ਵਰਚੂਅਲ ਸੰਸਾਰ
(ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦਾ ਯੁੱਗ )
ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਦੁਨੀਆ ਵਿਚ ਅਤਿਅੰਤ ਵੱਡੇ ਪਸਾਰਾਂ ਵਾਲੀਆਂ ਤਬਦੀਲੀਆਂ ਲਿਆਂਦੀਆਂ ਹਨ। ਇਸ ਦੀ ਵਰਤੋਂ ਨਾਲ ਜਿੱਥੇ ਵਪਾਰ ਅਤੇ ਕਾਰੋਬਾਰ ਕਰਨ ਦੇ ਢੰਗ-ਤਰੀਕਿਆਂ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ, ਉੱਥੇ ਵਿਚਾਰਾਂ ਦੇ ਪ੍ਰਗਟਾਵੇ ਵਿਚ ਵੀ ਹੈਰਾਨੀਜਨਕ ਵਾਧਾ ਹੋਇਆ ਹੈ। ਇਸ ਖੇਤਰ ਦੇ ਕਈ ਮਾਹਿਰਾਂ ਅਨੁਸਾਰ ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਵਿਚਾਰਾਂ ਦੇ ਪ੍ਰਗਟਾਵੇ ਦੇ ਖੇਤਰ ਵਿਚ ਜਮਹੂਰੀਅਤ ਲਿਆਂਦੀ ਹੈ ਜਿਸ ਕਾਰਨ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਪ੍ਰਾਪਤ ਹੋਈ ਹੈ। ਕੁਝ ਹੋਰ ਮਾਹਿਰਾਂ ਅਨੁਸਾਰ ਵਿਚਾਰਾਂ ਦੇ ਪ੍ਰਗਟਾਵੇ ਦੇ ਖੇਤਰ ’ਚ ਜਮਹੂਰੀਅਤ ਨਹੀਂ, ਅਰਾਜਕਤਾ ’ਚ ਵਾਧਾ ਹੋਇਆ ਹੈ।
ਭਾਰਤ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕਰੋੜਾਂ ਵਰਤੋਂਕਾਰ ਹਨ। ਵ੍ਹੱਟਸਐਪ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਅਤੇ ਲਗਭਗ 54 ਕਰੋੜ ਭਾਰਤੀ ਇਸ ਦੀ ਵਰਤੋਂ ਕਰਦੇ ਹਨ। ਇੰਸਟਾਗਰਾਮ ਲਗਭਗ 50 ਕਰੋੜ ਅਤੇ ਫੇਸਬੁੱਕ 49 ਕਰੋੜ ਲੋਕ ਵਰਤਦੇ ਹਨ। ਇਸੇ ਤਰ੍ਹਾਂ ਫੇਸਬੁੱਕ ਮੈਸੇਂਜਰ ਦੀ ਵਰਤੋਂ ਵੀ ਲਗਭਗ 32 ਕਰੋੜ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਂਦੀ ਹੈ। ਲਗਭਗ 60 ਕਰੋੜ ਲੋਕ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਵਰਤਣ ਲਈ ਮੋਬਾਈਲ ਫੋਨਾਂ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਪਲੇਟਫਾਰਮਾਂ ਦੇ ਵਰਤੋਂਕਾਰ ਹਰ ਦਿਨ ਦੋ ਘੰਟੇ ਤੋਂ ਵੱਧ ਸਮਾਂ ਸੋਸ਼ਲ ਮੀਡੀਆ ਅਤੇ ਇੰਟਰਨੈੱਟ ’ਤੇ ਸਰਗਰਮ ਰਹਿੰਦੇ ਹਨ।
ਜਿੱਥੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਰਾਹੀਂ ਗਿਆਨ ਅਤੇ ਜਾਣਕਾਰੀ ਦੇ ਸਰੋਤਾਂ ਵਿਚ ਵਾਧਾ ਹੋਇਆ ਹੈ, ਉੱਥੇ ਵੱਖ ਵੱਖ ਪਲੇਟਫਾਰਮਾਂ ਨੂੰ ਨਫ਼ਰਤ ਫੈਲਾਉਣ ਅਤੇ ਅਸਹਿਣਸ਼ੀਲਤਾ ਵਧਾਉਣ ਲਈ ਵਰਤਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਫਰਜ਼ੀ ਖ਼ਬਰਾਂ ਵੀ ਪਾਈਆਂ ਜਾਂਦੀਆਂ ਹਨ। ਵੱਖ ਵੱਖ ਧਰਮਾਂ ਨਾਲ ਸਬੰਧਿਤ ਕੱਟੜਪੰਥੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਧਾਰਮਿਕ ਕੁੜੱਤਣ ਵਧਾਉਣ ਵਾਲੀਆਂ ਖ਼ਬਰਾਂ ਫੈਲਾਉਣ ਲਈ ਵਰਤਦੇ ਹਨ। ਅਜਿਹੀਆਂ ਕਾਰਵਾਈਆਂ ਕਾਰਨ ਹਿੰਸਾ ਵੀ ਹੁੰਦੀ ਹੈ। ਆਮ ਤੌਰ ’ਤੇ ਗਿਆਨ ਅਤੇ ਸੂਝ ਭਰੀ ਜਾਣਕਾਰੀ ਜਜ਼ਬਾਤ ਭੜਕਾਉਣ ਵਾਲੀ ਸਮੱਗਰੀ ਹੇਠ ਦਬ ਕੇ ਰਹਿ ਜਾਂਦੀ ਹੈ। ਪਿਛਲੇ ਦਿਨੀਂ ਨੂਪੁਰ ਸ਼ਰਮਾ ਅਤੇ ਮੁਹੰਮਦ ਜ਼ੁਬੈਰ ਨਾਲ ਜੁੜੇ ਮਾਮਲਿਆਂ ਵਿਚ ਸੋਸ਼ਲ ਮੀਡੀਆ ਦੀ ‘ਫ਼ੌਜ’ ਧਰਮ ਨਿਰਪੱਖ ਅਤੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਸਮਾਜਿਕ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਭਾਵੇਂ ਨਫ਼ਰਤੀ ਖ਼ਬਰਾਂ ਅਤੇ ਟਿੱਪਣੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਸਾਫ਼ਟਵੇਅਰ ਬਣਾਏ ਹਨ ਅਤੇ ਕਈ ਪੋਸਟਾਂ ਪਲੇਟਫਾਰਮਾਂ ਤੋਂ ਹਟਾਈਆਂ ਵੀ ਜਾਂਦੀਆਂ ਹਨ ਪਰ ਭਾਸ਼ਾ ਦਾ ਸੰਸਾਰ ਇੰਨਾ ਵਿਸ਼ਾਲ ਹੈ ਕਿ ਸਾਰੀਆਂ ਨਫ਼ਰਤੀ ਟਿੱਪਣੀਆਂ ਬਾਰੇ ਪਤਾ ਕਰ ਸਕਣਾ ਸੰਭਵ ਨਹੀਂ।
ਸੋਸ਼ਲ ਮੀਡੀਆ ਦੇ ਪਹਿਲੂਆਂ ਵਿਚੋਂ ਇਕ ਇਹ ਹੈ ਕਿ ਉਸ ’ਤੇ ਪ੍ਰਾਪਤ ਜਾਣਕਾਰੀ ਕਾਰਨ ਕਈ ਵਿਅਕਤੀਆਂ ਦੇ ਮਨ ਵਿਚ ਪਏ ਤਅੱਸਬ ਟੁੱਟਦੇ ਹਨ ਅਤੇ ਕਈ ਵਿਅਕਤੀਆਂ ਦੇ ਮਨਾਂ ਵਿਚਲੇ ਤਅੱਸਬ ਮਜ਼ਬੂਤ ਹੁੰਦੇ ਹਨ। ਅਮਰੀਕਾ ਵਿਚ ਕੀਤੀ ਗਈ ਖੋਜ ਵਿਚੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਜਿੱਥੇ ਇੰਟਰਨੈੱਟ ਸਿਆਹਫ਼ਾਮ ਲੋਕਾਂ, ਔਰਤਾਂ, ਪਰਵਾਸੀਆਂ ਆਦਿ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ, ਉੱਥੇ ਨਫ਼ਰਤੀ ਪ੍ਰਚਾਰ ਕਰਨ ਵਾਲੇ ਗੋਰੇ ਕੱਟੜਪੰਥੀ ਅਤੇ ਔਰਤਾਂ ਦੀ ਆਜ਼ਾਦੀ ਦਾ ਵਿਰੋਧ ਕਰਨ ਵਾਲੇ ਵੀ ਇੰਟਰਨੈੱਟ ’ਤੇ ਆਪਣੇ ਵੱਡੇ ਸਮੂਹ ਬਣਾਉਣ ਵਿਚ ਕਾਮਯਾਬ ਹੁੰਦੇ ਹਨ। ਅਜਿਹੇ ਰੁਝਾਨਾਂ ਕਾਰਨ ਨਸਲਵਾਦੀ, ਫ਼ਿਰਕਾਪ੍ਰਸਤ ਅਤੇ ਔਰਤ ਵਿਰੋਧੀ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਸ਼ਹਿ ਮਿਲਦੀ ਹੈ। ਬਹੁਤਾ ਕਰਕੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸਲ ਵਿਚ ਅਸੀਂ ਅਜਿਹੇ ਯੁੱਗ ਵਿਚ ਦਾਖ਼ਲ ਹੋ ਚੁੱਕੇ ਹਾਂ ਜਿੱਥੇ ਪਾਬੰਦੀਆਂ ਲਗਾਉਣੀਆਂ ਸੰਭਵ ਨਹੀਂ ਹਨ। ਪਾਬੰਦੀਆਂ ਲਗਾਉਣੀਆਂ ਜਮਹੂਰੀਅਤ ਵਿਰੋਧੀ ਵੀ ਹਨ। ਇਸ ਲਈ ਨਸਲਵਾਦੀਆਂ, ਫ਼ਿਰਕਾਪ੍ਰਸਤਾਂ ਅਤੇ ਨਫ਼ਰਤ ਫੈਲਾਉਣ ਵਾਲਿਆਂ ਦਾ ਸਾਹਮਣਾ ਇੰਟਰਨੈੱਟ ਦੀ ਵਰਤੋਂ ਕਰ ਕੇ ਹੀ ਕੀਤਾ ਜਾ ਸਕਦਾ ਹੈ। ਇੰਟਰਨੈੱਟ ਦੇ ਸੰਸਾਰ ਨੂੰ ਕਈ ਵਾਰ ‘ਵਰਚੂਅਲ ਸੰਸਾਰ’ ਵੀ ਕਿਹਾ ਜਾਂਦਾ ਹੈ ਪਰ ਹੁਣ ਇਹ ਹਕੀਕੀ ਦੁਨੀਆ ਬਣ ਚੁੱਕਾ ਹੈ। ਅੱਜ ਜ਼ਿੰਦਗੀ ਦੇ ਹਰ ਸ਼ੋਅਬੇ ਵਿਚ ਇਸ ਦਾ ਦਖ਼ਲ ਹੈ; ਇਸ ਤੋਂ ਬਚ ਸਕਣਾ ਅਸੰਭਵ ਜਾਪਦਾ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.