦੀ। ਸਬਰ ਸ਼ੁਕਰ ਦੀ ਮੂਰਤ ਨੰਦੋ।
" ਨੰਦੋ ਚਲੰਤ ਰੇਡੀਓ ਸੀ ਬਿਨ ਬੈਟਰੀ ਤੁਰਦੀ ਫਿਰਦੀ ਅਖ਼ਬਾਰ ਸੀ,
ਬਿਨ ਅੱਖਰੋਂ।
ਸਥਾਨਕ ਖ਼ਬਰਾਂ ਵਾਲੀ।
ਵੀਹ ਤੀਹ ਪਿੰਡਾਂ ਦੀ
ਸਾਂਝੀ ਬੁੱਕਲ ਸੀ ਨੰਦੋ।
ਦੁੱਖ ਸੁੱਖ ਪੁੱਛਦੀ,
ਕਦੇ ਆਪਣਾ ਨਾ ਦੱਸਦੀ।
ਦੀਵੇ ਵਾਂਗ ਬਲਦੀ ਅੱਖ ਵਾਲੀ ਨੰਦੋ,
ਬੁਰੇ ਭਲੇ ਦਾ ਨਿਖੇੜ ਕਰਦੀ।
ਪੂਰੇ ਪਿੰਡ ਨੂੰ ਦੱਸਦੀ
ਨੀਤੋਂ ਬਦਨੀਤਾਂ ਤੇ ਸ਼ੁਭ ਨੀਤਾਂ ਬਾਰੇ।"
......(ਨੰਦੋ ਬਾਜ਼ੀਗਰਨੀ)
ਦੇਸ਼ ਤਾਂਡਵ ਪੱਖੀ ਤਮਾਸ਼ਬੀਨਾਂ ਦੇ ਹੱਥ ਆ ਗਿਆ ਹੈ। ਜਿਸ ਵਿੱਚ ਕੁਝ ਕੁ 'ਤਰੱਕੀ ਰਾਮਾਂ' ਨੂੰ ਸਿਰਫ ਉਨ੍ਹਾਂ ਦੀ ਤਰੱਕੀ ਦਾ ਫ਼ਿਕਰ ਹੈ, ਜੋ ਟਾਂਗੇ ਵਾਲੇ ਘੋੜੇ।
ਜਿਵੇਂ ਸਿਰਫ਼ ਘਰ ਤੋਂ ਦਫ਼ਤਰ ਤੇ ਵਾਪਸ ਘਰ ਦਾ ਹੀ ਸਫ਼ਰ ਤੈਅ ਕਰੀ ਜਾਂਦੇ ਹਨ। ਕਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ 'ਰਾਜਾ-ਸ਼ਾਹੀ' ਕਿਲ੍ਹਾ ਤੋੜਨ ਵਾਲੀ, ਕਨੂ ਪ੍ਰਿਆ ਨੂੰ 'ਤਬਦੀਲੀ ਦੀ ਸਿੱਕ' ਆਖ ਕੇ, ਉਸ ਦਾ ਅਭਿਨੰਦਨ ਕਰਦਾ ਹੈ।
ਉਹ ਕਠੂਆ (ਜੰਮੂ)ਵਿੱਚ ਮਾਰੀ ਗਈ ਆਸਿਫ਼ਾ ਨੂੰ ਵੀ ਸਲਾਮ ਕਰਦਾ ਹੈ। ਡੂੰਘੇ ਬੋਰਵੈੱਲ ਵਿੱਚ ਡਿੱਗ ਕੇ ਜਾਨ ਗੁਆਉਣ ਵਾਲੇ ਬੱਚੀ ਫਤਿਹਵੀਰ ਦੇ ਮਾਧਿਅਮ ਰਾਹੀਂ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਸ਼ਾਇਰ ਇਹ ਨੁਕਤਾ ਉਭਾਰਦਾ ਹੈ ਕਿ ਇੱਕੀਵੀਂ ਸਦੀ ਦੇ ਵਿਗਿਆਨ ਤਕਨੀਕ ਦੇ ਯੁੱਗ ਵਿੱਚ ਵੀ ਸਾਡਾ ਮੁਲਕ ਤਾਂ ਰੱਬ ਆਸਰੇ ਹੀ ਚੱਲ ਰਿਹਾ ਹੈ।
ਦੇਸ਼ ਵਿਚ ਬੀਤੇ ਸਮੇਂ ਫ਼ੈਲੇ ਕੋਰੋਨਾ ਵਾਇਰਸ ਤੋਂ ਪੀੜਤ ਗ੍ਰਸਤ ਲੋਕਾਂ ਨੂੰ ਇਹ ਕਵਿਤਾ ਜ਼ੁਬਾਨ ਦਿੰਦੀ ਹੈ-
"ਇਸ ਵਾਇਰਸ ਦੀ ਦੋਸਤੀ ਹੁਕਮ ਹਕੂਮਤ ਨਾਲ।
ਭੁੱਖਿਓ ਨਾ ਕੁਝ ਮੰਗਿਓ ਕੁਰਸੀ ਤੋਂ ਕੁਝ ਸਾਲ।"
( ਵਕਤ ਨਾਮਾ ਸੰਸਾਰ )
ਭੁੱਖ, ਬੀਮਾਰੀ , ਥੋਡ਼੍ਹਾ, ਮੌਤਾਂ, ਪਰਵਾਸੀ ਜੀਵਨ, ਇਲਾਜ ਦਾ ਨਾਕਾਫ਼ੀ ਹੋਣਾ, ਆਕਸੀਜਨ ਲਈ ਮਾਰਾਮਾਰੀ ਆਦਿ ਦਾ ਕਵੀ ਪਰਤੱਖ ਦਰਸ਼ੀ ਹੈ।
"ਅਜਬ ਚਰਖੜੀ ਪਿੰਡ ਦੀ ਰੂਹ ਹੈ।ਟਿੰਡਾ ਭਰ ਭਰ ਆਉਂਦੇ ਅੱਥਰੂ/ ਜ਼ਿੰਦਗੀ ਬਣ ਗਈ ਅੰਨ੍ਹਾ ਖੂਹ ਹੈ।ਇਸ ਦੀ ਹਾਥ ਪਵੇ ਨਾ ਮੈਥੋਂ।
ਕਿੰਨਾ ਜ਼ਹਿਰੀ ਪਾਣੀ ਹਾਲੇ,
ਅੱਖੀਆਂ ਅੰਦਰੋਂ ਸਿੰਮਣਾ ਬਾਕੀ।"
(ਅੰਨ੍ਹਾ ਖੂਹ)
ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ਚਰਖੜੀ ਦੇ ਤਿੰਨ ਅਰਥ ਮਿਲਦੇ ਹਨ। ਇੱਕ ਉਹ ਚਰਖੜੀ ਜਿਸ ਨਾਲ ਪਤੰਗ ਉਡਾਈ ਜਾਂਦੀ ਹੈ ਜੋ ਕਵੀ ਮੁਤਾਬਕ ਬਦਲਦੇ ਵਕਤ ਦੀ ਸੂਚਕ ਹੈ-
"ਗ਼ਮਗੀਨ ਜਿਹਾ ਦਿਲ ਭਾਰੀ ਹੈ,
ਬਣ ਚੱਲਿਆ ਨਿਜੀ ਮਸ਼ੀਨ ਜਿਹਾ, ਦਿਨ ਰਾਤ ਚਰਖ਼ੜੀ ਘੁੰਮੇ ਪਈ,
ਹੁਣ ਰੋਣ ਲਈ ਵੀ ਵਕਤ ਨਹੀਂ।"
( ਚਰਖੜੀ )
ਦੂਸਰੇ ਅਰਥ ਹਨ ਚਰਖੇ ਵਾਲੀ ਚਰਖ਼ੜੀ ਇਤਿਹਾਸ ਦਾ ਉਹ ਪਹੀਆ ਜੋ ਸ਼ਹਾਦਤਾਂ ਨਾਲ ਹੀ ਅੱਗੇ ਨੂੰ ਤੁਰਿਆ ਜਾਂਦਾ ਹੈ। ਆਮ ਲੋਕ ਤੇ 'ਚਰਖੜੀ' ਸ਼ਬਦ ਸੁਣਿਆਂ ਇਸ ਤੇ ਪਿੰਜਿਆ ਜਾ ਰਿਹਾ ਅਠਾਰ੍ਹਵੀਂ ਸਦੀ ਦਾ ਮਹਾਨ ਤਪੱਸਵੀ ਤੇ ਕਿਰਤੀ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਹੁਰਾਂ ਦਾ ਚਿੱਤਰ ਸਾਕਾਰ ਹੁੰਦਾ ਹੈ।
ਕਰੋਨਾ ਕਾਲ ਵਿੱਚ ਰੂੰ ਪਿੰਜਣ ਵਾਲੀ ਚਰਖ਼ੜੀ ਚੱਲਦੀ ਹੈ।
ਪੰਜਾਬੀ ਵਿਚ ਸ਼ਬਦ ਚਿੱਤਰਾਂ ਦੀ ਪਰੰਪਰਾ ਬੇਸ਼ੱਕ ਗੁਰੂ ਨਾਨਕ ਜੀ ਦੇ ਬਾਬਰ ਦੇ ਚਿਤਰ ਤੋਂ ਤੁਰਦੀ ਹੋਈ ਵਰਤਮਾਨ ਪੰਜਾਬੀ ਕਵੀ ਮੋਹਨਜੀਤ ਹੋਰਾਂ ਤੱਕ ਆਉਂਦਿਆਂ ਪੂਰੇ ਜਲੌਅ ਵਿੱਚ ਮੂਰਤੀਮਾਨ ਹੁੰਦੀ ਹੈ ਪਰ
ਚਰਖ਼ੜੀ ਵਿੱਚ ਛਪੇ ਆਪਣੇ ਕੁਝ ਆਮ ਤੇ ਖਾਸ ਸ਼ਬਦ ਚਿੱਤਰਾਂ ਦੁਆਰਾ, ਗੁਰਭਜਨ ਗਿੱਲ ਵੀ ਇਕ ਵੱਡਾ ਸ਼ਬਦ ਚਿੱਤਰ ਸਿਰਜਕ ਨਜ਼ਰ ਆਉਂਦਾ ਹੈ। ਵਿਅੰਗਕਾਰ ਭੂਸ਼ਨ ਧਿਆਨਪੁਰੀ ਦਾ ਕੁਝ ਸਤਰਾਂ ਵਿੱਚ ਹੀ ਅਗੇਤਰ ਪਛੇਤਰ ਚਿਹਰਾ ਮੂਹਰੇ ਬਿਆਨ ਦਿੰਦਾ ਹੈ -
"ਨਾਮਧਾਰੀਆਂ ਦਾ ਬੇਅੰਤ ਸਰੂਪ ਸ਼ਰਮਾ।
ਸਾਹਿਤ ਦਾ ਭੂਸ਼ਨ
ਬਾਪੂ ਅਮਰਨਾਥ ਸ਼ਾਦਾਬ ਦਾ ਸਪੁੱਤਰ।
ਕਲਾਨੌਰੀਆ ਦਾ ਦੋਹਤਰਵਾਨ।
ਰੁਕ ਰੁਕ ਬੋਲਦਾ
ਤੇਜ਼ ਤੇਜ਼ ਲਿਖਦਾ ਤੇ ਕਹਿੰਦਾ,
ਮੈਂ ਕਿਸੇ ਵਸਤਰ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ,
ਮੈਂ ਸਗੋਂ ਕਹਿੰਦਾਂ ਕਿ
ਵਸਤਰ ਪਹਿਨ ਕੇ ਨੰਗੇ ਰਹੋ।
ਇਹ ਨਾ ਹੋਵੇ ਕਿ ਤੁਹਾਨੂੰ,
ਇਸ਼ਟ ਮੰਨ ਬੈਠੇ ਸਮਾਂ,
ਤੇ ਤੁਸੀਂ ਸਾਰੀ ਉਮਰ
ਦੀਵਾਰ ਤੇ ਟੰਗੇ ਰਹੋ।"
.(ਭੂਸ਼ਨ ਧਿਆਨਪੁਰੀ ਨੂੰ ਮਿਲਦਿਆਂ)
ਸਰਦਾਰਨੀ ਜਗਜੀਤ ਕੌਰ ਨਾਲ, ਫੁੱਲ ਵਿਚ ਖੁਸ਼ਬੋਈ ਵਾਂਗ, ਉਮਰ ਗੁਜ਼ਾਰਨ ਵਾਲਾ ਸੰਗੀਤਕਾਰ ਖੱਯਾਮ, ਬਾਬਾ ਫ਼ਰੀਦ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਦੀ ਸੁਲਹਕੁਲ ਪਰੰਪਰਾ ਨੂੰ ਅੱਗੇ ਤੋਰਦਾ, ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਵਾਂਗ, ਬੰਧਨ ਮੁਕਤ ਹੋ ਕੇ ਵਿਚਰਦਾ ਹੈ।
"ਕਿਤੇ ਨਹੀਂ ਗਿਆ ਖੱਯਾਮ।
ਇੱਥੇ ਹੀ ਕਿਤੇ ਗੁਲਜ਼ਾਰ ਜਾਂ
ਜਾਵੇਦ ਅਖ਼ਤਰ ਦੇ ਸ਼ਬਦਾਂ ਚੋਂ
ਸੁਰਵੰਤੇ ਅਰਥਾਂ ਦੀ
ਤਲਾਸ਼ ਕਰ ਰਿਹਾ ਹੋਵੇਗਾ।"
(ਕਿਤੇ ਨਹੀਂ ਜਾਵੇਗਾ ਖੱਯਾਮ)
"ਸੂਰਜਮੁਖੀ ਦੇ ਖੇਤ ਵਾਂਗ ਖਿੜਨ ਵਾਲੇ" ਸਿਆਸਤਦਾਨ ਘੱਟ ਪਰ ਸੱਭਿਆਚਾਰਕ ਕਾਮੇ ਜਹੀ ਪਛਾਣ ਬਣਾਉਣ ਵਾਲੇ, ਸਃ ਜਗਦੇਵ ਸਿੰਘ ਜੱਸੋਵਾਲ ਨੂੰ ਉਸ ਦੇ ਜਾਣ ਦੇ ਬਾਅਦ ਵੀ ਕਵੀ ਦੇ ਘਰ ਦੀਆਂ ਪੌੜੀਆਂ ਉਡੀਕ ਰਹੀਆਂ। ਵੱਡੇ ਫ਼ਿਕਰਾਂ ਤੇ ਵੱਡੇ ਟੀਚਿਆਂ ਵਾਲੇ ਦਬੰਗ ਸੱਜਣ ਨੇ ਜੀਵਨ ਦਾ ਹਰ ਪਲ, ਸੱਜਣਾਂ, ਮਿੱਤਰਾਂ ਲੋੜਵੰਦਾਂ ਦੇ ਲੇਖੇ ਲਾਉਂਦਿਆਂ ਬਿਤਾਇਆ।
-
ਸੁਵਰਨ ਸਿੰਘ ਵਿਰਕ, ਲੇਖਕ
**********
99963-71716
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.