ਸਾਡੇ ਫਰੀਦਕੋਟ ਜਿਲੇ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਇਸ ਇੱਕੋ ਵੇਲੇ ਜਿਲੇ ਦੀਆਂ ਦੋ ਮਾਲਕਣਾਂ ਹਨ,ਭਾਵ ਦੋਵੇਂ ਈ ਕੁੜੀਆਂ। ਇਹ ਦੋਵੇਂ ਸਾਡੀਆਂ ਧੀਆਂ ਵਾਸਤੇ ਮਾਰਗ ਦਰਸ਼ਕ ਹਨ,ਪ੍ਰੇਰਣਾ ਤੇ ਹੌਸਲਾ ਅਫਜਾਈ ਦਾ ਸ੍ਰੋਤ ਹਨ ਤੇ ਇਨਾਂ ਦੋਵਾਂ ਅਹੁਦਿਆਂ ਉਤੇ ਇਨਾਂ ਦੀ ਤਾਇਨਾਤੀ ਨੇ ਨਵੀਂ ਪਿਰਤ ਵੀ ਪਾਈ ਹੈ। ਸਾਡੇ ਜਿਲੇ ਦੀ ਪਹਿਲੀ ਐਸ ਐਸ ਪੀ ਅਵਨੀਤ ਕੌਰ ਸਿੱਧੂ ਹਨ ਤੇ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਆਈ ਏ ਐਸ।
ਅਵਨੀਤ ਕੌਰ ਸਿੱਧੂ ਦੀ ਗੱਲ ਕਰੀਏ, ਤਾਂ ਉਸਨੇ ਬਚਪਨ ਵਿਚ ਹੀ ਆਪਣੀਆਂ ਅੱਖਾਂ ਵਿਚ ਇਹ ਸੁਪਨੇ ਸੰਜੋ ਲਏ ਸਨ ਕਿ ਜਿੰਦਗੀ 'ਚ ਬਹੁਤ ਅੱਗੇ ਵਧਣਾ ਹੈ, ਕੁਝ ਨਿਵੇਕਲਾ ਕਰਨਾ ਹੈ। ਕਠਿਨ ਮੇਹਨਤ ਕਰਨੀ ਹੈ। ਇਉਂ ਆਪਣੀ ਹਿੰਮਤ ਤੇ ਹੌਸਲੇ ਨਾਲ ਮੇਹਨਤ ਕਰਦੀ ਹੋਣਹਾਰ ਅਵਨੀਤ ਅਵੱਲ ਦਰਜੇ ਦੀ ਨਿਸ਼ਾਨੇਬਾਜ ਬਣੀ ਤੇ ਮਾਲਵੇ ਦੇ ਟਿੱਬਿਆਂ ਤੋਂ ਮੈਲਬੌਰਨ ਤੀਕ ਤੇ ਬਠਿੰਡੇ ਤੋਂ ਬੀਜਿੰਗ ਤੱਕ ਪ੍ਰਥਮ ਰਹੀ ਸਾਡੀ ਧੀ।ਰਾਸ਼ਟਰ ਮੰਡਲ ਤੇ ਏਸ਼ਿਆਈ ਖੇਡਾਂ ਵਿਚ ਸੋਨ ਤਮਗੇ ਜਿੱਤੇ ਸਾਡੀ ਏਸ ਪਹਿਲੀ ਪੰਜਾਬਣ ਨਿਸ਼ਾਨੇਬਾਜ ਨੇ। ਜਦ ਉਹ ਉਲੰਪਿਕ ਵਿੱਚ ਅਵੱਲ ਰਹੀ ਤਾਂ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਹੱਥੋਂ ਅਰਜਨਾ ਐਵਾਰਡੀ ਦਾ ਮਾਣ ਪਾਇਆ। ਨਿਸ਼ਾਨੇਬਾਜੀ ਕਰਦਿਆਂ ਵੀ ਉਸਨੇ 400 ਸੌ 'ਚੋਂ 400 ਸੌ ਸਕੋਰ ਬਣਾਉਂਦਿਆਂ ਵਿਸ਼ਵ ਦੇ ਅਵੱਲ ਸਕੋਰ ਦੀ ਬਰਾਬਰੀ ਕੀਤੀ। ਆਪਣੀਆਂ ਖੂਬਸੂਰਤ ਖੇਡ ਪ੍ਰਾਪਤੀਆਂ ਸਦਕਾ ਉਨਾਂ ਨੂੰ ਪੰਜਾਬ ਸਰਕਾਰ ਨੇ ਡੀ ਐਸ ਪੀ ਭਰਤੀ ਕੀਤਾ। ਮੇਰੇ ਮਿੱਤਰ ਤੇ ਖੇਡ ਲੇਖਕ ਨਵਦੀਪ ਗਿੱਲ ਨੇ ਅਵਨੀਤ ਮੈਡਮ ਬਾਰੇ ਇਕ ਲੰਬਾ ਚੌੜਾ ਲੇਖ ਲਿਖਿਆ ਸੀ, ਮੈਨੂੰ ਘੱਲਿਆ ਤੇ ਪੜਿਆ। ਅਵਨੀਤ ਮੈਡਮ ਦੀਆਂ ਖੇਡ ਪ੍ਰਾਪਤੀਆਂ ਲਾ-ਮਿਸਾਲ ਤੇ ਖੂਬ ਹਨ। ਨਵਦੀਪ ਨੇ ਖੇਡ ਸੰਸਾਰ ਦੀਆਂ-ਲੜੀਵਾਰ ਛਪ ਰਹੀਆਂ ਕਿਤਾਬਾਂ ਵਾਸਤੇ ਵੀ ਮੈਡਮ ਅਵਨੀਤ ਬਾਰੇ ਅੱਠ ਨੰਬਰ ਲੜੀ ਰਾਖਵੀਂ ਰੱਖੀ ਹੈ। ਏਥੇ ਬਹੁਤਾ ਕੁਝ ਲਿਖਣ ਨਾਲੋਂ ਪਾਠਕਾਂ ਨੂੰ ਕਿਤਾਬ ਹੀ ਭੇਟ ਕਰਾਂਗੇ।
*
ਦੋ ਕੁ ਸਾਲ ਹੋਏ, ਉਦੋਂ ਫਾਜਿਲਕਾ ਦੇ ਐਸ ਐਸ ਪੀ ਮੇਰੇ ਪੁਰਾਣੇ ਮਿੱਤਰ ਸ੍ਰ ਹਰਜੀਤ ਸਿੰਘ ਨੇ ਇਕ ਸ਼ਾਮ ਡਿਨਰ ਉਤੇ ਬੁਲਾਇਆ ਸੀ, ਤਾਂ ਮੈਡਮ ਅਵਨੀਤ ਦੁਪਹਿਰ ਵੇਲੇ ਉਨਾਂ ਕੋਲ ਦਫਤਰ ਮਿਲੇ ਸਨ, ਉਦੋਂ ਉਹ ਉਥੇ ਐਸ ਪੀ ਤਾਇਨਾਤ ਸਨ। ਗੱਲਾਂ ਗੱਲਾਂ ਵਿਚ ਆਖਣ ਲੱਗੇ ਕਿ ਵੀਰ ਜੀ, ਆਪ ਦੀ ਕਿਤਾਬ 'ਜੱਜ ਦਾ ਅਰਦਲੀ' ਦਿਓ, ਬੜੀ ਇੱਛਾ ਹੈ ਦੇਰ ਤੋਂ ਪੜਨ ਦੀ। ਉਸ ਦਿਨ ਮੇਰੇ ਕੋਲ ਇਹ ਕਿਤਾਬ ਨਹੀ ਸੀ ਤੇ ਮੈਂ "ਨਿੱਕੇ ਪੈਰਾਂ ਦੀਆਂ ਪੈੜਾਂ" ਕਿਤਾਬ ਆਦਰ ਨਾਲ ਲਿਖਕੇ ਤੇ ਦਸਤਖਤ ਕਰਕੇ ਭੇਟ ਕੀਤੀ। ਉਨਾਂ ਦੀ ਸਾਹਿਤਕ ਰੁਚੀ ਚੰਗੀ ਲੱਗੀ। ਹਰਜੀਤ ਸਿੰਘ ਜੀ ਕਿਧਰੇ ਛੋਟੀ ਮੀਟਿੰਗ ਵਿਚ ਗਏ ਹੋਏ ਸੀ ਤੇ ਮੈਡਮ ਅਵਨੀਤ ਆਪਣੀਆਂ ਖੇਡ ਯਾਦਾਂ ਰੌਚਕਤਾ ਨਾਲ ਸੁਣਾ ਰਹੇ ਸੀ। ਸਾਰਿਆਂ ਨੇ ਇਕੱਠਿਆਂ ਡਿਨਰ ਕੀਤਾ। ਦੇਰ ਰਾਤ ਤੀਕ ਬੈਠੇ ਰਹੇ। ਅਵਨੀਤ ਮੈਡਮ ਦਾ ਨੇਕ ਸੁਭਾਓ ਤੇ ਗੱਲ ਕਰਨ ਦਾ ਸਹਿਜ ਢੰਗ ਪ੍ਰਭਾਵਿਤ ਕਰਨ ਵਾਲਾ ਲੱਗਿਆ ।
ਹੁਣ ਫਰੀਦਕੋਟ ਵਿਖੇ ਬਤੌਰ ਐਸ ਐਸ ਪੀ ਉਸਦਾ ਕੰਮ ਮੂੰਹੋਂ ਬੋਲ ਰਿਹਾ ਹੈ। ਉਹ ਸਿਰੜੀ ਹੈ। ਦਿਆਲੂ ਵੀ ਹੈ। ਸ਼ੋਸ਼ਲੀ ਵੀ ਹੈ। ਉਹਦੀਆਂ ਸਮਾਜਿਕ ਸਰਗਰਮੀਆਂ ਤੇ ਪੁਲੀਸ ਕਾਰਜਾਂ ਵਿਚ ਖਿਡਾਰੀਆਂ ਵਾਲੀ ਤੇਜੀ ਸਾਫ ਦਿਸ ਰਹੀ ਹੈ। ਪਬਲਿਕ ਡੀਲਿੰਗ ਵੀ ਬਹੁਤ ਵਧੀਆ ਹੈ। ਅਵਨੀਤ ਕੌਰ ਸਿੱਧੂ ਵਾਸਤੇ ਸ਼ੁਭ ਇਛਾਵਾਂ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.