ਡਾਕਟਰੀ ਸਿੱਖਿਆ ਵਿੱਚ ਵਧ ਰਿਹਾ ਕਾਰਪੋਰੇਟ ਦਾ ਪ੍ਰਭਾਵ
ਅੱਜ ਦੇਸ਼ ਵਿਚ ਦੇਸ਼ ਅੰਦਰ 604 ਮੈਡੀਕਲ ਕਾਲਜ ਹਨ, ਜੋ 90,675 ਵਿਦਿਆਰਥੀ ਦਾਖਲ ਕਰ ਰਹੇ ਹਨ। ਇਨ੍ਹਾਂ ਵਿਚ 290 ਕਾਲਜ ਸਰਕਾਰੀ ਹਨ ਤੇ 265 ਕਾਲਜ ਪ੍ਰਾਈਵੇਟ। ਦੇਸ਼ ਅੰਦਰ ਮੈਡੀਕਲ ਨਾਲ ਸਬੰਧਤ 49 ਡੀਮਡ ਮੈਡੀਕਲ ਯੂਨੀਵਰਸਿਟੀ ਪੱਧਰ ਦੀਆਂ ਸੰਸਥਾਵਾਂ ਵੀ ਹਨ।
ਇਹ ਗੱਲ ਵਧੀਆ ਹੈ ਕਿ ਦੇਸ਼ ਦਾ ਯੋਜਨਾ ਵਿਭਾਗ, ਦੇਸ਼ ਦੇ ਲੋਕਾਂ ਦੀ ਸਿਹਤ ਬਾਰੇ ਸੋਚੇ ਤੇ ਆਪਣੀ ਸਰਗਰਮੀ ਦਿਖਾਵੇ ਪਰ ਸਿਹਤ ਨੀਤੀ ਵਿਚ ਹੌਲੀ ਹੌਲੀ ‘ਸਭ ਲਈ ਸਿਹਤ’ ਦੇ ਟੀਚੇ ਤੋਂ ਸ਼ੁਰੂ ਹੋ ਕੇ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਅਤੇ ਹੁਣ 2017 ਵਾਲੀ ਨੀਤੀ ਵਿਚ ‘ਸਿਹਤ ਸਨਅਤ’ ਦੀ ਗੱਲ, ਸਭ ਲਈ ਬਰਾਬਰ ਸਿਹਤ ਦੇ ਮੰਸ਼ੇ ’ਤੇ ਸਵਾਲ ਖੜ੍ਹੇ ਕਰਦੀ ਹੈ। ਕਿਸੇ ਨੂੰ ਵੀ ਸਿਹਤ ਮੁਹੱਈਆ ਕਰਵਾਉਣੀ ਹੈ ਤਾਂ ਸਿਹਤ ਕਾਮਿਆਂ ਦੀ ਲੋੜ ਮੁੱਖ ਹੈ ਤੇ ਉਸ ਵਿੱਚੋਂ ਵੀ ਮਾਹਿਰ ਡਿਗਰੀ ਲੈ ਕੇ ਤਿਆਰ ਹੋਏ, ਘੱਟੋ-ਘੱਟ ਐੱਮ.ਬੀ.ਬੀ.ਐੱਸ. ਡਾਕਟਰ ਦੀ ਪਰ ਇਨ੍ਹਾਂ ਸੰਸਥਾਵਾਂ, ਮੈਡੀਕਲ ਕਾਲਜ ਵਿਚ ਡਾਕਟਰ ਬਣਨ ਕੌਣ ਜਾ ਰਿਹਾ ਹੈ? ਕੀ ਉਹ ਡਾਕਟਰ ਬਣ ਕੇ ਕਿਸੇ ਸੇਵਾ ਭਾਵ ਨਾਲ ਦਾਖਲ ਹੋ ਰਹੇ ਹਨ? ਜੇਕਰ ਵਿਦਿਆਰਥੀਆਂ ਤੋਂ ਸਿੱਧਾ ਸਪੱਸ਼ਟ ਸਵਾਲ ਪੁੱਛਾਂਗੇ ਤਾਂ ਸਭ ਦਾ ਜਵਾਬ ਹਾਂ ਵਿਚ ਹੋਵੇਗਾ ਪਰ ਅਸਲੀ ਤਸਵੀਰ ਉਦੋਂ ਸਾਹਮਣੇ ਆਉਂਦੀ ਹੈ, ਜਦੋਂ ਉਹ ਮੈਦਾਨ ਵਿਚ ਨਿਤਰਦੇ ਹਨ।
ਮੈਡੀਕਲ ਕਾਲਜ ਦੇ ਦਾਖਲੇ ਦੀ ਪ੍ਰਕਿਰਿਆ ਜੋ ਕਦੇ ਬਾਰ੍ਹਵੀਂ ਦੇ ਇਮਤਿਹਾਨਾਂ ਦੇ ਆਧਾਰ ’ਤੇ ਹੁੰਦੀ ਸੀ, ਅੱਜ ਕੱਲ੍ਹ ਵੀ ਉਸੇ ਆਧਾਰ ’ਤੇ ਹੀ ਹੈ ਭਾਵੇਂ, ਯੂ.ਜੀ. ਨੀਟ ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ। ਉਸ ਦੀ ਤਿਆਰੀ ਜੇਕਰ ਨੌਵੀਂ ਦਸਵੀਂ ਤੋਂ ਨਹੀਂ ਤਾਂ ਗਿਆਰਵੀਂ, ਬਾਰ੍ਹਵੀਂ ਤੋਂ ਤਾਂ ਸ਼ੁਰੂ ਹੋ ਹੀ ਜਾਂਦੀ ਹੈ। ਇਸ ਦੌਰਾਨ ਨੀਟ ਦੀ ਤਿਆਰੀ ਲਈ ਫੈਲਿਆ ਟਿਊਸ਼ਨ ਸੈਂਟਰਾਂ ਦਾ ਜਾਲ, ਮੰਗ ਕਰਦਾ ਹੈ ਕਿ ਬੱਚਾ ਉਨ੍ਹਾਂ ਕੋਲ ਰਹੇ। ਬੱਚੇ ਬਾਰ੍ਹਵੀਂ ਦਾ ਸਰਟੀਫਿਕੇਟ ਹਾਸਲ ਕਰਨ ਲਈ, ਡੰਮੀ ਦਾਖਲੇ ਕਰਵਾਉਂਦੇ ਹਨ। ਇਹ ਡੰਮੀ (ਨਕਲੀ/ਫਰਜ਼ੀ) ਦਾਖਲੇ ਉਨ੍ਹਾਂ ਦੀ ਮਾਨਸਿਕਤਾ ’ਤੇ ਪਹਿਲਾ ਵਾਰ ਹੁੰਦੇ ਹਨ। ਇਨ੍ਹਾਂ ਸੈਂਟਰਾਂ ਵਿਚ ਔਸਤਨ ਦੋ ਸਾਲਾਂ ਲਈ ਚਾਰ-ਪੰਜ ਲੱਖ ਰੁਪਏ ਖਰਚਣੇ ਪੈਂਦੇ ਹਨ, ਜੇਕਰ ਉਹ ਉਸੇ ਸ਼ਹਿਰ ਹੋਣ।
ਫਿਰ ਮੈਡੀਕਲ ਕਾਲਜ ਦੇ ਦਾਖਲੇ ਸਮੇਂ ਸਰਕਾਰੀ ਪ੍ਰਾਈਵੇਟ ਦੀ ਫੀਸ ਨੂੰ ਸਾਹਮਣੇ ਰੱਖੀਏ ਤਾਂ ਸਰਕਾਰੀ ਮੈਡੀਕਲ ਕਾਲਜ ਵਿਚ ਵੀ ਇਹ ਕੋਰਸ, ਫੀਸ, ਹੋਸਟਲ, ਮੈੱਸ, ਕਿਤਾਬਾਂ-ਕੱਪੜੇ ਆਦਿ ਦੇ ਮੱਦੇਨਜ਼ਰ 15-20 ਲੱਖ ਦਾ ਬਣਦਾ ਹੈ, ਜਦੋਂ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ ਹੀ ਸਿਰਫ਼ 30-40 ਲੱਖ ਰੁਪਏ ਹੈ ਤੇ ਬਾਕੀ ਖਰਚੇ ਵੱਖਰੇ। ਉਥੇ ਇਹ 30-40 ਲੱਖ ਰੁਪਏ ਵੀ, ਇਕ ਮੁਸ਼ਤ ਦੇਣੇ ਪੈਂਦੇ ਹਨ। ਇਸ ਤੋਂ ਬਾਅਦ ਪ੍ਰਾਈਵੇਟ ਮੈਡੀਕਲ ਕਾਲਜ, ਜਿਨ੍ਹਾਂ ਵਿਚੋਂ ਬਹੁਤੇ ਸਰਕਾਰ ਵਿਚ ਸ਼ਾਮਲ ਵਿਧਾਇਕ ਜਾਂ ਸੰਸਦ ਮੈਂਬਰਾਂ ਦੇ ਹਨ ਜਾਂ ਉਨ੍ਹਾਂ ਦੀ ਭਾਗੀਦਾਰੀ ਨਾਲ ਚੱਲ ਰਹੇ ਹਨ। ਉਹ ਮੈਡੀਕਲ ਕੌਂਸਲ ਦੀਆਂ ਸ਼ਰਤਾਂ ਨੂੰ ਹੌਲੀ-ਹੌਲੀ ਤਬਦੀਲ ਕਰਵਾ ਰਹੇ ਹਨ। ਅਧਿਆਪਕਾਂ ਦੇ ਪੱਖ ਤੋਂ, ਉਮਰ ਵਿਚ ਵਾਧਾ ਅਤੇ ਕੁਝ ਅਧਿਆਪਕਾਂ ਦੀ ਗਿਣਤੀ ਅਤੇ ਬਣਤਰ ਨੂੰ ਇਸ ਤਰ੍ਹਾਂ ਤੈਅ ਕਰਵਾਇਆ ਹੈ ਕਿ ਉਹ ਘੱਟ ਤੋਂ ਘੱਟ ਅਧਿਆਪਕਾਂ ਨਾਲ ਕੰਮ ਚਲਾ ਸਕਣ। ਇਸ ਤੋਂ ਅੱਗੇ ਪ੍ਰਾਈਵੇਟ ਕਾਲਜ ਵਾਲੇ ਆਪਣੇ ਪੱਧਰ ’ਤੇ, ਕਈ ਤਰ੍ਹਾਂ ਦੀ ਪੇਸ਼ ਕਰਦੇ ਹਨ, ਪੂਰਾ ਸਮਾਂ ਰਹਿਣ ਵਾਲੇ, ਹਫ਼ਤੇ ਵਿਚ ਦੋ ਕੁ ਦਿਨ ਆਉਣ ਵਾਲੇ ਅਤੇ ਆਪਣੀ ਹਾਮੀ ਦੇ ਕੇ, ਘਰੇ ਬੈਠਣ ਵਾਲੇ। ਇਹ ਸੱਚ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਤਰ੍ਹਾਂ ਰੱਖੀ ਗਈ ਫੈਕਲਟੀ ਕੀ ਪੜ੍ਹਾਏਗੀ ਇਹ ਇਕ ਅਹਿਮ ਪਹਿਲੂ ਹੈ।
ਮੌਜੂਦਾ ਸਰਕਾਰ ਨੇ ਮੈਡੀਕਲ ਕੌਂਸਲ ਆਫ ਇੰਡੀਆ (ਐੱਮ.ਸੀ.ਆਈ.) ਨੂੰ ਤੋੜ ਹੀ ਦਿੱਤਾ ਹੈ ਤੇ ਹੁਣ ਉਸ ਦੀ ਥਾਂ ਨੈਸ਼ਨਲ ਮੈਡੀਕਲ ਕਮੀਸ਼ਨ ਹੋਂਦ ਵਿਚ ਆਇਆ ਹੈ। ਐੱਮ.ਸੀ.ਆਈ ਲਗਾਤਾਰ ਇਨ੍ਹਾਂ ਸੰਸਥਾਵਾਂ ’ਤੇ ਨਿਗਰਾਨੀ ਰੱਖਦੀ ਸੀ। ਹੁਣ ਸਿਰਫ ਇਕ ਵਾਰ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਵਾਨਗੀ ਵੇਲੇ ਇਸ ਦੀ ਲੋੜ ਪਵੇਗੀ, ਫਿਰ ਸੰਸਥਾ ਕਿਸੇ ਨਾਮਵਾਰ ਐਕਰੀਡੇਸ਼ਨ ਕੰਪਨੀ ਤੋਂ ਸਰਟੀਫਿਕੇਟ ਲਵੇਗੀ ਤੇ ਸੰਸਥਾ ਦਾ ਇਸ਼ਤਿਹਾਰ ਏ +, ਏ ++ ਆਦਿ ਕਹਿ ਦੇ ਦੇਵੇਗੀ। ਸਰਕਾਰ ਕੌਮੀ ਪੱਧਰ ’ਤੇ ਇੱਕ ਐਗਜ਼ਿਟ ਇਮਤਿਹਾਨ ਲਵੇਗੀ, ਜਿਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਦੇ ਹਾਲ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹਾਂ ਕਿ ਉਨ੍ਹਾਂ ਬੱਚਿਆਂ ਦੇ ਨੀਟ ਪੀ.ਜੀ. ਦਾ ਦਬਾਅ ਰਹਿੰਦਾ ਹੈ, ਜੋ ਉਹ ਦਾਖਲੇ ਤੋਂ ਬਾਅਦ ਸ਼ੁਰੂ ਕਰ ਲੈਂਦੇ ਹਨ ਤੇ ਵਿਧੀਵਤ ਪੜ੍ਹਾਈ, ਮੈਡੀਕਲ ਦੇ ਪ੍ਰੈਕਟੀਕਲ ਅਤੇ ਹਸਪਤਾਲ ਦੀਆਂ ਡਿਊਟੀਆਂ ਵੱਲ ਧਿਆਨ ਨਹੀਂ ਹੁੰਦਾ।
ਇਸ ਸਾਰੇ ਦ੍ਰਿਸ਼ ਵਿਚ ਇਕ ਅਹਿਮ ਸਵਾਲ ਹੈ ਕਿ ਅਸੀਂ ਕਿਸ ਤਰ੍ਹਾਂ ਦੇ, ਕਿਸ ਕੁਆਲਿਟੀ ਦੇ ਡਾਕਟਰ ਪੈਦਾ ਕਰ ਰਹੇ ਹਾਂ। ਅਸੀਂ ਜੋ ਸਿਹਤਪ੍ਰਤੀ ਫ਼ਿਕਰਮੰਦ ਹਾਂ, ਕਿੰਨਾਂ ਹੱਥਾਂ ਵਿਚ ਸਟੈਥੋ, ਬਲੱਡ ਪ੍ਰੈਸ਼ਰ ਅਪਰੇਟਸ, ਇੰਜੈਕਸ਼ਨ ਆਦਿ ਫੜਾ ਰਹੇ ਹਾਂ, ਜੋ ਕਲਾਸਾਂ/ਹਸਪਤਾਲਾਂ ਵਿਚ ਜਾਣ ਦੇ ਇਛੁੱਕ ਨਹੀਂ ਹਨ ਅਤੇ ਨਾਲ ਹੀ ਫੈਕਲਟੀ, ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ, ਜੋ ਹਫਤੇ ਵਿਚ ਦੋ ਦਿਨ ਆਉਂਦੇ ਹਨ, ਇਕ ਰਾਤ ਰਹਿੰਦੇ ਹਨ ਤੇ ਸਿਲੇਬਸ ਮੁਕਾ ਕੇ ਤੁਰ ਜਾਂਦੇ ਹਨ। ਕਿਤਾਬਾਂ ਪੜ੍ਹਨਾ, ਬੀ.ਪੀ. ਚੈੱਕ ਕਰਨਾ ਜਾਂ ਕੁਝ ਹੋਰ ਜਾਣ ਲੈਣਾ ਕਾਫ਼ੀ ਨਹੀਂ ਹੈ ਜਾਂ ਕਹੀਏ ਇਹ ਦ੍ਰਿਸ਼ ‘ਡਿਗਰੀ ਹੋਲਡਰ’ ਡਾਕਟਰ ਬਣਾ ਰਿਹਾ ਹੈ, ਜੋ ਕਿ ਕਾਰਪੋਰੇਟ ਹਸਪਤਾਲਾਂ ਲਈ ਕੰਮ ਵਿਚ ਮਦਦਗਾਰ ਹੋਣਗੇ ਤੇ ਕਾਰਪੋਰੇਟ ਅੱਗੋਂ ਕਰੋੜਾ ਰੁਪਏ ਦੀ ਫੀਸ ਨਾਲ ਤਿਆਰ ਹੋ ਰਹੇ, ਸਟੰਟ ਪਾਉਣ ਦੇ, ਗੋਡੇ ਬਦਲਣ ਦੇ, ਜਿਗਰ ਜਾਂ ਪੇਟ ਦੇ ਸੁਪਰ-ਸੁਪਰ ਮਾਹਿਰ ਕਰਨਗੇੇ।
ਇਕ ਦੇ ਸੰਵਿਧਾਨਕ ਅਧਿਕਾਰ ਦੀ ਗੱਲ ਕਰ ਰਹੇ ਹਾਂ, ਉੱਥੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਪੱਖ ਤੋਂ ਵੀ ਇਕ ਪਾੜਾ, ਮੈਡੀਕਲ ਕਾਲਜ ਦੇ ਦਾਖਲੇ ਅਤੇ ਪੜ੍ਹਾਈ ਦੇ ਪੱਧਰ ਤੋਂ ਹੀ ਸਿਰਜਿਆ ਜਾ ਰਿਹਾ ਹੈ। ਘੱਟੋ ਘੱਟ ਵੀਹ ਲੱਖ ਰੁਪਏ ਖਰਚ ਕਰਕੇ, ਇਕ ਵਿਦਿਆਰਥੀ ਤੋਂ ਸੇਵਾ ਦੀ, ਪਿੰਡ ਵਿਚ ਰਹਿ ਕੇ ਆਪਣੀਆਂ ਸੇਵਾਵਾਂ ਦੇਣ ਦੀ ਕਿੰਨੀ ਕੁ ਉਮੀਦ ਕਰ ਸਕਦੇ ਹਾਂ?
ਇਹ ਸਵਾਲ ਇਸ ਲਈ ਮਹੱਤਵਪੂਰਨ ਹੈ ਕਿ ਕਾਰਪੋਰੇਟ ਜਗਤ ਦੀਆਂ ਸਿਹਤ ਸੇਵਾਵਾਂ ਇੰਨੀਆਂ ਮਹਿੰਗੀਆਂ ਹਨ ਕਿ ਮੱਧਵਰਗੀ ਪਰਿਵਾਰ ਵੀ ਉਸ ਨੂੰ ਹਾਸਲ ਨਹੀਂ ਕਰ ਸਕਦੇ। ‘ਸਭ ਲਈ ਸਿਹਤ’ ਦੇਸ਼ ਦੇ ਹਰ ਕੋਨੇ ਵਿਚ, ਦੂਰ-ਦਰਾਜ ਇਲਾਕਿਆਂ ਤੱਕ ਸਿਹਤ ਨਿਸ਼ਚਿਤ ਹੀ ਆਉਣ ਵਾਲੇ ਸਮੇਂ ਵਿਚ ਸੁਪਨਾ ਹੋਣ ਜਾ ਰਹੀ ਹੈ। ਨਾਲੇ ਜਿਸ ਮਿਆਰੀ ਸਿਹਤ ਸੰਭਾਲ ਦੀ ਲੋੜ ਸਾਰੇ ਮਹਿਸੂਸ ਕਰਦੇ ਹਨ, ਉਹ ਵੀ ਦੂਰ ਦੀ ਗੱਲ ਹੋ ਰਹੀ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.