ਨੌਜਵਾਨਾਂ ਲੜਕੀਆਂ ਅਤੇ ਲੜਕਿਆਂ ਲਈ ਕਿੱਤਾਮੁਖੀ ਤੇ ਤਕਨੀਕੀ ਸਿੱਖਿਆ ਜ਼ਰੂਰਤ
ਹਰ ਸਾਲ 15 ਜੁਲਾਈ ਨੂੰ ‘ਵਿਸ਼ਵ ਯੂਥ ਸਕਿੱਲਜ਼ ਡੇਅ’ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਹਰ ਸਾਲ ਚੇਤੇ ਨਾਲ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਉੱਦਮ ਕੀਤੇ ਜਾ ਸਕਣ ਤੇ ਲੋੜੀਂਦੇ ਕਦਮ ਚੁੱਕੇ ਜਾ ਸਕਣ।
ਇਸ ਦਿਵਸ ਮੌਕੇ ਵਿਸ਼ਵ ਪੱਧਰ ‘ਤੇ ਨੌਜਵਾਨਾਂ, ਤਕਨੀਕੀ ਤੇ ਕਿੱਤਾ ਮੁਖੀ ਸਿੱਖਿਆ ਸੰਸਥਾਵਾਂ, ਨੌਕਰੀਦਾਤਾ ਸੰਗਠਨਾਂ ਤੇ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਨੀਤੀਘਾੜਿਆਂ ਦਰਮਿਆਨ ਸੰਵਾਦ ਰਚਾਇਆ ਜਾਂਦਾ ਹੈ ਤੇ ਬੇਕਾਰੀ ਨੂੰ ਠੱਲ੍ਹ ਪਾਉਣ ਹਿੱਤ ਰਸਤੇ ਕੱਢੇ ਜਾਂਦੇ ਹਨ। ਕੌੜਾ ਸੱਚ ਇਹ ਵੀ ਹੈ ਕਿ ਕਰੋਨਾ ਵਾਇਰਸ ਵੱਲੋਂ ਸਾਲ 2019 ਅਤੇ 2020 ਦੌਰਾਨ ਦੁਨੀਆਂ ਭਰ ਵਿੱਚ ਮਚਾਈ ਗਈ ਤਬਾਹੀ ਨੇ ਬੇਕਾਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਕਰਦਿਆਂ ਹੋਇਆਂ ਬੇਕਾਰੀ ਘੱਟ ਕਰਨ ਦੇ ਸਾਰੇ ਯਤਨਾਂ ‘ਤੇ ਪਾਣੀ ਫੇਰ ਦਿੱਤਾ ਹੈ। ਜਿੰਨਾ ਜ਼ਿਆਦਾ ਵਕਤ ਬੀਤ ਰਿਹਾ ਹੈ, ਬੇਕਾਰੀ ਦੇ ਕਾਲੇ ਨਾਗ ਦਾ ਡੰਗ ਓਨਾ ਹੀ ਤਿੱਖਾ ਹੁੰਦਾ ਜਾ ਰਿਹਾ ਹੈ।
ਦਰਅਸਲ ਸੰਯੁਕਤ ਰਾਸ਼ਟਰ ਦਾ ਇਹ ਮੰਨਣਾ ਹੈ ਕਿ ਬਦਲਦੀਆਂ ਵਿੱਦਿਅਕ ਨੀਤੀਆਂ ਅਤੇ ਸਮਾਜਿਕ ਹਾਲਾਤ ਦੇ ਮੱਦੇਨਜ਼ਰ ਹਰੇਕ ਪੜ੍ਹੇ ਲਿਖੇ ਨੌਜਵਾਨ ਨੂੰ ਸਰਕਾਰੀ ਜਾਂ ਨਿਜੀ ਖੇਤਰ ਵਿੱਚ ਨੌਕਰੀਆਂ ਉਪਲਬਧ ਕਰਵਾਉਣਾ ਕਿਸੇ ਵੀ ਮੁਲਕ ਲਈ ਸੰਭਵ ਨਹੀਂ ਹੈ। ਇਸ ਲਈ ਹਰੇਕ ਮੁਲਕ ਨੂੰ ਸਕੂਲੀ ਅਤੇ ਕਾਲਜੀ ਵਿੱਦਿਆ ਨੂੰ ਤਕਨੀਕੀ ਅਤੇ ਕਿੱਤਾਮੁਖੀ ਬਣਾਉਣਾ ਪਵੇਗਾ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਲਈ ਲੱਗੀਆਂ ਲੰਮੀਆਂ ਕਤਾਰਾਂ ‘ਚੋਂ ਕੱਢ ਕੇ ਸਵੈ-ਰੁਜ਼ਗਾਰ ਬਣਨ ਤੇ ਆਤਮ ਨਿਰਭਰਤਾ ਵੱਲ ਤੋਰਿਆ ਜਾ ਸਕੇ।
ਸਾਲ 2016 ਵਿੱਚ ਦੁਨੀਆ ਭਰ ਅੰਦਰ ਚੰਗੀ ਸਿੱਖਿਆ, ਸਿਖਲਾਈ ਅਤੇ ਢੁਕਵੇਂ ਰੁਜ਼ਗਾਰ ਤੋਂ ਵਾਂਝੇ ਨੌਜਵਾਨਾਂ ਦੀ ਗਿਣਤੀ 25.9 ਕਰੋੜ ਸੀ ਜੋ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2021 ਵਿੱਚ ਵਧ ਕੇ 27.3 ਕਰੋੜ ਹੋਣ ਤੋਂ ਬਾਅਦ ਸਾਲ 2022 ਵਿੱਚ ਘਟ ਕੇ ਹੁਣ 20.5 ਕਰੋੜ ਹੈ। ਇੱਕ ਸਰਵੇਖਣ ਅਨੁਸਾਰ ਸੰਨ 1997 ਤੋਂ 2017 ਤੱਕ ਦੇ 20 ਸਾਲਾਂ ਵਿੱਚ ਨੌਜਵਾਨਾਂ ਦੀ ਆਬਾਦੀ ਵਿੱਚ 13.9 ਕਰੋੜ ਦਾ ਵਾਧਾ ਹੋਇਆ ਸੀ, ਜਦੋਂ ਕਿ ਰੁਜ਼ਗਾਰ ‘ਤੇ ਲੱਗੇ ਨੌਜਵਾਨਾਂ ਦੀ ਗਿਣਤੀ ਵਿੱਚ 5.87 ਕਰੋੜ ਦੀ ਗਿਰਾਵਟ ਦਰਜ ਕੀਤੀ ਗਈ। ਇੱਥੋਂ ਤੱਕ ਕਿ ਅਜੋਕੇ ਸਮੇਂ ਵਿੱਚ ਵੀ ਵਿਕਾਸਸ਼ੀਲ ਮੁਲਕਾਂ ਅੰਦਰ ਹਰੇਕ ਪੰਜ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਦੀ ਰੋਜ਼ਾਨਾ ਦੀ ਆਮਦਨ ਔਸਤਨ ਤਿੰਨ ਡਾਲਰ ਦੇ ਕਰੀਬ ਹੈ। ਭਾਰਤ ਅੰਦਰ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਦਸੰਬਰ 2021 ਤੱਕ 5.30 ਕਰੋੜ ਸੀ।
ਸੋ ਇਨ੍ਹਾਂ ਭਿਆਨਕ ਤੇ ਡਰਾ ਦੇਣ ਵਾਲੇ ਅੰਕੜਿਆਂ ਨੂੰ ਕਾਬੂ ਕਰਨ ਹਿੱਤ ਸਾਰੇ ਮੁਲਕਾਂ ਅੰਦਰ ਸਕੂਲੀ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ। ਇਸੇ ਸੋਚ ਤਹਿਤ ਭਾਰਤ ਦੇ ਸਰਕਾਰੀ ਸਕੂਲਾਂ ਵਿੱਚ ਵੀ ਐਨਐਸਕਿਊਐਫ਼ ਭਾਵ ਨੈਸ਼ਨਲ ਸਕਿੱਲ ਕੁਆਲੀਫ਼ਿਕੇਸ਼ਨ ਫ਼ਰੇਮਵਰਕ (ਕੌਮੀ ਹੁਨਰ ਯੋਗਤਾ ਢਾਂਚਾ) ਯੋਜਨਾ ਤਹਿਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਬਾਕੀ ਆਮ ਅਤੇ ਜ਼ਰੂਰੀ ਵਿਸ਼ਿਆਂ ਦੀ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਵੱਖ ਵੱਖ ਪ੍ਰਕਾਰ ਦੇ ਕਿੱਤਾਮੁਖੀ ਕੋਰਸ ਕਰਵਾਉਣੇ ਸ਼ੁਰੂ ਕੀਤੇ ਗਏ ਹਨ ਤਾਂ ਕਿ ਆਪਣੇ ਪਰਿਵਾਰਕ ਜਾਂ ਵਿੱਤੀ ਕਾਰਨਾਂ ਕਰਕੇ ਸਕੂਲੀ ਪੜ੍ਹਾਈ ਤੋਂ ਅੱਗੇ ਨਾ ਪੜ੍ਹ ਸਕਣ ਵਾਲੇ ਬੱਚੇ ਵੀ ਸਵੈ-ਰੁਜ਼ਗਾਰ ਰਾਹੀਂ ਆਪਣੀ ਰੋਜ਼ੀ ਰੋਟੀ ਕਮਾ ਸਕਣ ਤੇ ਆਪਣਾ ਪਰਿਵਾਰ ਪਾਲ ਸਕਣ। ਵਧਦੀ ਬੇਕਾਰੀ ਨੂੰ ਕਾਬੂ ਕਰਨ ਹਿੱਤ ਅਜਿਹੇ ਕਦਮਾਂ ਤੇ ਉੱਦਮਾਂ ਦੀ ਭਾਰੀ ਲੋੜ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.