ਅਜੋਕੀ ਵਿੱਦਿਅਕ ਪ੍ਰਣਾਲੀ ’ਚ ਸਿਰਫ਼ ਅਕਾਦਮਿਕ ਪੜ੍ਹਾਈ ਨੂੰ ਹੀ ਸਰਬੋਤਮ ਮੰਨਿਆ ਜਾ ਰਿਹਾ
ਜਦੋਂ ਵੀ ਕਿਸੇ ਦੇ ਘਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਅਕਸਰ ਬੱਚਿਆਂ ਦਾ ਹਾਲ-ਚਾਲ ਜਾਣਨ ਤੋਂ ਗੱਲ ਆਰੰਭ ਹੁੰਦੀ ਹੈ। ਮਹਿਮਾਨ ਤੇ ਮੇਜ਼ਬਾਨ ਆਪੋ-ਆਪਣੇ ਬੱਚਿਆਂ ਦੇ ਤਾਜ਼ਾ ਇਮਤਿਹਾਨਾਂ ’ਚੋਂ ਪ੍ਰਾਪਤ ਕੀਤੇ ਅੰਕਾਂ ਨੂੰ ਵਧਾ-ਚੜ੍ਹਾ ਕੇ ਦੱਸਦੇ ਹਨ। ਇਕ ਦੱਸਦਾ ਹੈ, ‘ਮੇਰੇ ਬੇਟੇ ਨੇ ਸੱਤਵੀਂ ਜਮਾਤ ’ਚੋਂ 97 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ’ ਤੇ ਦੂਸਰਾ ਆਖਦਾ ਹੈ ‘ਮੇਰੀ ਬੇਟੀ ਨੇ ਨੌਵੀਂ ’ਚੋਂ 99 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।’ ਇਸ ਅੰਕੜਿਆਂ ਦੀ ਦੌੜ ਦੌਰਾਨ ਦੋਨੋਂ ਵਿਅਕਤੀ ਇਸ ਗੱਲ ਤੋਂ ਅਨਜਾਣ ਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੇ ਅੰਕ ਸਰਬਪੱਖੀ ਸਿੱਖਿਆ ਦਾ ਸਿੱਟਾ ਹਨ ਜਾਂ ਕਿਤਾਬੀ ਗਿਆਨ ਦਾ ਨਤੀਜਾ। ਇਸ ਰਹੱਸ ਨੂੰ ਅਜੋਕੇ ਦੌਰ ’ਚ ਨਾ ਹੀ ਮਾਪੇ ਸਮਝ ਰਹੇ ਹਨ ਅਤੇ ਨਾ ਅਧਿਆਪਕ। ਗੱਲ ਅੰਕੜਿਆਂ ’ਚ ਉਲਝੀ ਅਜੋਕੀ ਸਿੱਖਿਆ ਦੀ ਕਰ ਰਹੇ ਹਾਂ। ਸਭ ਮਾਪੇ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਸੌ ਫ਼ੀਸਦੀ ਨੂੰ ਛੂਹਦੇ ਅੰਕ ਹਾਸਲ ਕਰ ਰਹੀ ਹੈ ਪਰ ਉਹ ਇਹ ਕਦੇ ਨਹੀਂ ਸੋਚਦੇ ਕੀ ਸਾਡੇ ਬੱਚੇ ਸਿੱਖ ਕੀ ਰਹੇ ਹਨ? ਅਕਸਰ ਅਧਿਆਪਕ-ਮਾਪੇ ਮਿਲਣੀਆਂ ਦੌਰਾਨ ਮਾਪਿਆਂ ਦੀ ਨਜ਼ਰ ਬੱਚੇ ਦੇ ਰਿਪੋਰਟ ਕਾਰਡ ’ਚ ਦਰਜ ਵੱਖ-ਵੱਖ ਵਿਸ਼ਿਆਂ ਦੇ ਅੰਕਾਂ ’ਤੇ ਹੁੰਦੀ ਹੈ।
ਵਧੀਆ ਅੰਕ ਹਾਸਲ ਕਰਨ ਵਾਲੇ ਬੱਚਿਆਂ ਦੇ ਜ਼ਿਆਦਾਤਰ ਮਾਪੇ ਕਦੇ ਵੀ ਇਹ ਨਹੀਂ ਪੁੱਛਦੇ ਕਿ ਉਨ੍ਹਾਂ ਦਾ ਬੱਚਾ ਹੋਰਨਾਂ ਖੇਤਰਾਂ ’ਚ ਕਿਸ ਤਰ੍ਹਾਂ ਦਾ ਹੈ ਭਾਵ ਨੈਤਿਕ ਕਦਰਾਂ-ਕੀਮਤਾਂ, ਚਿੱਤਰਕਾਰੀ, ਸੰਗੀਤ, ਖੇਡਾਂ, ਅਦਾਕਾਰੀ, ਸਕੂਲ ’ਚ ਵਿਚਰਨਾ, ਸਵੈ-ਵਿਸ਼ਵਾਸ, ਸਾਥੀਆਂ ਨਾਲ ਵਰਤਾਅ ਤੇ ਸਾਹਿਤ ਆਦਿ ’ਚ ਕਿੰਨੀ ਕੁ ਰੁਚੀ ਰੱਖਦਾ ਹੈ? ਜਦਕਿ ਇਕ ਵਧੀਆ ਸ਼ਖ਼ਸੀਅਤ ਉਸਾਰਨ ਵਾਲੀ ਸਿੱਖਿਆ ’ਚ ਉਪਰੋਕਤ ਸਾਰੇ ਗੁਣ ਵੀ ਸ਼ਾਮਲ ਹੋਣੇ ਚਾਹੀਦੇ ਹਨ। ਕਹਿਣ ਦਾ ਭਾਵ ਇਹ ਕਿ ਅਜੋਕੀ ਵਿੱਦਿਅਕ ਪ੍ਰਣਾਲੀ ’ਚ ਸਿਰਫ਼ ਅਕਾਦਮਿਕ ਪੜ੍ਹਾਈ ਨੂੰ ਹੀ ਸਰਬੋਤਮ ਮੰਨਿਆ ਜਾ ਰਿਹਾ ਹੈ।
ਜਦਕਿ ਜ਼ਰੂਰਤ ਹੈ ਬੱਚੇ ਦੇ ਸਰਬਪੱਖੀ ਵਿਕਾਸ ਦੀ ਮੁਦਈ ਸਿੱਖਿਆ ਦੀ ਜਿਸ ਨਾਲ ਵਧੀਆ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਦੇਖਣ ’ਚ ਆਉਂਦਾ ਹੈ ਕਿ ਮਾਪੇ ਬੱਚਿਆਂ ਨੂੰ ਵਧੀਆ ਅੰਕਾਂ ਦੇ ਟੀਚੇ ਦਿੰਦੇ ਹਨ ਜਿਸ ਲਈ ਉਨ੍ਹਾਂ ਨੂੰ ਜਾਂ ਤਾਂ ਘਰਾਂ ’ਚ ਕੈਦ ਰੱਖਦੇ ਹਨ ਜਾਂ ਫਿਰ ਟਿਊਸ਼ਨ ਸੈਂਟਰਾਂ ’ਚ ਭੇਜਦੇ ਹਨ। ਉਹ ਬੱਚੇ ਨੂੰ ਕਦੇ ਨਹੀਂ ਪੁੱਛਦੇ ਕਿ ਉਸ ਦੀ ਪੜ੍ਹਾਈ ਤੋਂ ਬਿਨਾਂ ਹੋਰਨਾਂ ਕਿਹੜੇ ਖੇਤਰਾਂ ’ਚ ਰੁਚੀ ਹੈ। ਅਧਿਆਪਨ ਤਜਰਬਿਆਂ ’ਚੋਂ ਇਹ ਗੱਲ ਸਪਸ਼ਟ ਰੂਪ ’ਚ ਉੱਭਰ ਕੇ ਆਉਂਦੀ ਹੈ ਕਿ ਜੋ ਵਿਅਕਤੀ ਅਕਾਦਮਿਕ ਪੱਖੋਂ ਕਮਜ਼ੋਰ ਹੈ ਜਾਂ ਉਸ ਦੀ ਪੜ੍ਹਨ ’ਚ ਰੁਚੀ ਘੱਟ ਹੈ ਜੇਕਰ ਉਸ ਦੀਆਂ ਹੋਰਨਾਂ ਰੁਚੀਆਂ ਨੂੰ ਸਮਝਿਆ ਜਾਵੇ ਤੇ ਉਨ੍ਹਾਂ ’ਚ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਤਾਂ ਅਜਿਹੇ ਵਿਦਿਆਰਥੀ ਪੜ੍ਹਨ ’ਚ ਵੀ ਧਿਆਨ ਦੇਣ ਲੱਗ ਪੈਂਦੇ ਹਨ। ਅਜਿਹੇ ਬੱਚਿਆਂ ਨੂੰ ਸਿਰਫ਼ ਹੱਲਾਸ਼ੇਰੀ ਅਤੇ ਵਾਚਣ ਦੀ ਲੋੜ ਹੁੰਦੀ ਹੈ। ਅਧਿਆਪਕ ’ਤੇ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਅਕਾਦਮਿਕ ਅੰਕਾਂ ਦੀ ਥੋਪੀ ਗਈ ਹੈ। ਵੈਸੇ ਅਧਿਆਪਕ ਦਾ ਫ਼ਰਜ਼ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਪਛਾਣਨਾ ਤੇ ਤਰਾਸ਼ਣਾ ਹੁੰਦਾ ਹੈ।
ਇਸ ਦੌਰ ’ਚ ਬਹੁਤ ਸਾਰੇ ਸਕੂਲ, ਮਾਪਿਆਂ ਦੀ ਨਾ-ਸਮਝੀ ਭਾਵ ਅੰਕੜਿਆਂ ਦੀ ਦੌੜ ਦਾ ਖ਼ੁੂਬ ਫ਼ਾਇਦਾ ਉਠਾ ਰਹੇ ਹਨ। ਭਾਵ ਵੱਧ ਅੰਕਾਂ ਵਾਲੇ ਬੱਚੇ ਜਿੱਥੇ ਮਾਪਿਆਂ ਲਈ ਤਸੱਲੀ ਦਾ ਕਾਰਨ ਬਣਦੇ ਹਨ, ਉੱਥੇ ਉਹ ਆਪਣੇ ਸਕੂਲਾਂ ਲਈ ਕਮਾਊ ਪੁੱਤ ਬਣਦੇ ਹਨ। ਅੰਕਾਂ ਦੇ ਮਾਮਲੇ ’ਚ ਮੋਹਰੀ ਵਿਦਿਆਰਥੀ ਦੀਆਂ ਤਸਵੀਰਾਂ ਲਗਾ ਕੇ ਸਕੂਲਾਂ ਵੱਲੋਂ ਆਪਣੇ ਬਿਹਤਰ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ। ਅਜੋਕੀ ਸਿੱਖਿਆ ਅੰਕੜਿਆਂ ਦੇ ਜਾਲ ’ਚ ਇੰਨੀ ਉਲਝ ਚੁੱਕੀ ਹੈ ਕਿ ਇਸ ਵਿੱਚੋਂ ਕਦਰਾਂ-ਕੀਮਤਾਂ ਲਗਪਗ ਪੂਰੀ ਤਰ੍ਹਾਂ ਮਨਫ਼ੀ ਹੋ ਚੁੱਕੀਆਂ ਹਨ। ਇਸ ਦਾ ਪਤਾ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਲਾ ਸਕਦੇ ਹਾਂ। ਜਦੋਂ ਘਰ ਵਿਚ ਕੋਈ ਮਹਿਮਾਨ ਆਉਂਦਾ ਹੈ ਤਾਂ ਬੱਚਿਆਂ ਨੂੰ ਪਹਿਲੀ ਗੱਲ ਤਾਂ ਮਾਪੇ ਮਹਿਮਾਨ ਦੇ ਰੂਬਰੂ ਨਹੀਂ ਕਰਦੇ। ‘ਬੱਚਾ ਪੜ੍ਹ ਰਿਹਾ ਹੈ ਜਾਂ ਟਿਊਸ਼ਨ ਗਿਆ ਹੈ’ ਦਾ ਬਹਾਨਾ ਲਾ ਦਿੱਤਾ ਜਾਂਦਾ ਹੈ। ਜੇ ਬੱਚੇ ਨੂੰ ਮਹਿਮਾਨਾਂ ਦੇ ਰੂਬਰੂ ਕਰਨਾ ਹੋਵੇ ਤਾਂ ਉਸ ਨੂੰ ਤਰਲੇ ਜਿਹੇ ਨਾਲ ਮਾਪੇ ਬੁਲਾਉਂਦੇ ਹਨ, “ਬੇਟਾ/ਬੇਟੀ ਇੱਧਰ ਆਓ... ਦੇਖੋ ਤੇਰੇ ਅੰਕਲ ਆਏ ਨੇ।” ਬੱਚਾ ਸੁੰਨ ਵੱਟਾ ਜਿਹਾ ਬਣ ਕੇ ਮਹਿਮਾਨਾਂ ਕੋਲ ਆ ਖੜ੍ਹਦਾ ਹੈ ਅਤੇ ਮਾਤਾ/ਪਿਤਾ ਬੱਚੇ ਨੂੰ ਕਹਿੰਦਾ ਹੈ, “
ਬੱਚਾ ਮਜਬੂਰੀ ਵਾਲੇ ਅੰਦਾਜ਼ ’ਚ ਮਹਿਮਾਨਾਂ ਨੂੰ ਫਤਹਿ ਬੁਲਾਉਂਦਾ ਹੈ ਅਤੇ ਵਾਪਸ ਆਪਣੇ ਕਮਰੇ ’ਚ ਚਲਾ ਜਾਂਦਾ ਹੈ। ਕੋਈ ਸਮਾਂ ਸੀ ਜਦੋਂ ਘਰ ’ਚ ਮਹਿਮਾਨ ਆਉਂਦਾ ਤਾਂ ਬੱਚਿਆਂ ਦਾ ਚਾਅ ਦੇਖਣ ਵਾਲਾ ਹੁੰਦਾ ਸੀ। ਉਨ੍ਹਾਂ ਨੂੰ ਰਿਸ਼ਤਿਆਂ-ਨਾਤਿਆਂ ਦਾ ਵੀ ਪਤਾ ਹੁੰਦਾ ਸੀ। ਮਾਪਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀਆਂ ਰੁਚੀਆਂ, ਪ੍ਰਤਿਭਾ ਤੇ ਸ਼ੌਕਾਂ ਦੀ ਨਿਰਖ-ਪਰਖ ਕਰਨੀ ਚਾਹੀਦੀ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.