ਸਾਡੇ ਬਹੁਤ ਹੀ ਪਿਆਰੇ ਅਤੇ ਮਿਹਨਤੀ ਸ਼ਾਇਰ ਹਰਦਮ ਮਾਨ ਹੁਰਾਂ ਦੀ ਕਿਤਾਬ 'ਸ਼ੀਸ਼ੇ ਦੇ ਅੱਖਰ' ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਇਹ ਕਿਤਾਬ ਇਕ ਅਜਿਹਾ ਆਈਨਾ ਹੈ ਜਿਸ ਵਿਚ ਦੀ ਜ਼ਿੰਦਗੀ ਨੂੰ ਹਰ ਕੋਣ ਤੋਂ ਦੇਖਿਆ-ਪਰਖਿਆ ਜਾ ਸਕਦਾ ਹੈ। ਸ਼ਾਇਰੀ ਵਿਚਲਾ ਸੁਹਜ ਏਨਾ ਕਮਾਲ ਦਾ ਹੈ ਕਿ ਹਰ ਗ਼ਜ਼ਲ, ਪਾਠਕ ਦੇ ਧੁਰ ਅੰਦਰ ਲਹਿੰਦੀ ਜਾਂਦੀ ਹੈ। ਮਾਨ ਸਾਹਬ ਨੇ ਹਰ ਸ਼ਿਅਰ ਵਿੱਚ ਹੀ ਕਿਸੇ ਮੰਝੇ ਹੋਏ ਮੁਸੱਵਰ ਵਾਂਗ ਇਕ ਤਸਵੀਰ ਚਿਤਰੀ ਹੈ ਅਤੇ ਖ਼ੂਬਸੂਰਤ ਗੱਲ ਇਹ ਹੈ ਕਿ ਹਰ ਤਸਵੀਰ ਦੀ ਕੈਨਵਸ ਪੂਰੀ ਕਾਇਨਾਤ ਨੂੰ ਰੱਖਿਆ ਹੈ। ਮੈਂ ਮਾਨ ਸਾਹਬ ਨੂੰ ਬਹੁਤਾ ਤੇ ਬੇਲੋੜਾ ਬੋਲਦੇ ਕਦੇ ਨਹੀਂ ਸੁਣਿਆਂ। ਉਹ ਇਕ ਸ਼ਾਂਤ-ਮਨ ਕਵੀ ਹਨ ਪਰ ਉਨ੍ਹਾਂ ਦੀ ਕਲਮ ਇਸੇ ਚੁੱਪ ਦੇ ਓਹਲੇ ਰਹਿ ਕੇ ਕੁਦਰਤ ਨਾਲ ਸੰਵਾਦ ਸਿਰਜਦੀ ਹੈ। ਉਨ੍ਹਾਂ ਦੀ ਇਸ ਕਿਤਾਬ ਦਾ ਪਹਿਲਾ ਸ਼ਿਅਰ ਉਨ੍ਹਾਂ ਦੇ ਸੁਭਾਅ ਦੀ ਤਰਜਮਾਨੀ ਕਰਦਾ ਪ੍ਰਤੀਤ ਹੁੰਦਾ ਹੈ:
ਮੇਰੀਆਂ ਗ਼ਜ਼ਲਾਂ ਚ ਨਦੀਆਂ ਥਲ ਸਮੁੰਦਰ ਬੋਲਦੇ ਨੇ
ਮੈਂ ਰਹਾਂ ਖ਼ਾਮੋਸ਼, ਮੇਰੇ ਸ਼ਬਦ ਅਕਸਰ ਬੋਲਦੇ ਨੇ
ਇਕ ਸੁਲਝਿਆ ਹੋਇਆ ਗ਼ਜ਼ਲਗੋ ਉਹੀ ਮੰਨਿਆ ਜਾਂਦਾ ਹੈ ਜੋ ਅਰੂਜ਼ ਦੀਆਂ ਬੰਦਸ਼ਾਂ ਨਿਭਾਉਣ ਦੇ ਨਾਲ-ਨਾਲ ਵਿਸ਼ਿਆਂ ਦੀ ਚੋਣ ਕਰਨ ਦਾ ਵੀ ਮਾਹਿਰ ਹੋਵੇ। ਵਿਸ਼ਿਆਂ ਦੀ ਚੋਣ ਦਾ ਮਸਲਾ ਤੁਹਾਡੇ ਤਖ਼ਈਅਲ ਦੀ ਉਡਾਨ ਨਾਲ ਜੁੜਿਆ ਹੁੰਦਾ ਹੈ। ਜਿੰਨੇ ਖ਼ਿਆਲ ਉੱਚੇ ਹੋਣਗੇ ਓਨਾ ਹੀ ਨਜ਼ਰੀਆ ਵਿਸ਼ਾਲ ਹੋਵੇਗਾ। ਵਿਰਲਾ ਹੀ ਕੋਈ ਸ਼ਾਇਰ ਹੁੰਦਾ ਹੈ ਜੋ ਹਰ ਵਿਸ਼ੇ ਨੂੰ ਦੇਖਣ, ਸਮਝਣ, ਵਿਚਾਰਨ ਦੇ ਯੋਗ ਹੋਵੇ। ਕਿਸੇ ਵੀ ਸੰਵੇਦਨਸ਼ੀਲ ਵਿਸ਼ੇ ਤੇ ਲਿਖਣ ਵੇਲੇ ਜੇ ਸ਼ਾਇਰ ਡਰ ਜਾਵੇ ਜਾਂ ਦੱਬ ਜਾਵੇ ਤਾਂ ਸਮਝੋ ਕਿ ਉਹ ਸ਼ਾਇਰੀ ਨਾਲ ਧੋਖਾ ਕਰ ਰਿਹਾ ਹੈ। ਦਰਅਸਲ ਸ਼ਾਇਰੀ ਅਤੇ ਫ਼ਕੀਰੀ ਵਿਚ ਬਹੁਤਾ ਫ਼ਰਕ ਨਹੀਂ ਹੈ। ਇਸ ਵਰਤਾਰੇ ਤੇ ਮਾਨ ਸਾਹਿਬ ਦਾ ਇਕ ਖ਼ੂਬਸੂਰਤ ਸ਼ਿਅਰ ਹੈ ਕਿ
ਉਹ ਸ਼ਹਿਰਾਂ ਜੰਗਲਾਂ ਜੇਲ੍ਹਾਂ ਚ ਵੀ ਆਜ਼ਾਦ ਰਹਿੰਦੇ ਨੇ
ਫ਼ਕੀਰਾਂ ਤੇ ਨਹੀਂ ਚਲਦੀ ਹਕੂਮਤ ਸ਼ਹਿਨਸ਼ਾਹਾਂ ਦੀ
ਸ਼ਾਇਰੀ ਕਹਿ ਕੇ ਨਹੀਂ ਕਰਵਾਈ ਜਾ ਸਕਦੀ। ਕਿਸੇ ਨੂੰ ਕੋਈ ਵਿਸ਼ਾ ਦੇ ਕੇ ਉਸ ਤੇ ਲਿਖਵਾਉਣਾ ਉਸ ਦੀ ਸ਼ਾਇਰੀ ਦੇ ਨਾਲ ਧੱਕਾ ਕਰਨ ਵਾਂਗ ਹੁੰਦਾ ਹੈ। ਸ਼ਾਇਰ ਜੋ ਮਹਿਸੂਸ ਕਰਦਾ ਹੈ ਉਹ ਲਿਖਦਾ ਹੈ। ਮਾਨ ਸਾਹਿਬ ਕਹਿੰਦੇ ਹਨ
ਪਹਿਲਾਂ ਮੇਰੀ ਰੱਤ ਅੰਦਰ ਹੈ ਵਾਪਰਦਾ
ਕਾਗ਼ਜ਼ ਉੱਤੇ ਜੋ ਵੀ ਮੰਜ਼ਰ ਲਿਖਦਾ ਹਾਂ
ਮਾਂਵਾਂ ਦੇ ਦੁਖੜੇ ਤੇ ਹਉਕੇ ਧਰਤੀ ਦੇ
ਅਪਣੇ ਦਿਲ ਤੇ ਪੱਥਰ ਧਰ ਧਰ ਲਿਖਦਾ ਹਾਂ
ਧਰਤੀ ਉੱਤੇ ਰਿਸ਼ਤੇ ਬਣਾਉਣ ਅਤੇ ਉਨ੍ਹਾਂ ਦਾ ਨਿੱਘ ਮਾਨਣ ਦਾ ਸ਼ਰਫ਼ ਸਿਰਫ਼ ਇਨਸਾਨ ਨੂੰ ਹੀ ਹਾਸਲ ਹੈ। ਇਨ੍ਹਾਂ ਰਿਸ਼ਤਿਆਂ ਵਿਚ ਮਾਪੇ, ਭੈਣ, ਭਰਾ ਅਤੇ ਹੋਰ ਸਾਕ-ਸਕੀਰੀਆਂ ਅਜਿਹੇ ਰਿਸ਼ਤੇ ਹਨ ਜੋ ਕੁਦਰਤੀ ਤੌਰ ਤੇ ਆਪ ਹੀ ਬਣਦੇ ਹਨ। ਪਰ ਕੁੱਝ ਰਿਸ਼ਤੇ ਇਨਸਾਨ ਖ਼ੁਦ ਬਣਾਉਂਦਾ ਹੈ ਜਿਨ੍ਹਾਂ ਵਿਚ ਪਤੀ-ਪਤਨੀ, ਦੋਸਤੀ ਅਤੇ ਮੁਹੱਬਤ ਦਾ ਰਿਸ਼ਤਾ ਜ਼ਿਕਰ ਯੋਗ ਹਨ। ਕੁਦਰਤੀ ਤੌਰ ਤੇ ਬਣੇ ਰਿਸ਼ਤਿਆਂ ਵਿਚ ਕੁੜੱਤਣ ਤਾਂ ਆ ਸਕਦੀ ਹੈ ਪਰ ਇਹ ਟੁੱਟਦੇ ਨਹੀਂ। ਇਨਸਾਨ ਵੱਲੋਂ ਆਪ ਬਣਾਏ ਰਿਸ਼ਤੇ ਕਈ ਵਾਰ ਟੁੱਟ ਜਾਂਦੇ ਹਨ। ਰਿਸ਼ਤਿਆਂ ਵਿਚਲਾ ਨਿੱਘ, ਕੁੜੱਤਣ ਅਤੇ ਇਨ੍ਹਾਂ ਦਾ ਟੁੱਟਣਾ ਅਕਸਰ ਹੀ ਕਵਿਤਾ ਦਾ ਆਧਾਰ ਬਣਦੇ ਹਨ। ਹਰ ਕਵੀ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਇਸ ਤਾਣੇ-ਬਾਣੇ ਨੂੰ ਸ਼ਬਦ ਦਿੰਦਾ ਹੈ। ਮਾਨ ਸਾਹਿਬ ਨੇ ਰਿਸ਼ਤਿਆਂ ਉੱਤੇ ਬਹੁਤ ਭਾਵਪੂਰਨ ਸ਼ਿਅਰ ਕਹੇ ਹਨ:
ਸਿਵੇ ਤੀਕ ਅਕਸਰ ਵਫ਼ਾ ਪਾਲ਼ਦੇ ਨੇ
ਬੜੇ ਗੂੜ੍ਹੇ ਹੁੰਦੇ ਨੇ ਲਾਵਾਂ ਦੇ ਸਾਏ
ਦੂਰ ਦੇ ਅੰਬਰ ਚ ਕੂੰਜਾਂ ਵਾਂਗ ਲੁਕ ਲੁਕ ਰੋਂਦੀਆਂ
ਕੌਣ ਧੀਆਂ ਦਾ ਧਰਾਵੇ ਧੀਰ ਬਾਬਲ ਤੋਂ ਬਗ਼ੈਰ
ਜੋ ਪੌਣ ਵਗ ਰਹੀ ਹੈ ਰੂਹਾਂ ਨੂੰ ਡੱਸ ਰਹੀ ਹੈ
ਪੁੱਤਾਂ ਨੇ ਮੁਖ ਮੋੜੇ, ਮਾਂਵਾਂ ਉਦਾਸ ਹੋਈਆਂ
ਜਿਵੇਂ ਮੈਂ ਪਹਿਲਾਂ ਕਿਹਾ ਕਿ ਸ਼ਾਇਰ ਅਤੇ ਫ਼ਕੀਰ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ। ਇਹ ਦੋਵੇਂ ਹਮੇਸ਼ਾ ਜ਼ਬਰ ਦੇ ਖ਼ਿਲਾਫ਼ ਅਤੇ ਮਾੜੀ ਧਿਰ ਦੇ ਨਾਲ ਖੜ੍ਹਦੇ ਹਨ। ਸ਼ਾਹੀ ਫ਼ਰਮਾਨ ਇਨ੍ਹਾਂ ਨੂੰ ਡਰਾ ਤੇ ਝੁਕਾ ਨਹੀਂ ਸਕਦੇ। ਦੱਬੇ ਕੁਚਲੇ ਲੋਕਾਂ ਦੀਆਂ ਮਜਬੂਰੀਆਂ ਉਜਾਗਰ ਕਰਨੀਆਂ ਅਤੇ ਇਸ ਪੱਖੋਂ ਹਕੂਮਤ ਨਾਲ ਟੱਕਰ ਲੈਣੀ ਕਵੀ ਦਾ ਇਖ਼ਲਾਕੀ ਫ਼ਰਜ਼ ਹੈ। ਮਾਨ ਸਾਹਿਬ ਦੇ ਕੁੱਝ ਸ਼ਿਅਰ, ਉਨ੍ਹਾਂ ਦੇ ਇਸ ਕਸਵੱਟੀ ਤੇ ਖਰੇ ਉੱਤਰਨ ਦੀ ਸ਼ਾਹਦੀ ਭਰਦੇ ਹਨ ਜਿਵੇਂ
ਰੋਜ਼ ਹੀ ਕੱਸ ਕੇ ਸ਼ਿਕੰਜਾ ਦੇਖਦੇ
ਤੜਫ਼ਦੇ ਹੋਇਆਂ ਚ ਕਿੰਨੀ ਜਾਨ ਹੈ
ਸਿਰ ਉਠਾ ਕੇ ਤੁਰਨ ਹਰੀਆਂ ਪੈਲ਼ੀਆਂ
ਕੁਰਸੀਆਂ ਨੂੰ ਇਹ ਕਦੋਂ ਪਰਵਾਨ ਹੈ
ਜੋ ਅੱਗੇ ਲੰਘ ਚੁੱਕੇ ਨੇ ਉਨ੍ਹਾਂ ਨੂੰ ਜਾਣ ਦੇਵੋ
ਜੋ ਪਿੱਛੇ ਰਹਿ ਗਏ ਆਪਾਂ ਉਨ੍ਹਾਂ ਦੇ ਨਾਲ ਦੇ ਹਾਂ
ਕਮਜ਼ੋਰਾਂ ਲਈ ਆਵਾਜ਼ ਬਣਦਿਆਂ ਸ਼ਾਇਰ ਨੂੰ ਅਨੇਕਾਂ ਮੁਸ਼ਕਲਾਂ ਆ ਸਕਦੀਆਂ ਹਨ, ਜਿਵੇਂ ਸ਼ਾਹੀ ਦਬਾਅ, ਪਰਿਵਾਰਕ ਮਜਬੂਰੀਆਂ, ਲਿਹਾਜ਼ਦਾਰੀਆਂ ਅਤੇ ਗ਼ਲਤ ਫਹਿਮੀਆਂ ਵਗ਼ੈਰਾ। ਪਰ ਅਸਲੀ ਸ਼ਾਇਰ ਉਹੀ ਹੈ ਜੋ ਉਮੀਦ ਦਾ ਪੱਲਾ ਨਾ ਛੱਡੇ ਅਤੇ ਆਪਣੀ ਚਾਲੇ ਤੁਰਿਆ ਰਹੇ। ਹਰਦਮ ਹੁਰਾਂ ਨੇ ਇਹ ਪੱਲਾ ਬਹੁਤ ਘੁੱਟ ਕੇ ਫੜਿਆ ਹੋਇਆ ਹੈ। ਉਹ ਕਹਿੰਦੇ ਨੇ:
ਆਥਣ ਵੇਲੇ ਉਂਝ ਤਾਂ ਦਿਲ ਦਾ ਦੀਪ ਜਲਾਇਆ ਜਾ ਸਕਦੈ
ਲੋੜ ਪਵੇ ਤਾਂ ਜੁਗਨੂੰ ਦਾ ਵੀ ਦਰ ਖੜਕਾਇਆ ਜਾ ਸਕਦੈ
ਹਾਲੇ ਤਾਂ ਭੂਚਾਲ ਦੇ ਝਟਕੇ ਆਉਣ ਹੀ ਲੱਗੇ ਨੇ ਯਾਰੋ
ਹਾਲੇ ਵੀ ਵੇਲ਼ਾ ਹੈ ਸੁੱਤਾ ਸ਼ਹਿਰ ਜਗਾਇਆ ਜਾ ਸਕਦੈ
ਹਾਸਿਆਂ ਨੂੰ ਹਉਕਿਆਂ ਦੀ ਹਿੱਕ ਉੱਤੇ ਧਰ ਲਿਆ
ਮੈਂ ਵੀ ਹੁਣ ਤਾਂ ਜ਼ਿੰਦਗੀ ਨੂੰ ਜਿਊਣ ਜੋਗੀ ਕਰ ਲਿਆ
ਇਸ ਤੋਂ ਇਲਾਵਾ ਇਕ ਵਿਸ਼ਾ ਜਿਹੜਾ ਕਿ ਹਰ ਪਰਵਾਸੀ ਸ਼ਾਇਰ ਨੂੰ ਸੁਤੇਸਿਧ ਨੇ ਆਪਣੀ ਗਰਿਫ਼ਤ ਵਿਚ ਲੈ ਲੈਂਦੈ, ਉਹ ਹੈ ਆਪਣੇ ਵਤਨ ਦਾ ਵਿਛੋੜਾ। ਭੂ-ਹੇਰਵੇ ਦੀ ਇਸ ਮਰਜ਼ ਦਾ ਇਲਾਜ ਦੁਨੀਆ ਦੀ ਕੋਈ ਵੀ ਸਰਜਰੀ, ਦਵਾਈ ਜਾਂ ਮੰਤਰ-ਤੰਤਰ ਨਹੀਂ ਕਰ ਸਕਦੇ। ਉਮਰ ਦਾ ਪਹਿਲਾ ਹਿੱਸਾ ਪੰਜਾਬ ਵਿਚ ਗੁਜ਼ਾਰ ਕੇ ਆਏ ਲੋਕਾਂ ਨੂੰ ਏਥੇ ਮਖ਼ਮਲੀ ਵਿਛਾਉਣਿਆਂ ਤੇ ਵੀ ਉਹੋ ਜਿਹੀ ਨੀਂਦ ਨਹੀਂ ਆਉਂਦੀ ਜਿਹੋ ਜਿਹੀ ਪੰਜਾਬ ਵਿਚ ਵਾਣ ਵਾਲ਼ੇ ਮੰਜੇ ਤੇ ਆਉਂਦੀ ਸੀ। ਉਹਨਾਂ ਦੇ ਹੱਥ ਸੁਪਨੇ ਵਿਚ ਸਾਵੇ ਤੇ ਬੱਗੇ ਦੀ ਪਿੱਠ ਥਾਪੜਦੇ ਰਹਿੰਦੇ ਹਨ। ਕੁੱਕੜ ਦੀ ਬਾਂਗ ਨਾਲ ਉੱਠਣ ਵਾਲੇ ਲੋਕ ਜਦ ਟਾਈਮ-ਪੀਸ ਦੇ ਅਲਾਰਮ ਤੇ ਉੱਠ ਕੇ ਆਪਣੇ ਬਾੱਸ ਦੀਆਂ ਝਿੜਕਾਂ ਖਾਣ ਨਿਕਲ਼ ਪੈਂਦੇ ਹਨ ਤਾਂ ਆਪਣੀਆਂ ਪੰਜਾਬ ਵਿਚਲੀਆਂ ਸਰਦਾਰੀਆਂ ਨੂੰ ਯਾਦ ਕਰ ਕੇ ਝੂ੍ਰਦੇ ਹਨ। ਪਰਵਾਸ ਹੰਢਾਉਂਦਿਆਂ ਅਤੇ ਬੀਤੇ ਦਿਨਾਂ ਨੂੰ ਯਾਦ ਕਰਦਿਆਂ ਮਾਨ ਸਾਹਿਬ ਨੇ ਬਹੁਤ ਪਿਆਰੇ ਸ਼ਿਅਰ ਕਹੇ ਹਨ:
ਸਾਰੀ ਧਰਤੀ ਗਾਹ ਕੇ ਵੀ ਸੁੱਖ ਨਾ ਮਿਲਿਆ
ਕੀ ਕੀ ਨਾਚ ਨਚਾਏ ਢਿੱਡ ਦੀ ਆਂਦਰ ਨੇ
ਨਹਾਉਣਾ ਛੱਪੜਾਂ ਵਿਚ ਗਾਰ ਮਲ਼ਨੀ ਪਿੰਡਿਆਂ ਉੱਤੇ
ਚਰਾਂਦਾਂ ਖੁੱਲ੍ਹੀਆਂ ਅੰਦਰ ਉਹ ਮਾਲ ਡੰਗਰ ਯਾਦ ਆਉਂਦੇ ਨੇ
ਕਦੇ ਗੰਨੇ ਕਦੇ ਛੱਲੀਆਂ ਕਦੇ ਤਰਬੂਜ਼ ਚੋਰੀ ਦੇ
ਕਦੇ ਪੈਂਦੇ ਸੀ ਜੋ ਬਾਪੂ ਤੋਂ ਛਿੱਤਰ ਯਾਦ ਆਉਂਦੇ ਨੇ
ਮੇਰੀ ਜਾਚੇ ਸੰਵੇਦਨਾ ਹੀ ਸ਼ਾਇਰੀ ਦੀ ਰੂਹ ਹੁੰਦੀ ਹੈ। ਮਨੁੱਖੀ ਮਨ ਦੀਆਂ ਪਰਤਾਂ ਨੂੰ ਮਲਕੜੇ ਜਿਹੇ ਛੂਹ ਕੇ ਲੰਘ ਜਾਣਾ ਹੀ ਸ਼ਾਇਰੀ ਦਾ ਹਾਸਲ ਹੁੰਦਾ ਹੈ। ਜੇ ਸ਼ਿਅਰ ਸੁਣ ਕੇ ਅਸੀਂ ਆਪ 'ਵਾਹ' ਨਾ ਕਹੀਏ ਸਗੋਂ 'ਵਾਹ' ਖ਼ੁਦ ਸਾਡੇ ਮੂੰਹੋਂ ਨਿਕਲ ਜਾਵੇ ਤਾਂ ਸਮਝੋ ਕਿ ਉਹ ਸ਼ਿਅਰ ਸਾਡੇ ਮਨ ਨੂੰ ਛੂਹ ਗਿਆ ਹੈ। ਵਿਸ਼ਾ ਕੋਈ ਵੀ ਹੋਵੇ ਸੰਵੇਦਨਾ ਬਰਕਰਾਰ ਰਹਿਣੀ ਚਾਹੀਦੀ ਹੈ। ਕਈ ਹੋਰ ਵਿਸ਼ਿਆਂ ਨੂੰ ਛੋਂਹਦੇ ਸੰਵੇਦਨਾ ਭਰਪੂਰ ਸ਼ਿਅਰ ਦੇਖੋ.
ਜੇ ਸਾਨੂੰ ਵੀ ਚੀਚੀ ਉੱਤੇ ਖ਼ੂਨ ਲਗਾਉਣਾ ਆ ਜਾਂਦਾ
ਮਾਨ ਅਸੀਂ ਵੀ ਅਪਣਾ ਨਾਮ ਸ਼ਹੀਦਾਂ ਵਿਚ ਲਿਖਵਾ ਲੈਂਦੇ
ਗੰਗਾ ਵਿਚ ਇਕ ਬੇਵੱਸ ਸ਼ਾਇਰ
ਕਵਿਤਾ ਦੇ ਫੁੱਲ ਤਾਰਨ ਲੱਗਿਆ
ਸੁਣਿਆ ਸੀ ਕੁਝ ਚਾਨਣ ਹੋਵਣ ਵਾਲਾ ਹੈ
ਐਪਰ ਸੂਰਜ ਕੱਲ ਵਰਗਾ ਹੀ ਕਾਲਾ ਹੈ
ਕਰਕੇ ਬੰਦ ਕਿਤਾਬਾਂ, ਤੇਰੇ ਨੈਣਾਂ ਚੋਂ
ਅਣਲਿਖੀਆਂ ਕਵਿਤਾਵਾਂ ਪੜ੍ਹਦਾ ਰਹਿੰਦਾ ਹਾਂ
ਕਿੱਥੇ ਕਿੱਥੇ ਲੈ ਗਈ ਹੈ ਕੁਰਸੀਆਂ ਦੀ ਹਵਸ ਦੇਖ
ਲੋਕ ਤੰਤਰ ਮਿਟ ਗਿਆ ਹੁਣ ਲੋਭਤੰਤਰ ਹੋ ਗਿਆ
ਇਹ ਕਿਤਾਬ ਪੜ੍ਹਨ ਯੋਗ ਹੈ ਅਤੇ ਮਾਣ ਕਰਨ ਯੋਗ ਹੈ। ਮੈਂ ਹਰਦਮ ਮਾਨ ਹੁਰਾਂ ਨੂੰ ਕਿਤਾਬ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਨ੍ਹਾਂ ਦੀ ਕਲਮ ਏਦਾਂ ਹੀ ਸਾਹਿੱਤਿਕ ਜਲਵੇ ਬਖੇਰਦੀ ਰਹੇਗੀ।
-
ਰਾਜਵੰਤ ਰਾਜ (ਸਰੀ, ਕੈਨੇਡਾ), ਲੇਖਕ
maanbabushahi@gmail.com
+1-778-895-4891
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.