ਬਚਪਨ... ਤਰਸੇਮ ਬਸ਼ਰ ਦੀ ਕਲਮ ਤੋਂ
ਯਾਦ ਨਹੀਂ ਆਉਂਦਾ ਕਿ ਬਚਪਨ ਚ ਕਦੇ ਇਸ ਤਰ੍ਹਾਂ ਗਰਮੀ ਮਹਿਸੂਸ ਹੋਈ ਹੋਵੇ ਜਿੰਨੀ ਇਨ੍ਹਾਂ ਦਿਨਾਂ ਵਿਚ ਮਹਿਸੂਸ ਹੁੰਦੀ ਹੈ ...ਉਹ ਮਸਤੀ ਦੇ ਦਿਨ ਸਨ, ਨਾ ਗਰਮੀ ਮਹਿਸੂਸ ਹੁੰਦੀ ਸੀ ਨਾ ਸਰਦੀ i ਜਦੋਂ ਪੰਜਾਬ ਦੇ ਹਾਲਾਤ ਖ਼ਰਾਬ ਸਨ ਤਾਂ ਸਾਡੀਆਂ ਗਰਮੀਆਂ ਮੈਨੂੰ ਪੱਕਾ ਯਾਦ ਨਹੀਂ ਹੁੰਦਾ ਪਰ ਦੋ ਜਾਂ ਤਿੰਨ ਸਾਲ ਦੀਆਂ ਗਰਮੀਆਂ , ਖ਼ਾਸਕਰ ਸ਼ਾਮਾ ਅਤੇ ਰਾਤਾ ਅਦਭੁੱਤ ਹੋ ਕੇ ਮਿਲਦੀਆਂ l ਕਈ ਘਰ ਨਾਲ ਦੀ ਧਰਮਸ਼ਾਲਾ ਦੀ ਛੱਤ ਤੇ ਇਕੱਠੇ ਸੌਂਦੇ l ਛੱਤ ਤੇ ਰੋੜ੍ਹ ਬਹੁਤ ਸਨ ਜੋ ਪੈਰਾਂ ਵਿੱਚ ਚੁਭਦੇ ਪਰ ਅਸੀਂ ਬੇਪ੍ਰਵਾਹ ਸਾਂ .ਅਸੀਂ ਕਈ ਜਣੇ ਦੇਰ ਰਾਤ ਤਕ ਖੇਡਦੇ ਰਹਿੰਦੇ l
ਵੱਡੇ , ਜਿਨ੍ਹਾਂ ਨੂੰ ਚਾਚਾ ਚਾਚੀ ਤਾਇਆ ਤਾਈ ਕਹਿੰਦਾ ਹੁੰਦਾ ਦੋ ਬਿਸਤਰਿਆਂ ਨੂੰ ਜੋੜ ਕੇ ਬੈਠਦੇ ...ਉਹ ਸ਼ਾਇਦ ਪੰਜਾਬ ਦੇ ਹਾਲਾਤਾਂ ਦੀਆਂ ਗੱਲਾਂ ਕਰਦੇ ਜਾਂ ਫਿਰ ਆਸ ਪਾਸ ਵਾਪਰੀਆਂ ਘਟਨਾਵਾਂ ਦੀ , ਪਰ ਮੇਰੇ ਸਮੇਤ ਮੇਰੇ ਦੋਸਤਾਂ ਨੂੰ ਇਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਹੁੰਦੀ ....ਧਰਮਸ਼ਾਲਾ ਦੀ ਛੱਤ ਕਾਫ਼ੀ ਵੱਡੀ ਸੀ ...ਸਾਡੇ ਖੇਲਣ ਮੌਲਣ ਦੀ ਖੁੱਲ੍ਹੀ ਜਗ੍ਹਾ ਜਦੋਂ ਥੱਕ ਜਾਂਦੇ ਤਾਂ ਫਿਰ ਆ ਕੇ ਬਿਸਤਰਿਆਂ ਤੇ ਟਪੂਸੀਆਂ ਮਾਰਦੇ ਇਕ ਦੂਜੇ ਨੂੰ ਫੜੋ ਫੜਾਈ ਦੀ ਖੇਡ ਖੇਡਦੇ l
ਅੱਜ ਵੀ ਕਈ ਵਾਰ ਜਦੋਂ ਬੱਚਿਆਂ ਨੂੰ ਆਪਣੇ ਮਾਂ ਪਿਓ ਦੇ ਝੋਰਿਆਂ ਤੋਂ ਵੱਖ ਖੜ੍ਹੇ ਦੇਖਦਾ ਹਾਂ ਤਾਂ ਮੈਨੂੰ ਉਹ ਆਲਮ ਯਾਦ ਆ ਜਾਂਦਾ ਹੈ ਜਦੋਂ ਸਾਨੂੰ ਵੱਡਿਆਂ ਦੇ ਸੰਸਿਆਂ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਹੁੰਦਾ i
ਛੋਟੇ ਜਿਹੇ ਪਰਿਵਾਰ ਦੀ ਥਾਂ ਤੇ ਵੱਡੇ ਪਰਿਵਾਰ ਵਿੱਚ ਰਾਤਾਂ ਬਿਤਾਉਣੀਆਂ ....ਇਸ ਤੱਥ ਦਾ ਸਾਡੇ ਲਈ ਉਹ ਇਹੀ ਫ਼ਰਕ ਸੀ ਵੱਧ ਖੇਡਾਂ ਵੱਧ ਹਾਸਾ ਵੱਧ ਆਨੰਦ ....ਕਿਉਂ ਕਿਵੇਂ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ...ਅਸੀਂ ਸ਼ਾਮ ਹੋਣ ਦੀ ਉਡੀਕ ਕਰਦੇ l ਮਾਂ ,ਚਾਚੇ ਤਾਇਆਂ ਦੇ ਉਨ੍ਹਾਂ ਇਕੱਠ ਨਹੀਂ ਸੀ ਬੈਠਦੀ ਉਹ ਇਕੱਲੀ ਬੈਠਦੀ ਸੀ ਤੇ ਸਾਨੂੰ ਦੋਵਾਂ ਭਰਾਵਾਂ ਨੂੰ ਦੇਖਦੀ ਰਹਿੰਦੀ l ਵੱਡਾ ਭਰਾ ਮੇਰੇ ਤੋਂ ਤੋਂ ਢਾਈ ਤਿੰਨ ਸਾਲ ਵੱਡਾ ਸੀ ਪਤਾ ਨਹੀਂ ਉਹ ਕਿਉਂ ਜਲਦੀ ਮਾਂ ਕੋਲ ਜਾ ਕੇ ਬੈਠ ਜਾਂਦਾ ਫਿਰ ਸੌਂ ਜਾਂਦਾ ਪਰ ਮੈਂ ਜਲਦੀ ਸੌਣ ਵਾਲਿਆਂ ਚ ਨਹੀ ਸੀ l
ਮੈਨੂੰ ਅੱਜ ਮਹਿਸੂਸ ਹੁੰਦਾ ਹੈ ਕਿ ਮੈਥੋਂ ਵੱਡਾ ਭਰਾ ਜ਼ਿਆਦਾ ਜ਼ਿੰਮੇਵਾਰ ਸੀ ਉਹ ਮਾਂ ਦੇ ਫਿਕਰਾਂ ਨੂੰ ਵੱਧ ਸਮਝਦਾ ਸੀ i
ਛੱਤ ਤੇ ਖੇਡਦਿਆਂ ਮੈਂ ਕਈ ਵਾਰ ਉਸ ਪਗਡੰਡੀ ਵੱਲ ਦੇਖਣਾ ਜੋ ਪਹਾੜੀ ਕਿੱਕਰਾਂ ਨਾਲ ਘਿਰੀ ਹੋਈ ਸੀ ...ਜੋ ਉਸ ਖੂਹ ਨੂੰ ਜਾਂਦੀ ਸੀ ਜਿਸ ਖੂਹ ਤੇ ਸਾਰਾ ਦਿਨ ਰੌਣਕ ਰਹਿੰਦੀ ਸੀ ....ਰਾਤ ਨੂੰ ਸੁੰਨੀ ਪਈ ਪਰੜੀ ਦੇਖ ਕੇ ਮੈਨੂੰ ਡਰ ਲੱਗਣਾ l ਚੁਬੱਚੇ ਵਿੱਚ ਪੈਂਦੀ ਮੋਟਰ ਦੀ ਦੀ ਧਾਰ ਦੀ ਆਪਣੀ ਆਵਾਜ਼ ਸੀ ...ਇਕ ਅਲਹਿਦਾ ਤੇ ਸੋਹਣੀ ਆਵਾਜ਼ l
ਉਨ੍ਹਾਂ ਦਿਨਾਂ ਵਿੱਚ ਵੀ ਇਹ ਆਵਾਜ਼ ਕਦੀ ਕਦੀ ਕੰਨੀਂ ਪੈਂਦੀ ਮੈਂ ਅਕਸਰ ਸੋਚਣਾ ਕਿ ਬੱਗੇ ਨੂੰ ਡਰ ਨਹੀਂ ਲੱਗਦਾ ? ਬੱਗਾ ਲਾਲਿਆਂ ਦਾ ਸੀਰੀ ਸੀ ...ਉਹ ਝੋਨੇ ਨੂੰ ਪਾਣੀ ਲਾਉਣ ਲਈ ਰਾਤ ਨੂੰ ਵੀ ਨਿਕਲਦਾ ਹੁੰਦਾ ਸੀ l ਮੈਂ ਬੱਝੇ ਦਾ ਖੇਤਾਂ ਦੀਆਂ ਵੱਟਾਂ ਤੇ ਅਕਲ ਦੇ ਘੁੰਮਣ ਦਾ ਤਸੱਵਰ ਕਰਦਾ.. ਫਿਰ ਡਰ ਜਾਂਦਾ l
ਖੂਹ ...ਦਰਅਸਲ ਸਿਰਫ਼ ਖੂਹ ਨਹੀਂ ਸੀ ,ਖੂਹ ਵਿੱਚ ਬੋਰ ਕੀਤਾ ਹੋਇਆ ਸੀ ਜਿਸ ਤੇ ਸ਼ਾਇਦ ਪੰਜ ਦੀ ਮੋਟਰ ਲੱਗੀ ਹੋਈ ਸੀ .....ਨਾਲ ਹੀ ਮੋਟੀਆਂ ਮੋਟੀਆਂ ਕੰਧਾਂ ਦੇ ਦੋ ਵੱਡੇ ਚੁਬੱਚੇ ਬਣੇ ਹੋਏ ਸਨ ..ਨਿਸਚਤ ਤੌਰ ਤੇ ਇਨ੍ਹਾਂ ਦੀ ਲੰਬਾਈ ਚੌੜਾਈ ਅੱਠ ਫੁੱਟ ਦੀ ਸੀ ....ਇਸ ਚੁਬੱਚੇ ਸ਼ਾਇਦ ਬਹੁਤ ਪੁਰਾਣੇ ਬਣੇ ਸਨ ਜਿਨ੍ਹਾਂ ਤੇ ਪਲੱਸਤਰ ਵੀ ਹੋਇਆ ਸੀ ਪਰ ਉਹ ਉਹ ਉਖੜ ਗਿਆ ਸੀ ...ਜਿਸ ਵਿੱਚੋਂ ਲਾਲ ਰੰਗ ਦੀਆ ਇੱਟਾਂ ਬਾਹਰ ਆ ਗਈਆਂ ਸਨ ਮੈਨੂੰ ਇਹ ਇੱਟਾਂ ਬਹੁਤ ਭਾਉਂਦੀਆਂ.... ਪਵਿੱਤਰ ਨਿਰਮਲ ਲੱਗਦੀਆਂ l ਚੁਬੱਚੇ ਦੀਆਂ ਕੰਧਾਂ ਦੋ ਦੋ ਫੁੱਟ ਚੌੜੀਆਂ ਸਨ l ਇਕ ਚੁਬੱਚਾ ਸ਼ਾਇਦ ਬਹੁਤ ਪਹਿਲਾਂ ਭਰ ਦਿੱਤਾ ਗਿਆ ਸੀ ਪਰ ਇੱਕ ਚੁਬੱਚੇ ਵਿੱਚ ਪਾਣੀ ਦੀ ਧਾਰ ਡਿੱਗਦੀ ....ਲੋਕ ਚੁਬੱਚੇ ਦੀਆਂ ਕੰਧਾਂ ਤੇ ਬੈਠ ਕੇ ਕੱਪੜੇ ਧੋਂਦੇ ਨਹਾਉਂਦੇ ਧੋਂਦੇ ...ਗੱਲਾਂ ਕਰਦੇ .... ਸਮਝ ਲਓ ਇਸ ਚੁਬੱਚਾ ਯਾ ਖੂਹ ਪਿੰਡ ਦਾ ਸੱਭਿਆਚਾਰਕ ਕੇਂਦਰ ਸੀ ...l
ਪਿੰਡ ਦੀਆਂ ਸੁਆਣੀਆਂ ਇੱਥੇ ਕੱਪੜੇ ਧੋਣ ਲਈ ਆਉਂਦੀਆਂ ਸਨ ....ਜੇ ਚੁਬੱਚਾ ਖਾਲੀ ਹੋਵੇ ਤਾਂ ਉੱਚ ਬੱਚੇ ਦੀਆਂ ਕੰਧਾਂ ਤੇ ਬੈਠ ਕੇ ਧੋ ਲੈਂਦੀਆਂ ਨਹੀਂ ਤਾਂ ਨਾਲ ਦੀ ਨਾਲੀ ਤੇ ਬੈਠ ਕੇ ਕੱਪੜੇ ਧੋਂਦੀਆਂ l
ਚਬਚੇ ਦਾ ਠੰਢਾ ਪਾਣੀ ਗਰਮੀ ਵਿੱਚ ਵੀ ਠੰਢ ਲੱਗਣ ਲਾ ਦਿੰਦਾ ....ਸਾਡੇ ਤੋਂ ਥੋੜ੍ਹੀ ਜਿਹੀ ਵੱਡੀ ਉਮਰ ਦੇ ਬੱਚੇ ਚੁਬੱਚੇ ਵਿੱਚੋਂ ਪਾਣੀ ਨਿਕਲਣ ਵਾਲੇ ਮੋਘਰੇ ਵਿਚ ਇੱਟਾਂ ਲਾ ਲੈਂਦੇ ....ਫਿਰ ਚੁਬੱਚਾ ਉੱਪਰ ਤਕ ਭਰ ਜਾਂਦਾ ...ਇਕ ਛੋਟੇ ਜਿਹੇ ਤਲਾਅ ..ਉਹ ਉਪਰ ਤੱਕ ਭਰੇ ਹੋਏ ਚ ਬੱਚੇ ਵਿੱਚ ਦੂਰੋਂ ਭੱਜ ਭੱਜ ਕੇ ਛਾਲਾਂ ਮਾਰਦੇ ...ਚੁਬੱਚੇ ਦਾ ਪਾਣੀ ਕਈ ਵਾਰ ਉੱਛਲ ਕੇ ਆਸੇ ਪਾਸੇ ਜਾ ਡਿੱਗਦਾ ...ਮੈਨੂੰ ਯਾਦ ਹੈ ਬੱਗਾ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਸੀ l
ਗਰਮੀਆਂ ਅਤੇ ਝੋਨੇ ਦੇ ਦਿਨਾਂ ਵਿਚ ਇਹ ਮੋਟਰ ਕਦੇ ਬੰਦ ਨਹੀਂ ਸੀ ਹੁੰਦੀ ....ਕਦੇ ਬਿਜਲੀ ਖ਼ਰਾਬ ਹੋਣ ਕਾਰਨ ਬੰਦ ਵੀ ਰਹਿੰਦੀ ਤਾਂ ਚੁਬੱਚੇ ਵਿੱਚ ਖੜ੍ਹੇ ਪਾਣੀ ਵਿੱਚ ਵੀ ਲੋਕ ਆ ਕੇ ਨਹਾਉਂਦੇ ਸਨ ....l ਚੁਬੱਚੇ ਵਿੱਚ ਜੰਮੀ ਹੋਈ ਹਰੀ ਕਾਈ ਬਹੁਤ ਸੁੰਦਰ ਲੱਗਦੀ ਸੋਹਣੀ ..ਇਸ ਤਰ੍ਹਾਂ ਲੱਗਦੀ ਜਿਵੇਂ ਕਾਇਨਾਤ ਵਿੱਚ ਹਰਿਆਵਲ ਛਾਈ ਹੋਵੇ l
ਚੁਬੱਚੇ ਵਿੱਚੋਂ ਨਿਕਲਦਾ ਪਾਣੀ ਇਕ ਛੋਟੀ ਜਿਹੀ ਨਾਲੀ ਰਾਹੀਂ ਇਕ ਹੋਰ ਛੋਟੇ ਜਿਹੇ ਚੁਬੱਚੇ ਵਿੱਚ ਡਿੱਗਦਾ ਸੀ ਜੋ ਤਿੰਨ ਚਾਰ ਪਾਸੇ ਖੁੱਲ੍ਹਦਾ ਸੀ .....ਅਸੀਂ ਛੋਟੇ ਬੱਚੇ ਉਸ ਛੋਟੇ ਚੁਬੱਚੇ ਵਿੱਚ ਨਹਾਉਂਦੇ ਨਾਲੀ ਵਿਚੋਂ ਆਉਂਦੇ ਸਾਫ਼ ਪਾਣੀ ਨੂੰ ਦੇਖਦੇ ਰਹਿੰਦੇ ...ਕਈ ਵਾਰ ਉਸ ਨਾਲੀ ਵਿਚ ਬੈਠ ਜਾਂਦੇ ਨਾਲੀ ਭਰ ਕੇ ਉੱਛਲਣ ਲੱਗ ਜਾਂਦੀ ਤਾਂ ਸਾਡਾ ਦਿਲ ਵੀ ਖੁਸ਼ੀ ਨਾਲ ਉੱਛਲ ਦਾ , ਖ਼ੁਸ਼ ਹੁੰਦਾ l
ਵੱਡਿਆਂ ਸਮੇਤ ਛੋਟੇ ਬੱਚੇ ਵੀ ਚਾਚੇ ਵਿਜੈ ਤੋਂ ਡਰਦੇ ਸਨ .....ਸਾਰੇ ਪਿੰਡ ਵਾਂਗ ਚਾਚਾ ਵਿਜੇ ਵੀ ਖੂਹ ਤੇ ਹੀ ਨਹਾਉਣ ਆਉਂਦਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਸੰਦ ਕਿ ਕੋਈ ਚੁਬੱਚਾ ਭਰ ਲਵੇ, ਕੋਈ ਨਾਲੀ ਵਿਚ ਬੈਠ ਜਾਵੇ ....ਚਾਚੇ ਵੀਜ਼ੇ ਦੇ ਆਉਣ ਤੇ ਅਸੀਂ ਆਸ ਪਾਸ ਹੋ ਜਾਣਾ l
ਬਹਰਹਾਲ .....ਮੈਂ ਇਸ ਰਹੱਸ ਨੂੰ ਨਹੀਂ ਸਮਝ ਸਕਿਆ ਕਿ ਬਚਪਨ ਵਿੱਚ ਗਰਮੀ ਸਰਦੀ ਕਿਉਂ ਮਹਿਸੂਸ ਨਹੀਂ ਸੀ ਹੁੰਦੀ ....ਬੇਪਰਵਾਹੀ ਦੇ ਦਿਨ ਸਨ ਇਸ ਕਰਕੇ ਕਿ ਇਸ ਕਰਕੇ ਕਿ ਉਨ੍ਹਾਂ ਦਿਨਾਂ ਵਿੱਚ ਇੰਨੀ ਗਰਮੀ ਸਰਦੀ ਪੈਂਦੀ ਹੀ ਨਹੀਂ ਸੀ i
ਪਰ... ਇਨ੍ਹਾਂ ਦਿਨਾਂ ਵਿੱਚ ਜਦੋਂ ਗਰਮੀ ਕਾਰਨ ਝੁਲਸਦਿਆਂ ਪ੍ਰੇਸ਼ਾਨ ਹੋ ਜਾਂਦਾ ਹਾਂ ਤਾਂ ਮੈਨੂੰ ਉਸ ਚਬੱਚੇ ਦੇ ਠੰਢੇ ਪਾਣੀ ਦੀ ਯਾਦ ਉਸੇ ਤਰ੍ਹਾਂ ਆਉਂਦੀ ਹੈ ਜਿਸ ਤਰ੍ਹਾਂ ਕੋਈ ਰੇਗਿਸਤਾਨ ਵਰ੍ਹਿਆਂ ਤੋਂ ਬਾਰਸ਼ ਦੀਆਂ ਕਣੀਆਂ ਡਿੱਗਣ ਦਾ ਤਸੱਵਰ ਕਰ ਰਿਹਾ ਹੋਵੇ ..ਜੋ ਉਸ ਰੇਗਿਸਤਾਨ ਦੀ ਖ਼ੁਸ਼ਕ ਰੇਤਾ ਤੇ ਕਈ ਵਰ੍ਹੇ ਪਹਿਲਾਂ ਡਿੱਗੀਆਂ ਸਨ l
-
ਤਰਸੇਮ ਬਸ਼ਰ, ਲੇਖਕ
bashartarsem@gmail.com
9814163071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.