ਸਾਧਨਾ - 1958.... ਤਰਸੇਮ ਬਸ਼ਰ ਦੀ ਕਲਮ ਤੋਂ
ਕਈ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਗੱਲ ਕਰਨੀ ਹੋਵੇ ਤਾਂ ਤੁਹਾਨੂੰ ਪੂਰੇ ਦੌਰ ਦੀ ਗੱਲ ਕਰਨੀ ਪਵੇਗੀ ...ਸਾਧਨਾ 1950-1960 ਦੀ ਅਜਿਹੀ ਹੀ ਫ਼ਿਲਮ ਹੈ l ਉਸ ਦੌਰ ਦੀ ,ਫ਼ਿਲਮ ਜਦੋਂ ਫਿਲਮਾਂ ਸਿਰਫ ਪੈਸੇ ਲਈ ਨਹੀਂ ਸੀ ਬਣਾਈਆਂ ਜਾਂਦੀਆਂ , ਇਹ ਕਾਰਜ ਆਤਮ ਸੰਤੁਸ਼ਟੀ ਵਾਸਤੇ ਕੀਤਾ ਜਾਂਦਾ ਸੀ ..ਸਿਰਜਣਾਤਮਕ ਭੁੱਖ ਲਈ ਕੀਤਾ ਜਾਂਦਾ ਸੀ l ਜਿਨ੍ਹਾਂ ਦਾ ਇੱਕ ਸਮਾਜਿਕ ਪ੍ਰਭਾਵ ਹੁੰਦਾ ਸੀ ਤੇ ਤੇ ਇਸ ਦਾ ਅਹਿਸਾਸ ਫ਼ਿਲਮ ਬਣਾਉਣ ਵਾਲਿਆਂ ਨੂੰ ਬਾਖੂਬੀ ਹੁੰਦਾ ਸੀ
ਇਕ ਨੈਤਿਕ ਜ਼ਿੰਮੇਵਾਰੀ l
ਫਿਲਮ ਤੇ ਵਰ੍ਹਿਆਂ ਤਕ ਕੰਮ ਕੀਤਾ ਜਾਂਦਾ ਸੀ l ਕਹਾਣੀ ਲਿਖੀ ਜਾਂਦੀ ਕਿਰਦਾਰ ਉਘੇੜੇ ਜਾਂਦੇ, ਪਹਿਲਾਂ ਫ਼ਿਲਮ ਕਾਗਜ਼ ਤੇ ਬਣਾ ਲਈ ਜਾਂਦੀ ਸੀ ...ਪੂਰੀ ਸੰਤੁਸ਼ਟੀ ਤੋਂ ਬਾਅਦ ਫ਼ਿਲਮ ਕੈਮਰੇ ਵਿੱਚ ਕੈਦ ਕਰਨ ਲਈ ਜਾਂਦੀ ਸੀ l
ਜਦੋਂ ਸਾਹਿਰ ਲੁਧਿਆਣਵੀ ਫ਼ਿਲਮ ਖੇਤਰ ਵਿੱਚ ਆਏ ਤਾਂ ਕੁਝ ਅਜਿਹੀਆਂ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ਜਿਨ੍ਹਾਂ ਵਿਚ ਸਮਾਜਿਕ ਬਰਾਬਰੀ ਦੀ ਗੱਲ ਹੁੰਦੀ, ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨ ਹੋਣ ਦੀ ਗੱਲ ਹੁੰਦੀ l
ਸਾਹਿਰ ਲੁਧਿਆਣਵੀ ਮਹਿਜ਼ ਗੀਤਕਾਰ ਨਹੀਂ ਸਨ ਇੱਕ ਸੋਚ ਸਨ ਜਿਸ ਨੇ ਪੂਰੀ ਫਿਲਮ ਇੰਡਸਟਰੀ ਨੂੰ ਪ੍ਰਭਾਵਤ ਕੀਤਾ l
ਸਾਹਿਰ ਲੁਧਿਆਣਵੀ ਦੇ ਸ਼ਾਇਰਾਨਾ ਕੱਦ ਨੂੰ ਜਾਣਨਾ ਹੋਵੇ ਤਾਂ ਇਹੋ ਕਾਫ਼ੀ ਹੈ ਕਿ ਉਨ੍ਹਾਂ ਦੇ ਗੀਤਾਂ ਨੂੰ ਲੈ ਕੇ ਫਿਲਮ ਬਣਾਉਣ ਦੀਆਂ ਯੋਜਨਾਵਾਂ ਉਲੀਕੀਆਂ ਜਾਂਦੀਆਂ ਸਨ l
" ਸਾਧਨਾ "ਦੇ ਗੀਤ ਵੀ ਸਾਹਿਰ ਲੁਧਿਆਣਵੀ ਨੇ ਲਿਖੇ ਜਿਸ ਨੂੰ ਸੰਗੀਤ ਦਿੱਤਾ ਸੀ ਦੱਤ ਨਾਇਕ ਨੇ...ਜਿਨ੍ਹਾਂ ਨੂੰ ਐੱਨ ਦੱਤਾ ਦੇ ਨਾਮ ਤੇ ਵੀ ਯਾਦ ਕੀਤਾ ਜਾਂਦਾ ਹੈ l ਸਾਹਿਰ ਲੁਧਿਆਣਵੀ ਸਿਰਫ਼ ਗੀਤ ਨਹੀਂ ਲਿਖਦੇ ਸਨ ਉਹ ਸ਼ਾਇਰੀ ਹੁੰਦੀ ਸੀ ਜੋ ਸੰਗੀਤਬੱਧ ਵੀ ਹੁੰਦੀ ਸੀ ..ਇਕ ਰਿਦਮ ..
" ਐਨ ਦੱਤਾ " ਨੂੰ ਭਾਰਤੀ ਫ਼ਿਲਮ ਸੰਗੀਤ ਵਿੱਚ ਵੱਡੇ ਸੰਗੀਤਕਾਰ ਦੇ ਤੌਰ ਤੇ ਯਾਦ ਨਹੀਂ ਕੀਤਾ ਜਾਂਦਾ ਪਰ ਹਮ ਪੰਛੀ ਇੱਕ ਡਾਲ ਕੇ, ਸਾਧਨਾ, ਧੂਲ ਕਾ ਫੂਲ ਵਰਗੀਆਂ ਬਲਦੇਵ ਰਾਜ ਚੋਪੜਾ ਦੀਆਂ ਫ਼ਿਲਮਾਂ ਦਾ ਸੰਗੀਤ ਅੱਜ ਵੀ ਚਾਹ ਕੇ ਸੁਣਿਆ ਜਾਂਦਾ ਹੈ l ਸਾਧਨਾਂ ਦੇ ਇਹ ਗੀਤ ਤੁਹਾਨੂੰ ਯਾਦ ਹੋਣਗੇ ....
ਯਹਾਂ ਹਰ ਚੀਜ਼ ਬਿਕਤੀ ਹੈ ,ਕਹੋ ਜੀ ਤੁਮ ਕਿਆ ਕਿਆ ਖਰੀਦੋਗੇ ..
ਔਰਤ ਨੇ ਜਨਮ ਦੀਆ ਮਰਦੋਂ ਕੋ ...
ਆਜ ਕਿਉਂ ਹਮ ਸੇ ਪਰਦਾ ਹੈ .....
"ਸਾਧਨਾ "ਦੀ ਕਹਾਣੀ ਪੰਡਤ ਮੁੱਖ ਰਾਮ ਸ਼ਰਮਾ ਨੇ ਲਿਖੀ ਸੀ ...ਇਕ ਅਜਿਹੀ ਤਵਾਇਫ਼ ਦੀ ਕਹਾਣੀ ਜੋ ਜੋ ਪੈਸੇ ਲਈ ਸਭ ਕੁਛ ਕਰਦੀ ਹੈ ਇਨਸਾਨੀਅਤ ਉਸ ਦੇ ਨੇੜੇ ਤੇੜੇ ਵੀ ਨਹੀਂ ....ਅਤੇ ਪੈਸੇ ਦੀ ਖਾਤਰ ਇੱਕ ਘਰ ਵਿੱਚ ਨੂੰਹ ਬਣ ਕੇ ਚਲੀ ਜਾਂਦੀ ਹੈ ...ਉਸ ਨੂੰ ਸਿਰਫ਼ ਆਪਣੇ ਪੈਸੇ ਨਾਲ ਮਤਲਬ ਹੈ ਪਰ ਪਰ ਘਟਨਾਵਾਂ ਕੁਝ ਇਸ ਤਰ੍ਹਾਂ ਘਟਦੀਆਂ ਹਨ ਅਖ਼ੀਰ ਉਸ ਦਾ ਅੰਤਰ ਮਨ ਬਦਲ ਜਾਂਦਾ ਹੈ l
ਪ੍ਰੋ ਮੋਹਨ( ਸੁਨੀਲ ਦੱਤ )ਸਾਹਿਤ ਦਾ ਅਧਿਆਪਕ ਹੈ ਤੇ ਲੇਖਕ ਵੀ .....ਉਸ ਦੀ ਮਾਂ ਦੀ ਹਾਰਦਿਕ ਇੱਛਾ ਹੈ ਕਿ ਉਹ ਸ਼ਾਦੀ ਕਰ ਲਵੇ ...ਮੋਹਨ ਦੀ ਮਾਂ ਵਾਲੀ ਭੂਮਿਕਾ ਲੀਲਾ ਚਿਟਨਿਸ ਨੇ ਨਿਭਾਈ ਹੈ ....ਲੀਲਾ ਚਿਟਨਿਸ ਤੋਂ ਵੱਧ ਮਾਂ ਦੀ ਮਿਆਰੀ ਭੂਮਿਕਾ ਸ਼ਾਇਦ ਹੀ ਕਿਸੇ ਅਭਿਨੇਤਰੀ ਨੇ ਨਿਭਾਈ ਹੋਵੇ ..ਪਰਦੇ ਤੇ ਕਦੇ ਨ੍ਹੀਂ ਲੱਗਿਆ ਕਿ ਉਹ ਮਾਂ ਦੀ ਭੂਮਿਕਾ ਨਿਭਾ ਰਹੀ ਹੈ ..ਉਹ ਮਾਂ ਹੀ ਲੱਗਦੀ ਹੈ l
ਅਚਾਨਕ ਘਰ ਵਿਚ ਫਿਸਲ ਕੇ ਮੋਹਨ ਦੀ ਮਾਂ ਗੰਭੀਰ ਰੂਪ ਵਿੱਚ ਬਿਮਾਰ ਹੋ ਜਾਂਦੀ ਹੈ ...ਮਾਂ ਨੂੰ ਲੱਗਦਾ ਹੈ ਕਿ ਉਸ ਦਾ ਆਖ਼ਰੀ ਸਮਾਂ ਹੈ ...ਮੋਹਨ ਨੂੰ ਲੱਗਦਾ ਹੈ ਕਿ ਇਸ ਆਖ਼ਰੀ ਸਮੇਂ ਵਿੱਚ ਜੇਕਰ ਕੋਈ ਔਰਤ ਅਜਿਹੀ ਮਿਲ ਜਾਵੇ ਜੋ ਉਸ ਦੀ ਹੋਣ ਵਾਲੀ ਬੀਵੀ ਦੀ ਭੂਮਿਕਾ ਕਰ ਲਵੇ ਤਾਂ ਮਾਂ ਸ਼ਾਇਦ ਬਚ ਜਾਵੇ l
ਮੋਹਨ ਦਾ ਦੋਸਤ ਹੈ ਜੀਵਨ .....ਜੀਵਨ ਐਸ਼ਪ੍ਰਸਤ ਬੰਦਾ ਹੈ ਅਤੇ ਚਲਾਕ ਵੀ l ਉਹ ਬਹੁਤ ਸਾਰੇ ਲੋਕਾਂ ਦਾ ਕਰਜ਼ਦਾਰ ਹੈ .....ਉਸ ਦਾ ਕੋਠੇ ਤੇ ਵੀ ਆਉਣਾ ਜਾਣਾ ਹੈ l
ਇੱਥੇ ਦੱਸਦਾ ਜਾਵਾਂ ਕਿ ਜੀਵਨ ਦੀ ਭੂਮਿਕਾ ਅਭਿਨੇਤਾ "ਰਾਧਾਕ੍ਰਿਸ਼ਨ" ਨੇ ਨਿਭਾਈ ਸੀ ....ਤੁਸੀਂ ਸ਼ਾਇਦ ਪਹਿਲੀ ਵਾਰ ਉਨ੍ਹਾਂ ਦਾ ਨਾਂ ਸੁਣਿਆ ਹੈ ਪਰ ਫ਼ਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਵੱਡੀ ਹੈ ਤੇ ਇੰਨੇ ਕੁ ਕੁਦਰਤੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜੀਵਨ ਦੀ ਭੂਮਿਕਾ ਕੋਈ ਐਕਟਰ ਨਿਭਾ ਰਿਹਾ ਹੈ l ਬੜਾ ਦਿਲਚਸਪ ਕਿਰਦਾਰ l
ਜੀਵਨ, ਪ੍ਰੋ ਮੋਹਣ ਦੀ ਇਹ ਸਮੱਸਿਆ ਹੱਲ ਕਰਨ ਲਈ ਚੰਪਾ ਬਾਈ ਨੂੰ ਪੈਸੇ ਦੇ ਕੇ ਇਹ ਭੂਮਿਕਾ ਅਦਾ ਕਰਨ ਲਈ ਰਾਜ਼ੀ ਕਰ ਲੈਂਦਾ ਹੈ l ਚੰਪਾ ਬਾਈ ਦਾ ਇਹ ਕਿਰਦਾਰ ਨਿਭਾਉਣ ਲਈ ਵਿਜੰਤੀ ਮਾਲਾ ਨੂੰ ਉਨ੍ਹਾਂ ਦਾ ਪਹਿਲਾ ਫ਼ਿਲਮ ਫੇਅਰ ਪੁਰਸਕਾਰ ਮਿਲਿਆ ਸੀ l
ਕਿਉਂਕਿ ਫਿਲਮ ਨੱਚਣ ਵਾਲੀ ਤੇ ਸੀ ਤਾਂ ਹੀ ਉਨ੍ਹਾਂ ਨੂੰ ਇਸ ਭੂਮਿਕਾ ਲਈ ਚੁਣਿਆ ਗਿਆ ਸੀ ...ਉਸ ਸਮੇਂ ਅੱਜ ਵਰਗਾ ਮਾਹੌਲ ਨਹੀਂ ਸੀ ਉਸ ਸਮੇਂ ਭੂਮਿਕਾ ਲਈ ਯੋਗ ਅਭਿਨੇਤਰੀਆਂ ਅਭਿਨੇਤਾਵਾਂ ਨੂੰ ਚੁਣਿਆ ਜਾਂਦਾ ਸੀ ..ਵੈਜੰਤੀ ਮਾਲਾ ਕੱਥਕ ਨਾਚ ਵਿਚ ਪਾਰੰਗਤ ਸਨ ਨੱਚਣ ਦਾ ਕਲਾਸੀਕਲ ਢੰਗ ....l ਬਲਦੇਵ ਰਾਜ ਚੋਪੜਾ ਨੇ ਇਸ ਲਈ ਇਹ ਭੂਮਿਕਾ ਵਿਜੰਤੀ ਮਾਲਾ ਨੂੰ ਦਿੱਤੀ ਸੀ l
ਜੀਵਨ ,ਪ੍ਰੋ ਮੋਹਨ ਦੀ ਮਾਂ ਕੋਲ ਉਸ ਨੂੰ ਮੋਹਨ ਦੀ ਮੰਗੇਤਰ ਵਜੋਂ ਪੇਸ਼ ਕਰਦਾ ਹੈ ....ਚੰਪਾ ਬਾਈ ਪੈਸੇ ਵਾਸਤੇ ਕੰਮ ਕਰਨ ਆਈ ਹੈ ...ਪਰ ਮੋਹਨ ਦੀ ਮਾਂ ਉਸ ਨੂੰ ਆਪਣੀ ਹੋਣ ਵਾਲੀ ਨੂੰਹ ਸਮਝਦੀ ਹੈ ਅਤੇ ਹੌਸਲੇ ਵਿੱਚ ਆ ਜਾਂਦੀ ਹੈ ....ਹੌਂਸਲੇ ਨਾਲ ਉਹ ਠੀਕ ਵੀ ਹੋ ਜਾਂਦੀ ਹੈ ਪਰ ਕਹਾਣੀ ਕੁਝ ਇਸ ਤਰ੍ਹਾਂ ਵੱਧਦੀ ਹੈ ਕਿ ਕੋਠੇ ਦਾ ਉਸਤਾਦ ਚੰਪਾ ਬਾਈ ਦਾ ਦੁਸ਼ਮਣ ਬਣ ਜਾਂਦਾ ਹੈ l
ਉਸਤਾਦ ਦੀ ਭੂਮਿਕਾ ਅਭਿਨੇਤਾ ਮਨਮੋਹਨ ਕ੍ਰਿਸ਼ਨ ਨੇ ਨਿਭਾਈ ਸੀ ਜਿਨ੍ਹਾਂ ਨੂੰ ਮੈਂ ਪਹਿਲੀ ਵਾਰ ਇਸ ਫ਼ਿਲਮ ਵਿੱਚ ਕਿਸੇ ਨਕਾਰਾਤਮਕ ਭੂਮਿਕਾ ਵਿਚ ਦੇਖਿਆ ਹੈ ...ਮੈਂ ਤਾਂ ਉਨ੍ਹਾਂ ਦੀਆਂ ਬਹੁਤੀਆਂ ਭੂਮਿਕਾਵਾਂ ਇਕ ਸ਼ਰੀਫ ਅਤੇ ਦਿਆਲੂ ਮਨੁੱਖ ਦੀਆਂ ਹੀ ਦੇਖੀਆਂ ਹਨ l
ਜੀਵਨ ਨੇ ਚੰਪਾ ਬਾਈ ਨੂੰ ਪ੍ਰੋਫ਼ੈਸਰ ਮੋਹਨ ਦੇ ਘਰੇ ਰਜਨੀ ਵਜੋਂ ਪੇਸ਼ ਕੀਤਾ ਹੈ l ਉਹ ਚੰਪਾ ਬਾਈ ਨੂੰ ਮੋਹਨ ਦੇ ਘਰੇ ਭੇਜਨ ਤੇ ਹਰ ਵਾਰ ਮੋਹਨ ਤੋਂ ਪੈਸੇ ਲੈ ਲੈਂਦਾ ਹੈ ....ਇੱਕ ਵਾਰ ਪ੍ਰੋ ਮੋਹਨ ਦੀ ਮਾਂ ਰਜਨੀ ਨੂੰ ਗਹਿਣੇ ਦੇ ਕੇ ਕਹਿੰਦੀ ਹੈ ਕਿ ਉਹ ਇਨ੍ਹਾਂ ਨੂੰ ਪਹਿਨ ਕੇ ਦਿਖਾਵੇ l
ਮਾਂ ਦਾ ਚੰਪਾ ਪ੍ਰਤੀ ਤੇ ਇਹ ਵਿਸ਼ਵਾਸ ਚੰਪਾ ਬਾਈ ਨੂੰ ਝੰਜੋੜ ਕੇ ਰੱਖ ਦਿੰਦਾ ਹੈ ...ਇਹ ਗਹਿਣੇ ਆਪਣੇ ਘਰ ਲੈ ਆਉਂਦੀ ਹੈ ਅਤੇ ਸੋਚਦੀ ਹੈ ਕਿ ਉਹ ਕਿੱਡਾ ਵੱਡਾ ਧੋਖਾ ਕਰ ਰਹੀ ਹੈ ....ਭਾਵਨਾਵਾਂ ਨਾਲ ਖਿਲਵਾੜ ਉਸ ਦੀ ਬਰਦਾਸ਼ਤ ਸੀਮਾ ਤੋਂ ਬਾਹਰ ਹੈ l
ਜੀਵਨ ਅਤੇ ਉਸਤਾਦ ਦੀ ਨਜ਼ਰ ਹੁਣ ਗਹਿਣਿਆਂ ਤੇ ਹੈ ਪਰ ਹੁਣ ਚੰਪਾ ਬਈ ਧੋਖਾ ਨਹੀਂ ਦੇਣਾ ਚਾਹੁੰਦੀ l ਜੀਵਨ ਅਤੇ ਉਸਤਾਦ ਦੀ ਇਹ ਦੁਸ਼ਮਣੀ ਫਿਲਮ ਨੂੰ ਗਤੀ ਦਿੰਦੀ ਹੈ ਪਰਦਾ ਖੁੱਲ੍ਹ ਜਾਂਦਾ ਹੈ ਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਰਜਨੀ ਚੰਪਾ ਬਾਈ ਹੈ ਇੱਕ ਵੇਸ਼ਿਆ ਜੋ ਸਿਰ ਰੁਪੇਸ਼ ਪੈਸਿਆਂ ਵਾਸਤੇ ਉਸ ਦੀ ਨੂੰਹ ਬਣੀ ਹੋਈ ਸੀ l
ਪ੍ਰੋ ਮੋਹਨ ,ਜੋ ਹੁਣ ਤੱਕ ਰਜਨੀ ਨੂੰ ਸਿਰਫ ਤਵਾਇਫ਼ ਸਮਝਦਾ ਸੀ, ਨੂੰ ਇਕ ਬਿਹਤਰੀਨ ਇਨਸਾਨ ਦੇ ਤੌਰ ਤੇ ਦੇਖਣ ਲੱਗ ਜਾਂਦਾ ਹੈ ....ਉਹ ਸੱਚਮੁੱਚ ਉਸ ਨਾਲ ਇਸ਼ਕ ਕਰਨ ਲੱਗ ਜਾਂਦਾ ਹੈ ! ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਰਜਨੀ ਦਾ ਪਿਛੋਕੜ ਕੀ ਹੈ ਉਹ ਉਸ ਦੇ ਅੰਦਰੂਨੀ ਇਨਸਾਨ ਨੂੰ ਦੇਖਦਾ ਹੈ ਅਤੇ ਅਪਨਾਉਣਾ ਚਾਹੁੰਦਾ ਹੈ l
ਪ੍ਰੋ ਮੋਹਨ ਅਨੁਸਾਰ ਇਹ ਸਮੇਂ ਦੀ ਵੀ ਜ਼ਰੂਰਤ ਹੈ l
ਬਹਰ ਹਾਲ ..ਫਿਲਮ ਦੇ ਅੰਤ ਵਿੱਚ ਇਨਸਾਨੀਅਤ ਦੀ ਜਿੱਤ ਹੁੰਦੀ ਹੈ ,ਭਾਵਨਾਵਾਂ ਵਿਜਈ ਹੁੰਦੀਆਂ ਹਨ ...l
ਫ਼ਿਲਮ ਇੱਕ ਡੂੰਘਾ ਸਮਾਜਿਕ ਸੁਨੇਹਾ ਦੇ ਕੇ ਖ਼ਤਮ ਹੁੰਦੀ ਹੈ l
ਫਿਲਮ ਵਿਚ ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਤਹਿ ਦਿਲੋਂ ਨਿਭਾਈਆਂ ਹਨ l ਹੀਰੋ ਦੇ ਤੌਰ ਤੇ ਸੁਨੀਲ ਦੱਤ ਕੋਲ ਬਹੁਤਾ ਕੁਝ ਕਰਨ ਲਈ ਨਹੀਂ ਸੀ ..ਵਿਜੰਤੀ ਮਾਲਾ ਦੇ ਹਿੱਸੇ ਵਿੱਚ ਲਗਪਗ ਲਗਪਗ ਪੂਰੀ ਫ਼ਿਲਮ ਆਈ ਹੈl
ਪੈਸੇ ਨਾਲ ਪਿਆਰ ਕਰਨ ਵਾਲੀ ਤਵਾਇਫ਼ ਤੋਂ ਲੈ ਕੇ ਸਮਰਪਤ ਔਰਤ ਤਕ l ਇੱਕ ਤਵਾਇਫ਼ ਦੇ ਤੌਰ ਤੇ ਉਸ ਦੇ ਚਿਹਰੇ ਦੇ ਹਾਵ ਭਾਵ ਉਸ ਦੀ ਭੂਮਿਕਾ ਨੂੰ ਜੀਵੰਤ ਕਰ ਦਿੰਦੇ ਹਨ ...ਉਹ ਤੁਹਾਨੂੰ ਬਹੁਤ ਬੁਰੀ ਔਰਤ ਲੱਗਦੀ ਹੈ ਪਰ ਜਦੋਂ ਉਸ ਦਾ ਅੰਤਰ ਮਨ ਬਦਲਦਾ ਹੈ ਤਾਂ ਵੀ ਉਸ ਦੇ ਚਿਹਰੇ ਦੇ ਹਾਵ ਭਾਵ ਵਿੱਚੋਂ ਤੁਸੀਂ ਮਹਿਸੂਸ ਕਰ ਲੈਂਦੇ ਹੋ ਕੇ ਉਹ ਬਦਲ ਗਈ ਹੈ l
ਹੀਰੋ ਤੋਂ ਵੀ ਵੱਧ ਭੂਮਿਕਾ ਚਰਿੱਤਰ ਅਭਿਨੇਤਾ ਰਾਧਾਕ੍ਰਿਸ਼ਨਨ ਦੇ ਹਿੱਸੇ ਵਿੱਚ ਹੈ ਪ੍ਰੋ ਮੋਹਨ ਦੇ ਦੋਸਤ ਜੀਵਨ ਦੇ ਰੋਲ ਵਿੱਚ ....ਤੁਸੀਂ ਉਡੀਕਦੇ ਰਹਿੰਦੇ ਹੋ ਕੇ ਕਦੋਂ ਸਕਰੀਨ ਤੇ ਜੀਵਨ ਆਵੇਗਾ l
ਜੇ ਤੁਸੀਂ ਬੜੇ ਦਿਨਾਂ ਤੋਂ ਸੰਗੀਤਬੱਧ ਸ਼ਾਇਰੀ ਨਹੀਂ ਸੁਨੀ, ਨਵੇਂ ਖ਼ਿਆਲ ਨਹੀਂ ਆ ਰਹੇ ,ਅੱਛੀ ਕਹਾਣੀ ਤੇ ਬਣੀ ਫਿਲਮ ਨਹੀਂ ਦੇਖੀ ...ਅਦਾਕਾਰੀ ਦੇ ਕਈ ਮਰਹਲੇ ਨਹੀਂ ਦੇਖੇ ਤਾਂ ਇਹ ਫ਼ਿਲਮ ਤੁਹਾਡੇ ਦੇਖਣ ਵਾਲੀ ਹੈ ।
-
ਤਰਸੇਮ ਬਸ਼ਰ, ਲੇਖਕ
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.