ਅੱਛਾਈ ਔਰ ਬੁਰਾਈ ਵਿੱਚ ਝੂਲਦੇ ਇਨਸਾਨਾਂ ਨੂੰ ਇਨਸਾਨੀਅਤ ਵੱਲ ਮੋੜ ਲੈ ਆਉਣ ਦੀ ਅਦਭੁੱਤ ਕਹਾਣੀ -: ਦੋ ਆਂਖੇਂ ਬਾਰਾਂ ਹਾਥ 1957
ਤਸਵੀਰ ਵਿੱਚ ਕਿਤਾਬ ਪੜ੍ਹ ਰਹੇ ਵਿਅਕਤੀ ਹਨ ਵੀ ਸ਼ਾਂਤਾ ਰਾਮ l ਉਹ ਵੀ ਸ਼ਾਂਤਾ ਰਾਮ ਜਿਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਨਵੀਆਂ ਰਾਹਾਂ ਦਿਖਾਈਆਂ , ਅਤੇ ਸਿਰਫ਼ ਮਨੋਰੰਜਨ ਨੂੰ ਆਧਾਰ ਬਣਾ ਕੇ ਚੱਲ ਰਹੇ ਇਸ ਉਦਯੋਗ ਵਿਚ ਆਪਣੀ ਅੱਡਰੀ ਲਕੀਰ ਖਿੱਚ ਕੇ ਖਡ਼੍ਹੇ ਨਜ਼ਰ ਆਉਂਦੇ ਹਨ l ਹਿੰਦੁਸਤਾਨੀ ਫ਼ਿਲਮ ਉਦਯੋਗ ਨੂੰ ਤਕਨੀਕੀ ਪੱਖ ਤੋਂ ਅੱਗੇ ਲਿਜਾਣ ਵਿੱਚ ਵੀ ਸ਼ਾਂਤਾ ਰਾਮ ਹੁਰਾਂ ਦਾ ਵੱਡਾ ਯੋਗਦਾਨ ਰਿਹਾ ਹੈ l ਉਨ੍ਹਾਂ ਦੀ ਫ਼ਿਲਮ ਮਾਨੁਸ਼ ਨੂੰ ਚਾਰਲੀ ਚੈਪਲਿਨ ਵੇਲਣੇ ਵੀ ਦੇਖਿਆ ਅਤੇ ਸਰਾਹਿਆ ਸੀ l
ਅੱਜ ਜਿਸ ਫ਼ਿਲਮ ਦੀ ਚਰਚਾ ਕਰ ਰਹੇ ਹਾਂ ਉਹ ਹੈ" ਦੋ ਆਂਖੇਂ ਬਾਰਾਂ ਹਾਥ " l ਬਚਪਨ ਵਿੱਚ ਸਕੂਲ ਦੀ ਪ੍ਰਾਰਥਨਾ ਸਮੇਂ ਇੱਕ ਪ੍ਰਾਰਥਨਾ ਦਾ ਗੀਤ ਸੀ " ਐ ਮਾਲਿਕ ਤੇਰੇ ਬੰਦੇ ਹਮ ...l ਭਰਤ ਵਿਆਸ ਦੀ ਇਹ ਰਚਨਾ ਹਰ ਹਾਲਾਤ ਵਿੱਚ ਨੇਕੀ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ l ਫਿਲਮ ਦੇ ਗੀਤ ਭਰਤ ਵਿਆਸ ਉਹ ਹੁਰਾਂ ਦੇ ਲਿਖੇ ਸਨ ਅਤੇ ਸੰਗੀਤ ਵਸੰਤ ਦੇਸਾਈ ਦਾ ਸੀ l
ਬਿਨਾਂ ਸ਼ੱਕ ਇਹ ਪ੍ਰਯੋਗਵਾਦੀ ਫ਼ਿਲਮ ਸੀ ...ਜਿਸ ਦੀ ਕਹਾਣੀ ਵੀ ਇਕ ਅਨੋਖੇ ਪ੍ਰਯੋਗ ਤੇ ਆਧਾਰਤ ਸੀ ਤੇ ਜਿਸ ਵਿਚ ਇਕ ਵੱਡਾ ਸੰਦੇਸ਼ ਸੀ l ਫਿਲਮ ਦੇ ਨਿਰਮਾਤਾ ਵੀ ਵੀ ਸ਼ਾਂਤਾਰਾਮ ਸਨ ਅਤੇ ਨਿਰਦੇਸ਼ਕ ਵੀ ਉਹ ਖ਼ੁਦ ਸਨ l ਫ਼ਿਲਮ ਦਾ ਮੁੱਖ ਕਿਰਦਾਰ ਵੀ ਉਨ੍ਹਾਂ ਨੇ ਆਪ ਨਿਭਾਇਆ ਸੀ l ਇਜ ਪੂਰੀ ਤਰ੍ਹਾਂ ਵੀ ਸ਼ਾਂਤਾਰਾਮ ਦੀ ਫ਼ਿਲਮ ਸੀ l ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਵੀ ਰਚਨਾ ਤੁਹਾਡੀ ਆਪਣੀ ਰਚਨਾ ਹੁੰਦੀ ਹੈ l
ਫਿਲਮ ਦਾ ਵਿਸ਼ਾ ਵਸਤੂ ਅਤੇ ਕਹਾਣੀ ਲਿਖਣ ਤੋਂ ਪਹਿਲਾਂ ਉਸ ਅਸਾਧਾਰਨ ਘਟਨਾ ਦਾ ਜ਼ਿਕਰ ਕਰਨਾ ਬਿਹਤਰ ਹੋਵੇਗਾ ਜੋ ਉਨੀ ਵੀਂ ਸਦੀ ਦੇ ਆਰੰਭ ਵਿੱਚ ਵਾਪਰੀ ਸੀ l ਮਹਾਰਾਸ਼ਟਰ ਦੀ ਇੱਕ ਰਿਆਸਤ ਸੀ ..ਉਂਧ...ਇਸ ਰਿਆਸਤ ਦੇ ਸ਼ਾਸਕ ਨੇ ਉਹ ਪਹਿਲ ਕੀਤੀ ਸੀ ਜਿਸ ਨੂੰ ਆਧਾਰ ਬਣਾ ਕੇ ਇਸ ਫਿਲਮ ਦੀ ਰਚਨਾ ਕੀਤੀ ਗਈ ਸੀ l ਇਕ ਆਇਰਸ਼ ਮਨੋਵਿਗਿਆਨਕ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਖੂੰਖਾਰ ਕੈਦੀਆਂ ਨੂੰ ਸੁਧਾਰਨ ਲਈ ਪ੍ਰਯੋਗ ਕਰਨਾ ਚਾਹੁੰਦਾ ਹੈ l ਆਇਰਸ਼ ਮਨੋਵਿਗਿਆਨਕ ਦਾ ਮੰਨਣਾ ਸੀ ਕਿ ਮਨੁੱਖ ਪੈਦਾਇਸ਼ੀ ਤੌਰ ਤੇ ਅਪਰਾਧੀ ਨਹੀਂ ਹੁੰਦਾ ਇਹ ਹਾਲਾਤ ਹੁੰਦੇ ਹਨ ਜੋ ਉਸ ਨੂੰ ਬੁਰਾ ਵਿਅਕਤੀ ਬਣਾ ਦਿੰਦੇ ਹਨ ਵਰਨਾ ਇਨਸਾਨੀਅਤ ਹਰੇਕ ਬੰਦੇ ਅੰਦਰ ਮੌਜੂਦ ਹੁੰਦੀ ਹੈ l
ਇਸ ਘਟਨਾ ਦੇ ਨਤੀਜਿਆਂ ਦਾ ਤਾਂ ਪਤਾ ਨਹੀਂ ਪਰ ਜੇਲ੍ਹਾਂ ਦੇ ਸੰਕਲਪ ਤੇ ਬਹਿਸ ਜ਼ਰੂਰ ਛਿੜ ਗਈ ਸੀ l ਜੇਲ੍ਹਾਂ ਨੂੰ ਸਜ਼ਾ ਘਰ ਨਾ ਬਣਾ ਕੇ ਉਨ੍ਹਾਂ ਨੂੰ ਸੁਧਾਰ ਘਰ ਹੋਣਾ ਚਾਹੀਦਾ ਹੈ ...l
" ਦੋ ਆਂਖੇ ਬਾਰਾਂ ਹਾਥ" ਵੀ ਬੁਰਾਈ ਅਤੇ ਅੱਛਾਈ ਵਿਚਕਾਰ ਝੂਲਦੇ ਛੇ ਖੂੰਖਾਰ ਇਨਸਾਨਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਇਕ ਇਨਸਾਨ ਇਨਸਾਨੀਅਤ ਵੱਲ ਮੋੜ ਲਿਆਉਂਦਾ ਹੈ l
ਆਦੀਨਾਥ (ਵੀ ਸ਼ਾਂਤਾ ਰਾਮ ) ਇਕ ਜੇਲ੍ਹ ਅਧਿਕਾਰੀ ਹੈ ...ਜਿਸ ਦਾ ਮੰਨਣਾ ਹੈ ਕਿ ਹਰ ਮਨੁੱਖ ਨੂੰ ,ਚੰਗਾ ਮਨੁੱਖ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ ...ਜੇਲ੍ਹਾਂ ਨੂੰ ਸਜ਼ਾ ਘਰ ਦੀ ਬਜਾਏ ਸੁਧਾਰ ਘਰ ਹੋਣਾ ਚਾਹੀਦਾ ਹੈ l ਉਹ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਕਰਦਾ ਹੈ ਕਿ ਕਤਲ ਕੇਸ ਵਿੱਚ ਬੰਦ ਛੇ ਮੁਜਰਮਾਂ ਨੂੰ ਉਸ ਦੇ ਹਵਾਲੇ ਕੀਤਾ ਜਾਵੇ ...ਆਦੀਨਾਥ ਦੀ ਇੱਛਾ ਹੈ ਕਿ ਉਹ ਇਨ੍ਹਾਂ ਛੇ ਖੂੰਖਾਰ ਕੈਦੀਆਂ ਨੂੰ ਇੱਕ ਖੁੱਲ੍ਹੇ ਖੇਤ ਵਿਚ ਰੱਖੇਗਾ ਜੋ ਵੀਰਾਨ ਹੈ ...ਤੇ ਉਹ ਇਨ੍ਹਾਂ ਛੇ ਕੈਦੀਆਂ ਦੀ ਸ਼ਕਤੀ ਨਾਲ ਉਸ ਖੇਤ ਨੂੰ ਲਹਿਲਹਾਉਂਦੀ ਫ਼ਸਲਾਂ ਵਿੱਚ ਬਦਲ ਦੇਵੇਗਾ l ਇਕ ਬਹੁਤ ਵੱਡਾ ਜੋਖ਼ਮ ਜੋ ਸਿਰਫ਼ ਵਿਸ਼ਵਾਸ ਦੇ ਸਿਰ ਤੇ ਟਿਕਿਆ ਹੈ ...ਵਿਸ਼ਵਾਸ ਵੀ ਉਨ੍ਹਾਂ ਕੈਦੀਆਂ ਤੇ ਜੋ ਕਤਲ ਦੇ ਕੇਸ ਵਿੱਚ ਬੰਦ ਹਨ ਜਿਨ੍ਹਾਂ ਦੀ ਮਨੋਬਿਰਤੀ ਅਪਰਾਧੀਆਂ ਵਾਲੀ ਹੈ l
ਉਸ ਦੇ ਸਾਥੀਆਂ ਅਤੇ ਪ੍ਰਸ਼ਾਸਨ ਨੂੰ ਉਸ ਦਾ ਵਿਸਵਾਸ਼ ਵਿਵਹਾਰਕ ਨਹੀਂ ਲੱਗ ਰਿਹਾ ...ਉਨ੍ਹਾਂ ਨੂੰ ਲੱਗਦਾ ਹੈ ਕਿ ਆਦਿ ਨਾਥ ਵਾਸਤਵਿਕ ਪ੍ਰਸਥਿਤੀਆਂ ਨੂੰ ਨਹੀਂ ਸਮਝ ਰਿਹਾ ਉਹ ਬੜੇ ਖ਼ਤਰਨਾਕ ਲੋਗ ਹਨ ਨਾ ਵਿਸਵਾਸ਼ ਦੇ ਕਾਬਲ ..ਨਾ ਤਰਸ ਦੇ ਕਾਬਲ l ਪਰ ਆਦੀਨਾਥ ਦਾ ਇਨਸਾਨੀਅਤ ਅਟੁੱਟ ਵਿਸ਼ਵਾਸ ਹੈ....ਤੇ ਉਹ ਉਸ ਤੇ ਅਡਿੱਗ ਵੀ ਹੈ l
ਅਖੀਰ ਉਸ ਨੂੰ ਆਪਣੀ ਜ਼ਿੰਮੇਵਾਰੀ ਤੇ ਕੈਦੀਆਂ ਨੂੰ ਲਿਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤੇ ਬਦਲੇ ਕਾਲਜ ਸਰਕਾਰ ਕੋਲ ਹਾਕਮ ਰਾਖਵਾਂ ਹੁੰਦਾ ਹੈ ਕਿ ਜੇਕਰ ਕੈਦੀ ਭੱਜ ਗਏ ਜਾਂ ਕੋਈ ਨੁਕਸਾਨ ਹੋ ਗਿਆ ਤਾਂ ਉਹ ਆਦਿ ਨਾਰਥ ਨਾਲ ਕਿਸੇ ਤਰ੍ਹਾਂ ਦਾ ਵਿਵਹਾਰ ਕਰ ਸਕਦੇ ਹਨ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ l
ਇਕ ਅਦਿੱਖ ਭਰੋਸੇ ਤੇ ਆਦੀਨਾਥ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੂਆ ਖੇਡਦਾ ਹੈ ਅਤੇ ਕੈਦੀਆਂ ਨੂੰ ਲੈ ਕੇ ਚਲਾ ਜਾਂਦਾ ਹੈ ਉਸ ਖੇਤ ਵਿੱਚ ਜਿੱਥੇ ਕੋਈ ਦੀਵਾਰ ਨਹੀਂ ਉਨ੍ਹਾਂ ਲਈ ਭੱਜਣ ਦੇ ਰਸਤੇ ਖੁੱਲ੍ਹੇ ਹਨ ....l
ਇਹ ਖੇਤ ਗੀਤਾਂ ਵਿਚਲੇ ਘਰ ਨੂੰ ਆਦੀਨਾਥ ਨੇ ਆਜ਼ਾਦ ਨਗਰ ਦਾ ਨਾਂ ਦਿੱਤਾ ਹੈ ..ਉੱਥੋਂ ਦਾ ਨੌਕਰ ਪਹਿਲੇ ਦਿਨ ਹੀ ਖੂੰਖਾਰ ਕੈਦੀਆਂ ਨੂੰ ਦੇਖ ਕੇ ਭੱਜ ਜਾਂਦਾ ਹੈ l ਪਹਿਲੀ ਰਾਤ ਜਦੋਂ ਕੈਦੀਆਂ ਸਮੇਤ ਆਦੀਨਾਥ ਉੱਤੇ ਪਹੁੰਚਦਾ ਹੈ ਤਾਂ ਸੌਣ ਤੋਂ ਪਹਿਲਾਂ ਕੈਦੀ ਕਹਿੰਦੇ ਹਨ ਕਿ ਹੁਣ ਤੁਸੀਂ ਜਿੰਦਰਾ ਲਾ ਕੇ ਰਾਮ ਨਾਲ ਸੌਂ ਜਾਓ ....ਆਦੀਨਾਥ ਕੈਦੀਆਂ ਨੂੰ ਦੱਸਦਾ ਹੈ ਕਿ ਹੁਣ ਕੋਈ ਜਿੰਦਰਾ ਨਹੀਂ ਲੱਗੇਗਾ ਉੱਥੇ ਸਿਰਫ਼ ਭਰੋਸੇ ਦਾ ਜਿੰਦਰਾ ਹੋਵੇਗਾ l
ਫਿਲਮ ਦਾ ਇਹ ਦ੍ਰਿਸ਼ ਕਿਸੇ ਨੂੰ ਵੀ ਭਾਵੁਕ ਕਰ ਸਕਦਾ ਹੈ l
ਆਜ਼ਾਦ ਨਗਰ ਵਿਚ ਸਾਰੇ ਕੈਦੀ ਖੇਤਾਂ ਵਿੱਚ ਕੰਮ ਤਾਂ ਕਰਦੇ ਹਨ ਪਰ ਉਹ ਆਜ਼ਾਦ ਹੋਣ ਦੀ ਵੀ ਸੋਚਦੇ ਰਹਿੰਦੇ ਹਨl ਆਦੀਨਾਥ ਕੈਦੀਆਂ ਨਾਲ ਇਨਸਾਨੀਅਤ ਦਾ ਸਲੂਕ ਕਰਦਾ ਹੈ ਤੇ ਪਰ ਕੈਦੀਆਂ ਦੀ ਮਨੋਬਿਰਤੀ ਆਮ ਸਧਾਰਨ ਅਪਰਾਧੀਆਂ ਵਾਲੀ ਹੀ ਹੈ l ਵਾਰਸ ਵਿੱਚ ਲੜਦੇ ਰਹਿੰਦੇ ਹਨ .ਪਰ ਆਦੀਨਾਥ ਉਨ੍ਹਾਂ ਦੀ ਮਨੋਬਿਰਤੀ ਬਦਲਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਾ ਹੈ l
ਆਦੀਨਾਥ ਉਨ੍ਹਾਂ ਵਿੱਚੋਂ ਇੱਕ ਕੈਦੀ ਦੇ ਬੱਚਿਆਂ ਨੂੰ ਉਥੇ ਆਉਣ ਦੀ ਆਗਿਆ ਦੇ ਦਿੰਦਾ ਹੈ ਕਿਉਂ ਕਿ ਉਨ੍ਹਾਂ ਬੱਚਿਆਂ ਦੀ ਮਾਂ ਨਹੀਂ ਹੈ l ਇਸ ਨਾਲ ਕੈਦੀਆਂ ਵਿੱਚ ਵੀ ਆਪਣੇ ਬੱਚਿਆਂ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ l ਪਾਰੋ ਆਦੀਨਾਥ ਦੀਆਂ ਅੱਖਾਂ ਦਾ ਸਾਹਮਣਾ ਨਹੀਂ ਕਰ ਸਕਦੇ l ਫਿਲਮ ਦੇ ਇਸ ਹਿੱਸੇ ਵਿਚ ਵੀ ਸ਼ਾਂਤਾ ਰਾਮ ਦੀ ਪਤਨੀ (ਸੰਧਿਆ ਸ਼ਾਂਤਾਰਾਮ ) ਵੀ ਇਕ ਭੂਮਿਕਾ ਵਿੱਚ ਦਿਖਾਈ ਦਿੰਦੀ ਹੈ ਜੋ ਕਿ ਖਿਡੌਣੇ ਵੇਚਣ ਆਜਾਦਨਗਰ ਆਉਂਦੀ ਹੈ ...l ਫਿਲਮ ਵਿਚ ਕੁਝ ਦ੍ਰਿਸ਼ ਉਨ੍ਹਾਂ ਨਾਲ ਸਬੰਧਤ ਹਨ l ਉਸ ਸੁੰਨਸਾਨ ਖੇਤ ਵਿੱਚ ਇੱਕ ਅੌਰਤ ਦੇ ਆਉਣ ਨਾਲ ਕੈਦੀਆਂ ਦੀਆਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਜਾਗ ਉੱਠਦੀਆਂ ਹਨ ਆਖਰਕਾਰ ਉਹ ਅਪਰਾਧੀ ਮਨੋਬਿਰਤੀ ਦੇ ਹਨ l
ਪਰ ਉਹ ਆਦੀਨਾਥ ਦੀਆਂ ਅੱਖਾਂ ਤੋਂ ਡਰਦੇ ਹਨ l ਇਹ ਦੋ ਅੱਖਾਂ ਹੀ ਨਹੀਂ ਹਨ ਬਲਕਿ ਆਦੀਨਾਥ ਦਾ ਭਰੋਸਾ ਹੈ ਜੋ ਉਨ੍ਹਾਂ ਨੂੰ ਬੰਨ੍ਹ ਕੇ ਰੱਖ ਰਿਹਾ ਹੈ l ਉਹ ਭਰੋਸੇ ਨੂੰ ਤੋੜ ਨਹੀਂ ਸਕਦੇ ਤਾਂ ਵਿਉਂਤ ਬਣਾ ਲੈਂਦੇ ਹਨ ਕਿ ਆਦਿਨਾਥ ਨੂੰ ਹੀ ਮਾਰ ਦਿੱਤਾ ਜਾਵੇ ..ਬੱਚਿਆਂ ਨੂੰ ਮਿਲਣ ਦੀ ਤਾਂਘ ਉਨ੍ਹਾਂ ਅੰਦਰ ਪ੍ਰਬਲ ਹੋ ਚੁੱਕੀ ਹੈ l ਇਕ ਕੈਦੀ ਜੋ ਆਦਿਨਾਥ ਦੀ ਸ਼ੇਵ ਬਣਾਉਂਦਾ ਹੈ ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦਾ ਹੈ ਪਰ ਉਹ ਚਾਹ ਕੇ ਵੀ ਇਹ ਕਰ ਨਹੀਂ ਪਾਉਂਦਾ l
ਜਦੋਂ ਇਹ ਭੇਤ ਖੁੱਲ੍ਹਦਾ ਹੈ ਤਾਂ ਆਦੀਨਾਥ ਦਾ ਦਿਲ ਟੁੱਟ ਜਾਂਦਾ ਹੈ ....ਫਿਰ ਅੱਧੀ ਰਾਤ ਨੂੰ ਪਤਾ ਲੱਗਦਾ ਹੈ ਕਿ ਸਾਰੇ ਕੈਦੀ ਭੱਜ ਗਏ ਹਨ l
ਆਦੀਨਾਥ ਜੇਲ੍ਹ ਸੁਪਰਡੈਂਟ ਨੂੰ ਸਾਰੀ ਸਥਿਤੀ ਦੱਸਦਾ ਹੈ ਤਾਂ ਜੇਲ੍ਹ ਸੁਪਰਡੰਟ ਕਹਿੰਦਾ ਹੈ ਕਿ" ਤੁਸੀਂ ਇਹ ਲਿਖ ਦਿਓ ..ਮੇਰਾ ਤਜਰਬਾ ਨਾ ਕਾਮਯਾਬ ਰਿਹਾ "
ਆਦੀਨਾਥ ਨੂੰ ਇਹ ਮਨਜ਼ੂਰ ਨਹੀਂ ...ਉਹ ਕਹਿੰਦਾ ਹੈ "ਮੇਰਾ ਤਜਰਬਾ ਨਾਕਾਮਯਾਬ ਨਹੀਂ ਰਿਹਾ ...ਨਾ ਹੀ ਹੋ ਸਕਦਾ ਹੈ ਪਰ ਮੈਂ ਜ਼ਰੂਰ ਨਾਕਾਮਯਾਬ ਹੋ ਗਿਆ ਹਾਂ...ਸਾਰੀ ਗ਼ਲਤੀ ਮੇਰੀ ਹੈ ਸਜ਼ਾ ਮੈਨੂੰ ਦਿੱਤੀ ਜਾਵੇ "
ਜੇਲ੍ਹ ਸੁਪਰਡੰਟ ਕੈਦੀਆਂ ਨੂੰ ਗੋਲੀ ਮਾਰਨ ਦਾ ਆਦੇਸ਼ ਦਿੰਦਾ ਹੈ ਤਾਂ ਆਦੀਨਾਥ ਉਹ ਕੁਝ ਲਿਖ ਕੇ ਦੇਣ ਨੂੰ ਵੀ ਤਿਆਰ ਹੋ ਜਾਂਦਾ ਹੈ ਜੋ ਜੇਲ੍ਹ ਸੁਪਰਡੈਂਟ ਚਾਹੁੰਦਾ ਹੈ l
ਜੇਲ੍ਹ ਸੁਪਰਡੈਂਟ ਨੂੰ ਆਦੀਨਾਥ ਪਹਿਲਾਂ ਹੀ ਪਸੰਦ ਨਹੀਂ ਸੀ ਨਾ ਹੀ ਉਸ ਦਾ ਇਹ ਤਜਰਬਾ ..ਸੋ ਉਹ ਉਸ ਨੂੰ ਜੇਲ੍ਹ ਵਿੱਚ ਡੱਕ ਦਿੰਦਾ ਹੈ ....ਅਤੇ ਇਹ ਲਿਖਵਾ ਕੇ ਵੀ ਲੈ ਲੈਂਦਾ ਹੈ ਕਿ ਉਸ ਦਾ ਪ੍ਰਯੋਗ ਅਸਫਲ ਹੋ ਗਿਆ ਹੈ l ਆਦੀਨਾਥ ਨਿਰਾਸ਼ ਹੈ ਉਸ ਨੂੰ ਲੱਗਦਾ ਹੈ ਉਸ ਦਾ ਭਰੋਸਾ ਟੁੱਟ ਗਿਆ ਜੋ ਕਿ ਕਦੇ ਵੀ ਨਹੀਂ ਸੀ ਟੁੱਟਣਾ ਚਾਹੀਦਾ l
ਪਰ ਅਚਾਨਕ ਪਤਾ ਲੱਗਦਾ ਹੈ ਕਿ ਕੈਦੀ ਆਜ਼ਾਦ ਨਗਰ ਵਿੱਚ ਹੀ ਹਨ ਤੇ ਕੰਮ ਕਰ ਰਹੇ ਹਨ l
ਆਦੀਨਾਥ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਹਿੰਦਾ ਉਸ ਦਾ ਭਰੋਸਾ ਬਚ ਗਿਆ ਸੀ ਇਨਸਾਨੀਤ ਬਚ ਗਈ ਸੀ l ਕੈਦੀ ਆਦੀਨਾਥ ਤੋਂ ਮੁਆਫੀ ਮੰਗਦੇ ਹਨ ਅਤੇ ਉਸ ਨੂੰ ਦੱਸਦੇ ਹਨ ਕਿ ਉਸ ਦੀਆਂ ਅੱਖਾਂ ਵਿੱਚ ਭਗਵਾਨ ਵੱਸਦਾ ਹੈ ...ਉਹ ਇਨ੍ਹਾਂ ਅੱਖਾਂ ਤੋਂ ਬਚ ਕੇ ਭੱਜ ਹੀ ਨਹੀਂ ਸਕੇ l
ਆਖ਼ਰ ਪੂਰੀ ਫ਼ਿਲਮ ਦੀ ਕਹਾਣੀ ਨੂੰ ਇੱਥੇ ਲਿਖਣਾ ਸੰਭਵ ਨਹੀਂ ਇਸ ਲਈ ਤੁਹਾਨੂੰ ਫ਼ਿਲਮ ਹੀ ਦੇਖਣੀ ਪਵੇਗੀ .....ਪਸ਼ੂਆਂ ਦੇ ਇਕ ਹਮਲੇ ਵਿਚ ਆਦਿਨਾਥ ਦੀ ਮਿਰਤੂ ਹੋ ਜਾਂਦੀ ਹੈ ..ਪਰ ਆਦੀਨਾਥ ਜੋ ਇਨਸਾਨੀਅਤ ਨੂੰ ਸਮਰਪਿਤ ਹੈ ,ਮਰ ਕੇ ਵੀ ਕੈਦੀਆਂ ਨੂੰ ਨਵੀਂ ਜ਼ਿੰਦਗੀ ਨਵੇਂ ਰਾਹ ਦੇ ਜਾਂਦਾ ਹੈ l
" ਦੋ ਆਂਖੇਂ ਬਾਰਾਂ ਹਾਥ "ਡੂੰਘੇ ਮਨੋਵਿਗਿਆਨਕ ਰਹੱਸ ਨਾਲ ਭਰਪੂਰ ਇਕ ਸਰਲ ਫ਼ਿਲਮ ਹੈ.....ਅਜਿਹੀਆਂ ਫ਼ਿਲਮਾਂ ਦੀ ਅੱਜ ਦੇ ਸਮਾਜ ਨੂੰ ਵੱਡੀ ਜ਼ਰੂਰਤ ਹੈ l ਤੁਸੀਂ ਇਹ ਫ਼ਿਲਮ ਦੇਖ ਸਕਦੇ ਹੋ ਇਹ ਮਨੋਰੰਜਕ ਵੀ ਹੈ ....ਤੇ ਇਸ ਵਿਚ ਸਿੱਖਣ ਲਈ ਵੀ ਬਹੁਤ ਕੁਝ ਹੈ l
ਫਿਲਮ ਨੂੰ ਭਾਰਤੀ ਸਿਨੇਮਾ ਉਦਯੋਗ ਦੀਆਂ ਉਤਕ੍ਰਿਸ਼ਟ ਫ਼ਿਲਮਾਂ ਵਿੱਚੋਂ ਇੱਕ ਕਹਿ ਲਿਆ ਜਾਵੇ ਤਾਂ ਅੱਤਕਥਨੀ ਨਹੀਂl ਅੱਠਵੇਂ ਬਰਲਿਨ ਫਿਲਮ ਸਮਾਰੋਹ ਵਿਚ ਇਹ ਅਮੰਤ੍ਰਿਤ ਵਿਦੇਸ਼ੀ ਬਿਹਤਰੀਨ ਫ਼ਿਲਮ ਵੱਲੋਂ ਵਜੋਂ ਵੀ ਚੁਣੀ ਗਈ ਸੀ l
-
ਤਰਸੇਮ ਬਸ਼ਰ, ਲੇਖਕ
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.