ਸਰਬਜੀਤ ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਸਰਬਜੀਤ ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ’ ਵਰਤਮਾਨ ਸਮੇਂ ਵੀ ਨੌਜਵਾਨਾ ਲਈ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ। ਇਨ੍ਹਾਂ ਚਿੱਠੀਆਂ ਵਿੱਚ ਭਗਤ ਸਿੰਘ ਦੀ ਇਨਕਲਾਬੀ ਸੋਚ ਦੇ ਸਹੀ ਅਰਥਾਂ ਦੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਚਿੱਠੀਆਂ ਤੋਂ ਭਗਤ ਸਿੰਘ ਦੀ ਸੋਚ ਸ਼ਾਂਤਮਈ ਢੰਗ ਨਾਲ ਇਨਕਲਾਬ ਲਿਆਉਣ ਦੀ ਸਾਬਤ ਹੁੰਦੀ ਹੈ। ਹੁਣ ਤੱਕ ਭਗਤ ਸਿੰਘ ਦਾ ਅਕਸ ਕੁਝ ਲੋਕਾਂ ਵੱਲੋਂ ਸਹੀ ਢੰਗ ਨਾਲ ਦਰਸਾਇਆ ਨਹੀਂ ਗਿਆ। ਵਿਰਕ ਦੀ ਪੁਸਤਕ ਅਨੁਸਾਰ ਭਗਤ ਸਿੰਘ ਸਰਕਾਰ ਦੀ ਪ੍ਰਣਾਲੀ ਬਦਲਣ ਲਈ ਇਨਕਲਾਬ ਦੇ ਨਾਂ ਥੱਲੇ ਨੌਜਵਾਨਾ ਨੂੰ ਲਾਮਬੰਦ ਹੋਣਾ ਜ਼ਰੂਰੀ ਸਮਝਦੇ ਸਨ। ਆਜ਼ਾਦੀ ਦੀ ਲੜਾਈ ਦਾ ਮੰਤਵ ਵੀ ਇਹੋ ਸੀ ਕਿ ਵਿਦੇਸ਼ੀ ਸਰਕਾਰ ਨੂੰ ਬਦਲ ਕੇ ਭਾਰਤ ਦੇ ਨਾਗਰਿਕਾਂ ਦੀ ਆਪਣੀ ਸਰਕਾਰ ਹੋਵੇ। ਆਪਣੀ ਸਰਕਾਰ ਵੀ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਅਤੇ ਮੌਕੇ ਦੇ ਕੇ ਮਨੁੱਖੀ ਹੱਕਾਂ ਦੀ ਰਾਖੀ ਕਰੇ। ਉਨ੍ਹਾਂ ਦੀ ਸੋਚ ਗ਼ਰੀਬ ਅਮੀਰ ਦਾ ਪਾੜਾ ਖ਼ਤਮ ਕਰਨ ਵਿੱਚ ਯਕੀਨ ਰੱਖਦੀ ਸੀ। ਭਗਤ ਸਿੰਘ ਦੀਆਂ ਚਿੱਠੀਆਂ ਤੋਂ ਪਤਾ ਲਗਦਾ ਹੈ ਕਿ ਉਹ ਹਰ ਵਿਅਕਤੀ ਦਾ ਇਕੋ ਜਿਹਾ ਸਤਿਕਾਰ ਕਰਦੇ ਸਨ। ਇਕ ਗੱਲ ਸਭ ਤੋਂ ਮਹੱਤਵਪੂਰਨ ਜਿਹੜੀ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਪਤਾ ਲਗਦੀ ਹੈ ਕਿ ਭਗਤ ਸਿੰਘ ਮਹਿਸੂਸ ਕਰਦੇ ਸਨ ਕਿ ਨੌਜਵਾਨਾ ਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਪੁਸਤਕਾਂ ਪੜ੍ਹਨਾ ਅਤਿਅੰਤ ਜ਼ਰੂਰੀ ਹੁੰਦਾ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਨੌਜਵਾਨ ਦਿਸ਼ਾਹੀਣ ਹੋਏ ਹੋਣ ਤਾਂ ਇਹ ਪੁਸਤਕ ਹੋਰ ਵੀ ਸਾਰਥਿਕ ਹੋ ਸਕਦੀ ਹੈ।
ਭਗਤ ਸਿੰਘ ਨੇ ਇਤਨੀ ਛੋਟੀ ਉਮਰ ਵਿੱਚ ਹੀ ਸੰਸਾਰ ਦੇ ਉਚ ਕੋਟੀ ਦੇ ਵਿਦਵਾਨਾ ਦੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੋਇਆ ਸੀ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨ ਭਾਸ਼ਾਵਾਂ ਦੇ ਮਾਹਿਰ ਸਨ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਸੰਸਾਰ ਦੇ ਚੋਟੀ ਦੇ ਵਿਦਵਾਨਾ ਦੀਆਂ ਪੁਸਤਕਾਂ ਪੜ੍ਹੀਆਂ ਹੋਈਆਂ ਸਨ। ਉਹ ਜੇਲ੍ਹ ਵਿੱਚ ਹਮੇਸ਼ਾ ਪੜ੍ਹਨ ਲਈ ਪੁਸਤਕਾਂ ਦੀ ਮੰਗ ਕਰਦੇ ਰਹਿੰਦੇ ਅਤੇ ਆਪਣੇ ਸਾਥੀਆਂ ਨਾਲ ਗੰਭੀਰ ਵਿਚਾਰ ਵਟਾਂਦਰਾ ਕਰਦੇ ਸਨ। ਜਿਸ ਕਰਕੇ ਭਗਤ ਸਿੰਘ ਦੇ ਵਿਚਾਰ ਸਾਰਥਿਕ ਬਣ ਗਏ ਸਨ। ਸੁਖਦੇਵ ਨੂੰ ਇਕ ਚਿੱਠੀ ਵਿੱਚ ਲਿਖਦੇ ਹਨ ‘ ਮਨੁੱਖ ਅੰਦਰ ਪਿਆਰ ਦਾ ਮਜ਼ਬੂਤ ਜ਼ਜ਼ਬਾ ਹੋਣਾ ਚਾਹੀਦਾ ਹੈ, ਜਿਸ ਨੂੰ ਉਹ ਸਿਰਫ ਇਕ ਬੰਦੇ ਤੱਕ ਸੀਮਤ ਨਾ ਰੱਖੇ ਸਗੋਂ ਇਸ ਨੂੰ ਸਰਵਵਿਆਪੀ ਬਣਾਵੇ।’ ਇੱਕ ਹੋਰ ਚਿੱਠੀ ਵਿੱਚ ਲਿਖਦੇ ਹਨ ‘ ਜਿਥੋਂ ਤੱਕ ਪਿਆਰ ਦੇ ਨੈਤਿਕ ਪੱਧਰ ਦਾ ਸੰਬੰਧ ਹੈ, ਮੈਂ ਇਹ ਆਖ ਸਕਦਾ ਹਾਂ ਕਿ ਇਹ ਆਪਣੇ ਆਪ ਵਿੱਚ ਕੁਝ ਨਹੀਂ ਬਲਕਿ ਇਕ ਉਤਸ਼ਾਹ ਜ਼ਜਬਾ ਹੈ, ਇਹ ਪਸ਼ੂ-ਬਿ੍ਰਤੀ ਵੀ ਨਹੀਂ ਸਗੋਂ ਬਹੁਤ ਮਿੱਠੀ ਮਨੁੱਖੀ ਭਾਵਨਾ ਹੈ। ਪਿਆਰ ਹਮੇਸ਼ਾ ਬੰਦੇ ਦੇ ਚਰਿਤਰ ਨੂੰ ਉਚਾ ਚੁੱਕਦਾ ਹੈ, ਕਦੇ ਵੀ ਹੇਠਾਂ ਨਹੀਂ ਸੁੱਟਦਾ ਬਸ਼ਰਤੇ ਕਿ ਪਿਆਰ ਪਿਆਰ ਹੋਵੇ’ ਭਗਤ ਸਿੰਘ ਅਤੇ ਬੱਟੂਕੇਸ਼ਵਰ ਦੱਤ 6 ਜੂਨ 1929 ਨੂੰ ਸੈਸ਼ਨਜ਼ ਜੱਜ ਦਿੱਲੀ ਨੂੰ ਇਕ ਬਿਆਨ ਵਿੱਚ ਕਹਿੰਦੇ ਹਨ ‘‘ ਇਨਸਾਨੀਅਤ ਨਾਲ ਪੇਸ਼ ਆਉਣ ਦੇ ਨਾਲ ਨਾਲ ਅਸੀਂ ਪਿਆਰ-ਮੁਹੱਬਤ ਬਣਾ ਕੇ ਰੱਖਣ ਵਿੱਚ ਵੀ ਕਿਸੇ ਗੱਲੋਂ ਘੱਟ ਨਹੀਂ ਹਾਂ। ਸਾਡੇ ਦਿਲਾਂ ਵਿੱਚ ਕਿਸੇ ਲਈ ਵੀ ਮੰਦਭਾਵਨਾ ਨਹੀਂ ਹੈ ਬਲਕਿ ਸਾਰੇ ਇਨਸਾਨਾ ਲਈ ਇਕੋ ਜਿਹਾ ਪਿਆਰ ਹੈ। ਅਸੀਂ ਵਹਿਸ਼ੀ ਵਾਰਦਾਤਾਂ ਦੇ ਸਮਰਥਕ ਬਣਕੇ ਆਪਣੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ।’’ ਅੱਗੋਂ ਕਹਿੰਦੇ ਹਨ ਕਿ ‘‘ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਨਕਲਾਬ ਲਿਆਉਣ ਲਈ ਖ਼ੂਨੀ ਲੜਾਈਆਂ ਕਰਨੀਆਂ ਜ਼ਰੂਰੀ ਨਹੀਂ ਹਨ ਅਤੇ ਨਾ ਹੀ ਇਸ ਵਿੱਚ ਨਿੱਜੀ ਕਤਲਾਂ ਦੀ ਕੋਈ ਗੁੰਜਾਇਸ਼ ਹੈ। ਇਨਕਲਾਬ ਤੋਂ ਸਾਡਾ ਭਾਵ ਹੈ- ਬੇਇਨਸਾਫ਼ੀ ਉਤੇ ਅਧਾਰਿਤ ਮੌਜੂਦਾ ਨਿਜ਼ਾਮ ਨੂੰ ਬਦਲ ਦਿੱਤਾ ਜਾਵੇ ਅਤੇ ਕਾਸ਼ਤਕਾਰਾਂ ਤੇ ਮਜ਼ਦੂਰਾਂ ਨੂੰ ਭੁੱਖਿਆਂ ਨਾ ਮਰਨਾ ਪਵੇ।’’ ਹਾਈ ਕੋਰਟ ਵਿੱਚ ਦਿੱਤੇ ਬਿਆਨ ਵਿੱਚ ਭਗਤ ਸਿੰਘ ਕਹਿੰਦੇ ਹਨ, ‘ਪਿਸਤੌਲ ਤੇ ਬੰਬ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉਤੇ ਤਿੱਖੀ ਕੀਤੀ ਜਾਂਦੀ ਹੈ ਤੇ ਇਹੋ ਗੱਲ ਸੀ ਜਿਹੜੀ ਅਸੀਂ ਦੱਸਣਾ ਚਾਹੁੰਦੇ ਸਾਂ। ਮੁੱਖ ਉਦੇਸ਼ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਢੰਗ ਤਰੀਕਾ ਸਮਝੇ ਬਿਨਾ ਕਿਸੇ ਸੰਬੰਧੀ ਨਿਰਣਾ ਕਰਨਾ ਚੰਗੀ ਗੱਲ ਨਹੀਂ।’ ਨੌਜਵਾਨ ਭਾਰਤ ਸਭਾ ਦੇ ਮਨੋਰਥ ਪੱਤਰ ਵਿੱਚ ਭਗਤ ਸਿੰਘ ਲਿਖਦੇ ਹਨ‘‘ ਲੋਕਾਂ ਨੂੰ ਇਹ ਗੱਲ ਮਹਿਸੂਸ ਕਰਵਾਉਣ ਦੀ ਲੋੜ ਹੈ ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ ‘ਹਾਕਮਾਂ ਦੀ ਤਬਦੀਲੀ ਨਹੀਂ ਹੋਵੇਗਾ ਬਲਕਿ ਇਸ ਦਾ ਅਰਥ ਹੋਵੇਗਾ ਕਿ ਇਕ ਬਿਲਕੁਲ ਨਵੇਂ ਨਰੋਏ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ।’
ਭਗਤ ਸਿੰਘ ਔਰ ਉਨਕੇ ਸਾਥੀਉਂ ਕੇ ਦਸਤਾਵੇਜ਼ ਵਿੱਚੋਂ ਉਨ੍ਹਾਂ ਵੱਲੋਂ ਮਾਡਰਨ ਰੀਵਿਊ ਕਲਕੱਤਾ ਦੇ ਸੰਪਾਦਕ ਨੂੰ ਲਿਖਿਆ ਮਿਲਦਾ ਹੈ, ‘‘ਇਨਕਲਾਬ-ਪਸੰਦਾਂ ਦੀਆਂ ਨਜ਼ਰਾਂ ਵਿੱਚ ‘ਇਨਕਲਾਬ ਇਕ ਪਵਿਤਰ ਸ਼ਬਦ ਹੈ। ਅਸੀਂ ਇਸ ਗੱਲ ਨੂੰ ਅਦਾਲਤ ਦੇ ਸਾਹਮਣੇ ਦਿੱਤੇ ਬਿਆਨ ਵਿੱਚ ਸ਼ਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਪਣੇ ਬਿਆਨ ਵਿੱਚ ਅਸੀਂ ਆਖਿਆ ਸੀ ਕਿ ਇਨਕਲਾਬ ਦਾ ਅਰਥ ਹਮੇਸ਼ਾ ਹਥਿਆਰਬੰਦ ਅੰਦੋਲਨ ਨਹੀਂ ਹੁੰਦਾ ਬਲਕਿ ਇਹ ਬੰਬ ਤੇ ਪਿਸਤੌਲ ਤਾਂ ਕਦੀਂ ਕਦਾਈਂ ਇਸ ਇਨਕਲਾਬ ਨੂੰ ਸਫਲ ਬਣਾਉਣ ਲਈ ਇਕ ਸਾਧਨ ਮਾਤਰ ਹੁੰਦੇ ਹਨ।’’
ਭਗਤ ਸਿੰਘ ਦੇ ਅਕਸ ਨੂੰ ਖ਼ਰਾਬ ਕਰਨ ਲਈ ਉਨ੍ਹਾਂ ਨੂੰ ਦਹਿਸ਼ਤ ਫੈਲਾਉਣ ਅਤੇ ਕਤਲੋਗਾਰਤ ਕਰਨ ਵਾਲਾ ਕੁਝ ਲੋਕਾਂ ਅਤੇ ਖਾਸ ਤੌਰ ਤੇ ਅੰਗਰੇਜ਼ ਹਕੂਮਤ ਵੱਲੋਂ ਦਰਸਇਆ ਗਿਆ ਸੀ। ਸਰਬਜੀਤ ਸਿੰਘ ਵਿਰਕ ਦੀ ਪੁਸਤਕ ਵਿੱਚ ਭਗਤ ਸਿੰਘ ਦੀਆਂ ਦਿੱਤੀਆਂ ਚਿੱਠੀਆਂ ਨਾਲ ਉਨ੍ਹਾਂ ਦੇ ਅਸਲੀ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਹੈ। ਉਹ ਕਹਿੰਦੇ ਹਨ, ‘‘ਜਿਸ ਭਾਰਤ ਦੇਸ਼ ਵਿੱਚ ਕਿਸੇ ਸਮੇਂ ਇਕ ਦਰੋਪਦੀ ਦੇ ਸਨਮਾਨ ਦੀ ਰੱਖਿਆ ਲਈ ਮਹਾਂ ਭਾਰਤ ਵਰਗਾ ਯੁੱਧ ਹੋਇਆ, ਉਸ ਦੇ ਵਿੱਚ 1919 ਵੇਲੇ ਅਨੇਕਾਂ ਦਰੋਪਦੀਆਂ ਦੀ ਇਜ਼ਤ ਲੁੱਟੀ ਗਈ, ਉਨ੍ਹਾਂ ਦੇ ਨੰਗੇ ਮੂੰਹਾਂ ਉਤੇ ਥੁੱਕਿਆ ਗਿਆ। ਕੀ ਅਸੀਂ ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਤੱਕਿਆ? ਏਨਾ ਕੁਝ ਹੋਣ ਦੇ ਬਾਵਜੂਦ ਅਸੀਂ ਇਨ੍ਹਾਂ ਹਾਲਾਤਾਂ ਨੂੰ ਆਰਾਮ ਨਾਲ ਵੇਖਦੇ ਰਹੇ। ਕੀ ਅਜਿਹਾ ਜੀਵਨ ਜੀਉਣ ਲਾਇਕ ਹੈ?’
ਸਵਾਲ ਉਠਦਾ ਹੈ ਕਿ ਰੱਬ ਨੇ ਇਹ ਦੁੱਖਾਂ ਭਰੀ ਦੁਨੀਆਂ ਕਿਉਂ ਸਾਜੀ? ਕੀ ਉਸਨੇ ਇਹ ਤਮਾਸ਼ਾ ਵੇਖਣ ਲਈ ਸਾਜੀ? ਫਿਰ ਤਾਂ ਉਹ ਰੋਮ ਦੇ ਜ਼ਾਲਮ ਬਾਦਸ਼ਾਹ ਨੀਰੋ ਤੋਂ ਵੀ ਵੱਧ ਜ਼ੁਲਮੀ ਹੋਇਆ। ਪੈਸੇ ਵਾਲਿਆਂ ਨੇ ਹਮੇਸ਼ਾ ਧਰਮ ਨੂੰ ਆਪਣੇ ਸਵਾਰਥ ਲਈ ਵਰਤਿਆ ਹੈ। ਇਤਿਹਾਸ ਇਸਦਾ ਗਵਾਹ ਹੈ। ਸਬਰ ਬਣਾਈ ਰੱਖੋ! ਆਪਣੇ ਕਰਮਾ ਤੇ ਵਿਸ਼ਵਾਸ਼ ਕਰੋ। ਇਹੋ ਜਹੇ ਦਰਸ਼ਨ ਨੇ ਮਨੁੱਖਤਾ ਨੂੰ ਜੋ ਤਸੀਹੇ ਸਹਿਣ ਲਈ ਦਿੱਤੇ, ਉਨ੍ਹਾਂ ਬਾਰੇ ਸਭ ਨੂੰ ਪਤਾ ਹੈ।’
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ 5 ਮਈ 1930 ਨੂੰ ਸਪੈਸ਼ਲ ਟਰਿਬਿਊਨਲ ਦੇ ਕਮਿਸ਼ਨਰ ਨੂੰ ਲਾਹੌਰ ਸ਼ਾਜ਼ਸ਼ ਕੇਸ ਸੰਬੰਧੀ ਲਿਖੀ ਗਈ ਚਿੱਠੀ ‘‘ ਅਸੀਂ ਇਸ ਗੱਲ ਵਿੱਚ ਯਕੀਨ ਰੱਖਦੇ ਹਾਂ ਕਿ ਆਜ਼ਾਦੀ ਹਰ ਮਨੁੱਖ ਦਾ ਸਦੀਵੀ ਅਧਿਕਾਰ ਹੈ। ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫ਼ਲ ਪ੍ਰਾਪਤ ਕਰਨ ਦਾ ਅਧਿਕਾਰ ਹੈ। ਹਰ ਰਾਸ਼ਟਰ ਆਪਣੇ ਕੁਦਰਤੀ ਸਾਧਨਾਂ ਦਾ ਸੰਪੂਰਨ ਮਾਲਕ ਹੈ। ਜੇ ਕੋਈ ਹਕੂਮਤ ਲੋਕਾਂ ਨੂੰ ਉਨ੍ਹਾਂ ਦ ਇਨ੍ਹਾਂ ਅਧਿਕਾਰਾਂ ਤੋਂ ਵੰਚਿਤ ਕਰਦੀ ਹੈ ਤਾਂ ਲੋਕਾਂ ਦਾ ਆਪਣੇ ਹੱਕ ਦੇ ਨਾਲ ਨਾਲ ਜ਼ਰੂਰੀ ਫ਼ਰਜ਼ ਵੀ ਹੈ ਕਿ ਇਹੋ ਜਹੀ ਹਕੂਮਤ ਨੂੰ ਖ਼ਤਮ ਕਰ ਦੇਣ।’’
ਕੁਲਦੀਪ ਨਈਅਰ ਦੀ ਪੁਸਤਕ ‘ਦਾ ਲਾਈਫ਼ ਐਂਡ ਟਰਾਇਲ ਆਫ਼ ਭਗਤ ਸਿੰਘ’ ਵਿੱਚ ਉਨ੍ਹਾਂ ਲਿਖਿਆ ਹੈ ਕਿ ਸੈਂਟਰਲ ਅਸੈਂਬਲੀ ਦਿੱਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਜਿਹੜੇ ਪੋਸਟਰ ਸੈਂਟਰਲ ਅਸੈਂਬਲੀ ਵਿੱਚ ਸੁੱਟੇ ਗਏ ਉਨ੍ਹਾਂ ਵਿੱਚ ਲਿਖਿਆ ਸੀ ‘ਸਰਕਾਰ ਵੀ ਸਮਝ ਲਵੇ ਕਿ ਨਿਹੱਥੀ ਭਾਰਤੀ ਜਨਤਾ ਵਲੋਂ ਪਬਲਿਕ ਸੇਫਟੀ ਬਿਲ, ਟਰੇਡ ਡਿਸਪਿਊਟਸ ਬਿਲ, ਲਾਲਾ ਲਾਜਪੱਤ ਰਾਏ ਦੀ ਬੇਰਹਿਮੀ ਨਾਲ ਹੱਤਿਆ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਸੀਂ ਉਸ ਸਬਕ ਉਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਵਿਅਕਤੀਆਂ ਨੂੰ ਕਤਲ ਕਰਨਾ ਸੌਖਾ ਹੈ, ਪਰ ਤੁਸੀਂ ਵਿਚਾਰਾਂ ਨੂੰ ਕਤਲ ਨਹੀਂ ਕਰ ਸਕਦੇ।’
ਤੁਸੀਂ ਕੁਝ ਵਿਅਕਤੀਆਂ ਨੂੰ ਕੁਚਲ ਸਕਦੇ ਹੋ, ਪਰ ਤੁਸੀਂ ਇਸ ਰਾਸ਼ਟਰ ਨੂੰ ਕੁਚਲ ਨਹੀਂ ਸਕਦੇ। ਅਸੀਂ ਸ਼ੁਰੂ ਤੋਂ ਹੀ ਇਹ ਦੱਸਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਕਿ ਤੁਹਾਡਾ ਇਹ ਕਾਨੂੰਨ ਇਕ ਖ਼ੂਬਸੂਰਤ ਫ਼ਰੇਬ ਹੈ। ਇਹ ਇਨਸਾਫ਼ ਨਹੀਂ ਦੇ ਸਕਦਾ।’ ‘‘ਹਰ ਰਾਸ਼ਟਰ ਨੂੰ ਆਪਣਾ ਪੱਧਰ ਉਚਾ ਚੁੱਕਣ ਲਈ ਉਚ ਪਾਏ ਦੇ ਸਾਹਿਤ ਦੀ ਲੋੜ ਹੁੰਦੀ ਹੈ। ਜਿਵੇਂ ਜਿਵੇਂ ਦੇਸ਼ ਦਾ ਸਾਹਿਤ ਉਚਾਣਾ ਛੂੰਹਦਾ ਹੈ ਉਵੇਂ ਉਵੇਂ ਉਸ ਦੇਸ਼ ਵਿੱਚ ਵਿਕਾਸ ਦੀ ਗੱਡੀ ਅੱਗੇ ਤੁਰਦੀ ਹੈ। ਇਹ ਸਚਾਈ ਹੈ ਕਿ ਕੋਈ ਵੀ ਦੇਸ਼ ਜਾਂ ਫ਼ਿਰਕਾ ਆਪਣੇ ਸਾਹਿਤ ਤੋਂ ਬਿਨਾ ਤਰੱਕੀ ਨਹੀਂ ਕਰ ਸਕਦਾ।’’ ‘ਕੀ ਇਹ ਸੱਚਮੁੱਚ ਹੀ ਸਾਡੀ ਬੇਇਜ਼ਤੀ ਨਹੀਂ ਕਿ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਅਤੇ ਹਰੀ ਸਿੰਘ ਨਲੂਆ ਵਰਗੇ ਸੂਰਮਿਆਂ ਦੇ ਵਾਰਸ ਹੁੰਦਿਆਂ ਹੋਇਆਂ ਵੀ ਸਾਨੂੰ ਕਿਹਾ ਜਾਵੇ ਕਿ ਤੁਸੀਂ ਆਪਣੀ ਰੱਖਿਆ ਕਰਨ ਦੇ ਲਾਇਕ ਨਹੀਂ। ਅਫਸੋਸ, ਕਿ ਅਸੀਂ ਇਸ ਕਥਨ ਨੂੰ ਝੂਠਾ ਸਾਬਤ ਕਰਨ ਲਈ ਅਜੇ ਕੁਝ ਨਹੀਂ ਕਰ ਸਕੇ।’
ਸਪੈਸ਼ਲ ਮੈਜਿਸਟਰੇਟ ਲਾਹੌਰ ਦੇ ਨਾਮ ਖਤ ‘ਇਹ ਪੇਸ਼ ਕਰਕੇ ਕਿ ਮੁਕੱਦਮਾ ਕਾਨੂੰਨ ਦੇ ਅਨੁਸਾਰ ਚਲਾਇਆ ਜਾ ਰਿਹਾ ਹੈ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾਇਆ ਜਾ ਰਿਹਾ। ਆਪਣੇ ਬਚਾਅ ਦਾ ਇੰਤਜ਼ਾਮ ਕਰਨ ਲਈ ਬੰਦੀਆਂ ਨੂੰ ਬਿਲਕੁਲ ਕੋਈ ਮੌਕਾ ਹੀ ਨਹੀਂ ਦਿੱਤਾ ਗਿਆ। ਅਜਿਹੀ ਕਾਰਵਾਈ ਦੇ ਵਿਰੁੱਧ ਅਸੀਂ ਰੋਸ ਪ੍ਰਗਟਾਉਂਦੇ ਹਾਂ। ਜੇਕਰ ਸਾਰੀ ਕਾਰਵਾਈ ਠੀਕ ਢੰਗ ਨਾਲ ਨਹੀਂ ਕੀਤੀ ਜਾਂਦੀ ਤਾਂ ਅਜਿਹਾ ਤਮਾਸ਼ਾ ਕਰਨ ਦੀ ਕੋਈ ਲੋੜ ਨਹੀਂ। ਨਿਆਂ ਦੇ ਨਾਂ ਉਤੇ ਅਨਿਆਂ ਹੁੰਦਾ ਨਹੀਂ ਵੇਖ ਸਕਦੇ।’ ਭਗਤ ਸਿੰਘ ਆਪਣੇ ਦੋਸਤ ਬੱਟੂਕੇਸ਼ਵਰ ਦੱਤ ਨੂੰ ਚਿੱਠੀ ਵਿਚ ਲਿਖਦੇ ਹਨ, ‘‘ ਬੜੀ ਬੇਤਾਬੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ, ਜਦੋਂ ਮੈਨੂੰ ਆਪਣੇ ਆਦਰਸ਼ ਲਈ ਫਾਂਸੀ ਦੇ ਰੱਸੇ ਉਤੇ ਝੂਲਣ ਦਾ ਸੁਭਾਗ ਪ੍ਰਾਪਤ ਹੋਵੇਗਾ। ਮੈਂ ਖ਼ੁਸ਼ੀ ਖ਼ੁਸ਼ੀ ਫਾਂਸੀ ਦੇ ਤਖ਼ਤੇ ਉਤੇ ਚੜ੍ਹਕੇ ਦੁਨੀਆਂ ਨੂੰ ਇਹ ਵਿਖਾ ਦਿਆਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਬਹਾਦਰੀ ਨਾਲ ਕੁਰਬਾਨੀਆਂ ਦੇ ਸਕਦੇ ਹਨ।’’ ਫਾਂਸੀ ਲੱਗਣ ਤੋਂ ਪਹਿਲਾਂ ਭਗਤ ਸਿੰਘ ਨੇ ਕਿਹਾ‘‘ ਜਦ ਤੱਕ ਸਮਾਜਵਾਦੀ ਲੋਕਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਸਮਾਪਤ ਕਰਕੇ ਉਸਦੀ ਥਾਂ ਸਮਾਜ ਦੀ ਖ਼ੁਸ਼ਹਾਲੀ ਤੇ ਅਧਾਰਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤੱਕ ਹਰ ਕਿਸਮ ਦੀ ਲੁੱਟ ਘਸੁੱਟ ਅਸੰਭਵ ਬਣਾ ਕੇ ਮਨੁੱਖਤਾ ਉਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤੱਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ’’।
ਫਰਾਂਸ ਨੂੰ ਅਜ਼ਾਦ ਕਰਵਾਉਣ ਲਈ ਵਰਤੀ ਗਈ ਪ੍ਰਣਾਲੀ ਦਾ ਉਹ ਹਰ ਵਾਰ ਜ਼ਿਕਰ ਕਰਦੇ ਸਨ। ਇਕ ਕਿਸਮ ਨਾਲ ਉਹ ਉਸਨੂੰ ਆਪਣੀ ਲਹਿਰ ਦਾ ਮਾਰਗ ਦਰਸ਼ਕ ਸਮਝਦੇ ਸਨ। ਉਹ ਹਰ ਗੱਲ ਦਲੀਲ ਨਾਲ ਕਰਦੇ ਸਨ, ਜਿਸ ਕਰਕੇ ਅੰਗਰੇਜ਼ ਸਰਕਾਰ ਨੂੰ ਮਜ਼ਬੂਰ ਹੋ ਕੇ ਕਈ ਵਾਰ ਝੁਕਣਾ ਪੈਂਦਾ ਸੀ।
ਸਰਬਜੀਤ ਸਿੰਘ ਵਿਰਕ ਨੇ ਬਹੁਤ ਖੋਜ ਅਤੇ ਮਿਹਨਤ ਕਰਨ ਤੋਂ ਬਾਅਦ ਭਗਤ ਸਿੰਘ ਦੇ ਜੀਵਨ ਦੀਆਂ ਝਲਕੀਆਂ ਅਤੇ ਉਨ੍ਹਾਂ ਦੀਆਂ ਚਿੱਠੀਆਂ ਪਾਠਕਾਂ ਨੂੰ ਪੁਰਾਤਤਵ ਦੇ ਰਿਕਾਰਡ ਅਤੇ ਸਮਰੱਥ ਵਿਦਵਾਨਾ ਦੀਆਂ ਪੁਸਤਕਾਂ ਦੇ ਅਧਿਐਨ ਕਰਨ ਤੋਂ ਬਾਅਦ ਲਿਖੀ ਹੈ। ਉਹ ਨੌਜਵਾਨਾ ਨੂੰ ਸ਼ਹੀਦ ਭਗਤ ਸਿੰਘ ਦੇ ਅਸਲੀ ਰੂਪ ਦੇ ਦਰਸ਼ਨ ਕਰਵਾਉਣ ਵਿੱਚ ਸਫਲ ਅਤੇ ਵਧਾਈ ਦੇ ਪਾਤਰ ਹਨ।
u
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.