ਲੁਧਿਆਣਾ, 10 ਜੁਲਾਈ 2022 - ਪੰਜਾਬ ਵਿਧਾਨ ਲਈ ਥਾਂ ਮੰਗਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੇ ਗੁੱਝੇ ਮਾਇਨੇ ਟੋਲ਼ਦਿਆਂ ਮਨ 8 ਅਪ੍ਰੈਲ 1982 ਤੇ ਪਹੁੰਚ ਗਿਆ ਜਿੱਦਣ ਮਸ਼ਹੂਰ ਕਪੂਰੀ ਮੋਰਚਾ ਸ਼ੁਰੂ ਹੋਇਆ ਸੀ।ਜਦੋਂ ਪੰਜਾਬ ਵਿਧਾਨ ਕੋਲ ਇੱਕ ਵਧੀਆ ਹੈਰੀਟੇਜ ਬਿਲਡਿੰਗ ਮੌਜੂਦ ਹੈ ਤਾਂ ਹੋਰ ਬਿਲਡਿੰਗ ਬਣਾਉਣ ਦੀ ਕੀ ਤੁਕ ? ਏਵੇਂ ਜਿਵੇਂ ਪੰਜਾਬ ਦਾ ਵੱਖਰਾ ਹਾਈ ਕੋਰਟ ਮੰਗਣ ਦੀ ਬਜਾਏ ਹਰਿਆਣੇ ਖ਼ਾਤਰ ਵੱਖਰਾ ਹਾਈ ਕੋਰਟ ਮੰਗਿਆ ਜਾਣਾ ਚਾਹੀਦਾ ਸੀ।ਭਗਵੰਤ ਮਾਨ ਦੇ ਹਾਈ ਕੋਰਟ ਵਾਲੇ ਬਿਆਨ ਨੇ ਤਾਂ ਲੋਕਾਂ ਦਾ ਬਹੁਤਾ ਧਿਆਨ ਨਹੀਂ ਖਿੱਚਿਆ ਜਦਕਿ ਵਿਧਾਨ ਸਭਾ ਵਾਲੇ ਬਿਆਨ ਤੇ ਸਾਰੇ ਸੁਹਿਰਦ ਪੰਜਾਬੀ ਹੱਕੇ ਬੱਕੇ ਰਹਿ ਗਏ।ਇੱਕ ਟਵੀਟ ਜ਼ਰੀਏ ਦਿੱਤੇ ਗਏ ਪੰਜਾਬ ਵਿਰੋਧੀ ਇਸ ਬਿਆਨ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਬਿਲਕੁਲ ਸੰਭਵ ਹੈ ਕਿ ਮਾਨ ਸਾਹਿਬ ਦੇ ਟਵਿੱਟਰ ਅਕਾਊਂਟ ਦੀ ਕੁੰਜੀ ਦਿੱਲੀ ਵਾਲੀ ਟੀਮ ਕੋਲ ਹੀ ਹੋਵੇ ।
ਪੰਜਾਬ ਨੇ ਅਜਿਹਾ ਪਹਿਲਾਂ ਵੀ ਦੇਖਿਆ ਹੈ ਜਦੋਂ ਜੋਰਾਵਰ ਸਿਆਸੀ ਬੌਸ ਆਪਦੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਂਅ ਤੇ ਖ਼ੁਦ ਬਿਆਨ ਜਾਰੀ ਕਰਦੇ ਰਹੇ ਹਨ।1998 ਚ ਪੈਦਾ ਹੋਈ ਬਾਦਲ-ਟੌਹੜਾ ਕਸ਼ੀਦਗੀ ਮੌਕੇ ਸੀਨੀਅਰ ਅਕਾਲੀ ਆਗੂਆਂ ਦੀ ਸਹਿਮਤੀ ਤੋਂ ਬਿਨਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੀਡੀਆ ਟੀਮ ਵੱਲੋਂ ਸੀਨੀਅਰ ਅਕਾਲੀ ਲੀਡਰਾਂ ਦੇ ਨਾਂਅ ਅਤੇ ਬਿਆਨ ਖ਼ੁਦ ਹੀ ਲਿਖੇ ਜਾਂਦੇ ਸੀ ਤੇ ਸਰਕਾਰੀ ਫੈਕਸ ਨੰਬਰ ਤੋਂ ਹੀ ਅਖਬਾਰਾਂ ਨੂੰ ਭੇਜੇ ਜਾਂਦੇ ਸੀ।ਚੰਡੀਗੜ ਚ ਉਸ ਵੇਲੇ ਕੰਮ ਕਰਦੇ ਬਹੁਤ ਸਾਰੇ ਸੀਨੀਅਰ ਪੱਤਰਕਾਰ ਇਸ ਗੱਲ ਦੇ ਹਕੀਕੀ ਹੋਣ ਦੀ ਅੱਜ ਵੀ ਗਵਾਹੀ ਭਰਦੇ ਨੇ।ਸੋ ਇਸ ਇਤਿਹਾਸ ਦੀ ਰੌਸ਼ਨੀ ਚ ਭਗਵੰਤ ਮਾਨ ਬਾਬਤ ਇਹ ਗੱਲ ਦੇ ਬਿਲਕੁਲ ਸੱਚ ਹੋਣਾ ਕੋਈ ਵੱਡੀ ਗੱਲ ਨਹੀਂ ਜਾਪਦੀ।
ਹੁਣ ਦੇਖੀਏ ਕਿ 8 ਅਪ੍ਰੈਲ 1982 ਵਾਲੇ ਕਪੂਰੀ ਮੋਰਚੇ ਤੇ ਭਗਵੰਤ ਮਾਨ ਦੇ ਬਿਆਨ ਨਾਲ ਕੀ ਮੇਲ ਹੈ।31 ਦਸੰਬਰ 1981 ਨੂੰ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਦਰਿਆਈ ਪਾਣੀਆਂ ਦੀ ਵੰਡ ਤੇ ਦਸਖ਼ਤ ਕੀਤੇ ਜੀਹਨੂੰ ਪੰਜਾਬੀਆਂ ਨੇ ਤੇ ਪੰਜਾਬ ਚ ਵਿਰੋਧੀ ਧਿਰ ਅਕਾਲੀ ਦਲ ਨੇ ਪੰਜਾਬ ਨਾਲ ਗਦਾਰੀ ਗਰਦਾਨਿਆ । ਇਵੇਂ ਹੀ ਹਰਿਆਣਾ ਚ ਚੌਧਰੀ ਦੇਵੀ ਲਾਲ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਵੀ ਪਾਣੀ ਦੀ ਇਸ ਵੰਡ ਨੂੰ ਹਰਿਆਣਾ ਦੇ ਖ਼ਿਲਾਫ਼ ਗਰਦਾਨਿਆ ।ਇਸ ਵੰਡ ਤਹਿਤ ਹਰਿਆਣੇ ਨੂੰ ਮਿਲਣ ਵਾਲੇ ਵਾਧੂ ਪਾਣੀ ਨੂੰ ਹਰਿਆਣੇ ਚ ਭੇਜਣ ਵਾਲੀ ਐਸ ਵਾਈ ਐਲ ਨਹਿਰ ਦਾ ਟੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਉਣ ਦੀ ਤਰੀਕ ਦਾ ਐਲਾਨ ਵੀ ਹੋ ਗਿਆ ।ਇਹ ਟੱਕ ਪੰਜਾਬ-ਹਰਿਆਣਾ ਦੀ ਹੱਦ ਤੇ ਪੈਂਦੇ ਪਿੰਡ ਕਪੂਰੀ ਚ 8 ਅਪਰੈਲ 1982 ਨੂੰ ਲਾਇਆ ਜਾਣਾ ਸੀ ਉਹ ਵੀ ਇੱਕ ਵੱਡਾ ਲੋਕ ਜਲਸਾ ਕਰਕੇ।ਮਈ 1982 ਚ ਹਰਿਆਣਾ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ ਸੀ।ਸੋ ਨਹਿਰ ਦਾ ਟੱਕ ਲਾਉਣ ਦੀ ਰਸਮ ਜਿੰਨੀ ਵੱਡੀ ਈਵੈਂਟ ਬਣਨੀ ਸੀ ਕਾਂਗਰਸ ਨੂੰ ਹਰਿਆਣੇ ਓਨਾ ਹੀ ਫ਼ਾਇਦਾ ਮਿਲਣਾ ਸੀ ਵੋਟਾਂ ਚ।
ਓਧਰ ਅਕਾਲੀ ਦਲ ਨੇ ਪੰਜਾਬ ਨਾਲ ਵਫ਼ਾਦਾਰੀ ਨਿਭਾਉਂਦਿਆਂ ਟੱਕ ਲਾਉਣ ਦੀ ਰਸਮ ਨੂੰ ਰੋਕਣ ਦਾ ਐਲਾਨ ਕਰ ਦਿੱਤਾ।ਅਕਾਲੀ ਦਲ ਨੇ ਐਲਾਨ ਕੀਤਾ ਕਿ ਸਾਡੇ ਹਜ਼ਾਰਾਂ ਵਲੰਟੀਅਰ 8 ਅਪ੍ਰੈਲ ਨੂੰ ਕਪੂਰੀ ਪਹੁੰਚਣਗੇ ਤੇ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਸੂਰਤ ਵਿੱਚ ਨਹਿਰ ਦਾ ਟੱਕ ਨਹੀਂ ਲਾਉਣ ਦੇਣਗੇ।ਇਹ ਵੀ ਐਲਾਨ ਕੀਤਾ ਕਿ ਅਕਾਲੀ ਵਰਕਰ 8 ਅਪ੍ਰੈਲ ਤੋਂ ਬਾਅਦ ਵੀ ਨਹਿਰ ਦਾ ਕੰਮ ਨਹੀਂ ਚੱਲਣ ਦੇਣਗੇ ਤੇ ਹਜ਼ਾਰਾਂ ਅਕਾਲੀ ਵਰਕਰ ਇਸ ਥਾਂ ਤੇ ਪੱਕਾ ਮੋਰਚਾ ਗੱਡਣਗੇ ਤੇ ਇਹਨੂੰ ਕਪੂਰੀ ਮੋਰਚੇ ਦਾ ਨਾਂਅ ਦਿੱਤਾ ਗਿਆ।
8 ਅਪ੍ਰੈਲ ਨੂੰ ਸਵੇਰੇ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚ ਹਜ਼ਾਰਾਂ ਅਕਾਲੀ ਵਰਕਰ ਪੁੱਜ ਗਏ, ਇੱਕ ਵੱਡਾ ਜਲਸਾ ਹੋਇਆ , ਬਾਦਲ,ਟੌਹੜਾ ਤੇ ਲੌਂਗੋਵਾਲ ਨੇ ਤਕਰੀਰਾਂ ਕੀਤੀਆਂ ਤੇ ਐਲਾਨ ਕੀਤੇ ਕਿ ਅੱਜ ਤੋਂ ਕਪੂਰੀ ਚ ਪੱਕਾ ਮੋਰਚਾ ਲੱਗੇਗਾ , ਕਿਸੇ ਵੀ ਸੂਰਤ ਚ ਅਸੀਂ ਨਹਿਰ ਨਹੀਂ ਪੁੱਟਣ ਦੇਣੀ।ਹਜ਼ਾਰਾਂ ਅਕਾਲੀ ਵਰਕਰਾਂ ਦਾ ਇਹ ਜੱਥਾ ਇੰਦਰਾ ਗਾਂਧੀ ਵੱਲੋਂ ਲਾਏ ਜਾਣ ਵਾਲੇ ਟੱਕ ਨੂੰ ਰੋਕਣ ਖ਼ਾਤਰ ਕਪੂਰੀ ਵਾਸਤੇ ਬੜੇ ਜੋਸ਼ ਓ ਖਰੋਸ਼ ਨਾਲ ਰਵਾਨਾ ਹੋਇਆ।ਜੱਥੇਦਾਰ ਟੌਹੜਾ ਬਾਰੇ ਤਾਂ ਪਤਾ ਨਹੀਂ ਪਰ ਲੌਂਗੋਵਾਲ ਤੇ ਬਾਦਲ ਜੱਥੇ ਦੇ ਨਾਲ ਨਹੀਂ ਗਏ।
ਮੇਰੇ ਇੱਕ ਚੰਗੇ ਵਾਕਫ਼ ਗੁਰਦਾਸਪੁਰ ਤੋਂ ਮੈਂਬਰ ਐਸ ਜੀ ਪੀ ਸੀ ਮਾਸਟਰ ਅਜੀਤ ਸਿੰਘ ਸੇਖੋਂ ਮੈਨੂੰ ਦੁੱਖ ਨਿਵਾਰਨ ਸਾਹਿਬ ਚ ਹੋਏ ਇਸ ਜਲਸੇ ਦੌਰਾਨ ਹੀ ਟੱਕਰ ਪਏ।ਉਹ ਵੀ ਕਪੂਰੀ ਜਾਂਦੇ ਜੱਥੇ ਨਾਲ ਨਹੀਂ ਸੀ ਗਏ ਤੇ ਮੈਨੂੰ ਕਹਿਣ ਲੱਗੇ ਕਿ ਚੱਲ ਬਾਦਲ ਸਾਹਿਬ ਨੂੰ ਮਿਲ ਕੇ ਆਈਏ ।ਬਾਦਲ ਸਾਹਿਬ ਦੁੱਖ ਨਿਵਾਰਨ ਤੋਂ ਜਾ ਚੁੱਕੇ ਸਨ ਤੇ ਉੱਨਾਂ ਦੀ ਠਾਹਰ ਦਾ ਸੇਖੋਂ ਸਾਹਿਬ ਨੂੰ ਪਤਾ ਸੀ।ਸੋ ਮੈਂ ਤੇ ਸੇਖੋਂ ਸਾਹਿਬ ਇੱਕ ਚੇਤਕ ਸਕੂਟਰ ਤੇ ਸਵਾਰ ਹੋ ਰਜਬਾਹਾ ਰੋਡ ਤੇ ਪੈੰਦੀ ਇੱਕ ਸਰਕਾਰੀ ਕੋਠੀ ਚ ਪਹੁੰਚ ਗਏ।ਇਹ ਕੋਠੀ ਉਸ ਵੇਲੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇੱਕ ਮੈਂਬਰ ਸੁਰਿੰਦਰ ਪਾਲ ਸਿੰਘ ਮਾਨ ਦੀ ਰਿਹਾਇਸ਼ ਸੀ।
ਸੁਰਿੰਦਰ ਪਾਲ ਸਿੰਘ ਮਾਨ ਤਾਂ ਸਾਨੂੰ ਕੋਠੀ ਵਰਾਂਡੇ ਵਿੱਚ ਹੀ ਖੜੇ ਮਿਲ ਗਏ ਉਹਨਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਬਲਕਾਰ ਸਿੰਘ ਵੀ ਸੀਗੇ।ਸੇਖੋੰ ਸਾਹਿਬ ਨੇ ਮਾਨ ਸਾਹਿਬ ਨਾਲ ਮੌਕੇ ਦੀ ਗੱਲ ਛੇੜਦਿਆਂ ਕਿਹਾ ਕਿ ਸਾਡੇ ਮਾਝੇ ਚ ਵੀ ਬਹੁਤ ਉਤਸ਼ਾਹ ਹੈ ਮੋਰਚੇ ਖ਼ਾਤਰ । ਮਾਨ ਸਾਹਿਬ ਨੇ ਜਵਾਬ ਦਿੰਦਿਆਂ ਕਿਹਾ ਕਿ ਮੋਰਚਾ ਤਾਂ ਮੁਲਤਵੀ ਕਰਨਾ ਪੈ ਗਿਆ ਕਿਉਂਕਿ “ ਦੇਵੀ ਲਾਲ ਕਹਿੰਦਾ ਹੈ ਕਿ ਥੋਡੇ ਮੋਰਚੇ ਨੇ ਵੋਟਾਂ ਚ ਮੇਰਾ ਨੁਕਸਾਨ ਕਰਨਾ ਹੈ, ਤੁਸੀਂ ਵੋਟਾਂ ਤੱਕ ਰੁਕ ਜਾਓ “ ਨਾਲ ਦੀ ਨਾਲ ਇਹਦੀ ਵਜਾਹਤ ਕਰਦਿਆਂ ਦੱਸਿਆ ਕਿ ਦੇਵੀ ਲਾਲ ਨੇ ਹਰਿਆਣੇ ਚ ਇਹ ਪ੍ਰਚਾਰ ਕਰਨਾ ਹੈ ਕਿ ਕਾਂਗਰਸ ਨੇ ਹਰਿਆਣੇ ਨਾਲ ਧੱਕਾ ਕੀਤਾ ਹੈ , ਹਰਿਆਣੇ ਨੂੰ ਪਾਣੀ ਘੱਟ ਮਿਲਿਆ ਹੈ।ਪਰ ਜੇ ਪੰਜਾਬ ਵਾਲੇ ਵੀ ਆਪਦੇ ਨਾਲ ਹੋਏ ਧੱਕੇ ਦਾ ਰੌਲਾ ਪਾਉਣਗੇ ਤਾਂ ਦੇਵੀ ਲਾਲ ਦਾ ਦਾਅਵਾ ਕਮਜ਼ੋਰ ਪਊਗਾ ਤੇ ਵੋਟਾਂ ਚ ਉਹਨੂੰ ਨੁਕਸਾਨ ਹੋਊਗਾ।
ਫੇਰ ਅਸੀਂ ਕੋਠੀ ਦੇ ਅੰਦਰ ਚਲੇ ਗਏ ਤੇ ਬਾਦਲ ਸਾਹਿਬ ਨਾਲ ਫ਼ਤਿਹ ਸਾਂਝੀ ਕਰਨ ਮਗਰੋਂ ਸੇਖੋਂ ਸਾਹਿਬ ਨੇ ਬਾਦਲ ਸਾਹਿਬ ਨੂੰ ਕਿਹਾ ਕਿ ਚਲੋ ਚੰਗਾ ਕੀਤਾ ਹੈ ਤੁਸੀਂ ਮੋਰਚਾ ਕੈਂਸਲ ਕਰਤਾ , ਇਹਨੇ ਦੇਵੀ ਲਾਲ ਦਾ ਨੁਕਸਾਨ ਕਰਨਾ ਸੀ।ਇਹ ਗੱਲ ਸੁਣ ਕੇ ਬਾਦਲ ਸਾਹਿਬ ਚੁੱਪ ਰਹੇ।ਚੌਧਰੀ ਦੇਵੀ ਲਾਲ ਤੇ ਸਰਦਾਰ ਬਾਦਲ ਦੀ ਦੋਸਤੀ ਤੋਂ ਸਭ ਸਿਆਸੀ ਲੋਕ ਵਾਕਿਫ ਸਨ।ਨਾਲੇ ਕੋਈ ਵੀ ਅਕਾਲੀ ਵਰਕਰ ਕਾਂਗਰਸ ਦੀ ਚੜਤ ਹੁੰਦੀ ਨਹੀਂ ਸੀ ਦੇਖਣਾ ਚਾਹੁੰਦਾ ਸੋ ਕਿਸੇ ਅਕਾਲੀ ਵਰਕਰ ਨੇ ਮੋਰਚਾ ਠੰਡਾ ਕਰਨ ਤੇ ਰੰਜ ਨਹੀਂ ਕੀਤਾ।ਭਾਵੇਂ ਮੋਰਚਾ ਠੰਡਾ ਕਰਨ ਦਾ ਅਕਾਲੀ ਦਲ ਨੇ ਬਾਕਾਇਦਾ ਐਲਾਨ ਤਾਂ ਨਹੀਂ ਕੀਤਾ ਪਰ 9 ਅਪ੍ਰੈਲ ਤੋਂ ਇਹ ਮੋਰਚਾ ਲਗਭਗ ਠੱਪ ਹੀ ਹੋ ਗਿਆ ਸੀ।ਜਿਸ ਕਰਕੇ ਦੇਵੀ ਲਾਲ ਦੀ ਚੋਣ ਮੁਹਿੰਮ ਤੇ ਉਲਟ ਅਸਰ ਨਹੀਂ ਪਿਆ ਤੇ ਦੇਵੀ ਲਾਲ ਦੇ ਉਮੀਦਵਾਰ ਬਹੁਮਤ ਚ ਚੋਣ ਜਿੱਤ ਗਏ ਸਨ ਪਰ ਇਹਦੇ ਬਾਵਜੂਦ ਵੀ ਉਹ ਮੁੱਖ ਮੰਤਰੀ ਕਿਓਂ ਨਹੀਂ ਬਣ ਸਕੇ ਇਹ ਇੱਕ ਵੱਖਰੀ ਕਹਾਣੀ ਹੈ।
ਆਮ ਆਦਮੀ ਦੀ ਪੰਜਾਬ ਸਰਕਾਰ ਵੱਲੋਂ ਚੰਡੀਗੜ ਤੇ ਦਾਅਵਾ ਛੱਡਣ ਜਾਂ ਹਰਿਆਣੇ ਦੇ ਹੱਕ ਚ ਭੁਗਤਦੇ ਜਿੰਨੇ ਬਿਆਨ ਜਾਂ ਹੋਰ ਐਕਸ਼ਨ ਕੀਤੇ ਜਾਣਗੇ ਤਾਂ ਪੰਜਾਬੀ ਓਨਾ ਹੀ ਰੌਲਾ ਪਾਉਣਗੇ ਤੇ ਕੇਜਰੀਵਾਲ ਤੇ ਹਰਿਆਣੇ ਦੀ ਤਰਫ਼ਦਾਰੀ ਕਰਨ ਦੀ ਦੂਸ਼ਣ ਲਾਉਣੇ।ਪੰਜਾਬ ਹਰਿਆਣੇ ਦੇ ਆਪਸੀ ਝਗੜਿਆਂ ਤੇ ਪੰਜਾਬ ਵਾਲੇ ਜਿੰਨਾ ਆਮ ਆਦਮੀ ਪਾਰਟੀ ਤੇ ਗ਼ੁੱਸਾ ਦਿਖਾਉਣਗੇ ਆਪ ਇਹਦਾ ਹਰਿਆਣੇ ਚ ਫ਼ਾਇਦਾ ਹੋਊਗਾ।ਹਰਿਆਣਾ ਵਿਧਾਨ ਸਭਾ ਦੀ ਚੋਣ 2024 ਚ ਹੋਣੀ ਹੈ।ਅਗਰ ਭਗਵੰਤ ਮਾਨ ਦੇ ਬਿਆਨ ਨੂੰ ਅਗਰ ਉਕਤ ਇਤਿਹਾਸਕ ਤੱਥਾਂ ਦੇ ਪਸਮੰਜਰ ਚ ਦੇਖਿਆ ਜਾਵੇ ਤਾਂ ਉਨਾਂ ਦੀ ਮਜਬੂਰੀ ਸਮਝ ਆ ਸਕਦੀ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
88726 64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.