ਤੂੰ ਮੇਰੇ ਲਈ ਕੀ ਐਂ …ਸੁਰੱਖਿਆ ਗਾਰਡਾਂ ਦੇ ਨਾਂ ਸੁਖਦੇਵ ਵਿਰਕ ਦਾ ਸੁਨੇਹਾ
(ਸੁਰੱਖਿਆ ਕਰਮਚਾਰੀ ਜੋ ਮੇਰੇ ਨਾਲ ਤਾਇਨਾਤ ਭਾਵੇਂ ਸੁਰੱਖਿਆ ਦੇ ਪੱਖ ਤੋ ਰਹੇ ਦੇ ਨਾਮ, ਜਿੰਨਾਂ ਨੂੰ ਗੰਨਮੈਨ ਕਹਾਂ ਤਾਂ ਇਹ ਲਫ਼ਜ਼ ਉਨਾਂ ਲਈ ਸਹੀ ਨਹੀਂ ਜੋ ਰਿਸ਼ਤਾ ਉਨਾਂ ਨਿਭਾਇਆ,ਉਹ ਭਰਾ ਜਾਂ ਦੋਸਤ ਤੋ ਵੀ ਵਧ ਕੇ ਹੈ))
ਬੇਸ਼ੱਕ ਤੇਰੀ ਡਿਊਟੀ ਮੇਰੇ ਨਾਲ ਸੁਰੱਖਿਆ ਲਈ ਲੱਗੀ ਸੀ , ਪਰ ਤੂੰ ਤਾਂ ਉਸਤੋਂ ਕਿਤੇ ਵੱਧ ਕਿ ਇੱਕ ਰਿਸ਼ਤਾ ਨਿਭਾਇਆ, ਡਿਊਟੀ ਦੀ ਮਸ਼ਰੂਫੀਅਤ ਕਰਕੇ ਸ਼ਾਇਦ ਮੈ ਘਰੇਲੂ ਜ਼ੁੰਮੇਵਾਰੀਆਂ ਨੂੰ ਇੰਨਾ ਵਧੀਆ ਤੇਰੀ ਮੱਦਦ ਬਿਨਾਂ ਨਾਂ ਨਿਭਾ ਸਕਦਾ ।ਜੋ ਵਧੀਆ ਪੁੱਤ ,ਭਰਾ ਦਾ ਰੋਲ ਨਿਭਾਉਣ ਦਾ ਮਾਣ ਮੈਨੂੰ ਮਿਲਿਆ, ਉਹ ਤੇਰੀ ਸੰਜੀਦਗੀ ਨਾਲ ਨਿਭਾਏ ਰਿਸ਼ਤੇ ਕਰਕੇ ਐ। ਵਰਦੀਆਂ ਗੋਲ਼ੀਆਂ ਚ ਤੇਰਾ ਮੈਨੂੰ ਪਿੱਛੇ ਕਰਕੇ ਆਪ ਮੇਰੇ ਅੱਗੇ ਚੱਲਣਾ ਮਾਂ ਜਾਇਆ ਦੇ ਅੱਪਣਤ ਭਰੇ ਰਿਸ਼ਤੇ ਵਰਗਾ ਲੱਗਦਾ ।ਵਿਹਲਿਆਂ ਸਮਿਆਂ ਚ ਕੀਤਾ ਹਾਸਾ ਠੱਠਾ ਦੋਸਤਾਂ ਦੀ ਸੰਗਤ ਵਾਂਗ ਸਾਰਾ ਥਕੇਵਾਂ ਲਾਹ ਦਿੰਦਾ , ਹਰ ਸਮੇਂ ਤੈਨੂੰ ਫਿਕਰ ਰਹਿੰਦਾ ,ਮੈਨੂੰ ਮਾਣ ਇੱਜ਼ਤ ਤੌਰ ਤੇ ਜਾਂ ਸਰੀਰਕ ਤੌਰ ਤੇ ਕੋਈ ਹਾਨੀ ਨਾ ਹੋਵੇ ।
ਭਾਵੇਂ ਉਹ ਕਿਸੇ ਮੈਨੂੰ ਮਿਲਣ ਆਏ ਕੋਈ ਮਾੜੀ ਸੁਹਬਤ ਵਾਲੇ ਬੰਦੇ ਤੋਂ ਮੈਨੂੰ ਜਾਣੂ ਕਰਾਉਣਾ ਹੁੰਦਾ ਜਾਂ ਜਦੋਂ ਭੜਕੀ ਭੀੜ ਤੋ ਲੱਗੀ ਸੱਟ ਕਾਰਨ ਵਹਿੰਦੇ ਖੂਨ ਨੂੰ ਵੇਖਦਿਆਂ ਤੇਰੀਆਂ ਅੱਖਾਂ ਚੋ ਅੱਥਰੂ ਵਹਿ ਤੁਰੇ ਤਾਂ ਤੇਰੇ ਚੋ ਮੈਨੂੰ ਮੇਰਾ ਵੱਡਾ ਭਰਾ ਨਜ਼ਰ ਆਇਆ। ਸੋਚਿਆ ਕਦੇ , ਆਪਾਂ ਇਕੱਠਿਆਂ ਜ਼ਿੰਦਗੀ ਕਿੰਨਾ ਸਮਾਂ ਬਤੀਤ ਕੀਤਾ, ਸ਼ਾਇਦ ਮੈ ਆਪਣੇ ਪਰਿਵਾਰ ਦੇ ਕਿਸੇ ਜੀਅ ਨਾਲ ਵੀ ਇੰਨਾ ਸਮਾਂ ਇਕੱਠਿਆਂ ਨਹੀਂ ਰਿਹਾ । 24 ਸਾਲ ਦੇ ਭਰਤੀ ਹੋਣ ਤੋ ਬਾਦ ਤੇਰੇ ਨਾਲ ਹੀ ਤਾਂ ਹਾਂ ।ਜ਼ਿੰਦਗੀ ਦੇ ਹਰ ਚੰਗੇ ਮਾੜੇ ਸਰਕਾਰੀ ਜਾਂ ਪਰਿਵਾਰਿਕ ਸੁਨੇਹੇ ਨੂੰ ਵੀ ਇੱਕਠਿਆਂ ਸੁਣਿਆ , ਤੂੰ ਮੇਰੀ ਹਰ ਖੁਸ਼ੀ ਗ਼ਮੀ ਦਾ ਗਵਾਹ ਹੈਂ ।ਤੂੰ ਮੇਰੇ ਚਿਹਰੇ ਤੋ ਮੇਰੇ ਅੰਦਰ ਚੱਲ ਰਹੇ ਦਵੰਦ ਦਾ ਅੰਦਾਜ਼ਾ ਮੇਰੀ ਮਾਂ ਵਾਂਗ ਲਾ ਲੈਂਦਾ ਸੀ ,ਆਪਾਂ ਇੱਕਠਿਆਂ ਹੀ ਸਮਾਜਿਕ ਝੂਠਾਂ ਤੇ ਫ਼ਰੇਬਾਂ ਨੂੰ ਦੇਖਿਆ ।
ਉਹਨਾਂ ਤੋ ਪੈਦਾ ਹੋਏ ਜੁਰਮ ਦੀਆਂ ਪੈੜਾਂ ਨਾਪੀਆਂ , ਧੁੱਪਾਂ ਛਾਵਾਂ , ਖੁਸ਼ੀਆਂ ਗ਼ਮੀਆਂ ਇਕੱਠਿਆਂ ਮਾਣੀਆਂ ਤੇ ਹੰਢਾਈਆਂ , ਤੇਰੀ ਹਰ ਖੁਸ਼ੀ ਗਮੀ ਵੀ ਹਮ ਉਮਰ ਹੁੰਦਿਆਂ ਸਾਥ ਚੱਲਦੀ ਰਹੀ । ਉਹ ਵੀ ਮਾਣੀ ਤੇ ਹੰਢਾਈ ।ਜਦੋਂ ਤੇਰੇ ਮਾਪਿਆਂ ਦੇ ਵਿਛੋੜੇ ਨੇ ਵੀ ਆਪਾਂ ਨੂੰ ਬਹੁਤ ਦਿਨਾਂ ਤੱਕ ਉਦਾਸ ਰੱਖਿਆ, ਫਿਰ ਤੇਰੇ ਚਿਹਰੇ ਦੀ ਖੁਸ਼ੀ ਦੇਖੀ , ਜਦੋਂ ਤੇਰਾ ਬੇਟਾ ਵਿਦੇਸ਼ ਚਲਾ ਗਿਆ , ਮੈ ਬਹੁਤ ਸੋਚਦਾ ਰਿਹਾ , ਪਹਿਲਾ ਰੋਜ਼ੀ ਦੇ ਚੱਕਰ ਚ ਅਸੀਂ ਘਰ ਛੱਡ ਕਿ ਬਾਹਰ ਰਹੇ ,ਹੁਣ ਸਾਡੇ ਪਰਤਣ ਤੋ ਪਹਿਲਾਂ ਹੀ ਨਿਆਣੇ ਘਰ ਛੱਡ ਚਲੇ ਗਏ , ਇੰਨਾਂ ਘਰਾਂ ਨੂੰ ਕਦੇ ਭਰੇ ਪੂਰੇ ਪਰਿਵਾਰ ਨਸੀਬ ਹੋਣਗੇ ,ਅੱਛਾ ਦੋਸਤਾ । ਅਲਵਿਦਾ
-
ਸੁਖਦੇਵ ਸਿੰਘ ਵਿਰਕ, ਐਸ ਪੀ ਰਿਟਾਇਰਡ
Sukhdevsinghvirk86@gmail.com
9876761561
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.