ਜਿਸ ਕਿਤਾਬ ਦਾ ਟਾਇਟਲ ਦੇਖ ਰਹੇ ਹੋ, ਇਹ ਇਕ ਤਰਾਂ ਦਾ ਐਮ ਫਿਲ ਦੀ ਖੋਜ ਕਰਨ ਦੇ ਬਰਾਬਰ ਦਾ ਕਾਰਜ ਹੈ। ਮੈਂ ਜਦ 2018 ਵਿਚ ਚੰਡੀਗੜ੍ਹ ਪੰਜਾਬ ਆਰਟਸ ਕੌਂਸਲ ਵਿਖੇ ਮੀਡੀਆ ਅਧਿਕਾਰੀ ਦੀ ਨੌਕਰੀ ਕਰਨ ਆਇਆ ਤਾਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਅਰੁਣ ਕੁਮਾਰ ਗਰੋਵਰ ਨੂੰ ਡਾ ਸਰਦਾਰਾ ਸਿੰਘ ਜੌਹਲ ਜੀ,(ਉਦੋਂ ਚਾਂਸਲਰ ਕੇਂਦਰੀ ਯੂਨੀਵਰਸਿਟੀ ਬਠਿੰਡਾ ਸਨ), ਨੇ ਫੋਨ ਕਰਕੇ ਆਖਿਆ ਕਿ ਨਿੰਦਰ ਮੇਰਾ ਅਜੀਜ ਹੈ ਤੇ ਆਪ ਨੂੰ ਮਿਲਣ ਆਏਗਾ।
ਇਸ ਸੁਨੇਹੇ ਮਗਰੋਂ ਮੈਂ ਵਾਈਸ ਚਾਂਸਲਰ ਦੇ ਦਫਚਰ ਵੱਲੀਂ ਮਿਥੇ ਹੋਏ ਵਕਤ 'ਤੇ ਵਾਈਸ ਚਾਂਸਲਰ ਸਾਹਿਬ ਨੂੰ ਮਿਲਣ ਚਲਾ ਗਿਆ। ਵੀਸੀ ਸਾਹਬ ਦੇ ਪੀਏ ਨੇ ਮੈਨੂੰ ਬੜੇ ਅਦਬ ਨਾਲ ਵੇਟਿੰਗ ਰੂਮ ਵਿਚ ਬਿਠਾਇਆ ਤੇ ਅੱਗੇ ਵੀ ਸੀ ਸਾਹਬ ਨੂੰ ਸੁਨੇਹਾ ਲਾਇਆ। ਮੈਂ ਹੱਕਾ ਬੱਕਾ ਹੀ ਰਹਿ ਗਿਆ, ਜਦ ਵਾਈਸ ਚਾਂਸਲਰ ਡਾ ਗਰੋਵਰ ਜੀ ਖੁਦ ਚਲਕੇ ਵੇਟਿੰਗ ਰੂਮ ਵਿਚ ਆਏ ਤੇ ਗਰਮਜੋਸ਼ੀ ਨਾਲ ਹੱਥ ਮਿਲਾਂਦੇ ਹੋਏ ਆਪਣੇ ਦਫਤਰ ਵਿਚ ਲੈ ਗਏ । ਪਾਣੀ ਤੋਂ ਬਾਅਦ ਕੁਝ ਗੱਲਾਂ ਬਾਤਾਂ ਹੋਈਆਂ ਤੇ ਫਿਰ ਗਰੀਨ-ਟੀ ਆ ਗਈ। ਡਾ ਗਰੋਵਰ ਬੋਲੇ ਕਿ ਨਿੰਦਰ ਜੀ, ਡਾ ਜੌਹਲ ਸਾਹਬ ਨੇ ਆਖਿਆ ਏ ਕਿ ਨਿੰਦਰ ਅਜਕਲ੍ਹ ਚੰਡੀਗੜ੍ਹ ਆ ਗਿਆ ਹੈ ਤੇ ਇਹਦੇ ਕੋਲੋਂ ਆਪਣੀ ਯੂਨੀਵਰਸਿਟੀ ਵਾਸਤਾ ਕੋਈ ਕੰਮ ਲਵੋ।
ਆਪ ਹੀ ਦੱਸੋ, ਕੀ ਕਰੋਗੇ ਸਾਡਾ ਆਪ ਜੀ। ਮੈਂ ਯੱਭਲ, ਭੋਲਾ ਭਾਲਾ ਨੌਕਰੀ ਵੀ ਨਾ ਮੰਗ ਸਕਿਆ ਤੇ ਇਹੋ ਆਖਿਆ ਕਿ ਆਪ ਦੀ ਯੁਨੀਵਰਸਿਟੀ ਵਾਸਤੇ ਮੈਂ ਇਕ ਕਿਤਾਬ ਪੰਜਾਬ ਦੇ ਲੋਕ ਸੰਗੀਤ ਬਾਰੇ ਲਿਖਾਂਗਾ। ਵਾਈਸ ਚਾਂਸਲਰ ਸਾਹਿਬ ਪਾਸ ਬੜੀਆਂ ਪਾਵਰਾਂ ਹੁੰਦੀਆਂ ਨੇ, ਉਹ ਕਿਸਾ ਨੂੰ, ਕਿਤੇ ਵੀ ਕਿਸੇ ਜਗਾ ਉਤੇ ਲਾ ਸਕਦਾ ਹੈ। ਤੇ ਲਓ ਜੀ, ਮੇਰਾ ਪ੍ਰੋਜੈਕਟ ਮਨਜੂਰ ਹੋ ਗਿਆ, (ਜਿਸ ਵਿਚ ਨਾ ਕੁਛ ਕੱਢਣ ਨੂੰ, ਤੇ ਨਾ ਪਾਉਣ ਨੂੰ, ਮੁਫਤੋ ਮੁਫਤੀਆ ਖੋਜ ਕਾਰਜ), ਤੇ ਇਹੋ ਜਿਹੇ ਪ੍ਰੋਜੈਕਟ ਤੇ ਖੋਜ ਕਾਰਜ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀ: ਅੰਮ੍ਰਿਤਸਰ, ਭਾਸ਼ਾ ਵਿਭਾਗ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਖਾਤਰ ਕਰ ਚੁੱਕਾ ਹੋਇਆ ਸੀ।
ਖੈਰ--ਪੰਜਾਬੀ ਵਿਭਾਗ ਦੇ ਚੇਅਰਮੈਨ ਡਾ ਯੋਗਰਾਜ ਜੀ ਸਨ, ਉਹ ਆਖਣ ਲੱਗੇ ਕਿ ਸਾਡੇ ਵਿਭਾਗ 'ਚ ਆ ਜਾਇਆ ਕਰ, ਏਥੇ ਬੈਠ ਕੇ ਲਿਖ ਵਧੀਆ ਕਿਤਾਬ ਤੂੰ, ਡਾ ਸਰਬਜੀਤ ਸਿੰਘ ਪੁਰਾਣੇ ਮਿਤਰ ਤੇ ਅਜਕਲ ਚੇਅਰਮੈਨ ਪੰਜਾਬੀ ਵਿਭਾਗ ਹਨ, ਆਖਣ ਲਗੇ ਕਿ ਹੈ ਤਾਂ ਏਹ ਐਮ ਫਿਲ ਤੇ ਪੀ ਐਚ ਡੀ ਵਾਲਾ ਖੋਜ ਕਾਰਜ ਐ ਪਤੰਦਰਾ, ਪਰ ਤੂੰ ਛੇ ਮਹੀਨਿਆਂ ਵਿਚ ਝਟਕਾ ਦੇਣਾ ਐਂ ਏਹੀ ਕੰਮ, ਜੇ ਤੂੰ ਅੱਗੇ ਤੀਕ ਪੜਿਆ ਹੁੰਦਾ ਤਾਂ ਹੁਣ ਨੂੰ ਕਿਚਾ ਪ੍ਰੋਫੈਸਰ ਲੱਗਿਆ। ਡਾ ਸਰਬਜੀਤ ਨੇ ਹਾਸੇ ਹਾਸੇ ਆਖਿਆ ਕਿ ਕਮਲਿਆ, ਹੁਣ ਤੇਰੀਆਂ ਲਿਖੀਆਂ ਕਿਤਾਬਾਂ ਉਤੇ ਖੋਜਾਂ ਕਰਕੇ ਲੋਕੀ ਪ੍ਰੋਫੈਸਰ ਤੇ ਲੈਕਚਰਾਰ ਲੱਗੀ ਜਾਂਦੇ ਆ ਮੂਰਖਾ।
ਡਾ ਸਰਬਜੀਤ ਦੇ ਕਹੇ ਉਤੇ ਮੈਂ ਸੱਚੀਓਂ ਛੇ ਮਹੀਨੇ ਵਿਚ ਇਹ ਕਿਤਾਬ ਸਿਰੇ ਲਗਾ ਦਿੱਤੀ। ਮੈਂ ਇਹਦਾ ਨਾਂ ਕੁਝ ਹੋਰ ਧਰਿਆ ਸੀ ਪਰ ਗੁਰਭਜਨ ਗਿੱਲ ਨੇ ਕਿਹਾ ਕਿ ਏਹ ਖੋਜ ਕਾਰਜ ਹੈ ਬੇਟਾ, ਇਹਦਾ ਨਾਂ ਹੋਣਾ ਚਾਹੀਦਾ ਏ "ਪੰਜਾਬ ਦਾ ਲੋਕ ਸੰਗੀਤ-ਵਿਰਸਾ ਤੇ ਵਤਮਰਤਮਨ।" ਇਸੇ ਨਾਂ ਹੇਠ ਕਿਤਾਬ ਛਪੀ ਤੇ ਪਰੈਸ ਦੇ ਮੈਨੇਜਰ ਡਾ ਜਤਿੰਦਰ ਮੌਦਗਿਲਾਮ ਆਖਣ ਲੱਗੇ ਕਿ ਸਾਡੀ ਪੰਜਾਬ ਯੂਨਿਵਰਸਿਟੀ ਦੀ ਪੰਜਾਬ ਦੇ ਲੋਕ ਸੰਗੀਤ ਬਾਬਤ ਏਹ ਪਹਿਲੀ ਪੁਸਤਕ ਐ ਵੀਰਿਆ। ਵਾਈਸ ਚਾਂਸਲਰ ਡਾ ਗਰੋਵਰ ਨੇ ਆਪਣੇ ਹੱਥੀਂ ਦਫਤਰ 'ਚ ਰਿਲੀਜ ਕੀਤੀ। ਮੈਨੂੰ ਖੁਸ਼ੀ ਭਰਿਆ ਅਨੁਭਵ ਸੀ ਕਿ ਕਹਿੰਦੀ ਕਹਾਉਂਦੀ ਪੰਜਾਬ ਯੂਨੀਵਰਸਿਟੀ ਨੇ ਮੇਰੀ ਕਿਤਾਬ ਛਾਪਕੇ ਇਸ ਨੂੰ ਰਿਲੀਜ ਕਰ ਦਿੱਤਾ ਹੈ।
ਅਖਬਾਰੀ ਖਬਰ ਪੜਕੇ ਗੁਰਭਜਨ ਗਿੱਲ ਦਾ ਫੋਨ ਆਇਆ ਕਿ ਪੁਤਰਾ, ਝਾਤੀ ਮਾਰ ਕੇ ਦੇਖ ਕਿ ਹੁਣ ਤੀਕ ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਦੇ ਕਿੰਨੇ ਕੁ ਲੇਖਕ ਛਾਪੇ ਨੇ? ਤੂੰ ਭਾਗਸ਼ਾਲੀ ਏਂ ਪੁੱਤਰਾ ਤੇ ਏਹ ਮਾਣ ਵਾਲੀ ਗੱਲ ਏ ਸਾਡੇ ਵਾਸਤੇ ਵੀ ਸਾਬਾਸ਼ ਮੇਰਾ ਬੱਚਾ, ਜੁਗ ਜੁਗ ਜੀਵੇਂ। ਇਹ ਕਿਤਾਬ ਪੰਜਾਬੀ ਲੋਕ ਸੰਗੀਤ ਦੇ ਖੋਜੀਆਂ ਖਾਤਰ ਸਹਾਈ ਹੋ ਸਕਦੀ ਹੈ। ਮੇਰੇ ਪਾਸ ਇਸ ਦੋ ਇਕੋ ਕਾਪੀਆਂ ਹੀ ਨੇ, ਉਹ ਵੀ, ਉਹੋ ਨੇ, ਜਿਨਾਂ ਉਤੇ ਵਾਈਸ ਚਾਂਸਲਰ ਗਰੋਵਰ ਸਾਹਬ ਤੇ ਮਹਿਮਾਨਾਂ ਨੇ ਦਸਖਤ ਕਰੇ ਸਨ, ਜੇ ਕਦੇ ਮੈਨੂੰ ਲੋੜ ਪੈਂਦੀ ਐ ਤਾਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਵਿਭਾਗ ਤੋਂ ਮੁੱਲ ਖਰੀਦ ਲੈਂਦਾ ਹਾਂ। ਮੁਫਤ ਵਿਚ ਲਿਖੀ ਹੋਈ ਕਿਤਾਬ ਵਿਚ ਮੁੱਲ ਖਰੀਦੇ, ਤੇ ਹੋਵੇ ਵੀ ਉਹਦਾ ਲੇਖਕ, ਇਹ ਵੀ ਬੜੀ ਸੁਆਦਲੀ ਬਾਤ ਹੈ ਦੋਸਤੋ। ਅਗਲੇ ਐਤਵਾਰ ਕਿਸੇ ਹੋਰ ਕਿਤਾਬ ਦੀ ਬਾਤ ਪਾਵਾਂਗੇ ਆਪਾਂ!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.