ਬਚਪਨ ਦੀ ਤਹਰੀਰ 3
ਗਰਮੀਆਂ ਦੇ ਕਈ ਮੌਸਮ ਤੇ ਅਨੇਕਾਂ ਦਿਨ ਨਾਨਕੇ ਬਿਤਾਏ ਹਨ l ਬਠਿੰਡਾ ਜ਼ਿਲ੍ਹੇ ਦਾ ਇਕ ਵੱਡਾ ਪਿੰਡ ਮਹਿਮਾ ਸਰਜਾ l ਪਿਆਰੇਆਨੇ ਤੋਂ ਇਹ ਪਿੰਡ ਬਹੁਤ ਚੀਜ਼ਾਂ ਵਿੱਚ ਵੱਖਰਾ ਸੀ ਸੱਭਿਆਚਾਰਕ ਤੇ ਰਹਿਣ ਸਹਿਣ ਦਾ ਵਖਰੇਵਾਂ l ਘੜੇ ,ਮੈਂ ਇੱਥੇ ਹੀ ਪਹਿਲੀ ਵਾਰ ਦੇਖੇ ਜਿਨ੍ਹਾਂ ਨੂੰ ਆਮ ਲੋਕ "ਤੌਡ਼ੇ "ਕਹਿੰਦੇ ਸਨ l ਧਰਤੀ ਹੇਠਲਾ ਪਾਣੀ ਖ਼ਰਾਬ ਸੀ ਨਾ ਪੀਤਾ ਜਾਂਦਾ ਸੀ ਨਾ ਨਹਾਤਾ ਜਾਂਦਾ ਸੀ , ਸੋ ਸੁਆਣੀਆਂ ਵਾਟਰ ਵਰਕਸ ਦੀਆਂ ਟੂਟੀਆਂ ਤੇ ਪਾਣੀ ਭਰਦੀਆਂ ਆਮ ਦੇਖੀਆਂ ਜਾ ਸਕਦੀਆਂ ਸਨ....ਕਈ ਵਾਰ ਉਹ ਬਹੁਤ ਸੁਬ੍ਹਾ ਵੀ ਟੂਟੀ ਉੱਪਰ ਇਕੱਠੀਆਂ ਹੁੰਦੀਆਂ ਕਿਉਂਕਿ ਪਾਣੀ ਸੁਬ੍ਹਾ ਹੀ ਛੱਡ ਦਿੱਤਾ ਜਾਂਦਾ ਸੀ l
ਇਸ ਪਾਣੀ ਦਾ ਸਵਾਦ ਵੱਖਰਾ ਸੀ ਤੇ ਸੁਆਦ ਵੀ ਸੀ l
ਸ਼ਾਮ ਹੁੰਦਿਆਂ ਹੀ ਲੋਕ ਮੰਜੇ ਕੋਠਿਆਂ ਦੀਆਂ ਤੇ ਚੜ੍ਹਾ ਲੈਂਦੇ l ਛੱਤਾਂ ਇੱਕ ਦੂਜੇ ਦੇ ਘਰਾਂ ਨਾਲ ਮਿਲਦੀਆਂ ਸਨ...ਇਕ ਤਰ੍ਹਾਂ ਨਾਲ ਸਾਂਝੀਆਂ l
ਦਰਅਸਲ ਇਹ ਛੱਤਾਂ ਹੀ ਸਾਂਝੀਆਂ ਨਹੀਂ ਸਨ....ਇਹ ਸਾਂਝੀ ਵਾਲਤਾ ਜ਼ਿੰਦਗੀ ਦੀ ਸੀ ..ਸੁੱਖਾਂ ਦੀ ...ਸੰਸਿਆਂ ,ਝੋਰਿਆਂ ਦੀ l ਉਸ ਸਮਾਜ ਵਿਚ ਲੋਕਾਂ ਦੀਆਂ ਸਾਂਝਾਂ ਗੂੜੀਆਂ ਸਨ ਤੇ ਸਰਲ ਵੀ l ਇਹੀ ਸਾਂਝੀਵਾਲਤਾ ਉਸ ਸਮੇਂ ਦੇ ਸਮਾਜ ਦੀ ਵਿਲੱਖਣਤਾ ਸੀ ਤੇ ਅੱਛਾਈ ਵੀ ਜੋ ਅੱਜ ਨਹੀਂ ਦਿਖਾਈ ਦਿੰਦੀ l
ਲੋਕ ਛੱਤਾਂ ਤੇ ਬੈਠੇ ਗੱਪਾਂ ਮਾਰਦੇ ਤੇ ਦੂਰ ਦੂਰ ਦੀਆਂ ਛੱਤਾਂ ਵਾਲਿਆਂ ਨਾਲ ਵੀ ਗੱਲ ਕਰਦੇ ਰਹਿੰਦੇ ...ਇੱਕ ਦੂਜੇ ਦੇ ਦੁੱਖ ਸੁੱਖ ਪੁੱਛਦੇ ਕੰਮਕਾਰ ਰੁਝੇਵਿਆਂ ਦੀ ਗੱਲ ਕਰਦੇ l
ਪਿੰਡ ਵਿੱਚ ਬਹੁਤ ਸਾਰੇ ਘਰ ਕੱਚੀਆਂ ਕੰਧਾਂ ਦੇ ਬਣੇ ਹੋਏ ਸਨ ਵੱਡੀਆਂ ਵੱਡੀਆਂ ਕੱਚੀਆਂ ਕੰਧਾਂ l ਤਿੱਖੀ ਧੁੱਪ ਵਿਚ ਇੱਟਾਂ ਦੀਆਂ ਕੰਧਾਂ ਨਾਲੋਂ ਇਹ ਘੱਟ ਤਪਦੀਆਂ....ਇਹ ਫ਼ਰਕ ਮੈਨੂੰ ਇਸ ਕਰਕੇ ਪਤਾ ਸੀ ਕਿ ਕਈ ਵਾਰ ਖੇਡਦਿਆਂ ਖੇਡਦਿਆਂ ਗੁਆਂਢੀਆਂ ਦੇ ਉਨ੍ਹਾਂ ਘਰਾਂ ਵਿੱਚ ਵੀ ਜਾਣਾ ਜਿਨ੍ਹਾਂ ਦੇ ਘਰ ਕੱਚੀਆਂ ਕੰਧਾਂ ਤੇ ਬਣੇ ਹੋਏ ਸਨ l
ਨਾਨਕਿਆਂ ਦਾ ਘਰ ਖੁੱਲ੍ਹਾ ਸੀ ....ਮਾਮੀ ਦਾ ਜ਼ਿਆਦਾ ਸਮਾਂ ਉਸ ਛੋਟੀ ਜਿਹੀ ਕੋਠੜੀ ਵਿਚ ਨਿਕਲਦਾ ਸੀ ਜਿਸ ਨੂੰ ਸਾਰੇ ਝਲਾਨੀ ਕਹਿੰਦੇ ਸਨ l ਝਲ੍ਹਾਨੀ ਮਤਲਬ ਰਸੋਈ ..ਖੁੱ l ਘਰ ਦੇ ਵਾਯੂਮੰਡਲ ਵਿੱਚ ਸਿਰਫ਼ ਅਪਣੱਤ ਸੀ ....ਕੋਈ ਅਜਿਹੀ ਭਾਵਨਾ ਨਹੀਂ ਸੀ ਕਿਸੇ ਵਿੱਚ ਵੀ ਨਹੀਂ ਸੀ ਜੋ ਕਿਸੇ ਬੱਚੇ ਨੂੰ ਓਪਰਾਪਣ ਮਹਿਸੂਸ ਹੋਣ ਦੇਵੇ...ਨਾਨੀ ਦੇ ਬਹੁਤੇ ਦੋਹਤਿਆ ਨੇ ਇੱਥੇ ਰਹਿ ਕੇ ਪੜ੍ਹਾਈ ਕੀਤੀ ਸੀ .....ਦੋ ਤੂਫਾਨਾਂ ਦਾ ਮਾਮਾ ਮਾਸਟਰ ਸੀ ਤੇ ਮਾਮੇ ਨੇ ਇਹ ਜ਼ਿੰਮੇਵਾਰੀ ਆਪਣਾ ਫ਼ਰਜ਼ ਸਮਝ ਕੇ ਚੁੱਕ ਲਈ ਸੀ l
ਲੋਕ ਸ਼ਾਮ ਨੂੰ ਛੱਤਾਂ ਤੇ ਬੈਠੇ ਮੀਂਹ ਆਉਣ ਦਾ ਕਿਆਸ ਕਰਦੇ ਰਹਿੰਦੇ... ਅੰਦਾਜ਼ੇ ਲਾਉਂਦੇ l ਮੈਨੂੰ ਲੱਗਦਾ ਰਹਿੰਦਾ ਕਿ ਇੱਥੇ ਬੱਦਲ ਉਸ ਤਰ੍ਹਾਂ ਚੜ੍ਹ ਕੇ ਨਹੀਂ ਆਉਂਦੇ ਜਿਸ ਤਰ੍ਹਾਂ ਫ਼ਿਰੋਜ਼ਪੁਰ ਆਪਣੇ ਪਿੰਡ ਆਉਂਦੇ ਸਨ l ਪਰ ਇੱਥੇ ਜਦੋਂ ਬਾਰਸ਼ ਆਉਂਦੀ ਤਾਂ ਬਹੁਤ ਜ਼ਿਆਦਾ ਆਉਂਦੀ l ਬਰਸਾਤ ਸ਼ੁਰੂ ਹੁੰਦਿਆਂ ਹੀ ਫ਼ਿਜ਼ਾ ਵਿੱਚ ,ਤਪਦੀ ਮਿੱਟੀ ਵਿਚ ਧੱਸਦੀਆਂ ਕਣੀਆਂ ਤੋਂ ਬਾਅਦ ਆਉਂਦੀ ਮਹਿਕ ਮੈਨੂੰ ਅੱਜ ਵੀ ਯਾਦ ਹੈ l ਬਰਸਾਤ ਜ਼ਿਆਦਾ ਹੋ ਜਾਂਦੀ ਤਾਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਜੋ ਕਿਸੇ ਛੋਟੇ ਬੰਬ ਦੇ ਧਮਾਕੇ ਵਰਗੀਆਂ ਹੁੰਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ l ਉਹ ਕੱਚੀਆਂ ਕੰਧਾਂ ਹੁੰਦੀਆਂ ਸਨ ਵੱਡੀਆਂ ਤੇ ਉੱਚੀਆਂ ਕੰਧਾਂ ਜੋ ਬਰਸਾਤ ਦੀ ਤਾਬ ਨਾ ਝੱਲ ਸਕਦੀਆਂ ਤੇ ਡਿੱਗ ਪੈਂਦੀਆਂ ਸਨ l
ਮੈਂ ਅਕਸਰ ਬਰਸਾਤ ਦੇ ਪਾਣੀ ਨੂੰ ਗਲੀਆਂ ਵਿਚ ਮੌਲਦਿਆਂ ਦੇਖਣ ਲਈ ਉਤਸਕ ਹੁੰਦਾ ਤਾਂ ਬੈਠਕ ਵਿਚ ਚਲਿਆ ਜਾਂਦਾ ....ਬੈਠਕ ਦੀ ਖਿੜਕੀ ਵਿਚ ਜਾਲੀ ਲੱਗੀ ਹੋਈ ਸੀ... ਕਣੀਆਂ ਉਸ ਜਾਅਲੀ ਤੇ ਪੈਂਦੀਆਂ ਤੇ ਪਾਣੀ ਹੌਲੀ ਹੌਲੀ ਕਰ ਕੇ ਥੱਲੇ ਨੂੰ ਆਉਂਦਾ ..ਨਿੱਕੇ ਨਿੱਕੇ ਖਾਨਿਆਂ ਵਿੱਚੋਂ ਰਸਤੇ ਬਣਾਉਂਦੇ ਪਾਣੀ ਨੂੰ ਨੀਝ ਨਾਲ ਦੇਖਦਾ ...ਖਾਨਿਆਂ ਵਿਚ ਪਾਣੀ ਆਉਂਦਾ ਆਉਂਦਾ ਕਦੇ ਭਟਕ ਵੀ ਜਾਂਦਾ ਤੇ ਫਿਰ ਅਚਾਨਕ ਕਿਸੇ ਕੰਧ ਡਿੱਗਣ ਦੀ ਆਵਾਜ਼ ਆਉਂਦੀ ਤੇ ਮੈਂ ਸਹਿਮ ਜਾਂਦਾ....ਤੇ ਭੱਜ ਕੇ ਉਸ ਕਮਰੇ ਵੱਲ ਚਲਾ ਜਾਂਦਾ ਜਿਸ ਨੂੰ ਸਾਰੇ "ਸਵਾਤ" ਕਹਿੰਦੇ ਸਨ....ਜਿੱਥੇ ਮਾਮਾ ਕਿਸੋ ਬੈਠਾ ਭਗਵਾਨ ਦੀਆਂ ਮੂਰਤੀਆਂ ਨਾਲ ਗੱਲਾਂ ਕਰਦਾ ਰਹਿੰਦਾ ਸੀ l
ਹਵਾ ਵਿੱਚ ਨਮੀ ਘੁਲ ਜਾਂਦੀ ਤੇ ਹਵਾ ਠੰਢੀ ਹੋ ਜਾਂਦੀ ਸੀ l ਸੁੱਕੇ ਤੇ ਖੁਸ਼ਕ ਪਏ ਵਿਹੜੇ ਵਿਚ ਹੁਣ ਓਹੀ ਪਾਣੀ ਹਰਲ ਹਰਲ ਕਰਦਾ ਫਿਰਦਾ ...ਜਿਸਦੇ ਬਾਰੇ ਮੇਰੀ ਸੋਚ ਸੀ ਕਿ ਧਰਤੀ ਇਸ ਵਾਸਤੇ ਤਰਸ ਰਹੀ ਹੈ ...ਪਾਣੀ ਨੂੰ ਤਰਸਦੀ ਧਰਤੀ ਤੇ ਵਾਵਰੋਲੇ ਦੀ ਤਰ੍ਹਾਂ ਫਿਰਦੇ ਪਾਣੀ ਨੂੰ ਤੱਕ ਕੇ ਅਜੀਬ ਜਿਹਾ ਲੱਗਦਾ ...ਉਸ ਅਰਦਾਸ ਦੱਖਣ ਵਾਂਗ ਜੋ ਸਾਹਮਣੇ ਹੀ ਪੂਰੀ ਹੋ ਗਈ ਹੋਵੇ l
ਘਰ ਦੇ ਨੇੜੇ ਹੀ ਛੱਪੜ ਸੀ l ਮੀਂਹ ਤੋਂ ਬਾਅਦ ਤੋਂ ਬਾਅਦ ਅਚਾਨਕ ਉਸ ਵਿੱਚ ਹਲਚਲ ਸ਼ੁਰੂ ਹੋ ਜਾਂਦੀ ...ਡੱਡੂਆਂ ਦੀਆਂ ਉੱਚੀਆਂ ਆਵਾਜ਼ਾਂ ਵਾਤਾਵਰਨ ਨੂੰ ਪ੍ਰਭਾਵਿਤ ਕਰਨ ਲੱਗਦੀਆਂ ...ਛੋਟੇ ਹੁੰਦਿਆਂ ਮੈਂ ਇਨ੍ਹਾਂ ਆਵਾਜ਼ਾਂ ਤੋਂ ਡਰਦਾ ਸੀ l
ਛੱਪੜ ਭਰ ਜਾਂਦਾ ਤਾਂ ਇਹ ਉਹ ਛੱਪੜ ਨਾ ਰਹਿ ਜਾਂਦਾ ਜਿਸ ਨੂੰ ਅਸੀਂ ਰੋਜ਼ ਦੇਖਦੇ ਸਾਂ ਇਹ ਹੁਣ ਇਕ ਆਫਰਿਆ ਹੋਇਆ ਸਾਨ ਲੱਗਦਾ ਜੋ ਆਪਣੀਆਂ ਹੱਦਾਂ ਨੂੰ ਤੋੜ ਦੇਣਾ ਚਾਹੁੰਦਾ ਸੀ l ਇਸ ਦਾ ਆਕਾਰ ਅਚਾਨਕ ਵੱਡਾ ਹੋ ਜਾਂਦਾ ..ਜਿਵੇਂ ਕਿਸੇ ਦਾ ਢਿੱਡ ਆਫਰ ਗਿਆ ਹੋਵੇ l
ਮਿੱਟੀ ਵਿੱਚ ਤਿਲਕਣ ਹੁੰਦੀ ਸੀ ਤੇ ਛੱਪੜ ਵੱਲ ਜਾਣ ਦੀ ਮਨਾਹੀ l ਮੈਂ ਭਾਵੇਂ ਛੋਟਾ ਸਾਂ ਪਰ ਕੁਦਰਤ ਦੀ ਇਸ ਜਾਦੂਗਰੀ ਨੂੰ ਮਾਣਨ ਲਈ ਚੋਰੀ ਛਿਪੇ ਉਧਰ ਨਿਕਲ ਜਾਂਦਾ ...ਜਿੱਥੋਂ ਪੂਰਾ ਛੱਪੜ ਦਿਖਾਈ ਦਿੰਦਾ ਸੀ l
ਛੱਪੜ ਦਾ ਆਫ਼ਰਿਆ ਹੋਇਆ ਇਹ ਰੂਪ ਮੈਨੂੰ ਚੰਗਾ ਲੱਗਦਾ l ਟੁੱਟੇ ਹੋਏ ਘੜਿਆਂ ਦੀਆਂ ਡੀਟੀਆਂ ਧਰਤੀ ਤੋਂ ਬਾਹਰ ਆ ਜਾਂਦੀਆਂ ਸਨ l ..ਘੜਾ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਨੂੰ ਅਸੀਂ ਡੀਟੀ ਕਹਿੰਦੇ ਸਾਂ ...ਪਾਣੀ ਉਨ੍ਹਾਂ ਉਪਰ ਪਈ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਸੀ l
ਮੈਂ ਹੌਲੀ ਜਿਹੀ ਕੋਈ ਡੀਟੀ ਚੱਕ ਲੈਂਦਾ ...ਟੁੱਟੇ ਹੋਏ ਘੜੇ ਦਾ ਛੋਟਾ ਜਿਹਾ ਹਿੱਸਾ....ਭਰੇ ਹੋਏ ਛੱਪੜ ਤੇ ਡੀਟੀ ਸਿੱਟਣ ਦਾ ਆਪਣਾ ਹੀ ਸੁਆਦ ਸੀ l ਘੜੇ ਦੀ ਡੀਟੀ ਪਾਣੀ ਤੇ ਤਰਦੀ ਤਰਦੀ ਤੇਜ਼ੀ ਨਾਲ ਦੂਰ ਤਕ ਚਲੀ ਜਾਂਦੀ l ਛੋਟੀ ਜਿਹੀਆਂ ਲਹਿਰਾਂ ਉੱਠਦੀਆਂ ਤੇ ਪਾਣੀ ਵਿੱਚ ਮਿਲ ਜਾਂਦੀਆਂ ...ਕੁਝ ਦੇਰ ਬਾਅਦ ਤੂਫਾਨ ਦੀ ਗਤੀ ਨਾਲ ਜਾਣ ਵਾਲੀ ਡੀ ਟੀ ਵੀ ਪਾਣੀ ਵਿੱਚ ਡਿੱਗ ਪੈਂਦੀ ...ਪਲਾਂ ਦੀ ਇਹ ਜਾਦੂਗਰੀ ਮੇਰੀ ਮਨਪਸੰਦ ਖੇਡ ਸੀ l
ਡੀਟੀ ਪਾਣੀ ਨੂੰ ਪਛਾੜਦਿਆਂ ਅੱਗੇ ਵੱਲ ਵੱਧਦੀ ਰਹਿੰਦੀ ...ਪਾਣੀ ਨਾਲ ਮਸ਼ਕਰੀਆਂ ਕਰਦੀ ਇਸ ਡੀਟੀ ਵਿਚ ਇਕ ਅਜਬ ਲੈਅ ਹੁੰਦੀ ..ਇੱਕ ਅਨੋਖੀ ਤਾਲ ਜੋ ਵੱਧ ਤੋਂ ਵੱਧ ਦੂਰ ਜਾਣਾ ਲੋਚਦੀ l
ਕਈ ਵਾਰ ਡੀਟੀ ਸਹੀ ਤਰੀਕੇ ਨਾਲ ਨਾ ਛੱਡੀ ਜਾਂਦੀ ਤਾਂ ਉਹ ਨੇੜੇ ਹੀ ਡੁੱਬ ਜਾਂਦੀ ....ਪਤਾ ਨਹੀਂ ਕਿਉਂ ਮੈਂ ਉਦਾਸ ਹੋ ਜਾਂਦਾ ਮੈਨੂੰ ਉਸ ਦੀ ਅਸਫ਼ਲਤਾ ਤੇ ਖੇਦ ਹੁੰਦਾ ...ਡੀਟੀ ਨੂੰ ਸਹੀ ਤਰੀਕੇ ਨਾਲ ਪਾਣੀ ਵਿਚ ਨਾ ਛੱਡਣ ਦਾ ਪਛਤਾਵਾ l
ਘੜੇ ਦੇ ਉਸ ਛੋਟੇ ਜਿਹੇ ਟੁਕੜੇ ਦੀ ਲੈਅ ਤਾਲ ਨੂੰ ਹੁਣ ਮੈਂ ਕਦੇ ਕਦੇ ਜ਼ਿੰਦਗੀ ਨਾਲ ਮਿਲਾ ਕੇ ਦੇਖਦਾ ਹਾਂ ....ਇਹ ਲੈਅ ਤੇ ਤਾਲ ਹੀ ਤਾਂ ਹਨ ਜੋ ਜ਼ਿੰਦਗੀ ਨੂੰ ਗਤੀ ਦਿੰਦੀਆਂ ਹਨ ....ਨਿਰਧਾਰਤ ਕਰਦੀਆਂ ਹਨ ਕਿ ਡੀਟੀ ਨੇ ਕਿੱਥੋਂ ਤਕ ਜਾਣਾ ਹੈ l
-
ਤਰਸੇਮ ਬਸ਼ਰ, ਲੇਖਕ
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.