ਸਲਾਹਕਾਰ: ਸਰਕਾਰ ਦਾ ਕਾਰਪੋਰੇਟੀਕਰਨ ! ---- ਜਗਮੇਲ ਸਿੰਘ
ਪੰਜਾਬ ਸਰਕਾਰ,ਥਾਪੇ ਦੋ ਸਲਾਹਕਾਰ।ਹੱਟੀ-ਭੱਠੀ,ਬੱਸ-ਗੱਡੀ ਚਰਚਾ।ਤਬਦੀਲੀ ਦੇ ਨਾਅਰੇ,ਹਵਾ ਦੇ ਗੁਬਾਰੇ। ਕੁਝ ਫੁੱਟੇ,ਕੁਝ ਫੁੱਸੇ।ਕੁਰਸੀ ਮੱਲੀ,ਤਬਦੀਲੀ ਛੱਡੀ। ਵੋਟਾਂ ਵੇਲੇ ਹੋਰ। ਵੋਟਾਂ ਬਾਅਦ ਹੋਰ।ਅੱਜ ਹੋਰ।ਕੱਲ ਹੋਰ।ਐਲਾਨਾਂ 'ਚ "ਐਲਾਨਜੀਤ" ਤੋਂ ਮੀਚੀ ਅਤੇ। "ਧਰਨਿਆਂ ਵਾਲੀ ਪਾਰਟੀ", ਧਰਨਿਆਂ 'ਤੇ ਡਾਂਗਾਂ।ਦੋ ਗਵਾਹ ਵਾਧੂ। ਠੇਕਾ ਮੁਲਾਜ਼ਮ ਤੇ ਅਧਿਆਪਕ। ਸਲਾਹਕਾਰਾਂ ਨੂੰ ਲੈ ਕੇ ਉਂਗਲਾਂ। ਜਿੰਨੇਂ ਮੂੰਹ, ਓਨੀਆਂ ਗੱਲਾਂ।ਜਿੰਨੇਂ ਚੈਨਲ, ਓਨੇ ਕੁਮੈਂਟ। ਸੁਆਲਾਂ ਦੀ ਬੁਛਾੜ।ਸਰਕਾਰ ਚੁੱਪ। ਮੂੰਹ 'ਚ ਘੁੰਗਣੀਆਂ।
ਪਿੰਡਾਂ 'ਚ ਸਲਾਹਕਾਰ ਸ਼ਬਦ ਤੋਂ ਐਲਰਜੀ। ਟਿੱਚਰਾਂ ਵੀ ਤੇ ਘਿਰਣਾ ਵੀ। ਟਿੱਚਰੀ "ਵਕੀਲ ਸਾਹਬ" ਕਹਿ ਕੇ ਬੁਲਾਉਂਦੇ। ਦੂਰੋਂ ਦੇਖ ਪਾਸਾ ਵੱਟ ਲੈਣ। "ਦੁਫੇੜ ਪਾਊ" "ਰੱਫੜ ਵਧਾਊ " ਦੀਆਂ ਉਂਗਲਾਂ ਠਾਉਂਦੇ।
ਇੱਕ, ਸਲਾਹਕਾਰ ਰਾਘਵ ਚੱਢਾ।ਪੰਜਾਬ ਸਲਾਹਕਾਰ ਕਮੇਟੀ ਦਾ ਸੁਪਰੀਮੋ।ਕਾਰਪੋਰੇਟਾਂ ਦਾ ਲਾਡਲਾ।ਵੰਨਮੇਂ ਵਿਧਾਇਕਾਂ ਦਾ ਸਰਦਾਰ। ਸੁੰਦਰਤਾ ਮੁਕਾਬਲਿਆਂ ਦਾ ਹੀਰੋ।ਦਿੱਲੀ ਦਾ ਅਮੀਰ ਕਾਕਾ। ਮੰਤਰੀ ਪੱਧਰ ਦੇ ਅਧਿਕਾਰ।ਚਰਚਾ ਸੁਪਰ ਸੀ. ਐਮ. ਦੀ।
ਦੂਜਾ,ਟਰਾਈਡੈਂਟ ਵਾਲਾ ਰਾਜਿੰਦਰ ਗੁਪਤਾ।ਆਰਥਿਕ ਨੀਤੀ ਤੇ ਯੋਜਨਾ ਬੋਰਡ ਦਾ ਕਰਤਾ ਧਰਤਾ। ਫੈਕਟਰੀਆਂ ਦਾ ਮਾਲਕ।ਅੰਬਾਨੀਆਂ ਅਡਾਨੀਆਂ ਦਾ ਸਕਾ।ਕਾਲੀਆਂ ਤੇ ਕਾਂਗਰਸੀਆਂ ਦਾ ਚਹੇਤਾ।ਆਪ ਦਾ ਪਿਆਰਾ।ਜ਼ਮੀਨਾਂ ਹਥਿਆਊ।ਸਰਕਾਰੀ ਸ਼ਕਤੀ ਵਰਤਣ ਦਾ ਮਾਹਰ।
ਸਲਾਹਕਾਰਾਂ ਦੀ ਲੋੜ, ਮੁਲਕ ਦੇ ਮਾਲਕਾਂ ਨੂੰ।ਵਿਸ਼ੇਸ਼ ਕਰਕੇ ਕਾਰਪੋਰੇਟਾਂ ਨੂੰ।ਤੇ ਉਸ ਦੇ ਆਕਾ ਸਾਮਰਾਜ ਨੂੰ।ਜ਼ਮੀਨਾਂ ਜੈਦਾਦਾਂ ਦੀ ਤੋਟ ਨਹੀਂ।ਪੈਸੇ ਅੱਗ ਲਾਏ ਨਾ ਮੁੱਕਣ। ਲਾਲਸਾ ਨਹੀਂ ਮੁੱਕਦੀ।ਢਿੱਡ ਨਹੀਂ ਭਰਦਾ। ਲੋਭੀ ਮਨ ਨੂੰ ਚੈਨ ਨਹੀਂ।ਹਰਲ ਹਰਲ ਕਰਦਾ ਫਿਰਦਾ।ਸਾਹੋ ਸਾਹ। ਹੋਰ ਵੱਡੇ ਬਣਨ ਦੀ ਦੌੜ।ਜ਼ਮੀਨਾਂ ਜਾਇਦਾਦਾਂ ਦੀ ਢੇਰੀ ਹੋਰ ਵੱਡੀ ਕਰਨੀ। ਪੈਸਿਆਂ ਦਾ ਢੇਰ ਹੋਰ ਵਧਾਉਣਾ। ਸਰਕਾਰੀ ਸੋਮੇ ਸਾਧਨ ਨਿਸ਼ਾਨੇ 'ਤੇ।ਨਿਗਲਣ ਦੀ ਦੌੜ।
ਇਹ ਚੋਣਾਂ ਨੀਂ ਲੜਦੇ। ਵੋਟਾਂ ਲਈ ਦਰ ਦਰ ਨਹੀਂ ਫਿਰਦੇ। ਪੈਦਾਵਾਰੀ ਵਸੀਲਿਆਂ ਦੀ ਮਾਲਕੀ, ਇਹਨਾਂ ਦੀ ਤਾਕਤ।ਜਿੱਤਿਆਂ ਨੂੰ ਜਿੱਤਦੇ ਐ।ਆਓ ਭਗਤ, ਗਲਾਂ 'ਚ ਹਾਰ।ਮੋਢੇ ਥਾਪੜਾ,ਸਿਰ 'ਤੇ ਹੱਥ।ਧਨ-ਦੌਲਤ ਦੇ ਗੱਫੇ। ਨਾਂ ਸੁਧਾਰਾਂ ਦਾ,ਰਾਖੀ ਹਿੱਤਾਂ ਦੀ।ਖੜੇ ਕੀਤੇ ਢਮਢਮੇ। ਬੋਰਡ,ਕਮਿਸਨ, ਸਲਾਹਕਾਰ ਤੇ ਕਾਇਆ ਕਲਪ ਕਮੇਟੀਆਂ ਵਗੈਰਾ।ਰਾਜ ਕਰਨ ਦਾ ਇਹ ਵੀ ਸੰਦ।ਮਾਲਕੀ ਦੇ ਜ਼ੋਰ, ਇਹਨਾਂ ਦੀ ਕਹੀ ਪੁੱਗਦੀ ਆ।ਲਿਖੀ ਲਾਗੂ ਹੁੰਦੀ ਆ। ਲਿਖੀਆਂ ਨੂੰ ਟਾਲਣਾ,ਖਾਲਾ ਜੀ ਦਾ ਵਾੜਾ ਨਹੀਂ।ਮੋਦੀ ਨੂੰ ਪੁੱਛੋ। ਮਾਫ਼ੀ ਮੰਗਣੀ ਪਈ, ਖੇਤੀ ਕਨੂੰਨਾਂ ਦੀ ਵਾਪਸੀ ਸਮੇਂ। ਇਹ, ਜ਼ਮੀਨਾਂ ਜਾਇਦਾਦਾਂ 'ਤੇ ਕੁੰਡਲੀਏ ਨਾਗ।ਧਨ ਦੇ ਛੱਪੜ ਦੀਆਂ ਖੂਨ ਚੂਸ ਜੋਕਾਂ।ਸਮਾਜ ਨੂੰ ਸਿਉਂਕ।ਲੋਕਾਂ ਦੀਆਂ ਮੇਹਨਤਾਂ 'ਤੇ ਪਲਦੇ, ਪਰਜੀਵੀ। ਇਹ ਆ ਪੱਕੀ ਸਰਕਾਰ, ਬਿਨ ਚੋਣਾਂ,ਬਿਨ ਵੋਟਾਂ। ਪੈਸੇ ਤੇ ਜ਼ਮੀਨਾਂ ਦੇ ਜ਼ੋਰ, ਮੁਲਕ ਦੇ ਸਭ ਸੰਦ ਸਾਧਨਾਂ 'ਤੇ ਕਾਬਜ਼।ਰਾਜ ਚਲਾਉਂਦੇ। ਹਕੂਮਤ ਕਰਦੇ।
ਨੀਤੀਆਂ, ਕਨੂੰਨ ਤੇ ਯੋਜਨਾਬੰਦੀ, ਇਹਨਾਂ ਹੱਥ।ਸਲਾਹਕਾਰੀ,ਆਪਣੇ ਹੱਥੀਂ, ਆਪਣੇ ਲਾਹੇ ਲੈਣ ਦੀ ਅਥਾਰਟੀ।ਸੁਪਰ ਮੁਨਾਫ਼ੇ ਮੁੱਛਣ ਦੀ ਪਾਵਰ।ਪੈਸੇ ਲੋਕਾਂ ਦੇ, ਤਿਜੌਰੀਆਂ ਇਹ ਭਰਨ। ਇਹਨਾਂ ਦਾ ਨੀਤੀ ਨਿਰਦੇਸ਼ਕ, ਸਾਮਰਾਜ। ਸੰਸਾਰ ਬੈਂਕ ਵਰਗੀਆਂ ਸੰਸਥਾਵਾਂ।ਇਹ ਇਹਨਾਂ ਦੇ ਏਜੰਟ। ਦਲਾਲ।ਸਰਕਾਰ, ਹੁਕਮ ਵਜਾਊ ਸਾਧਨ।ਵਜਾਵੇ ਤਾਂ ਕਾਰਪੋਰੇਟ ਖੁਸ਼।ਨਾ ਵਜਾਵੇ ਤਾਂ ਸਿਰ ਤੋਂ ਹੱਥ ਗਾਇਬ। ਹੋਰ ਵੋਟ-ਪਾਰਟੀ ਦੀ ਭਾਲ।
ਸਲਾਹਕਾਰੀ ਦਾ ਅਭਿਆਸ। ਮਾਲਕਾਂ ਦੀਆਂ ਹਿਦਾਇਤਾਂ ਦਾ ਭਾਰਤੀਕਰਨ। ਨੀਤੀਆਂ ਕਨੂੰਨ ਬਣਾਉਣ ਦੀ ਸਿਫਾਰਸ।ਮੋਹਰ ਸਰਕਾਰ ਦੀ। ਉਜਾੜਾ ਲੋਕਾਂ ਦਾ। ਖੇਤੀ ਖੇਤਰ ਸੋਧਿਆ, ਸੁਖ ਰਾਮ ਕਮੇਟੀ। ਸਿਫਾਰਸ਼ਾਂ,ਖੇਤੀ ਜਿਣਸਾਂ ਦੀ ਸਰਕਾਰੀ ਖਰੀਦ ਬੰਦ। ਖਰੀਦ ਏਜੰਸੀਆਂ ਬੰਦ। ਅੰਬਾਨੀ ਬਿਰਲਾ ਕਮੇਟੀ ਦੀਆਂ ਸਿਫਾਰਸ਼ਾਂ, ਸਿਖਿਆ ਦਾ ਵਪਾਰੀਕਰਨ ਤੇ ਨਿੱਜੀਕਰਨ।ਟਾਟਾ ਕਮੇਟੀ ਦੀਆਂ ਸਿਫਾਰਸ਼ਾਂ, ਰੇਲਵੇ ਦਾ ਨਿੱਜੀਕਰਨ।ਪੂਨਮ ਗੁਪਤਾ, ਅਰਵਿੰਦ ਪਨਗੜੀਆ ਕਮੇਟੀ ਦੀਆਂ ਸਿਫਾਰਸ਼ਾਂ, ਬੈਂਕ ਲਾਓ ਸੇਲ 'ਤੇ। ਮੁਲਕ ਦੀ ਆਰਥਿਕਤਾ,ਕਾਰਪੋਰੇਟਾਂ ਦੇ ਰਹਿਮੋ ਕਰਮ 'ਤੇ।ਹਰ ਖੇਤਰ,ਹਰ ਕਾਰੋਬਾਰ,ਵੱਡਾ ਛੋਟਾ,ਸਭ ਥਾਂ ਇਹੀ ਕਾਬਜ਼। ਸਰਕਾਰਾਂ ਇਹਨਾਂ ਮੂਹਰੇ, ਫਰਿਆਦੀ। ਪ੍ਰਧਾਨ ਮੰਤਰੀ ਦੀ ਫਰਿਆਦ, ਦੁੱਧ ਧੰਦੇ ਵਾਲੇ ਕਾਰਪੋਰੇਟਾਂ ਨੇ ਨਹੀਂ ਮੰਨੀ। ਪੈਟਰੋਲ ਮਾਲਕਾਂ ਨੇ ਪਹਿਲਾਂ ਠੁਕਰਾਈ।
ਕਾਰਪੋਰੇਟ, ਮੁਨਾਫ਼ੇ ਠੱਗੂ।ਸਰਕਾਰਾਂ ਨੂੰ ਵਰਤਣ। ਖੋਪੇ ਬੰਨੇ ਊਠ ਵਾਂਗੂੰ। ਭਰੋਸਾ ਭੋਰਾ ਨੀਂ।ਹਰ ਪਲ ਧੁੜਕੂ,ਸਰਕਾਰ ਦੇ ਲਿਫ ਜਾਣ ਦਾ।ਵੋਟਾਂ ਦੀ ਦਾਬ ਮੂਹਰੇ।ਅਫ਼ਸਰਸ਼ਾਹੀ ਦੇ ਥਿਵਣ ਦਾ।ਮੰਤਰੀ ਦੇ ਹਿੱਤਾਂ ਮੂਹਰੇ।ਏਸੇ ਲਈ ਪੇਸ਼ਬੰਦੀਆਂ,ਇਹ ਕਮੇਟੀਆਂ। ਕਮੇਟੀਆਂ ਦੇ ਮੁਖੀ।ਹਿੱਤਾਂ ਦੀ ਗਾਰੰਟੀ।
ਸਰਕਾਰ ਦੀ ਪੱਤ, ਇਹਨਾਂ ਸ਼ਾਹਾਂ ਹੱਥ।ਸ਼ਾਹ ਤੋਂ ਭਲਾ,ਹੋ ਸਕਦੈ? ਜੱਗੋਂ ਤੇਰ੍ਹਵੀਂ ਵਾਪਰੂ। ਸ਼ਿਕਾਰੀ ਸ਼ਿਕਾਰ ਦਾ ਭਲਾ,ਭਲਾਂ ਕਰ ਸਕਦੈ?ਸਰਕਾਰਾਂ ਤੋਂ ਭਲੇ ਦੀ ਝਾਕ,ਭਲਾਂ ਕਾਹਦੇ ਸਿਰ 'ਤੇ। ਛੱਡਣੀ ਪੈਣੀ ਐ। ਭਲਾ, ਵੋਟਾਂ ਦੇ ਰਾਹ ਨਹੀਂ।ਭਲੇ ਦਾ ਰਾਹ, ਸੰਘਰਸ਼ਾਂ ਦਾ ਰਾਹ।ਕਿਸਾਨ ਸੰਘਰਸ਼ ਦੀ ਮਸ਼ਾਲ, ਰਾਹ ਰੁਸ਼ਨਾਉਂਦੀ ਐ। ਸੰਘਰਸ਼ਾਂ ਦਾ ਰਾਹ,ਲੋਕ ਤਾਕਤ ਦਾ ਰਾਹ। ਲੋਕ ਤਾਕਤ ਦਾ ਰਾਹ, ਆਪਣੀ ਪੁੱਗਤ ਦਾ ਰਾਹ।ਆਪਣੀ ਪੁੱਗਤ ਦਾ ਰਾਹ, ਆਪਣੀ ਸੱਚੀ ਸਰਕਾਰ ਦਾ ਰਾਹ।ਆਪਣੀ ਸੱਚੀ ਸਰਕਾਰ ਦਾ ਰਾਹ,ਆਪਣੇ ਰਾਜ ਦਾ ਰਾਹ।ਸੰਘਰਸ਼ ਹੀ, ਭਲੇ ਦਾ ਸਵੱਲੜਾ ਰਾਹ।
-
ਜਗਮੇਲ ਸਿੰਘ, ਲੇਖਕ
**********
9417224822
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.