ਗੱਲ, ਨੁਪੂਰ ਸ਼ਰਮਾ ਵੱਲੋਂ ਅੱਗ ਲਾਊ ਟਿੱਪਣੀ ਦੀ। ਭਾਜਪਾ ਦੇ ਫਿਰਕੂ ਮਾਹੌਲ ਦੀ।ਡੂੰਘੀ ਉੱਤਰੀ ਫਿਰਕੂ ਲਾਗ ਦੀ।ਮੁਸਲਮ ਭਾਈਚਾਰੇ ਦੇ ਰੋਸ ਦੀ।ਪੁਲਸੀਆ ਵਿਤਕਰੇਬਾਜ਼ੀ ਦੀ।ਅਦਾਲਤੀ ਨਰਮਗੋਸ਼ੇ ਦੀ।
ਨੁਪੂਰ ਸ਼ਰਮਾ ਕੌਣ,ਕਿਥੋਂ।ਇਹਦੀ ਗੱਲ ਨੀਂ।ਇਥੇ ਲੋੜ ਨੀਂ। ਨੁਪੂਰ ਸ਼ਰਮਾ ਪਕਰੋੜ ਸਿਆਸਤਦਾਨ। ਭਾਜਪਾ ਦਾ ਚੇਹਰਾ। ਭਾਜਪਾ ਦੀ ਤਰਜਮਾਨ। ਬਹਿਸਾਂ ਦੀ ਮਾਹਰ। ਬਹਿਸ ਦਾ ਹੀ ਪੰਗਾ।ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਖਿਲਾਫ਼ ਗਲਤ ਟਿੱਪਣੀ।ਰੱਟੇ ਦਾ ਮਾਮਲਾ।ਰੱਟਾ ਸ਼ੁਰੂ।
ਰੱਟਾ ਹੋਣਾ ਹੀ ਹੋਇਆ।ਰੱਟੇ ਦਾ ਮਾਹੌਲ ਵੀ ਤੇ ਮੌਸਮ ਵੀ।ਖੁਦ ਸਿਰਜਿਆ। ਚੌਵੀ ਦੀਆਂ ਚੋਣਾਂ।ਵੋਟਾਂ ਵਧਾਉਣੀਆਂ। ਭਾਜਪਾ ਦੀ ਸਿਆਸਤ, ਐਂ ਵੋਟਾਂ ਵਧਦੀਆਂ। ਮੁਸਲਮਾਨਾਂ 'ਤੇ ਹਮਲੇ।ਧਰਮ ਚਿੰਨਾਂ 'ਤੇ ਹਮਲੇ। ਧਾਰਮਿਕ ਸਥਾਨਾਂ 'ਤੇ ਹਮਲੇ।ਮੁਸਲਮ ਭਾਈਚਾਰਾ ਦੁਖੀ।ਮਨ ਡਰਿਆ, ਚਿੱਤ ਜ਼ਖ਼ਮੀ।ਸਰਕਾਰਾਂ ਖਿਲਾਫ਼ ਰੋਸ।ਟਿੱਪਣੀ, ਜ਼ਖਮਾਂ 'ਤੇ ਲੂਣ।
ਨੁਪੂਰ ਸ਼ਰਮਾ ਦੀ ਦਾਦਾਗਿਰੀ,ਹਕੂਮਤੀ ਹੰਕਾਰ। ਫ਼ਿਰਕੂ ਸੋਚ, ਫਿਰਕੂ ਮਾਹੌਲ।ਨਫ਼ਰਤੀ ਮੁਹਿੰਮ,ਇੱਕ ਲੰਮੇ ਅਰਸੇ ਤੋਂ। ਅੰਗਰੇਜ਼ਾਂ ਵੇਲੇ ਤੋਂ। ਰਾਸ਼ਟਰੀ ਸੋਇਮ ਸੇਵਕ ਸੰਘ ਦਾ ਅਜੰਡਾ, ਹਿੰਦੂ ਰਾਜ। ਕਹਿਣ, ਮੁਸਲਮਾਨ ਅੜਿੱਕਾ।ਮੁਸਲਮ ਭਾਈਚਾਰੇ ਖਿਲਾਫ਼ ਸਿੰਗ ਮਿੱਟੀ।ਅੰਗਰੇਜ਼ਾਂ ਦੇ ਫਿੱਟ ਬੈਠੇ।ਅੰਗਰੇਜ਼ ਮੁਲਕ 'ਤੇ ਕਾਬਜ਼।ਸੋਨੇ ਦੀ ਚਿੜੀ ਚੂੰਡਣ।ਸਾਰੇ ਧਰਮ, ਜਾਤਾਂ, ਕੌਮਾਂ ਗੁਲਾਮ।ਆਰ ਐਸ ਐਸ ਦੇ ਦੁਸ਼ਮਣ, ਮੁਸਲਮਾਨ।ਆਨੀਂ ਬਹਾਨੀਂ ਟਕਰਾਅ।ਚੌਵੀ 'ਚ ਕੋਹਾਟ ਤੋਂ ਖੁੱਲ ਕੇ।ਅੱਜ ਕਿਤੇ,ਕੱਲ ਕਿਤੇ, ਲਗਾਤਾਰ ਜਾਰੀ।
ਸੰਤਾਲੀ 'ਚ ਵੱਡਾ ਵਢਾਂਗਾ।ਪਾਕਿਸਤਾਨ ਬਣਿਆ।ਫਿਰਕੂਆਂ ਲਈ ਨਿਆਮਤ।ਜਦ ਜੀਅ ਚਾਹੇ, ਵਿਹੁ ਘੋਲਦੇ। ਟਕੋਰਾਂ ਲਾਉਂਦੇ। ".... ਪਾਕਿਸਤਾਨ ਚਲੇ ਜਾਓ"।ਹਾਕੀ ਹੋਵੇ ਜਾਂ ਕ੍ਰਿਕਟ,ਖੇਡ ਨੂੰ ਫਿਰਕੂ ਤੜਕਾ।ਜੰਗਾਂ ਵੇਲੇ ਨਫ਼ਰਤੀ ਬੰਬਾਰਮੈਂਟ।ਬਾਡਰਾਂ ਤੋਂ ਮਾਰ ਮਰਾਈ ਦਾ ਭੜਕਾਊ ਪ੍ਰਸਾਰਨ।ਸਰਜੀਕਲ ਸਟਰਾਈਕ,ਨਫ਼ਰਤ ਦਾ ਧਮਾਕਾ। ਪੁਲਵਾਮਾ ਹਮਲਾ, ਠੁਣਾ ਕਸ਼ਮੀਰੀਆਂ ਸਿਰ।ਪੁਲਸੀਆ ਕੇਸ,ਇਨਕੁਆਰੀਆਂ।ਲੰਮਾਂ ਉਲਝਾਊ ਗੇੜ।ਬਾਬਰੀ ਮਸਜਿਦ ਖਿਲਾਫ਼ ਪ੍ਰਚਾਰ ਤਿੱਖਾ।ਸਿਆਸੀ ਮਾਹੌਲ ਐਸਾ, ਭਾਜਪਾ ਜੈਸਾ। ਕਾਂਗਰਸ ਦੀ ਚੁੱਪ ਸਹਿਮਤੀ। ਭਾਜਪਾ ਦੀ ਓਪਨ।ਯੂ.ਪੀ.ਸੀ.ਐਮ. ਦੀ ਨਿਗਰਾਨੀ।ਕਾਰ ਸੇਵਕ ਭਰਤੀ।ਢੋਲ ਢਮੱਕੇ ਨਾਲ ਢਾਹੀ। ਨਿਆਂ ਪਾਲਿਕਾ ਤੋਂ ਫੈਸਲਾ।ਮੰਦਰ ਬਣਾਉਣਾ।
ਦੋ ਹਜ਼ਾਰ ਦੋ,ਧਾਰ ਹੋਰ ਤਿੱਖੀ।ਗੁਜਰਾਤ, ਪ੍ਰਯੋਗਸ਼ਾਲਾ ਵਜੋਂ।ਮੁਸਲਿਮ ਭਾਈਚਾਰੇ 'ਤੇ ਕਟਕ। ਕਤਲ, ਲੁੱਟ,ਸਾੜ ਫੂਕ, ਬਲਾਤਕਾਰ। ਅਗਾਂਊ ਘੜੀ ਸਾਜ਼ਿਸ਼। ਸਰਕਾਰ ਦੀ ਸ਼ਹਿ। ਕਤਲਾਂ ਨੂੰ ਸਭ ਖੁੱਲਾਂ।ਕਾਤਲਾਂ ਨੂੰ ਕਾਨੂੰਨੀ ਛੋਟਾਂ। ਇਕਬਾਲੀਆ ਬਿਆਨੀਏ ਬਰੀ। ਦਹਾੜਦੇ ਫਿਰਨ,ਰੋਹਬ ਜਮਾਉਣ।ਕਈ ਸੂਬਿਆਂ ਤੱਕ ਮਾਰ।ਫ਼ਿਲਮਾਂ ਰਾਹੀਂ ਨਫ਼ਰਤ।ਫ਼ਿਲਮ ਦੇ ਖਲਨਾਇਕ ਦੀ ਸ਼ਕਲ, ਮੁਸਲਿਮ। "ਕਸ਼ਮੀਰ ਫਾਇਲ" ਫਿਲਮ ਰਾਹੀਂ ਖੁੱਲ ਕੇ। ਮੌਕਾ ਤਕਾਉਂਦੇ। ਬਹਾਨਾ ਘੜਦੇ।ਟੁੱਟ ਕੇ ਪੈ ਜਾਣ।ਕਦੇ ਧਰਮ ਬਦਲੀ।ਕਦੇ ਲਵ ਜਿਹਾਦ।ਖਾਣਾ ਤੇ ਪਹਿਰਾਵਾ ਸਦਾ ਨਿਸ਼ਾਨੇ ਹੇਠ।ਮੀਟ, ਸਕਾਰਫ਼ ਨੂੰ ਧਮਕੀਆਂ।ਨਮਾਜ਼ ਅੰਦਰ ਕਰੋ ਦੇ ਡਰਾਵੇ। ਮੁਸਲਿਮ ਕੁੜੀਆਂ 'ਤੇ ਗੰਦੇ ਕਮੈਂਟ। ਗੰਦੀਆਂ ਗਾਲਾਂ। ਕੋਈ ਸੰਗ ਸ਼ਰਮ ਨਹੀਂ। ਭਾਜਪਾਈ ਸੰਤਾਂ ਦੇ ਨਫ਼ਰਤੀ ਤੱਤੇ ਪ੍ਰਵਚਨ। ਗੰਦੀਆਂ ਗੱਲਾਂ।ਸੰਤਗਿਰੀ ਦੀ ਲੋਈ ਲਾਹੀ।ਗੋਦੀ ਮੀਡੀਏ ਤੋਂ ਪ੍ਰਸਾਰਨ।ਵਾਰ ਵਾਰ ਦਿਨ ਰਾਤ।
ਜੇ ਐਨ ਯੂ ਹੋਸਟਲ 'ਤੇ ਗੈਂਗ ਹਮਲਾ। ਵਿਦਿਆਰਥੀ ਆਗੂ ਭਾਲੇ,ਸਿਰ ਪਾੜੇ ਬਾਹਾਂ ਤੋੜੀਆਂ।ਜਾਮੀਆ ਮਿਲੀਆ ਯੂਨੀਵਰਸਿਟੀ ਅੰਦਰ ਗੁੰਡਾਗਰਦੀ। ਵਿਦਿਆਰਥੀ ਜ਼ਖ਼ਮੀ। ਲਾਇਬਰੇਰੀ ਭੰਨੀ। ਹਮਲਾਵਰ ਸਾਰੇ ਬਰੀ।ਰੋਸ ਮਾਰਚ 'ਤੇ ਫਾਇਰਿੰਗ।ਫਾਇਰਿੰਗ ਕਰਨ ਵਾਲਾ, ਭਾਜਪਾਈ। ਹਕੂਮਤ ਦੀ ਫੁੱਲ ਸਪੋਰਟ।ਵਾਲ ਵਿੰਗਾ ਨੀਂ ਹੋਇਆ।ਪੁਲਸ ਕੇਸ 'ਚੋਂ ਬਾਹਰ, ਜਿਵੇਂ ਵਾਲ ਮੱਖਣ 'ਚੋਂ।
ਨਾਗਰਿਕਤਾ ਸੋਧ ਕਾਨੂੰਨ। ਨਿਸ਼ਾਨਾ ਮੁਸਲਮ ਭਾਈਚਾਰਾ। ਫੁਰਮਾਨ,ਵਾਸਿੰਦਾ ਸਬੂਤ ਦਿਖਾਓ।ਨਹੀਂ,ਮੁਲਕੋਂ ਬਾਹਰ ਜਾਂ ਜੇਲ੍ਹ ਅੰਦਰ।ਗੁਹਾਟੀ 'ਚ ਜੇਲ੍ਹਾਂ ਡੱਟੀਆਂ।ਨਾਨੀਆਂ ਦਾਦੀਆਂ ਦਾ ਮੋਰਚਾ। ਸ਼ਾਹੀਨ ਬਾਗ਼ ਮੋਰਚਾ, ਵਿਰੋਧ ਦਾ ਮੱਕਾ।ਮੋਰਚੇ 'ਤੇ ਹਮਲੇ। ਫਾਇਰਿੰਗ। ਨਾਨੀਆਂ ਦਾਦੀਆਂ ਨੂੰ ਬੋਲ ਕੁਬੋਲ।
ਕੋਵਿਡ ਦਾ ਹਊਆ,ਤਬਲਿਗੀਆਂ ਸਿਰ। ਦੋਸ਼ ਥੱਪੇ, "ਬੀਮਾਰੀ ਦੇ ਵਾਹਕ"। ਮੁਸਲਿਮ ਦੇਸ਼ਾਂ ਵੱਲ ਉਂਗਲਾਂ। ਮਹੀਨਿਆਂ ਬੱਧੀ ਡੱਕੀ ਰੱਖੇ। ਖੱਜਲ ਖ਼ੁਆਰੀਆਂ,ਨਾ ਸਹਿਣਯੋਗ।
ਦਿੱਲੀ ਚੋਣਾਂ,ਫਿਰਕੂ ਫਾਸ਼ੀ ਦੈਂਤ ਭੜਕਿਆ। ਮੁਸਲਿਮ ਮੁਹੱਲੇ 'ਚ,ਆਦਮ ਬੋਅ,ਆਦਮ ਬੋਅ।ਸਾਹਮਣੇ ਆਏ ਦਾ ਸਿਰ ਪਾੜਿਆ। ਘਰਾਂ ਨੂੰ ਤੋੜਿਆ, ਸਮਾਨ ਭੰਨਿਆ।ਉੱਤੋ,"ਗੋਲੀ ਮਾਰੋ.......ਕੋ।" ਦੈਂਤ ਦਨ ਦਨਾਉਂਦਾ ਫਿਰਦਾ। ਸਰਕਾਰੀ ਦਾਣਾ ਪਾਣੀ ਤੇ ਸਾਂਭ ਸੰਭਾਲ ਦਾ ਕਮਾਲ।
ਰਾਮ ਨੌਮੀ ਤੇ ਹਨੂਮਾਨ ਜੈਯੰਤੀ, ਸ਼ੋਭਾ ਯਾਤਰਾਵਾਂ।ਮਾਰਚ ਧਾਰਮਿਕ, ਨਾਹਰੇ ਅੱਗ ਲਾਊ।ਪਰਿਵਾਰਾਂ ਨੂੰ ਗਾਲਾਂ। ਮਸਜਿਦਾਂ 'ਤੇ ਹਿੰਦੂ ਝੰਡੇ। ਮੂਹਰੋਂ ਵਿਰੋਧ ਹੋਇਆ ਤਾਂ ਪੁਲਸ ਕੇਸ। ਗ੍ਰਿਫਤਾਰੀਆਂ।ਬੁਲਡੋਜ਼ਰ।ਘਰ ਢਾਹੇ। ਬਹਾਨਾ ਕੋਈ, ਨਿਸ਼ਾਨਾ ਸਾਫ਼। ਮੁਸਲਿਮ ਆਬਾਦੀ ਨੂੰ ਦਬਾਅ ਹੇਠ ਰੱਖਣ ਦਾ।
ਪਾਰਟੀ ਦੀ ਢੋਈ, ਸਰਕਾਰ ਦੀ ਛਤਰੀ, ਮਾਹੌਲ ਦੀ ਮਾਇਆ, ਨੁਪੂਰ ਸ਼ਰਮਾ ਦੀ ਬੱਲੇ ਬੱਲੇ। ਮੁਸਲਿਮ ਦੇਸ਼ਾਂ ਦਾ ਅੜੰਗਾ। ਕਹਿੰਦੇ, ਟਿੱਪਣੀ ਇਤਰਾਜ਼ਯੋਗ। ਨੁਪੂਰ ਸ਼ਰਮਾ 'ਤੇ ਗਾਜ਼। ਛਪੰਜਾ ਇੰਚੀ ਛਾਤੀ ਸੁੰਗੜੀ। ਕੌਮਾਂਤਰੀ ਛਵੀ ਵਿਗੜੀ।"ਰੱਸੀ ਸੜ ਗਈ,ਵਲ ਨਹੀਂ ਗਿਆ।" ਦੂਹਰੀ ਚਾਲ, ਬਚਾਅ ਵੀ, ਵੱਖਰੇਵਾਂ ਵੀ।ਨੁਪੂਰ ਸ਼ਰਮਾ ਪਾਰਟੀ 'ਚੋ ਬਾਹਰ, ਸਰਕਾਰੀ ਛਤਰੀ ਬਰਕਰਾਰ।ਫਿਰਕੂ ਸੋਚ, ਸਿਆਸਤ ਬਚਾਈ।
ਮੁਸਲਿਮ ਭਾਈਚਾਰੇ ਵਿੱਚ ਰੋਸ। ਵਿਸ਼ਾਲ ਪ੍ਰਦਰਸ਼ਨ।ਸਰਕਾਰ ਦੀ ਹਲਾਸ਼ੇਰੀ ਕਲੀਅਰ। ਬਰਾਬਰ ਦਾ ਜੁਰਮ। ਰੋਸ ਕੁਚਲਣ ਲਈ ਪੁਲਸ ਪਹਿਰੇ।ਸੀ.ਏ.ਏ. ਦੇ ਡਰਾਵੇ।ਰੋਸ ਵਿਦੇਸ਼ਾਂ ਤੋਂ, ਪੁਲਸ ਸੁਆਲਾਂ 'ਚ। ਨੁਪੂਰ ਸ਼ਰਮਾ ਖਿਲਾਫ਼ ਪਰਚਾ,ਕੌੜਾ ਘੁੱਟ। ਕਾਗਜ਼ੀ ਕਾਰਵਾਈ।ਨਾ ਜਾਂਚ ਪੜਤਾਲ,ਨਾ ਗ੍ਰਿਫਤਾਰ। ਪ੍ਰਚਾਰ ਲਈ ਆਜ਼ਾਦ। ਹਮਾਇਤ ਜੁਟਾਉਣ ਦੀ ਖੁੱਲ।ਤੋਰੇ ਫੇਰੇ ਲਈ ਸੁਰੱਖਿਆ। ਪੁਲਸ,ਸਰਕਾਰ ਦੁਆਰਾ।ਸਰਕਾਰ ਲਈ।ਲੋਕ ਵਿਚਾਰੇ।ਸੱਚ ਉੱਘੜਿਆ।ਮੁਹੰਮਦ ਜ਼ੁਬੇਰ, ਪੁਰਾਣੀ ਟਵੀਟ ਦਾ ਕੇਸ ਬਣਾਇਆ, ਜੇਲ੍ਹੀਂ ਡੱਕਿਆ। ਜਾਂਚ ਪੜਤਾਲ ਕੋਈ ਨਹੀਂ।ਸਿੱਧੀ ਗ੍ਰਿਫਤਾਰੀ।ਜ਼ਮਾਨਤ ਤੋਂ ਜਵਾਬ।ਪੁਲਸ, ਨਿਆਂ ਪ੍ਰਣਾਲੀ ਦਾ ਟੀਰ। ਵਿਤਕਰੇਬਾਜ਼ੀ।ਇਹ ਹੁਣੇ ਨੀਂ, ਪਹਿਲਾਂ ਤੋਂ ਹੀ। ਸਾਰੇ ਥਾਵਾਂ ਤੇ ਹਮਲਾਵਰ ਬਰੀ।ਪੀੜਤ ਜੇਲ੍ਹੀਂ। ਸਾਲਾਂ ਬੱਧੀ। ਕੇਸਾਂ ਦੇ ਉਲਝਾਵੇਂ। ਗੁਜਰਾਤ,ਯੂ. ਪੀ. ਉਭਰਵੀਂ ਮਿਸਾਲ।
ਰੌਲਾ ਟਾਲਣ ਦੀ ਤਿਕੜਮ, ਨੁਪੂਰ ਸ਼ਰਮਾ ਦੇ ਹੱਕ ਵਿੱਚ ਮਾਰਚ।ਮਾਹੌਲ ਭੜਕਾਇਆ।ਕਨ੍ਹਈਆ ਲਾਲ ਦਾ ਕਤਲ।ਅਜੰਡਾ ਬਦਲਿਆ, ਟਿੱਪਣੀ ਦੀ ਥਾਂ ਕਤਲ। ਸਿਆਸਤ ਨਹੀਂ ਬਦਲੀ, ਮੁਸਲਿਮ ਭਾਈਚਾਰੇ ਖਿਲਾਫ਼।
ਨਿਆਂ ਪਾਲਿਕਾ, ਸਰਕਾਰ ਤੋਂ ਬਾਹਰ ਨੀਂ। ਜੱਜਾਂ ਦੀ ਨਿਯੁਕਤੀ,ਬਦਲੀ ਅਤੇ "ਮਾਣ-ਤਾਣ", ਸਰਕਾਰ ਦੀ ਮੁੱਠੀ 'ਚ।ਨੁਪੂਰ ਸ਼ਰਮਾ ਨੂੰ ਕਿੱਡਾ ਮਾਣ, ਸੁਪਰੀਮ ਕੋਰਟ 'ਚ ਅਰਜ਼ੀ।ਸਾਰੇ ਪਰਚੇ ਦਿੱਲੀ ਪੁਲਸ ਨੂੰ ਦੇਣ ਦੀ ਅਪੀਲ।ਕੋਰਟ ਖੁਦ ਅੱਗੇ ਆਈ। ਗੱਲਬਾਤ ਵਿਚ ਸਖਤੀ, ਸਜ਼ਾ ਵਿੱਚ ਨਰਮੀ। ਗੱਲਾਂ ਦਾ ਕੜਾਹ,ਨਰਮਗੋਸ਼ਾ। ਸਾਰੇ ਮੁਲਕ ਤੋਂ ਮਾਫ਼ੀ ਮੰਗੋ,ਖਹਿੜਾ ਛੁਡਾਓ।
ਮੁਲਕ ਬਹੁ ਨਸਲੀ।ਬਹੁ ਧਰਮੀ।ਬਹੁ ਭਾਸ਼ੀ।ਮੁਲਕ ਹਿਤੂ ਨਹੀਂ, ਨਫ਼ਰਤੀ ਮਾਹੌਲ। ਫਿਰਕਾਪ੍ਰਸਤੀ ਤੇ ਫਿਰਕੂ ਫਾਸ਼ੀ ਹੱਲੇ।ਇਹ ਰੁਕਣ।ਮੁਲਕ ਦੀ ਤਰੱਕੀ,ਲੋਕਾਂ ਦੀ ਖੁਸ਼ਹਾਲੀ, ਮੁੱਦਾ ਬਣੇ।ਜਿਉਣ ਦੇ ਮਸਲੇ ਉੱਠਣ।ਪਰਾਪਤੀ ਲਈ ਆਵਾਜ਼ ਉੱਠੇ। ਮਾਹੌਲ ਬਦਲੇਗਾ। ਫਿਰਕੂ ਹਨੇਰੀ ਰੁਕੇਗੀ।
-
ਜਗਮੇਲ ਸਿੰਘ, ਲੇਖਕ
planner1947@gmail.com
9417224822
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.