ਲੁਧਿਆਣਾ ---ਪੰਜਾਬ ਨੇ ਦੁਨੀਆਂ ਦੀ ਹਾਕੀ ਨੂੰ ਬਹੁਤ ਵੱਡੇ ਵੱਡੇ ਹਾਕੀ ਸਿਤਾਰੇ ਦਿੱਤੇ ਹਨ ਪਰ ਅਜਿਹੇ ਬਹੁਤ ਘੱਟ ਮਿਲੇ ਹਨ ਜਿਹੜੇ ਬਤੌਰ ਇਕ ਇਨਸਾਨ, ਬਤੌਰ ਇਕ ਖਿਡਾਰੀ, ਬਤੌਰ ਇਕ ਪ੍ਰਬੰਧਕ ਅਤੇ ਆਪਣੇ ਵਧੀਆ ਸੁਭਾਅ ਵਜੋਂ ਜਿਸ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੋਵੇ । ਸੱਚਮੁੱਚ ਹੀ ਅਜਿਹੀ ਸ਼ਖ਼ਸੀਅਤ ਹੀ ਸਨ ,ਹਾਕੀ ਓਲੰਪੀਅਨ , 1975 ਦੇ ਵਿਸ਼ਵ ਚੈਂਪੀਅਨ ਵਰਿੰਦਰ ਸਿੰਘ ਜੋ ਬੀਤੀ 28 ਜੂਨ 2022 ਨੂੰ ਪਰਮਾਤਮਾ ਵੱਲੋਂ ਆਪਣੀ ਦਿੱਤੀ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ ।
ਓਲੰਪੀਅਨ ਵਰਿੰਦਰ ਸਿੰਘ ਨੇ ਰਾਈਟ ਹਾਫ ਪੁਜ਼ੀਸ਼ਨ ਤੇ ਖੇਡਦਿਆਂ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਆਲਮੀ ਪੱਧਰ ਤੇ ਵੱਡੀਆਂ ਮੱਲਾਂ ਮਾਰੀਆਂ ਹਨ । ਭਾਰਤ ਦੀ 1975 ਕੁਆਲਾਲੰਪਰ ਵਿਸ਼ਵ ਕੱਪ ਦੀ ਚੈਂਪੀਅਨ ਜਿੱਤ ਵਿਚ ਵਰਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। 1975 ਆਲਮੀ ਹਾਕੀ ਕੱਪ ਵਿਚ ਜੇ ਕਰ ਦੁਨੀਆਂ ਦੀ ਹਾਕੀ ਵਿੱਚ ਫਲਾਇੰਗ ਹੌਰਸ ਦਾ ਰੁਤਬਾ ਹਾਸਲ ਕਰਨ ਵਾਲੇ ਪਾਕਿਸਤਾਨੀ ਲੈਫਟ ਵਿੰਗਰ ਸਮੀਉੱਲ੍ਹਾ ਖਾਨ ਨੂੰ ਫਾਈਨਲ ਮੁਕਾਬਲੇ ਵਿੱਚ ਨਾ ਰੋਕਦਾ ਤਾਂ ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਵਾਂਝਾ ਰਹਿ ਜਾਣਾ ਸੀ । ਚੈਂਪੀਅਨ ਜਿੱਤ ਤੋਂ ਬਾਅਦ ਜਿੱਤ ਦਾ ਸਾਰਾ ਸਿਹਰਾ ਭਾਰਤੀ ਹਾਕੀ ਟੀਮ ਨੇ ਵਰਿੰਦਰ ਸਿੰਘ ਨੂੰ ਦਿੱਤਾ ਸੀ ।
ਇਸ ਤੋਂ ਇਲਾਵਾ ਓਸ ਨੇ 1972 ਦੀਆਂ ਮਿਊਨਖ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣਾ , ਐਮਸਟਰਡਮ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਣਾ, 1974 ਤਹਿਰਾਨ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣਾ , 1976 ਮਾਂਟਰੀਅਲ ਓਲੰਪਿਕ ਅਤੇ 1978 ਬਿਊਨਸ ਆਇਰਸ ਵਿਸ਼ਵ ਕੱਪ ਵਿੱਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨਾ ਵਰਿੰਦਰ ਸਿੰਘ ਦੀਆਂ ਅਹਿਮ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ । ਆਲ ਏਸ਼ੀਅਨ ਸਟਾਰ ਅਤੇ ਵਿਸ਼ਵ ਇਲੈਵਨ ਲਈ ਉਸ ਦਾ ਨਾਮ ਕਈ ਵਾਰ ਚੁਣਿਆ ਗਿਆ। ਉਹ ਦੁਨੀਆਂ ਦਾ ਸੁਪਰਸਟਾਰ ਖਿਡਾਰੀ ਸੀ ਪਰ ਜ਼ਿੰਦਗੀ ਇਕ ਸਾਧਾਰਨ ਇਨਸਾਨ ਦੀ ਤਰ੍ਹਾਂ ਜਿਊਂਦਾ ਸੀ ।
ਓਲੰਪੀਅਨ ਵਰਿੰਦਰ ਸਿੰਘ ਨੇ ਕਦੇ ਵੀ ਆਪਣੀ ਅਣਖ ਨੂੰ ਵੀ ਚੈਲੰਜ ਨਹੀਂ ਹੋਣ ਦਿੱਤਾ 1978 ਵਿੱਚ ਵਿਸ਼ਵ ਕੱਪ ਦੀ ਤਿਆਰੀ ਦੌਰਾਨ ਜਦੋਂ ਇੱਕ ਹਾਕੀ ਇੰਡੀਆ ਦੇ ਉੱਚ ਅਧਿਕਾਰੀ ਨੇ ਪੰਜਾਬੀਆਂ ਦੀ ਅਣਖ ਤੇ ਖ਼ਿਲਾਫ਼ ਦੇ ਖ਼ਿਲਾਫ਼ ਕੁਝ ਗਲਤ ਸ਼ਬਦ ਬੋਲੇ ਤਾਂ ਵਰਿੰਦਰ ਸਿੰਘ ਨੇ ਆਪਣੇ ਸਾਥੀ ਬਲਦੇਵ ਸਿੰਘ ਅਤੇ ਸੁਰਜੀਤ ਸਿੰਘ ਰੰਧਾਵਾ ਸਮੇਤ ਭਾਰਤੀ ਹਾਕੀ ਟੀਮ ਦਾ ਕੋਚਿੰਗ ਕੈਂਪ ਵਿੱਚ ਵਿਚਾਲੇ ਹੀ ਛੱਡ ਦਿੱਤਾ ਸੀ ਬਾਅਦ ਵਿੱਚ ਅਧਿਕਾਰੀਆਂ ਵੱਲੋਂ ਮਾਫੀ ਮੰਗਣ ਤੇ ਦੁਬਾਰਾ ਕੋਚਿੰਗ ਕੈਂਪ ਜੁਆਇਨ ਕੀਤਾ । ਸੁਭਾਅ ਪੱਖੋਂ ਉਹ ਇੱਕ ਦੇਵਤਾ ਇਨਸਾਨ ਸੀ ।
ਨਿਮਰਤਾ, ਠਰ੍ਹੰਮਾ ,ਸਾਊਪੁਣਾ , ਮਿੱਠੇ ਬੋਲਣਾ ਉਸਦੇ ਸੁਭਾਅ ਦਾ ਹਿੱਸਾ ਸੀ । ਉਹ 16 ਕਲਾ ਸੰਪੂਰਨ ਇਨਸਾਨ ਸੀ । ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜੋ ਉਸ ਨੂੰ ਉਸ ਦੀਆਂ ਪ੍ਰਾਪਤੀਆਂ ਬਦਲੇ ਮਾਣ ਸਤਿਕਾਰ ਮਿਲਣਾ ਚਾਹੀਦਾ ਸੀ ਉਹ ਕਦੇ ਵੀ ਨਹੀਂ ਮਿਲਿਆ। ਹਾਲਾਂਕਿ ਕਈ ਨਿਗੂਣੀਆਂ ਪ੍ਰਾਪਤੀਆਂ ਕਰਨ ਵਾਲੇ ਅਤੇ ਸਰਕਾਰਾਂ ਦੀ ਚਾਪਲੂਸੀ ਕਰਨ ਵਾਲੇ ਉਸ ਤੋਂ ਅੱਗੇ ਨਿਕਲ ਗਏ ਪਰ ਉਸ ਨੇ ਕਦੇ ਵੀ ਇਸ ਚੀਜ਼ ਦਾ ਗਿਲਾ ਨਹੀਂ ਕੀਤਾ ਕਿ ਉਸ ਨੂੰ ਕੋਈ ਉੱਚ ਮੁਕਾਮ ਹਾਸਲ ਕਿਉਂ ਨਹੀਂ ਹੋਇਆ , ਕਿਉਂਕਿ ਉਹ ਤਾਂ ਇੱਕ ਸੱਚਾ ਸੁੱਚਾ ਹਾਕੀ ਨੂੰ ਸਮਰਪਿਤ ਇਨਸਾਨ ਸੀ । ਜੇਕਰ ਓਲੰਪੀਅਨ ਵਰਿੰਦਰ ਭਾਜੀ ਦੀ ਜ਼ਿੰਦਗੀ ਦਾ ਪੂਰਾ ਨਿਚੋੜ ਕੱਢਣਾ ਹੋਵੇ ਤਾਂ ਇੱਕ ਸਦੀਆਂ ਬਾਅਦ ਪੈਦਾ ਹੋਣ ਵਾਲੀ ਸ਼ਖ਼ਸੀਅਤ ਸੀ ।
ਲੰਬਾ ਅਰਸਾ ਉਨ੍ਹਾਂ ਨੇ ਰੇਲਵੇ ਵਿੱਚ ਇੱਕ ਉੱਚ ਅਧਿਕਾਰੀ ਵਜੋਂ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਪੰਜਾਬ ਦੀ ਹਾਕੀ ਨੂੰ ਭਾਵੇਂ ਸੁਰਜੀਤ ਹਾਕੀ ਅਕੈਡਮੀ ਹੋਵੇ, ਪੰਜਾਬ ਰਾਊਂਡ ਗਰਾਸ ਅਕੈਡਮੀ ਹੋਵੇ ,ਉਹ ਹਾਕੀ ਪ੍ਰਤੀ, ਗਰਾਊਂਡ ਪ੍ਰਤੀ ਅਤੇ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਪ੍ਰਤੀ ਸਮਰਪਿਤ ਰਹੇ ਹਨ । ਓਲੰਪੀਅਨ ਵਰਿੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਪੰਜਾਬ ਦੀਆਂ ਖੇਡਾਂ ਖਾਸ ਕਰਕੇ ਹਾਕੀ ਖੇਡ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਵਰਗੀ ਓਲੰਪੀਅਨ ਵਰਿੰਦਰ ਸਿੰਘ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 5 ਜੁਲਾਈ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਧੰਨੋਵਾਲੀ ਜ਼ਿਲ੍ਹਾ ਜਲੰਧਰ ਵਿਖੇ ਹੋਵੇਗੀ ।
ਓਲੰਪੀਅਨ ਵਰਿੰਦਰ ਸਿੰਘ ਰੇਲਵੇ ਦੀ ਬੇਵਕਤੀ ਮੌਤ ਤੇ ਖੇਡ ਸਮਰਥਕ ਅਧਿਕਾਰੀ ਸਾਬਕਾ ਡੀਜੀਪੀ ਰਾਜਦੀਪ ਸਿੰਘ ਗਿੱਲ , ਅੰਤਰਰਾਸ਼ਟਰੀ ਖਿਡਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਮੁਖੀ , ਵਰਿੰਦਰ ਸਿੰਘ ਦੇ ਸਮਕਾਲੀ ਸਾਥੀ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਸਕੱਤਰ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ , ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਬੰਧਕ ਇਕਬਾਲ ਸਿੰਘ ਸੰਧੂ ਸਾਬਕਾ ਪੀਸੀਐਸ ਅਧਿਕਾਰੀ, ਸੁਰਿੰਦਰ ਸਿੰਘ ਰੇਲਵੇ ਭਾਪਾ ,ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ , ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ ,ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਫਾਈਵ ਜਾਬ ਫਾਊਂਡੇਸ਼ਨ ਦੇ ਮੁਖੀ ਜਗਦੀਪ ਸਿੰਘ ਘੁੰਮਣ, ਪ੍ਰਿੰਸੀਪਲ ਬਲਵੰਤ ਸਿੰਘ ਚਕਰ , ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ,ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਕੌਮੀ ਵੇਟਲਿਫ਼ਟਰ ਹਰਦੀਪ ਸਿੰਘ ਰੇਲਵੇ, ਅਜੈਬ ਸਿੰਘ ਗਰਚਾ ਯੂਕੇ , ਪ੍ਰਿੰਸੀਪਲ ਪ੍ਰੇਮ ਕੁਮਾਰ ਫਿਲੌਰ ਆਦਿ ਹੋਰ ਖੇਡਾਂ ਨੂੰ ਸਮਰਪਿਤ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਓਲੰਪੀਅਨ ਵਰਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ ਅਤੇ ਹਾਕੀ ਦੇ ਇਸ ਮਹਾਨ ਸਿਤਾਰੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ ।
-
ਜਗਰੂਪ ਸਿੰਘ ਜਰਖੜ , ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.