ਬਚਪਨ , ਕਿਸ਼ਤ ਚਾਰ
ਬਚਪਨ ਦੀਆਂ ਮਿਕਨਾਤੀਸੀ ਯਾਦਾਂ ਵਜੋਂ ਕੁਝ ਯਾਦਾਂ ਇਹ ਵੀ ਨੇ l ਕਿਸੇ ਕਿਸੇ ਸ਼ਾਮ ਇੱਕ ਜੀਪ ਆ ਕੇ ਪੰਡਿਤ ਗੋਪਾਲ ਚੰਦ ਹੋਰਾਂ ਦੀ ਹੱਟੀ ਜੇ ਸਾਹਮਣੇ ਆ ਖੜ੍ਹਦੀ ...ਉਨ੍ਹਾਂ ਦੀ ਹੱਟੀ ਪਿੰਡ ਦੇ ਚੌਕ ਵਿੱਚ ਸੀ ,ਖੁੱਲ੍ਹੀ ਜਗ੍ਹਾ ਤੇ l ਜੀਪ ਆਉਣ ਦਾ ਮਤਲਬ ਹੁੰਦਾ ਸੀ ਕਿ ਅੱਜ ਸ਼ਾਮ ਨੂੰ ਪਿੰਡ ਦੀ ਸੱਥ ਵਿੱਚ ਫਿਲਮ ਦਿਖਾਈ ਜਾਵੇਗੀ l ਜੀਪ ਵਿੱਚ ਅਕਸਰ ਧਨੀ ਰਾਮ ਹੁੰਦਾ ਤੇ ਨਾਲ ਕੋਈ ਹੋਰ ਸਹਾਇਕ l
ਤਿੱਖੇ ਨੈਣ ਨਕਸ਼'ਵੱਡੀਆਂ ਵੱਡੀਆਂ ਕਲਮਾਂ .ਤੇ ਕਣਕਵੰਨੇ ਰੰਗ ਵਾਲਾ ਤੇ ਇਹ ਦਰਮਿਆਨੇ ਕੱਦ ਵਾਲਾ ਧਨੀ ਰਾਮ ਆਪ ਵੀ ਫ਼ਿਲਮੀ ਕਿਰਦਾਰਾਂ ਵਰਗਾ ਲਗਦਾ l ਉਹ ਸ਼ਾਇਦ ਹਿਮਾਚਲ ਤੋਂ ਸੀ ਤੇ ਪੰਡਿਤ ਗੋਪਾਲ ਚੰਦ ਹੁਰਾਂ ਨਾਲ ਉਹਦੀ ਨਿਸਬਤ (ਆਦਰਭਾਵ )ਸੀ l
ਜਿਵੇਂ ਜਿਵੇਂ ਦਿਨ ਛਿਪਣਾ ..ਸੱਥ ਦੇ ਦ੍ਰਿਸ਼ ਬਦਲਦੇ ਜਾਂਦੇ ਲੋਕ ਸੱਥ ਵਿਚ ਆਉਂਦੇ ਜਾਂਦੇ ...ਔਰਤਾਂ ਮਰਦ ਬੱਚੇ ,ਸਾਰੇ l ਉਹ ਆਪਣੇ ਨਾਲ ਪੱਲੀਆਂ ਜਾਂ ਕੋਈ ਨਾ ਕੋਈ ਚਾਦਰਾਂ ਆਦਿ ਲੈ ਕੇ ਆਉਂਦੇ ਤੇ ਤੇ ਧਰਤੀ ਤੇ ਉਨ੍ਹਾਂ ਨੂੰ ਵਿਛਾ ਕੇ ਉਸ ਉੱਪਰ ਆਰਾਮ ਨਾਲ ਬਹਿ ਜਾਂਦੇ l ਸਰਦੀਆਂ ਵਿੱਚ ਉਹ ਰਜਾਈਆਂ ਜਾਂ ਮੋਟੀਆਂ ਚਾਦਰਾ ਵੀ ਨਾਲ ਲੈ ਆਉਂਦੇ ਸਨ l
ਅਸੀਂ ਬੱਚੇ ਫ਼ਿਲਮ ਨਾਲੋਂ ਵੱਧ ਇਸ ਇਕੱਠ ਨੂੰ ਮਾਣਦੇ ਤੇ ਖੂਬ ਖੇਡਦੇ l
ਦਿਨ ਛਿਪਾ ਦੇ ਨਾਲ ਹੀ ਧਨੀ ਰਾਮ ਆਪਣੀ ਮਸ਼ੀਨ ਨੂੰ ਸੈੱਟ ਕਰ ਲੈਂਦਾ ਤੇ ਸੱਥ ਦੇ ਸਾਹਮਣੇ ਵਾਲੀ ਹਵੇਲੀ ਤੇ ਚਿੱਟੇ ਰੰਗ ਦਾ ਇੱਕ ਪਰਦਾ ਟੰਗ ਦਿੱਤਾ ਜਾਂਦਾ l ਮੈਂ ਮਸ਼ੀਨ ਵਿਚੋਂ ਨਿਕਲਦੀਆਂ ਰੰਗ ਬਿਰੰਗੀਆਂ ਕਿਰਨਾਂ ਵਿੱਚੋਂ ਹੀਰੋ ਹੀਰੋਇਨ ਤੇ ਪ੍ਰਾਣ ਨੂੰ ਦੇਖਣ ਦਾ ਯਤਨ ਕਰਦਾ ਤੇ ਹੈਰਾਨ ਰਹਿ ਜਾਂਦਾ ਕਿ ਇਹ ਕਿਰਨਾਂ ਪਰਦੇ ਤੇ ਜਾ ਕੇ ਕਿਵੇਂ ਇਨਸਾਨ ਬਣ ਜਾਂਦੀਆਂ ਹਨ l
ਧਨੀ ਰਾਮ ਭਾਵੇਂ ਸਰਕਾਰੀ ਕਰਮਚਾਰੀ ਸੀ ਪਰ ਸਾਨੂੰ ਉਹ ਸਰਕਾਰੀ ਕਰਮਚਾਰੀ ਕਦੇ ਵੀ ਨਹੀਂ ਪ੍ਰਤੀਤ ਹੋਇਆ l ਸਾਨੂੰ ਬੱਚਿਆਂ ਨੂੰ ਤਾਂ ਉਹ ਸੁਪਨੇ ਵੇਚਣ ਵਾਲਾ ਕੋਈ ਵਪਾਰੀ ਲੱਗਦਾ ਸੀ ਜੋ ਬਿਨਾਂ ਕੁਝ ਲਿਆਂ ,ਕੁਝ ਦਿੱਤੇ ਸਾਨੂੰ ਹਸੀਨ ਸੁਪਨੇ ਦੇ ਜਾਂਦਾ ਸੀ l
ਪਹਿਲਾਂ ਪਹਿਲਾਂ ਉਹ ਬਲੈਕ ਐਂਡ ਵਾਈਟ ਫ਼ਿਲਮਾਂ ਲੈ ਕੇ ਆਉਂਦੇ ਰਹੇ, ਕੁਝ ਇੱਕ ਯਾਦ ਹਨ l ਕਦੇ ਧੁੱਪ ਕਦੇ ਛਾਂ ,ਪਰਵਰਿਸ਼ ਆਦਿ l ਫਿਰ ਉਹ ਰੰਗੀਨ ਫ਼ਿਲਮਾਂ ਵੀ ਲੈ ਕੇ ਆਉਂਦੇ ਰਹੇ l ਆਏ ਦਿਨ ਬਹਾਰ ਕੇ .. ਲੋਫਰ ...ਗੋਰਾ ਆਰ ਕਾਲਾ ਤੇ ਕਈ ਹੋਰ l
ਸਮਾਂ ਬੀਤਿਆ ਫਿਰ ਪਿੰਡ ਵਿੱਚ ਟੈਲੀਵਿਜ਼ਨ ਆਉਣੇ ਸ਼ੁਰੂ ਹੋ ਗਏ...l ਸਾਡੇ ਘਰੇ ਵੀ ਬਲੈਕ ਐਂਡ ਵਾਈਟ ਟੀਵੀ ਆ ਗਿਆ ਸੀ .....ਪਰ ਜਿੱਦਣ ਧਨੀ ਰਾਮ ਦੀ ਜੀਪ ਪਿੰਡ ਆਉਂਦੀ ਤਾਂ ਉਹ ਸ਼ਾਮ ਮੈਂ ਟੀ ਵੀ ਛੱਡ ਕੇ ਫਿਰ ਸੱਥ ਵਿੱਚ ਚਲੇ ਜਾਂਦਾ ਸੀ ..ਇਸ ਦੇ ਬਾਵਜੂਦ ਵੀ ਚਲੇ ਜਾਂਦਾ ਕਿ ਹਾਲੇ ਟੈਲੀਵਿਜ਼ਨ ਦਾ ਚਾਅ ਵੀ ਨਹੀਂ ਸੀ ਲੱਥਾ .. l ਇਕ ਵਾਰੀ ਤਾਂ ਤਾਰਿਕ ਅਜ਼ੀਜ਼ ਦਾ ਨਿਲਾਮ ਘਰ ਛੱਡ ਕੇ ਵੀ ਗਿਆ ਸੀ l
ਸੱਥ ਵਿਚ ਲੋਕ ਆਮ ਦਿਨਾਂ ਨਾਲੋਂ ਵੱਖਰੇ ਦਿਖਾਈ ਦਿੰਦੇ ਹੁੰਦੇ ਸਨ ਬੇਫ਼ਿਕਰ ..ਬੇਨਿਆਜ਼.. l ਮੈਂ ਅਕਸਰ ਸੱਥ ਦੇ ਆਲੇ ਦੁਆਲੇ ਦੀਆਂ ਛੱਤਾਂ ਨੂੰ ਤੱਕਦਾ ਰਹਿੰਦਾ ...ਉੱਥੇ ਵੀ ਬਹੁਤ ਸਾਰੇ ਲੋਕ ਬੈਠੇ ਹੁੰਦੇ ਸਨ.. ਮੇਰੇ ਛੋਟੇ ਛੋਟੇ ਦੋਸਤ ਵੀ l
ਅੱਜ ਮੈਂ ਸੋਚਦਾ ਹਾਂ ਪਤਾ ਨਹੀਂ ਕਿਉਂ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਦੇਖਣ ਜਾਂਦਾ ਸਾਂ ...ਮੈਂ ਛੱਤਾਂ ਤੇ ਬੈਠੇ ਲੋਕਾਂ ਨੂੰ ਦੇਖ ਕੇ ਕਿਉਂ ਖੁਸ਼ ਹੁੰਦਾ ਸੀ ? ਉਹ ਸਾਰੇ ਫ਼ਿਲਮ ਦੇਖਣ ਆਉਂਦੇ ਸਨ ਤੇ ਮੈਂ ਉਨ੍ਹਾਂ ਸਾਰਿਆਂ ਨੂੰ ਫ਼ਿਲਮ ਵਿੱਚ ਖੁੱਭਿਆ ਹੋਇਆ ਦੇਖ ਕੇ ਖ਼ੁਸ਼ ਹੁੰਦਾ...ਤੇ ਫਿਰ ਜਾ ਕੇ ਘਰੇ ਨਾਨੀ ਦੇ ਢਿੱਡ ਤੇ ਲੱਤ ਰੱਖ ਕੇ ਸੁਪਨਿਆਂ ਵਿੱਚ ਗਵਾਚ ਜਾਂਦਾ l
ਉਸ ਡੂੰਘੇ ਭੇਤ ਦੀ ਸਮਝ ਮੈਨੂੰ ਇਸ ਮੁਕਾਮ ਤੇ ਆ ਕੇ ਲੱਗੀ ਦਰਅਸਲ ਸੱਥ ਤੇ ਛੱਤਾਂ ਦਾ ਨਜ਼ਾਰਾ ਫ਼ਿਲਮ ਤੋਂ ਵੀ ਜ਼ਿਆਦਾ ਹਸੀਨ ਹੁੰਦਾ ਸੀ l ਜੋ ਸ਼ਾਇਦ ਸ਼ਬਦਾਂ ਵਿਚ ਬਿਆਨ ਨਾ ਕੀਤਾ ਜਾ ਸਕੇ l
-
ਤਰਸੇਮ ਬਸ਼ਰ, ਲੇਖਕ
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.