ਦਿਨ ਵਿਚ ਤੁਹਾਨੂੰ ਬਹੁਤ ਲੋਕ ਮਿਲਦੇ ਨੇ, ਪਰ ਕਿਸੇ ਕਿਸੇ ਨੂੰ ਮਿਲ ਕੇ ਤੁਹਾਨੂੰ ਸੁਖ ਮਿਲਦਾ ਹੈ। ਕਿਸੇ ਕਿਸੇ ਨੂੰ ਮਿਲਕੇ ਸਕੂਨ ਮਿਲਦਾ ਹੈ। ਥੱਕੇ ਟੁੱਟੇ ਬੰਦੇ ਨੂੰ ਮਿਲ ਕੇ ਤੁਸੀਂ ਖੁਦ ਨੂੰ ਥੱਕੇ ਥੱਕੇ ਤੇ ਟੁੱਟੇ ਟੁੱਟੇ ਮਹਿਸੂਸ ਕਰਨ ਲਗਦੇ ਹੋ। ਤਾਜ਼ਗੀ ਭਰਪੂਰ ਤੇ ਚੜਦੀ ਕਲਾ ਵਿਚ ਰਹਿਣ ਵਾਲੇ ਬੰਦੇ ਦੀ ਸਭ ਨੂੰ ਉਡੀਕ ਰਹਿੰਦੀ ਹੈ ਤੇ ਨਿਰਾਸ ਤੇ ਉਦਾਸ ਬੰਦੇ ਤੋਂ ਸਭ ਪਾਸਾ ਵਟਦੇ ਨੇ। ਜੇ ਦਿਨ ਵਿਚ ਤੁਹਾਨੂੰ ਕੋਈ ਗਿਆਨਵਾਨ ਬੰਦਾ ਮਿਲ ਜਾਵੇ ਤਾਂ ਤੁਹਾਡਾ ਦਿਨ ਬਣ ਜਾਂਦਾ ਹੈ। ਮਨ ਖਿਲ ਜਾਂਦਾ ਹੈ। ਹੁਲਾਸ ਤੇ ਨਿਘਾਸ ਨਾਲ ਭਰ ਜਾਂਦੇ ਹੋ ਤੁਸੀਂ।
ਕੁਰੂਕਸ਼ੇਤਰ ਰਹਿੰਦਾ ਹੈ ਮੇਰਾ ਗੁਰੂ ਤੇ ਮੇਰਾ ਮੂੰਹ ਬੋਲਿਆ ਬਾਪੂ, ਸੀ ਆਰ ਮੌਦਗਿਲ, ਜੋ ਕਿਸੇ ਵੇਲੇ ਭਾਸ਼ਾ ਵਿਭਾਗ ਪਟਿਆਲੇ ਮੇਰੀ ਨੌਕਰੀ ਸਮੇਂ ਮੇਰਾ ਬੌਸ ਵੀ ਸੀ ਤੇ ਪੁੱਤਾਂ ਬਰਾਬਰ ਮੋਹ ਤੇ ਪਿਆਰ ਨਾਲ ਹਮੇਸ਼ਾ ਨਿਵਾਜਿਆ ਹੈ ਉਨਾਂ ਨੇ। ਇਕ ਦਿਨ ਆਖਣ ਲੱਗੇ ਕਿ ਜਦੋਂ ਪੰਜਾਬ ਯੂਨੀਵਰਸਿਟੀ ਜਾਵੇਂ ਤਾਂ ਡਾ ਸੁਧੀਰ ਕੁਮਾਰ ਅਚਾਰੀਆ ਨੂੰ ਮਿਲਣਾ ਨਾ ਭੁੱਲੀਂ। ਯੂਨੀਵਰਸਿਟੀ ਜਾਂਦਾ ਰਿਹਾ ਤੇ ਬਾਪੂ ਮੌਦਗਿਲ ਦਾ ਆਖਿਆ ਹੋਇਆ ਹਰ ਵਾਰ ਭੁਲਦਾ ਰਿਹਾ। ਪਰ ਅਜ ਨਹੀਂ ਭੁੱਲਿਆ, ਜਦ ਖੋਜਾਂ ਦੇ ਡੀਨ ਤੇ ਵਿਦਵਾਨ ਡਾ ਅਚਾਰੀਆ ਜੀ ਦੇ ਸਾਹਮਣੇ ਬੈਠਾ ਸਾਂ। ਪਤਲੀ ਚਿੱਟੀ ਕਮੀਜ਼ ਪਹਿਨੀ ਬੈਠੇ ਉਹ ਆਨ ਲਾਈਨ ਵਾਇਬਾ ਲੈ ਰਹੇ ਸਨ ਕਿਸੇ ਵਿਦਿਆਰਥਣ ਦਾ। ਨਾਲ ਨਾਲ ਜਰੂਰੀ ਚਿਠੀਆਂ ਆਪਣੇ ਪੀ ਏ ਨੂੰ ਮਾਰਕ ਕਰ ਰਹੇ ਸਨ। ਕੰਨ ਕੰਪਿਊਟਰ ਵੱਲ ਸਨ ਤੇ ਅੱਖਾਂ ਕਾਗਜਾਂ ਉਤੇ। ਫੋਨ ਵੀ ਸੁਣੀ ਜਾ ਰਹੇ ਸਨ ਤੇ ਨਾਲ ਨਾਲ ਮੈਨੂੰ ਵੀ ਪੁਛ ਦੱਸ ਕਰ ਰਹੇ ਸਨ ਤੇ ਚਾਹ ਪਿਲਾ ਰਹੇ ਸਨ।
ਇਕ ਬੰਦਾ ਏਨੇ ਕੰਮ ਕਰੀ ਜਾ ਰਿਹਾ ਸੀ ਇਕੋ ਵੇਲੇ। ਜਦ ਵਿਦਿਆਰਥਣ ਬੋਲ ਹਟੀ ਤਾਂ ਕੁਰਸੀ ਉਤੇ ਬੈਠੇ ਡਾ ਅਚਾਰੀਆ ਜੀ ਨੇ ਬੋਲਣਾ ਸ਼ੁਰੂ ਕੀਤਾ ਤੇ ਬੋਲਦੇ ਹੀ ਗਏ। ਮੈਂ ਚਾਹ ਦਾ ਕੱਪ ਛੱਡ ਦਿੱਤਾ ਤੇ ਉਨਾਂ ਨੂੰ ਸੁਣਨ ਵਿਚ ਮਗਨ ਹੋ ਗਿਆ। ਸਰਸਵਤੀ ਸਵਾਰ ਹੋ ਗਈ ਹੋਈ ਸੀ। ਗਿਆਨ ਦਾ ਸਾਗਰ ਠਾਠਾਂ ਮਾਰ ਰਿਹਾ ਸੀ ਮੇਰੇ ਸਾਹਮਣੇ। ਉਨਾਂ ਵਿਦਿਆਰਥਣ ਨੂੰ ਪਈ ਐਚ ਡੀ ਬਣਨ ਉਤੇ ਵਧਾਈ ਵੀ ਦਿੱਤੀ ਤੇ ਜੀਵਨ ਵਿਚ ਕੰਮ ਆਉਣ ਵਾਲੀਆਂ ਕੁਝ ਨਸੀਹਤਾਂ ਵੀ ਦਿੱਤੀਆਂ। ਉਨਾਂ ਦੀ ਬੋਲਣ ਵਿੱਚ ਸਹਿਜ ਸੀ। ਅਪਣੱਤ ਭਰੀ ਭਾਵਨਾ ਸੀ। ਹਰੇਕ ਦੇ ਕੰਮ ਆਉਣ ਲਈ ਜਜ਼ਬਾ ਉਛਾਲੇ ਮਾਰ ਰਿਹਾ ਸੀ। ਮੈਨੂੰ ਡਾ ਸੁਧੀਰ ਕੁਮਾਰ ਅਚਾਰੀਆ ਦੀ ਕੁਝ ਪਲਾਂ ਦੀ ਸੰਗਤ ਨੇ ਕਈ ਘੰਟਿਆਂ ਦਾ ਸੁਖ ਦੇ ਦਿੱਤਾ ਸੀ।
ਮੇਰਾ ਉਨਾਂ ਕੋਲੋ ਆਉਣ ਨੂੰ ਦਿਲ ਨਹੀ ਸੀ ਕਰਦਾ ਪਰ ਸਮਾਂ ਸਾਥ ਨਹੀ ਸੀ ਦੇ ਰਿਹਾ। ਅੱਜ ਮੇਰਾ ਦਿਨ ਵਧੀਆ ਬਣ ਗਿਆ ਸੀ, ਦਿਨ ਪਹਿਲੇ ਪਹਿਰ ਹੀ ਇਕ ਪਕਰਾਂਡ ਵਿਦਵਾਨ ਤੇ ਗਿਆਨਵਾਨ ਸ਼ਖਸੀਅਤ ਦੇ ਦੀਦਾਰ ਕਰਕੇ। ਕੋਸ਼ਿਸ਼ ਕਰਿਆ ਕਰਾਂਗਾ ਕਿ ਇਹੋ ਜਿਹੇ ਸ਼ਖਸ਼ ਨੂੰ ਹਫਤੇ ਖੰਡ ਵਿਚ ਇਕ ਅੱਧ ਵਾਰ ਲੱਭ ਹੀ ਲਿਆ ਕਰਾਂ। ਅਜ ਦੀ ਡਾਇਰੀ ਦਾ ਪੰਨਾ ਲਿਖਦਿਆਂ ਡਾ ਸੁਧੀਰ ਕੁਮਾਰ ਅਚਾਰੀਆ ਜੀ ਨੂੰ ਆਪਣਾ ਆਦਰ ਭੇਟ ਕਰਦਾ ਹਾਂ ਤੇ ਆਪਣੇ ਬਾਪੂ ਮੌਦਗਿਲ ਤੇ ਉਨਾਂ ਦੇ ਬੇਟੇ ਜਤਿੰਦਰ ਮੌਦਗਿਲ ਦਾ ਧੰਨਵਾਦੀ ਹਾਂ। ਕਿਸੇ ਭਲੇ ਪੁਰਛ ਦੀ ਦੱਸ ਪਾਉਣਾ, ਕਿਸੇ ਦਾ ਭਲਾ ਕਰਨ ਵਾਲੀ ਗੱਲ ਹੁੰਦੀ ਹੈ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.