ਕੈਨੇਡਾ ਦਿਹਾੜੇ ਦੀਆਂ ਸਮੂਹ ਕੈਨੇਡੀਅਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਮੁਬਾਰਕਾਂ। ਮੂਲ ਵਾਸੀ ਲੋਕਾਂ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਦੀ ਧਰਤੀ 'ਤੇ ਅੱਜ ਦੁਨੀਆਂ ਭਰ ਦੇ ਲੋਕ ਬਹੁ-ਸੱਭਿਆਚਾਰਕ, ਬਹੁ- ਧਰਮੀ, ਬਹੁ-ਰੰਗੀ ਢਾਂਚੇ ਅਤੇ ਮਨੁੱਖੀ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ। ਕੈਨੇਡਾ ਦਿਹਾੜੇ 'ਤੇ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਇਤਿਹਾਸਕ ਸਫ਼ਰ ਬਾਰੇ ਵਿਚਾਰ ਕਰਨਾ ਲਾਹੇਵੰਦ ਹੋਏਗਾ। ਇਹ ਜਾਨਣਾ ਵੀ ਜ਼ਰੂਰੀ ਹੈ ਕਿਹੜੇ ਕਾਰਨਾਂ ਕਰਕੇ ਆਪਣੀ ਜੰਮਣ ਭੋਇੰ ਛੱਡ ਕੇ ਪੰਜਾਬੀ, ਕੈਨੇਡਾ ਆ ਵਸੇ। ਕੈਨੇਡਾ ਵਿੱਚ ਪੰਜਾਬੀ ਡਾਇਸਪੋਰਾ ਲੰਮੇ ਸੰਘਰਸ਼ ਬਾਰੇ ਅੱਜ ਦੇ ਦਿਨ ਇਹ ਵਿਚਾਰਾਂ ਸਾਂਝੀਆਂ ਕਰਨੀਆਂ ਸਾਰਥਕ ਹਨ।
ਸ਼ਬਦ ‘ਡਾਇਸਪੋਰਾ ਚਾਹੇ ਮੌਲਿਕ ਰੂਪ ਵਿਚ ‘ਯਹੂਦੀ ਕੌਮ ਦੇ ਇਤਿਹਾਸ ਅਤੇ ਸਭਿਆਚਾਰ ਨਾਲ ਸਬੰਧਤ ਅਜਿਹੇ ਸੰਕਲਪ ਨੂੰ ਦਰਸਾਉਂਦਾ ਹੈ, ਜਿਸ ਅਧੀਨ ਆਪਣੀ ਭੂਮੀ ਨੂੰ ਛੱਡ ਕੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਖਿੰਡੀ ਇਕ ਕੌਮ ਦੀ ਹੋਣੀ ਦਾ ਮਸਲਾ ਉੱਭਰਦਾ ਹੈ। ਆਪਣੀ ਇੱਛਾ ਅਨੁਸਾਰ, ਕਿਸੇ ਮਜਬੂਰੀ ਅਧੀਨ ਜਾਂ ਕਿਸੇ ਸਿਆਸੀ ਸ਼ਕਤੀ ਦੇ ਦਬਾਓ ਕਰਕੇ, ਆਪਣੇ ਦੇਸ਼ ਨੂੰ ਛੱਡ ਕੇ ਪਰਦੇਸੀਂ ਜਾ ਵਸੀ, ਦੁਨੀਆਂ ਦੀ ਹਰ ਕੌਮ ਭਾਸ਼ਾਈ ਪਰਿਪੇਖ ਵਿਚ ਅਜਿਹੇ ਖਿੰਡਾਓ ਤੇ ਫੈਲਾਓ ਨੂੰ, ‘ਡਾਇਸਪੋਰਾ' ਦੇ ਸੰਕਲਪ ਅਧੀਨ ਰਖਦਿਆਂ ਆਪਣੀ ਪਛਾਣ ਵਿਚਾਰਦੀ ਹੈ। ਇਸ ਸੰਦਰਭ ਵਿਚ ਪੰਜਾਬੀ ਡਾਇਸਪੋਰਾ ਨੂੰ ਕੇਂਦਰ ਵਿਚ ਰੱਖ ਕੇ, ਸੰਸਾਰ ਭਰ ਵਿਚ ਫੈਲੇ ਪੰਜਾਬੀਆਂ ਦੇ ਭਾਸ਼ਾਈ ਅਤੇ ਸਭਿਆਚਾਰਕ ਮਸਲਿਆਂ ਨੂੰ ਵਿਚਾਰਨਾ ਭਾਵਪੂਰਤ ਯਤਨ ਹੈ। ਦਰਅਸਲ ਪੰਜਾਬੀਆਂ ਦੇ ਹਿੱਸੇ ਵਿਚ ਪੁਸ਼ਤੈਨੀ ਪੱਖੋਂ ਸਦਾ ਹੀ ਉਜੜਨਾ ਅਤੇ ਫਿਰ ਵਸਣਾ ਆਇਆ ਹੈ।
ਇਸ ਨੂੰ ਕੌਮੀ ਵਰਦਾਨ ਜਾਂ ਸੰਤਾਪ ਕੁਝ ਵੀ ਕਹਿ ਲਿਆ ਜਾਵੇ, ਆਪਣੀ ਮਰਜ਼ੀ ਜਾਂ ਜਬਰੀ ਅਜਿਹਾ ਵਰਤਾਰਾ ਵਾਪਰੇ ਜਾਂ ਘਰੋਂ ਬੇਘਰ ਅਤੇ ਬੇਗਾਨੇ ਘਰ ਨੂੰ ਆਪਣਾ ਬਣਾ ਕੇ ਫਿਰ ਮੂਲ ਘਰ ਦਾ ਪ੍ਰੇਮ ਜਾਗਣ ਦੇ ਪੰਜਾਬੀ ਸੁਭਾਓ ਦਾ ਇਹ ਹਿੱਸਾ ਸਭਿਆਚਾਰਕ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਬੰਧ ਵਿਚ ਵਿਚਾਰਿਆ ਜਾ ਸਕਦਾ ਹੈ। ਇਸ ਦਾ ਮੁੱਢ ਤਾਂ ਅਸਲ ਵਿਚ 15ਵੀਂ ਸਦੀ ਉਸ ਵੇਲੇ ਹੀ ਬੱਝ ਜਾਂਦਾ ਹੈ, ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਇਕ ਪਿੰਡ ਵਿਚ ਜਾਂਦੇ ਹਨ ਅਤੇ ਉੱਥੋਂ ਦੇ ਲੋਕਾਂ ਵੱਲੋਂ ਸੇਵਾ ਤੇ ਸਤਿਕਾਰ ਦੀ ਥਾਂ ਨਿਰਮੋਹੇ ਅਤੇ ਬੇਹੁਰਮਤੀ ਭਰੇ ਵਰਤਾਓ ਕਾਰਨ ਨਗਰ ਛੱਡਦਿਆਂ ਆਖ ਦਿੰਦੇ ਹਨ, ‘ਜਾਓ ਭਾਈ, ਵਸਦੇ ਰਹੋ।
ਅਗਲੇ ਨਗਰ ਵਿਚ ਗੁਰੂ ਸਾਹਿਬ ਦੇ ਪੁੱਜਣ 'ਤੇ ਪਿੰਡ ਵਾਸੀ ਸੇਵਾ ਅਤੇ ਸਤਿਕਾਰ ਵਿਚ ਕੋਈ ਕਸਰ ਨਹੀਂ ਛੱਡਦੇ, ਉੱਥੋਂ ਜਾਣ ਲੱਗਿਆਂ ਗੁਰੂ ਸਾਹਿਬ ਮੁਖੋਂ ਉਚਾਰਦੇ ਹਨ, ‘ਜਾਓ ਭਾਈ ਉੱਜੜ ਜਾਓ। ਇਸ ਰਹੱਸਮਈ ਵਿਚਾਰ ਦੀਆਂ ਗੁੰਝਲਾਂ ਖੋਲ੍ਹਣ ਲਈ ਮਾਧਿਅਮ ਬਣਦੇ ਭਾਈ ਮਰਦਾਨਾ ਜਦੋਂ ਸਵਾਲ ਕਰਦੇ ਹਨ, ‘ਮਾੜਿਆਂ ਲਈ ਵਸਣਾ ਅਤੇ ਚੰਗਿਆਂ ਲਈ ਉੱਜੜਨਾ, ਕੀ ਵਰ ਹੈ? ਤੇ ਕੀ ਸਰਾਪ? ਇਸ ਦੇ ਉੱਤਰ 'ਚ ਗੁਰੂ ਨਾਨਕ ਸਾਹਿਬ ਦਾ ਕਥਨ ਰਮਜ਼ ਭਰਪੂਰ ਹੈ, ‘ਮਾੜਾ ਇਕੋ ਥਾਂ ਵਸਿਆ ਰਹੇ ਤਾਂ ਚੰਗਾ ਹੈ, ਕਿਉਂਕਿ ਉਹ ਜਿੱਥੇ ਵੀ ਜਾਵੇਗਾ ਮਾੜੇਪਨ ਦੀ ਦੁਰਗੰਦ ਹੀ ਫੈਲਾਏਗਾ। ਦੂਜੇ ਪਾਸੇ ਚੰਗਾ ਇਕ ਥਾਂ ਟਿਕਣ ਦੀ ਥਾਂ ਜੇ ਥਾਂ-ਥਾਂ ਖਿਲਰੇਗਾ, ਤਾਂ ਉਹ ਚੰਗੇਪਨ ਦੀ ਖੁਸ਼ਬੂ ਵੀ ਖਿੰਡਾਏਗਾ।' ਹਕੀਕਤ ਇਹ ਹੈ ਕਿ ਸਿੱਖ ਡਾਇਸਪੋਰਾ ਗੁਰੂ ਸਾਹਿਬ ਦੇ ਇਸ ਵਰਦਾਨ 'ਚੋਂ, ‘ਸਰਬਤ ਦੇ ਭਲੇ* ਅਤੇ ‘ਜੀਓ ਅਤੇ ਜਿਊਣ ਦਿਓ* ਦੇ ਸੰਕਲਪ ਨੂੰ ਲੈ ਕੇ ਦੁਨੀਆਂ ਦੇ ਕੋਨੇ-ਕੋਨੇ ਵਿਚ ਖਿੰਡਿਆ ਹੋਇਆ ਹੈ।
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੀ ਆਮਦ ਨੂੰ ਵਿਚਾਰਨ ਲਈ 19ਵੀਂ ਸਦੀ ਦੇ ਮੱਧਕਾਲੀ ਇਤਿਹਾਸ ਨੂੰ ਵਿਚਾਰਨਾ ਬਣਦਾ ਹੈ, ਜਦੋਂ ਪੰਜਾਬ ਆਪਣੀ ਪ੍ਰਭੂਸੱਤਾ ਅੰਗਰੇਜ਼ਾਂ ਹੱਥੋਂ ਗਵਾ ਕੇ ਗ਼ੁਲਾਮ ਹੁੰਦਾ ਹੈ। ‘ਜੰਗਨਾਮਾ ਸ਼ਾਹ ਮੁਹੰਮਦ' ਵਿਚ ਲਿਖੇ ਇਹ ਸ਼ਬਦ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਿਸ਼ਾਹੀ ਫ਼ੌਜਾਂ ਭਾਰੀਆਂ ਨੇ' ਤੋਂ ਭਲੀ-ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਅਜ਼ਾਦ ਪੰਜਾਬ ਖਾਲਸਾ ਰਾਜ ਅਤੇ 'ਬ੍ਰਿਟਿਸ਼ ਬਸਤੀ ਹਿੰਦੁਸਤਾਨ' ਦੀਆਂ ਫ਼ੌਜਾਂ ਦੀ 1849 ਦੀ ਇਹ ਲੜਾਈ ਅਜ਼ਾਦੀ ਦੀ ਉਹ ਪਹਿਲੀ ਜੰਗ ਹੈ, ਜਿਸ ਦਾ ਮਨੋਰਥ ਪ੍ਰਭੂਸੱਤਾ ਸੰਪੰਨ ਖਾਲਸਾ ਰਾਜ ਨੂੰ ਕਾਇਮ ਰੱਖਣ ਲਈ ਸਿਰਧੜ ਦੀ ਬਾਜ਼ੀ ਲਗਾਉਣੀ ਅਤੇ ਅਜ਼ਾਦੀ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨੀ। ਇਸ ਜੰਗ ਵਿਚ ਪੰਜਾਬ ਦਾ ਹਾਰਨਾ, ਨਾ ਸਿਰਫ਼ ਪੰਜਾਬੀਆਂ ਦੀ ਹਾਰ ਸੀ, ਬਲਕਿ ਹਿੰਦੁਸਤਾਨ ਦੀ ਮੁਕੰਮਲ ਗ਼ੁਲਾਮੀ ਦਾ ਇਹ ਆਖਰੀ ਪੜਾਓ ਸੀ। ਗ਼ੁਲਾਮੀ ਦਾ ਦੁੱਖ ਕਦੇ ਵੀ ਨਾ ਝੱਲਣ ਵਾਲੇ ਸਿੱਖਾਂ ਦੇ ਘਰੋਂ ਬੇਘਰ ਅਤੇ ਵਤਨੋਂ ਬੇਵਤਨੇ ਹੋਣ ਦਾ ਇਹ ਦੁਖਾਂਤਕ ਕਦਮ ਵੀ ਕਿਹਾ ਜਾ ਸਕਦਾ ਹੈ। ਅਜਿਹੀਆਂ ਹਾਲਤਾਂ ਨੇ ਪੰਜਾਬੀਆਂ ਨੂੰ ਆਪਣਾ 'ਦੇਸ਼ ਪੰਜਾਬ' ਛੱਡਣ ਲਈ ਮਜਬੂਰ ਕੀਤਾ ਅਤੇ ਉਹ ਕਿਸੇ ਨਾ ਕਿਸੇ ਰੂਪ ਵਿਚ, ਇਸ ਗ਼ੁਲਾਮੀ ਦੀ ਦਲਦਲ *ਚੋਂ ਬਾਹਰ ਨਿਕਲਣ ਲਈ ਤੜਫਣ ਲੱਗੇ।
ਅਹਿਮ ਗੱਲ ਇਹ ਹੈ ਕਿ ‘ਫਰੀਦਾ ਬਾਰ ਪਰਾਇਐ ਬੈਸਣਾ ਸਾਂਈਂ ਮੁਝੇ ਨਾ ਦੇਹ॥ ਜੇ ਤੂੰ ਇਵੇਂ ਰਖਸੀ ਜਿਓ ਸਰੀਰਹੁ ਲੇਹ॥ਦੇ ਬਚਨਾਂ ਦੇ ਧਾਰਨੀ ਪੰਜਾਬੀਆਂ ਨੇ, ਗ਼ੁਲਾਮੀ ਤੋਂ ਖਹਿੜਾ ਛੁਡਾਉਣ ਲਈ ਅਜਿਹਾ ਰਾਹ ਚੁਣਿਆ, ਜਿਹੜਾ ਉਨ੍ਹਾਂ ਨੂੰ਼ ਆਪਣੀ ਹੀ ਧਰਤੀ ਤੋਂ ਦੂਰ ਪਰਦੇਸਾਂ ਵਿਚ ਲੈ ਗਿਆ। ਇਸ ਦਾ ਮਾਧਿਅਮ ਆਤਮਿਕ ਬਲ ਅਤੇ ਜਿਸਮਾਨੀ ਸ਼ਕਤੀ ਨਾਲ ਭਰਪੂਰ ਪੰਜਾਬੀਆਂ ਦੇ ਫ਼ੌਜੀ ਰੂਪ ਵਿਚ ਦੇਸ਼-ਵਿਦੇਸ਼ਾਂ ਦੀਆਂ ਸਰਹੱਦਾਂ ਤੇ ਜਾਣਾ ਬਣਿਆ, ਪਰ ਫ਼ਰਕ ਇਹ ਸੀ ਕਿ ਹੁਣ ਉਹ ਵੀ ਦੂਸਰਿਆਂ ਵਾਂਗ ਬ੍ਰਿਟਿਸ਼ ਸਾਮਰਾਜਵਾਦ ਦੇ ਭਰਤੀ ਕੀਤੇ ਫ਼ੌਜੀ ਬਣ ਕੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ 'ਚ ਫੈਲ ਰਹੇ ਸਨ, ਜਦੋਂ ਕਿ ਪਹਿਲਾਂ ਖਾਲਸਾ ਰਾਜ ਦੀ ਪ੍ਰਭੂਸੱਤਾ ਲਈ ਲੜਾਈ, ਇਨ੍ਹਾਂ ਹੀ ਤਾਕਤਾਂ ਖਿਲਾਫ਼ ਸੀ।
ਪੰਜਾਬ ਤੋਂ ਕੈਨੇਡਾ ਸਣੇ ਉੱਤਰੀ ਅਮਰੀਕਾ *ਚ ‘ਪੰਜਾਬੀ ਡਾਇਸਪੋਰਾ* ਦੀ ਵਿਸ਼ਾਲ ਪੱਧਰ ਤੇ ਪਛਾਣ 1897 ਤੋਂ ਬਾਅਦ ਬਣਨੀ ਸ਼ੁਰੂ ਹੁੰਦੀ ਹੈ, ਜਦੋਂ ਬ੍ਰਿਟਿਸ਼ ਫ਼ੌਜ ਦੇ ਸਾਬਕਾ ਸਿੱਖ ਸਿਪਾਹੀ ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰੇ 'ਤੇ ਵਸਦੀ ਖ਼ੂਬਸੂਰਤ ਧਰਤੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਸਭਿਆਚਾਰਕ ਪਛਾਣ ਅਤੇ ਭਾਸ਼ਾ ਨੂੰ ਹਰ ਥਾਂ ਨਾਲ ਲਿਜਾਉਣ ਵਾਲੇ ਸਿੱਖਾਂ ਦੇ ਕੈਨੇਡਾ ਅਤੇ ਅਮਰੀਕਾ 'ਚ ਪਹਿਲਾਂ ਵਸੇ ਬਜ਼ੁਰਗਾਂ ਨੂੰ, ਚਾਹੇ ਬੇਗਾਨੀ ਧਰਤੀ 'ਤੇ ਅਨੇਕਾਂ ਨਸਲੀ ਹਮਲਿਆਂ ਅਤੇ ਭਾਸ਼ਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਆਪਣੀ ਜ਼ੁਬਾਨ ਤੇ ਪਛਾਣ ਕਾਇਮ ਰੱਖਦੇ ਹਨ। ਅਸਲ ਵਿਚ ਗ਼ੁਲਾਮੀ ਦਾ ਅਹਿਸਾਸ ਇਨ੍ਹਾਂ ਲੋਕਾਂ ਨੂੰ ਉਸ ਵੇਲੇ ਹੁੰਦਾ ਹੈ, ਜਦੋਂ 30 ਕਰੋੜ ਆਬਾਦੀ ਵਾਲੇ ਦੇਸ਼ ਦੇ ਵਾਸੀਆਂ ਨੂੰ ਮੁੱਠੀ ਭਰ ਅੰਗਰੇਜ਼ਾਂ ਵੱਲੋਂ ਗ਼ੁਲਾਮ ਬਣਾਏ ਜਾਣ ਦੇ ਕਿੱਸੇ ਮਿਹਣੇ ਤੇ ਤਾਅਨੇ ਬਣ ਕੇ ਪੰਜਾਬੀਆਂ ਦੇ ਸੀਨੇ ਚੀਰਦੇ ਹਨ, ਤਦ ਉਨ੍ਹਾਂ ਦੇ ਵਨੂੰਧਰੇ ਮਨਾਂ 'ਚੋਂ ਇਹ ਬੋਲ ਵਾਰ-ਵਾਰ ਨਿਕਲਦੇ ਹਨ,
‘ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ, ਦੇਸ ਕੋਈ ਨਾ।'
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਸੰਦਰਭ ਵਿਚ 20ਵੀਂ ਸਦੀ ਦੇ ਆਰੰਭ ਵਿਚ ਉੱਠੀ ਗ਼ਦਰ ਲਹਿਰ ਖਾਸ ਮਹੱਤਵ ਰੱਖਦੀ ਹੈ, ਕਿਉਂਕਿ ਇਹ ਪਹਿਲੀ ਅਜਿਹੀ ਤਹਿਰੀਕ ਸੀ, ਜਿਸ ਨੇ ਕੈਨੇਡਾ ਤੇ ਅਮਰੀਕਾ ਵਿਚ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਖਿੰਡੇ ਪੰਜਾਬੀਆਂ ਨੂੰ ਜੱਥੇਬੰਦ ਕਰਨ 'ਚ ਇਤਿਹਾਸਕ ਭੂਮਿਕਾ ਨਿਭਾਈ। ਇਸ ਸਬੰਧ ਵਿਚ 1909 ਵਿਚ ਕੈਨੇਡਾ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਸਥਾਨ, ਤੇ ਸਾਬਕਾ ਸਿੱਖ ਫ਼ੌਜੀਆਂ ਨੇ ਇਕੱਠਿਆਂ ਹੋ ਕੇ ਅੰਗਰੇਜ਼ਾਂ ਵੱਲੋਂ ਦਿੱਤੇ ਮੈਡਲ, ਇਨਸਿਗਨੀਏ ਅਤੇ ਵਰਦੀਆਂ ਸਾੜਦਿਆਂ, ਇਕ ਵਾਰ ਫੇਰ ਗ਼ੁਲਾਮੀ ਦਾ ਜੂਲ ਗਲ਼ੋਂ ਲਾਹੁਣ ਲਈ ਐਲਾਨੇ-ਏ-ਜੰਗ ਕੀਤਾ। ਪੰਜਾਬੀ ਡਾਇਸਪੋਰਾ ਨੂੰ ਅਜਿਹੇ ਨਾਜ਼ੁਕ ਸਮੇਂ, ਇਕ ਸੂਤਰ ਵਿਚ ਪਰੌਣ ਲਈ ‘ਏਕ ਪਿਤਾ ਏਕਸ ਕੇ ਹਮ ਬਾਰਿਕ, ‘ਮਾਨਸ ਕੀ ਜਾਤ ਸਭੈ ਏਕੁ ਪਹਿਚਾਨਬੋ* ਅਤੇ ‘ਏਕ ਨੂਰ ਤੇ ਸਭਿ ਜਗ ਉਪਜਿਆ' ਦੇ ਬਚਨਾਂ ਨੂੰ ਹਿਰਦੇ ਵਿਚ ਵਸਾ ਕੇ, ਗ਼ਦਰੀ ਬਾਬਿਆਂ ਨੇ ਸਾਰਿਆਂ ਨੂੰ ਇਕ ਮੰਚ ਤੇ ਇਕੱਠਿਆਂ ਕੀਤਾ। ਸਹੀ ਅਰਥਾਂ ਵਿਚ ਕੈਨੇਡਾ ਸਣੇ ਦੁਨੀਆਂ ਭਰ ਵਿਚ ਪੰਜਾਬੀਆਂ ਦੀ ਮੌਜੂਦਾ ਸਮੇਂ ਜੋ ਪਛਾਣ ਕਾਇਮ ਹੈ, ਉਹ ਇਤਿਹਾਸ ਦੇ ਇਨ੍ਹਾਂ ਸੁਨਹਿਰੀ ਪੰਨਿਆਂ ਵਿਚੋਂ ਮਿਲੀ ਪ੍ਰੇਰਨਾ ਦੀ ਬਦੌਲਤ ਹੈ।
ਕੈਨੇਡਾ ਦੀ ਧਰਤੀ 'ਤੇ ਆਣ ਵਸੇ ਪੰਜਾਬੀ ਅਜ਼ਾਦੀ ਦੀ ਲਹਿਰ ਵਿਚ ਕੁੱਦਣ ਵਾਸਤੇ, ਕਰੜੀ ਮਿਹਨਤ ਸਦਕਾ ਕਾਇਮ ਕੀਤੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਅਤੇ ਡਾਲਰਾਂ ਨੂੰ ਤਿਆਗਦੇ ਹੋਏ, ਫ਼ਾਂਸੀਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਗਏ। ਸੌ ਸਾਲ ਮਗਰੋਂ ਵੀ ਜਿਹੜੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਪੰਜਾਬ ਦੀ ਧਰਤੀ ਦੇ ਜਾਏ ਇਹ ਪਰਦੇਸੀ ਪੁੱਤ ਹੀ ਅੱਜ ਦੇ 'ਅਜ਼ਾਦ ਭਾਰਤ' ਦੇ ਅਸਲ ਨਾਇਕ ਹਨ, ਉਹ ਇਤਿਹਾਸ ਦਾ ਸਭ ਤੋਂ ਵੱਡਾ ਸੱਚ ਝੁਠਲਾਉਣ ਦੇ ਯਤਨਾਂ 'ਚ ਹਨ। ਜਿਹੜੇ ਇਹ ਆਖਦੇ ਹਨ ਕਿ ਪੰਜਾਬੀਆਂ ਦੇ ਵਿਦੇਸ਼ਾਂ ਵਿਚ ਵਸਣ ਲਈ ਰੋਜ਼ੀ—ਰੋਟੀ ਲਈ ਅਤੇ ਆਰਥਿਕਤਾ ਹੀ ਮੁੱਖ ਕਾਰਨ ਹਨ, ਉਹ ਇਹ ਵਿਸਾਰ ਦਿੰਦੇ ਹਨ ਕਿ ਪੰਜਾਬੀਆਂ ਦੇ ਘਰੋਂ ਬੇਘਰ ਹੋ ਕੇ ਮੁੜ ਬੇਗਾਨੀ ਧਰਤੀ ਤੋਂ ਉੱਜੜਨ ਅਤੇ ਦੇਸ਼ ਵਾਸੀਆਂ ਲਈ ਘਰ ਵਸਾਉਣ ਪਿੱਛੇ, ਧਨ ਦੌਲਤ ਨੂੰ ਤਿਆਗਣ ਅਤੇ ਸ਼ਹੀਦੀਆਂ ਪਾਉਣ ਦੀ ਮੂਲ ਭਾਵਨਾ ਹੀ ਕੰਮ ਕਰਦੀ ਹੈ।
ਕੈਨੇਡਾ ਵਿਚ ਉੱਤਰ-ਸੁਤੰਤਰਤਾ ਕਾਲ ਦੌਰਾਨ ਪੰਜਾਬ ਦੀ ਧਰਤੀ ਤੋਂ ਆ ਵਸੇ ਪੰਜਾਬੀਆਂ ਲਈ ਅਜਿਹੇ ਕਾਰਨ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਦੇਸ਼ ਅੰਦਰ ਨਵੀਂ ਸਾਮਰਾਜਵਾਦ ਨੀਤੀ ਅਧੀਨ ਪੈਦਾ ਹੋਏ ਬੁਰਜ਼ੂਆ ਢਾਂਚੇ ਦੀ ਧੱਕੇਸ਼ਾਹੀ, ਗ਼ੁਲਾਮੀ ਦੇ ਬਦਲਵੇਂ ਰੂਪ ਵਿਚ ਭਾਰੂ ਹੋਈ ਮਿਲਦੀ ਹੈ। ਹੁਣ ਪੰਜਾਬ ਦੀ ਧਰਤੀ ਤੋਂ ਕੈਨੇਡਾ ਵਸੇ ਪੰਜਾਬੀਆਂ ਲਈ ਇਸ ਖਿੱਤੇ ਦੀ ਚੋਣ ਆਰਜ਼ੀ ਰੂਪ ਵਿਚ ਨਹੀਂ ਹੁੰਦੀ, ਸਗੋਂ ਪੱਕੇ ਵਾਸੀਆ ਵਜੋਂ ਉਹ ਇੱਥੇ ਆ ਕੇ ਆਪਣਾ ‘ਨਵਾਂ ਘਰ' ਵਸਾਉਂਦੇ ਹਨ। ਪੰਜਾਬੀ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਰਿਪੇਖ 'ਚ ਪਛਾਣ ਕਾਇਮ ਕਰਨ ਲਈ 1971 ਦੀ ਕੈਨੇਡਾ ਦੀ ਸਭਿਆਚਾਰਕ ਨੀਤੀ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ, ਨਵੇਂ ਸੰਘਰਸ਼ ਦੇ ਰਾਹ ਤੁਰਦੇ ਹਨ। ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਪ੍ਰਸੰਗ ਵਿਚ ਕੈਨੇਡਾ ਦੇ ਪ੍ਰਮੁੱਖ ਸੂਬਿਆਂ 'ਚੋਂ ਬ੍ਰਿਟਿਸ਼ ਕੋਲੰਬੀਆ, ਉਂਨਟਾਰੀਓ, ਮੈਨੀਟੋਬਾ ਅਤੇ ਅਲਬਰਟਾ ਵਿਚ ਵਧੇਰੇ ਵਸ ਰਹੇ ਹਨ ਅਤੇ ਇਨ੍ਹਾਂ ਵਿਚੋਂ ਵੈਨਕੂਵਰ ਤੇ ਟੋਰਾਂਟੋ ਮਹਾਂਨਗਰਾਂ ਦੇ ਇਲਾਕਿਆਂ ਵਿਚ ਪੰਜਾਬੀਆਂ ਦੀ ਸਭ ਤੋਂ ਸੰਘਣੀ ਆਬਾਦੀ ਹੈ। ਕੈਨੇਡਾ ਵਿਚ 200 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਅੰਗਰੇਜ਼ੀ ਤੇ ਫਰਾਂਸੀਸੀ ਸਰਕਾਰੀ ਭਾਸ਼ਾਵਾਂ ਦਾ ਦਰਜ ਹਾਸਲ ਹਨ। ਕੈਨੇਡਾ 'ਚ ਪੰਜਾਬੀ ਭਾਸ਼ਾ ਨੂੰ ਰਾਸ਼ਟਰੀ ਮਰਦਮਸ਼ੁਮਾਰੀ ਦੌਰਾਨ ਇਸ ਵੇਲੇ 'ਪਰਵਾਸੀ' ਲੋਕਾਂ ਦੀ ਤੀਜੀ ਪ੍ਰਮੁੱਖ ਭਾਸ਼ਾ ਦਾ ਸਥਾਨ ਹਾਸਲ ਹੈ। ਦੁਨੀਆਂ ਭਰ 'ਚ ਹਜ਼ਾਰਾਂ ਜੀਵੰਤ ਬੋਲੀਆਂ ਵਿਚੋਂ 160 ਮੁਲਕਾਂ ਵਿਚੋਂ 15 ਕਰੋੜ ਲੋਕਾਂ ਦੀ ਜ਼ੁਬਾਨ ਪੰਜਾਬੀ ਨੂੰ ਦਸਵਾਂ ਸਥਾਨ ਹਾਸਲ ਹੋਣਾ, ਇਹ ਗੱਲ ਤਹਿ ਕਰਦਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਹਰ ਥਾਂ ਬਣਦਾ ਸਨਮਾਨ ਦੇਣ ਲਈ ਤਤਪਰ ਹਨ। ਦੂਸਰੇ ਪਾਸੇ ਪੰਜਾਬੀਆਂ ਨੂੰ ਰਸੂਲ ਹਮਜ਼ਾਤੋਵ ਦੇ ਇਸ ਕਥਨ ਨੂੰ ਵੀ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਵੱਡੀ ਗਾਲ਼ ਇਹ ਹੁੰਦੀ ਹੈ, ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਵਿਕਾਸ ਵਿਚ ਪੰਜਾਬੀਆਂ ਦੇ ਉੱਥੋਂ ਦੀ ਸਿਆਸਤ ਵਿਚ ਖਾਸ ਥਾਂ ਬਣਾਉਣ ਦੇ ਸਬੰਧ ਵਿਚ ਕਿਹਾ ਜਾ ਸਕਦਾ ਹੈ ਕਿ ਦੋ ਫੀਸਦੀ ਤੋਂ ਘੱਟ ਵਸੋਂ ਵਾਲੇ ਇਸ ਭਾਈਚਾਰੇ ਨੇ ਪਾਰਲੀਮੈਂਟ ਤੋਂ ਲੈ ਕੇ ਸੂਬਾਈ ਅਸੈਂਬਲੀਆਂ ਤੱਕ ਆਪਣਾ ਸਿੱਕਾ ਜਮਾਇਆ ਹੋਇਆ ਹੈ। ਇਸ ਦਾ ਹੀ ਨਤੀਜਾ ਹੈ ਕਿ ਕੈਨੇਡਾ ਦੀ ਹਰੇਕ ਚੋਣ ਦੌਰਾਨ ਹਰ ਪਾਰਟੀ ਅਤੇ ਰੰਗ ਨਸਲ ਦੇ ਨੇਤਾ ਪੰਜਾਬੀਆਂ ਦੇ ਆਲੇ-ਦੁਆਲੇ ਘੁੰਮਦੇ ਦਿਖਾਈ ਦਿੰਦੇ ਹਨ। ਕੈਨੇਡਾ ਵਸਦੇ ਪੰਜਾਬੀਆਂ ਦੀ ਅਹਿਮ ਪ੍ਰਾਪਤੀ ਇੱਥੋਂ ਦਾ ਪੰਜਾਬੀ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਕਿਹਾ ਜਾ ਸਕਦਾ ਹੈ, ਜਿਸ ਨੇ ਪੰਜਾਬੀਆਂ ਦੀ ਸਭਿਆਚਾਰਕ ਪਛਾਣ ਕਾਇਮ ਰੱਖਣ ਵਿਚ ਖਾਸ ਭੂਮਿਕਾ ਨਿਭਾਈ ਹੈ।
ਪਿਛਲੇ ਸਵਾ ਸੌ ਸਾਲ ਵਿਚ ਕੈਨੇਡਾ ਵਸਦੇ ਪੰਜਾਬੀਆਂ ਨੇ ਵਪਾਰ, ਕਾਰੋਬਾਰ ਅਤੇ ਖੇਤੀ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਅੱਜ ਜਿੱਥੇ ਟਰੱਕ ਅਤੇ ਟੈਕਸੀ ਸਨਅਤ ਵਿਚ ਪੰਜਾਬੀਆਂ ਦੀ ਚੜ੍ਹਤ ਹੈ, ਉੱਥੇ ਕੈਨੇਡਾ ਦੇ ਹਜ਼ਾਰਾਂ ਏਕੜਾਂ *ਚ ਲੱਖਾਂ ਟਨ ਬਲਿਊਬੇਰੀ, ਰਸਬੇਰੀ ਅਤੇ ਸਟਰਾਬੇਰੀ ਸਮੇਤ ਅਨੇਕਾਂ ਫਸਲਾਂ ਉਗਾ ਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ। ਅਹਿਮ ਗੱਲ ਇਹ ਹੈ ਕਿ ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੀ ਦੇਣ ਮੂਲ ਪੰਜਾਬ ਲਈ ਵੀ ਜ਼ਿਕਰਯੋਗ ਹੈ, ਕਿਉਂਕਿ ਬਹੁਤਾਤ ਕੈਨੇਡੀਅਨ ਪੰਜਾਬੀ ਇੱਥੇ ਆ ਕੇ ਨਾ ਸਿਰਫ਼ ਘਰ, ਕੋਠੀਆਂ ਅਤੇ ਜ਼ਮੀਨ ਜਾਇਦਾਦਾਂ ਤੇ ਹੀ ਲੱਖਾਂ ਡਾਲਰ ਖਰਚਦੇ ਹਨ, ਬਲਕਿ ਸਕੂਲਾਂ, ਹਸਪਤਾਲਾਂ, ਸਟੇਡੀਅਮਾਂ, ਖੇਡ ਮੇਲਿਆਂ ਅਤੇ ਮੈਡੀਕਲ ਕੈਂਪਾਂ ਵਿਚ ਵੀ ਆਪਣਾ ਵਿੱਤੋਂ ਵੱਧ ਹਿੱਸਾ ਪਾਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇੱਥੇ ਆ ਕੇ ਵਿਆਹਾਂ-ਸ਼ਾਦੀਆਂ ਅਤੇ ਹੋਰ ਜਸ਼ਨਾਂ ਵਿਚ ਸ਼ੋਹਰਤ ਦੀ ਭੁੱਖ ਕਰਕੇ, ਲੱਖਾਂ ਡਾਲਰ ਨਸ਼ਿਆਂ ਤੇ ਰੋੜ੍ਹ ਕੇ ਹੋਰਨਾਂ ਨੂੰ ਵੀ ਕਲੰਕਿਤ ਕਰਦੇ ਹਨ।
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਵਿਕਾਸ 'ਚ ਪੰਜਾਬੀ ਮੀਡੀਆ ਦਾ ਵਡਮੁੱਲਾ ਯੋਗਦਾਨ ਰਿਹਾ ਹੈ, ਜਿਸ ਦਾ ਇਤਿਹਾਸ ਤਾਂ ਸੌ ਸਾਲ ਤੋਂ ਵੀ ਵੱਧ ਪੁਰਾਣਾ ਹੈ, ਜਿਸ ਵਿਚ 1910 'ਚ ਪਹਿਲੇ ਪੰਜਾਬੀ ਅਖ਼ਬਾਰ ‘ਸਵਦੇਸ਼ ਸੇਵਕ* ਦੇ ਸੰਪਾਦਕ ਸ਼ਹੀਦ ਹਰਨਾਮ ਸਿੰਘ ਕਾਹਰੀ ਸਾਹਰੀ ਅਤੇ 1913 ਵਿਚ ਅਮਰੀਕਾ ਤੋਂ ਅਰੰਭੇ ਅਤੇ ਕੈਨੇਡਾ 'ਚ ਸਭ ਤੋਂ ਵੱਧ ਫੈਲੇ ਪੰਜਾਬੀ ‘ਗ਼ਦਰ' ਅਖ਼ਬਾਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਮੋਢੀ ਸ਼ਹੀਦ ਪੱਤਰਕਾਰ ਕਹੇ ਜਾ ਸਕਦੇ ਹਨ। ਇਸ ਵੇਲੇ ਕੈਨੇਡਾ ਭਰ 'ਚ 100 ਤੋਂ ਵੱਧ ਪੰਜਾਬੀ ਅਖ਼ਬਾਰ, ਰਸਾਲੇ ਅਤੇ ਰੇਡੀਓ-ਟੈਲੀਵਿਯਨ ਸ਼ੋਅ ਆਪੋ-ਆਪਣੀ ਸਮਰੱਥਾ ਅਨੁਸਾਰ ਕੈਨੇਡੀਅਨ ਪੰਜਾਬੀਆਂ ਨੂੰ ਮੂਲ ਧਰਤੀ ਨਾਲ ਜੋੜੀ ਰੱਖਣ ਵਿਚ ਸਹਾਈ ਸਿੱਧ ਹੋ ਰਹੇ ਹਨ।
ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਵਰਤਮਾਨ ਸਮੇਂ ਪ੍ਰਮੁੱਖ ਮਸਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਵਿਚ ਪੈਦਾ ਹੋ ਰਹੀਆਂ ਚੁਣੌਤੀਆਂ,ਪੰਜਾਬੀ ਮੀਡੀਆ ਅੰਦਰ ਵਹਿਮਾਂ-ਭਰਮਾਂ ਨਾਲ ਸਬੰਧਤ ਇਸ਼ਤਿਹਾਰਬਾਜ਼ੀ ਦਾ ਵਧਣਾ, ਪੰਜਾਬੀਆਂ ਅੰਦਰ ਇਕੋ ਧਰਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਮਾਝੇ, ਮਾਲਵੇ ਅਤੇ ਦੁਆਬੇ ਵਾਲੀ ਇਲਾਕਾਬਾਜ਼ੀ ਦੇ ਮਸਲੇ, ਜਾਤਾਂ ਤੇ ਆਧਾਰਤ ਧਾਰਮਿਕ ਅਸਥਾਨਾਂ ਦਾ ਉਸਰਨਾ, ਕੈਨੇਡਾ ਵਿਚ ਭਾਈਚਾਰੇ ਨਾਲੋਂ ਖ਼ੁਦ ਨੂੰ ਇੰਡੋ-ਕੈਨੇਡਾ ਵਿਚ ਬਣਾ ਕੇ ਵੱਖਰੀ ਕਿਸਮ ਦੀ ਅਲਹਿਦਗੀ ਬਣਾਉਣਾ, ਸਿਆਸੀ ਪਾਰਟੀਆਂ ਵਿਚ ਥਾਂ ਬਣਾਉਣ ਲਈ 'ਦੇਸੀ ਸਿਆਸਤ' ਵਾਲੇ ਦਾਅ-ਪੇਚ ਵਰਤਣਾ ਅਤੇ ਨੌਜਵਾਨਾਂ ਦੇ ਇਕ ਵਰਗ ਅੰਦਰ ਨਸ਼ੀਲੇ ਪਦਾਰਥਾਂ ਦੇ ਵਪਾਰ ਕਾਰਨ ਹਿੰਸਾ ਦਾ ਵਧਣਾ ਨਜ਼ਰ ਆ ਰਹੇ ਹਨ। ਪੰਜਾਬੀ ਭਾਸ਼ਾ ਦੇ ਕੈਨੇਡਾ 'ਚ ਭਵਿੱਖ ਨਾਲ ਸਬੰਧਤ ਚੁਣੌਤੀਆਂ ਵਿਚ ਪੰਜਾਬੀ ਨੂੰ 'ਕੈਨੇਡਾ ਵਿਚ ਭਾਸ਼ਾ' ਵਜੋਂ ਮਾਨਤਾ ਦਿਵਾਉਣ, ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਈ ਸੰਸਥਾਗਤ ਯਤਨਾਂ ਦੀ ਲੋੜ, ਘਰਾਂ ਵਿਚ ਪੰਜਾਬੀ ਸਿਖਾਉਣ ਲਈ ਮਾਪਿਆਂ ਦੀ ਜ਼ਿੰਮੇਵਾਰੀ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਦੂਜੇ ਵਿਸ਼ੇ ਵਜੋਂ ਪੰਜਾਬੀ ਚੁਣਨ ਲਈ ਉਤਸ਼ਾਹਤ ਕਰਨਾ ਸ਼ਾਮਲ ਹਨ।ਪੰਜਾਬੀ ਭਾਸ਼ਾ ਨੂੰ ਸਤਿਕਾਰਨ ਅਤੇ ਕਦੇ ਵੀ ਨਾ ਵਿਸਾਰਨ ਲਈ ਦੁਨੀਆਂ ਭਰ 'ਚ ਉੱਜੜ ਕੇ ਵਸੇ ਪੰਜਾਬੀਆਂ ਵਾਸਤੇ ਸਦਾ ਯਾਦ ਰੱਖਣ ਯੋਗ ਨੁਕਤਾ ਇਹ ਹੈ :
‘ਮਾਂ ਬੋਲੀ ਜੇ ਭੁੱਲ ਜਾਵਾਂਗੇ, ਕੱਖਾਂ ਵਾਂਗੂੰ ਰੁਲ ਜਾਵਾਂਗੇ।'
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੂਲਵਾਸੀਆਂ ਨਾਲ ਕੈਨੇਡਾ ਦੀ ਧਰਤੀ 'ਤੇ ਜਬਰ-ਜ਼ੁਲਮ ਅਤੇ ਨਸਲਕੁਸ਼ੀ ਹੋਈ, ਜਿਸ ਦਾ ਦੁਖਾਂਤ ਨਾ-ਭੁੱਲਣਯੋਗ ਅਤੇ ਨਾ-ਬਖ਼ਸ਼ਣਯੋਗ ਹੈ। ਇਸ ਊਣਤਾਈ ਅਤੇ ਦੁਖਾਂਤ ਦੇ ਬਾਵਜੂਦ ਇਹ ਕਹਿਣ ਵਿਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਭਾਰਤ ਦੇ ਅੱਜ ਦੇ ਹਾਲਾਤ, ਕੈਨੇਡਾ ਦੇ ਮੁਕਾਬਲਤਨ ਅਤਿ ਦੁਖਾਂਤਕ ਅਤੇ ਚਿੰਤਾਜਨਕ ਹਨ। ਪੰਜਾਬ ਛੱਡ ਕੇ ਕੈਨੇਡਾ ਆ ਵਸੇ ਪੰਜਾਬੀਆਂ ਦੇ ਤੁਲਨਾਤਮਕ ਜੀਵਨ ਸੰਘਰਸ਼, ਸਰਕਾਰੀ ਜਬਰ ਅਤੇ ਧੱਕੇਸ਼ਾਹੀਆਂ ਬਾਰੇ ਗੰਭੀਰ ਪ੍ਰਗਟਾਵੇ ਕਰਦਿਆਂ ਲੋਕ ਗਾਇਕ ਗਿੱਲ ਹਰਦੀਪ ਦੀਆਂ ਗਾਈਆਂ ਤੇ ਗੀਤਕਾਰ ਸੁਖਵਿੰਦਰ ਸਿੱਧੂ ਦੀਆਂ ਲਿਖੀਆਂ ਇਹ ਸਤਰਾਂ 'ਕੁੱਜੇ ਵਿੱਚ ਸਮੁੰਦਰ' ਬੰਦ ਕਰਨ ਦੇ ਤੁਲ ਕਹੀਆਂ ਜਾ ਸਕਦੀਆਂ ਹਨ :
"ਵੇ ਪੁੱਤਾ ਕੰਮ ਕਰਨਾ ਤਾਂ ਉਂਝ ਔਖਾ ਈ ਹੋਣਾ ਏ।
ਪਰ ਠਾਣਿਆਂ ਵਿੱਚ ਕੁੱਟ ਖਾਵਣ ਤੋਂ ਤਾਂ ਸੌਖਾ ਈ ਹੋਣਾ ਏ।
ਔਖੇ ਝਲਣੇ ਪਟੇ ਘੋਟਣੇ ਮਾਸਪੇਸ਼ੀਆਂ ਲਈ।
ਵਸਦਾ ਰਹੇ ਕੈਨੇਡਾ ਮੇਰੇ ਪੁੱਤ ਪਰਦੇਸੀਆਂ ਲਈ।"
-
ਡਾ ਗੁਰਵਿੰਦਰ ਸਿੰਘ, ਲੇਖਕ
singhnewscanada@gmail.com
**********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.